ਸ਼ੇਰਾਂ ਦਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ

ਸ਼ੇਰਾਂ ਦਾ ਬਾਦਸ਼ਾਹ

ਮਹਾਰਾਜਾ ਰਣਜੀਤ ਸਿੰਘ

ਸੰਨ 1815-16 ਦੀ ਗੱਲ ਐ, ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ (ਮਾਝੇ) ਦੇ ਇਲਾਕੇ ਵਿਚ ਇੱਕ ਡਾਕੂ ਮਾਨ ਸਿੰਘ ਉੱਠਿਆ, ਉਸ ਨੇ ਬੜੇ ਡਾਕੇ-ਧਾੜਾਂ ਮਾਰੀਆਂ। ਲਾਹੌਰ ਦੇ ਆਲੇ-ਦੁਆਲੇ ਡਾਕਿਆਂ ਦੀ ਅੱਤ ਕਰ ਛੱਡੀ। ਡਾਕੂ ਮਾਨ ਸਿੰਘ ਬੜਾ ਮਸ਼ਹੂਰ ਹੋਇਆ। ਡਾਕੇ ਮਾਰਨੇ , 60 ਕੁ ਸਾਥੀਆਂ ਦਾ ਜਥਾ ਬੜੀ ਦਹਿਸ਼ਤ। ਲੋਕੀ ਆਮ ਕਹਿਣ ਲੱਗ ਪਏ;
”ਦਿਨੇ ਰਾਜ ਕਾਣੇ ਦਾ ਰਾਤੀਂ
ਰਾਜ ਮਾਹਣੇ ਦਾ।”
ਰਣਜੀਤ ਸਿੰਘ ਨੇ ਹੁਕਮ ਕੀਤਾ ਕੇ ਉਸ ਨੂੰ ਜਿਉਂਦਾ ਫੜਨਾ, ਜਿਵੇਂ ਮਰਜੀ ਹੋਵੇ। ਹੁਣ ਕੌਣ ਫੜੇ ਮਾਨ ਸਿੰਘ ਨੂੰ। ਮਾਨ ਸਿੰਘ ਬੜਾ ਚੁਸਤ, ਉਸ ਦੀ ਜਸੂਸੀ ਬੜੀ ਤਕੜੀ। ਜਿਧਰ ਫੌਜ ਦੀ ਟੁਕੜੀ ਜਾਵੇ ਉਧਰ ਉਹ ਮੂੰਹ ਨਾ ਕਰੇ, ਹੋਰ ਪਾਸੇ ਅੱਤ ਕਰਾ ਦੇਵੇ। ਅੱਕ ਕੇ ਰਣਜੀਤ ਸਿੰਘ ਨੇ ਢੰਡੋਰਾ ਫੇਰਿਆ, ਇੱਕ ਇਸ਼ਤਿਹਾਰ ਕੱਢਿਆਸ਼ ਕੀਂ ?
ਕਿ, ”ਜਿਹੜਾ ਮਾਨ ਸਿੰਘ ਨੂੰ ਜਿਉਂਦਾ ਫੜ ਲਵੇ ਜਾ ਗ੍ਰਿਫਤਾਰ ਕਰ ਲਵੇ ਉਸ ਨੂੰ ਦੋ ਪਿੰਡ ਇਨਾਮ ਚ ਦਿੱਤੇ ਜਾਣਗੇ।” ਥੋੜੇ ਕੁ ਦਿਨਾਂ ਬਾਅਦ ਇੱਕ ਇਸ਼ਤਿਹਾਰ ਡਾਕੂ ਮਾਨ ਸਿੰਘ ਵਲੋਂ ਲਾਹੌਰ ਦੀਆਂ ਕੰਧਾਂ ਤੇ ਲੱਗਾ, ਲੋਕਾਂ ਨੇ ਦੇਖਿਆ ਕੀ?
ਕਿ ”ਜਿਹੜਾ ਮੈਨੂੰ ਜਿਉਂਦਾ ਫੜ ਲਵੇ ਜਾਂ ਗ੍ਰਿਫਤਾਰ ਕਰ ਲਵੇ, ਮੈਂ ਉਸ ਨੂੰ ਲਾਹੌਰ ਦਾ ਰਾਜ ਦੇ ਦਿਆਂਗਾ।”
ਸਿਰਾ ਕਰ ਦਿੱਤਾ, ਰਣਜੀਤ ਸਿੰਘ ਬੜਾ ਤਪਿਆ, ਗੁੱਸਾ ਲੱਗਾ, ਇੱਕ ਡਾਕੂ ਦੀ ਏਨੀ ਹਿੰਮਤ। ਇੱਕ ਰਾਤ ਚੰਨ ਦੀ ਚਾਨਣੀ, ਖਬਰ ਮਿਲੀ ਕਿ ਮਾਨ ਸਿੰਘ ਲਾਹੌਰ ਦੇ ਆਲੇ ਦੁਆਲੇ ਤਾਕ ਵਿਚ ਫਿਰ ਰਿਹਾ, ਕੋਈ ਕਾਰਾ ਕਰੇਗਾ। ਸ਼ੇਰੇ ਪੰਜਾਬ ਨੇ ਆਪਣੇ ਨਾਲ 12-ਕੁ ਘੋੜ-ਸਵਾਰ ਜਵਾਨ ਚੋਟੀ ਦੇ ਲਏ, ਲਾਹੌਰੋਂ ਬਾਹਰ ਜੰਗਲ ਵਲ ਨਿਕਲ ਗਿਆ। ਕੁਝ ਦੇਰ ਬਾਅਦ 60-ਕੁ ਘੋੜਸਵਾਰਾਂ ਦਾ ਜਥਾ ਚੰਨ ਦੀ ਚਾਨਣੀ ਚ ਨਜ਼ਰੀਂ ਪਿਆ। ਇਹ ਮਾਨ ਸਿੰਘ ਹੀ ਸੀ। ਮਾਨ ਸਿੰਘ ਨੇ ਦੇਖ ਕੇ ਦਬਕਾ ਮਾਰਿਆ, ”ਕਿਹੜਾ ਉਏ ! ਠਹਿਰ ਜਰਾ..,” ਰਣਜੀਤ ਸਿੰਘ ਹੁਰੀਂ ਰੁਕ ਗਏ। ਮਾਨ ਸਿੰਘ ਨੇੜੇ ਆਇਆ, ਸੋਚਿਆ ਕਿ ਇਹ ਵੀ ਕੋਈ ਛੋਟਾ-ਮੋਟਾ ਡਾਕੂਆਂ ਦਾ ਜਥਾ ਈ ਐ।
ਰਣਜੀਤ ਸਿੰਘ ਦੇਖ ਕੇ ਕਹਿਣ ਲੱਗਾ, ”ਕਿਉਂ ! ਬਹੁਤੇ ਸਾਥੀਆਂ ਦਾ ਰੋਹਬ ਦੱਸਦਾਂ।”
ਅੱਗੋਂ ਮਾਨ ਸਿੰਘ ਕਿਹੜਾ ਘੱਟ ਸੀ, ”ਕਹਿੰਦਾ ਕੋਈ ਗੱਲ ‘ਨੀ, ਬੰਦਿਆਂ ਦਾ ਰੋਹਬ ਕਾਹਦਾ, ਤੂੰ ਆ ਜਾ ਕੱਲੇ ਨਾਲ ਕੱਲਾ।” ਇਹੀ ਰਣਜੀਤ ਸਿੰਘ ਚਾਹੁੰਦਾ ਸੀ। ਫੈਸਲਾ ਹੋਇਆ ਕਿ ਸਾਥੀ ਬਾਹਰ ਖੜ੍ਹ ਕੇ ਦੇਖਣਗੇ। ਲੱਗੀ ਤਲਵਾਰਬਾਜ਼ੀ ਹੋਣ,ਚੰਨ ਦੀ ਚਾਨਣੀ ਵਿਚ। ਕਹਿੰਦੇ ਨੇ ਘੰਟਿਆਂ ਤੱਕ ਦਾਅ ਪੇਚ , ਪਲੱਥੇਬਾਜ਼ੀ ਹੁੰਦੀ ਰਹੀ, ਕੋਈ ਫੈਸਲਾ ਨਾ ਹੋਇਆ। ਅੰਤ ਜਦ ਮਾਨ ਸਿੰਘ ਵਾਰ ਕਰੇ, ਰਣਜੀਤ ਸਿੰਘ ਹੱਸਿਆ ਕਰੇ। ਮਾਨ ਸਿੰਘ ਤਪ ਗਿਆ, ਲੱਗਾ ਗੁੱਸੇ ਚ ਵਾਰ ‘ਤੇ ਵਾਰ ਕਰਨ ਤੇ ਹੱਫ ਗਿਆ। ਰਣਜੀਤ ਸਿੰਘ ਨੇ ਮੌਕਾ ਦੇਖ ‘ਕਾਂ ਦੀ ਝਪਟ’ (ਗੱਤਕੇ ਦਾ ਇੱਕ ਦਾਅ ਜੋ ਬਹੁਤ ਘੱਟ ਲੋਕੀਂ ਜਾਣਦੇ ਨੇ) ਮਾਰੀ। ਮਾਨ ਸਿੰਘ ਹੱਥੋਂ ਤਲਵਾਰ ਛੁਡਾ ਲਈ। ਜੱਫਾ ਮਾਰ ਕੇ ਡੇਗ ਲਿਆ, ਛਾਤੀ ਉਤੇ ਬੈਠ ਗਿਆ ਰਣਜੀਤ ਸਿੰਘ ਤੇ ਕਿਹਾ, ”ਚੱਲ ਦੇਹ ਮੈਨੂੰ ਲਾਹੌਰ ਦੀ ਬਾਦਸ਼ਾਹੀ।” ਮਾਨ ਸਿੰਘ ਹੱਕਾ ਬੱਕਾ ਪਰ ਬਹਾਦੁਰ ਸੀ, ਕਹਿੰਦਾ ”ਠੀਕ ਹੈ ਪਰ ਕਾਣੇ ਦਾ ਰਾਜ ਬੜਾ ਪੱਕਾ ਹੈ, ਐਵੇਂ ਤਾਂ ਲਾਹੌਰ ਨਹੀਂ ਮਿਲਦਾ ਪਰ ਆਪਣੇ ਸ਼ਹੀਦ ਹੋਣ ਦਾ ਸਮਾਂ ਆ ਗਿਆ। ਚਲੋ ਲਾਹੌਰ ਕਿਲ੍ਹੇ ਵੱਲ ਨੂੰ ਦੋ-ਦੋ ਹੱਥ ਦਿਖਾ ਕੇ ਮਰਨ ਦਾ ਸੁਆਦ ਈ ਹੋਰ ਹੁੰਦਾ।” ਦੋਵੇਂ ਜਥੇ ਚੱਲ ਪਏ। ਲਾਹੌਰ ਕਿਲ੍ਹੇ ਲਾਗੇ ਪਹੁੰਚ ਕੇ ਰਣਜੀਤ ਸਿੰਘ ਦੇ ਸਿਪਾਹੀ ਨੇ ਪਹਿਰੇ ਉਤੇ ਖੜ੍ਹੇ ਡਿਉੜੀ ਬਰਦਾਰ ਨੂੰ ਰਾਤ ਦਾ ‘ਕੋਡ ਵਰਡ’ ਦੱਸਿਆ। ਉਸ ਨੇ ਦੌੜ ਕੇ ਕਿਲ੍ਹੇ ਦਾ ਦਰਵਾਜਾ ਖੋਲ੍ਹ ਦਿੱਤਾ। ਮਾਨ ਸਿੰਘ ਨੇ ਸਮਝਿਆ ਕਿ ਇਹ ਕੋਈ ਬਾਹਲਾ ਈ ਚਾਲੂ ਚਾਲਬਾਜ਼ ਆ, ਪਹਿਰੇਦਾਰ ਨਾਲ ਗੰਢ ਤੁੱਪ ਕੀਤੀ ਹੋਣੀ ਆ। ਜਦ ਅੰਦਰ ਦਾਖਲ ਹੋਇਆ, ਕੀ ਦੇਖਦਾ, ਕੋਈ ਸਮਝ ਨਾ ਆਵੇ। ਸਿਪਾਹੀਆਂ ਨੇ ਫੜ ਕੇ ਕੈਦ ਕਰ ਲਿਆ। ਸਵੇਰੇ ਦਰਬਾਰ ‘ਚ ਪੇਸ਼ ਕੀਤਾ ਗਿਆ। ਰਣਜੀਤ ਸਿੰਘ ਕਹਿਣ ਲੱਗਾ, ”ਦੇਖ ਮਾਨ ਸਿਆਂ ਤੇਰਾ ਐਲਾਨ ਝੂਠਾ ਨਹੀਂ ਹੋਇਆ, ਲਾਹੌਰ ਦਾ ਰਾਜ ਤਾਂ ਮੈ ਲੈ ਲਿਆ ਆਪੇ, ਤੂੰ ਸ਼ਰਮਿੰਦਾ ਨਹੀਂ, ਤੇਰਾ ਬਚਨ ਸੱਚਾ ਹੋਇਆ। ਹੁਣ ਦੱਸ ਤੇਰੀ ਸਲਾਹ ਕੀ ਹੈ ! ਇਹ ਜ਼ਿੰਦਗੀ ਭੰਗ ਦੇ ਭਾੜੇ ਗੁਆਉਣੀ ਹੈ ਜਾਂ ਕੌਮ-ਧਰਮ ਦੇ ਕੰਮ ਆਉਣਾ ਹੈ।” ਕਹਿੰਦੇ ਨੇ ਕੇ ਮਾਨ ਸਿੰਘ ਖਾਲਸਾ ਫੌਜ ‘ਚ ਭਰਤੀ ਹੋ ਗਿਆ, ਬਹਾਦੁਰ ਬੜਾ ਸੀ ਤੇ ਸਿਰਦਾਰ ਹਰੀ ਸਿੰਘ ਨਲੂਆ ਦੀ ਫੌਜ ਵਿਚ ਰਿਹਾ। ਹਜ਼ਾਰੇ ਦੀ ਲੜਾਈ ਵਿਚ ਲੜਦਾ ਹੋਇਆ ਅੰਤ ਸਿੱਖ ਰਾਜ ਦੇ ਸੂਰਜ ਨੂੰ ਬੁਲੰਦ ਕਰਦਾ ਹੋਇਆ, ਸ਼ਹੀਦ ਹੋਇਆ।
ਕਿਸੇ ਨੇ ਆਹ ਕਹਾਣੀ ਸੁਣਾਉਣ ਵਾਲੇ ਫੌਜੀ ਬਾਬੇ ਨੂੰ ਪੁੱਛਿਆ, ”ਬਾਬਾ, ਰਣਜੀਤ ਸਿੰਘ ਸੱਚੀ ਹੀ ਇੰਨਾ ਬਹਾਦਰ ਸੀ?” ਬਾਬਾ ਅੱਖਾਂ ਲਾਲ ਕਰਕੇ ਕਹਿਣ ਲੱਗਾ, ”ਪੁੱਤ! ਰਣਜੀਤ ਸਿੰਘ ਸ਼ੇਰਾਂ ਦਾ ਬਾਦਸ਼ਾਹ ਸੀ, ਕੋਈ ਨੰਦਨ ( ਲੰਡਨ) ਦੀ ਰੰਨ ਨਹੀਂ ਸੀ ਤਖਤ ‘ਤੇ ਬਿਠਾਈ ਹੋਈ।”

-ਗੁਰਬਖ਼ਸ਼ ਸਿੰਘ