ਸਵਾਰਥ ਦਿਮਾਗ਼ ਉੱਤੇ ਕੀ ਅਸਰ  ਪਾਉਂਦਾ ਹੈ

ਸਵਾਰਥ ਦਿਮਾਗ਼ ਉੱਤੇ ਕੀ ਅਸਰ  ਪਾਉਂਦਾ ਹੈ

ਕਿਸੇ ਵਿਰਲੇ ਟਾਵੇਂ ਨੂੰ ਛੱਡ ਕੇ ਬਾਕੀ ਸਭ ਕਿਸੇ ਨਾ ਕਿਸੇ ਮੌਕੇ ਸਵਾਰਥੀ ਜ਼ਰੂਰ ਹੋ ਜਾਂਦੇ ਹਨ। ਬਥੇਰੇ ਜਣੇ ਤਾਂ ਪੂਰੀ ਉਮਰ ਹੀ ਸਵਾਰਥ ਅਧੀਨ ਗੁਜ਼ਾਰਦੇ ਹਨ। ਆਪਣੇ ਅਤੇ ਆਪਣੇ ਟੱਬਰ ਬਾਰੇ ਕੁੱਝ ਜਣੇ ਫਿਕਰਮੰਦ ਹੁੰਦੇ ਹਨ। ਪਰ, ਕੁੱਝ ਲੋਕ ਤਾਂ ਸਿਰਫ਼ ਆਪਣੇ ਆਪ ਤੱਕ ਹੀ ਸੀਮਤ ਹੋ ਜਾਂਦੇ ਹਨ ਤੇ ਟੱਬਰ ਜਾਂ ਰਿਸ਼ਤੇਦਾਰੀ ਵੀ ਪਿਛਾਂਹ ਛੱਡ ਦਿੰਦੇ ਹਨ।
ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਜਦੋਂ ਤੋਂ ਮਨੁੱਖ ਹੋਂਦ ਵਿਚ ਆਇਆ ਹੈ, ਸਵਾਰਥ ਨਾਲੋ ਨਾਲ ਉਸ ਦੇ ਮਨ ਅੰਦਰ ਉਪਜ ਪਿਆ। ਸਵਾਰਥ ਦੇ ਤਾਣੇ ਬਾਣੇ ਵਿੱਚੋਂ ਨਿਕਲਣਾ ਸੌਖਾ ਨਹੀਂ ਹੁੰਦਾ ਪਰ ਫਿਰ ਵੀ ਕੁੱਝ ਲੋਕ ਨਿੱਜ ਤੋਂ ਬਾਹਰ ਆ ਕੇ ਲੋੜਵੰਦਾਂ ਦੀ ਮਦਦ ਕਰਦੇ ਹਨ। ਅਜਿਹੀ ਮਦਦ ਵਿੱਚੋਂ ਵੀ ਸਵਾਰਥ ਪੂਰੀ ਤਰ੍ਹਾਂ ਮਨਫ਼ੀ ਨਹੀਂ ਹੁੰਦਾ। ਇਸ ਵਿੱਚੋਂ ਵੀ ਆਪਣੇ ਮਨ ਦੀ ਸ਼ਾਂਤੀ ਤੇ ਸੁਖਦ ਇਹਸਾਸ ਦੀ ਭਾਲ ਕਰਦਿਆਂ ਮਨੁੱਖ ਆਪਣਾ ਸਵਾਰਥ ਪੂਰਾ ਕਰ ਲੈਂਦਾ ਹੈ।
ਜਿਉਂ ਹੀ ਕੋਈ ਜਣਾ ਅਗਾਂਹ ਲੰਘਣ ਦੀ ਕੋਸ਼ਿਸ਼ ਕਰੇ ਤਾਂ ਦੋ ਗੱਲਾਂ ਹੁੰਦੀਆਂ ਹਨ: ਦੂਜੇ ਨੂੰ ਮਿੱਧ ਕੇ ਅਗਾਂਹ ਲੰਘਣਾ ਜਾਂ ਵੱਖਰਾ ਰਾਹ ਚੁਣ ਕੇ ਇਕੱਲਿਆਂ ਹੀ ਤੁਰਨ ਦੀ ਕੋਸ਼ਿਸ਼ ਕਰਨੀ।
ਹੰਗਰੀ ਦੀ ਯੂਨੀਵਰਸਿਟੀ ਵਿਚ ਉਹ ਲੋਕ ਲੱਭੇ ਗਏ, ਜੋ ਹੰਕਾਰੀ ਸਨ, ਜਾਂ ਨਿੱਜ ਨੂੰ ਪਹਿਲ ਦਿੰਦੇ ਸਨ, ਜਾਂ ਸਵਾਰਥੀ ਸਨ। ਇਨ੍ਹਾਂ ਵਿੱਚੋਂ ਕੁੱਝ ਸ਼ੱਕੀ ਸੁਭਾਅ ਦੇ ਸਨ, ਕੁੱਝ ਮੌਕਾਪ੍ਰਸਤ ਸਨ ਤੇ ਕੁਝ ਸ਼ੋਸ਼ਣ ਕਰਨ ਵਾਲੇ। ਇਹ ਪੱਕਾ ਸੀ ਕਿ ਸਾਰੇ ਦੇ ਸਾਰੇ ਹੀ ਲੋੜ ਪੈਣ ਉੱਤੇ ਦੂਜੇ ਨੂੰ ਖ਼ਤਮ ਕਰਨ ਤਕ ਵੀ ਜਾ ਸਕਦੇ ਸਨ। ਇਨ੍ਹਾਂ ਨੂੰ ‘ਧੋਖੇਬਾਜ਼’ ਨਾਂ ਦੇ ਕੇ ਖੋਜ ਆਰੰਭੀ ਗਈ।
ਕੰਪਿਊਟਰ ਵਿਚ ਇਨ੍ਹਾਂ ਦੇ ਦਿਮਾਗ਼ ਦੀ ਮੈਪਿੰਗ ਕੀਤੀ ਗਈ ਪਰ ਇਹ ਦੱਸੇ ਬਗ਼ੈਰ ਕਿ ਉਨ੍ਹਾਂ ਨੂੰ ‘ਮੈਕੀਆਵੈਲੀਅਨ’ ਨਾਂ ਦੇ ਕੇ ਖੋਜ ਕੀਤੀ ਜਾ ਰਹੀ ਹੈ। ਸਾਰਿਆਂ ਨੂੰ ਇਕ ਕੰਪਿਊਟਰ ਗੇਮ ਖੇਡਣ ਲਈ ਕਿਹਾ ਗਿਆ। ਕੰਪਿਊਟਰ ਵਿਚ ਪਹਿਲਾਂ ਹੀ ਇਹ ਜਾਣਕਾਰੀ ਭਰ ਦਿੱਤੀ ਗਈ ਸੀ ਕਿ ਕਦੇ ਸਹੀ ਚਾਲ ਚੱਲਣੀ ਹੈ ਤੇ ਕਦੇ ਜਾਣ ਬੁੱਝ ਕੇ ਗ਼ਲਤ। ਖੇਡ ਖੇਡਦਿਆਂ ਦਿਮਾਗ਼ ਦੀ ਮੈਪਿੰਗ ਕਰਦਿਆਂ ਇਹ ਪਤਾ ਲੱਗਿਆ ਕਿ ਜਦੋਂ ਕੰਪਿਊਟਰ ਸਹੀ ਚਾਲ ਚੱਲਦਾ ਸੀ ਤਾਂ ਇਨ੍ਹਾਂ ਦੇ ਦਿਮਾਗ਼ ਦੇ ਖ਼ਾਸ ਹਿੱਸਿਆਂ ਵਿਚ ਹਰਕਤ ਹੁੰਦੀ ਸੀ। ਤੀਜੀ ਜਾਂ ਚੌਥੀ ਚਾਲ ਉੱਤੇ ਸਾਰਾ ਕੁੱਝ ਸਮਝਦਿਆਂ ਇਨ੍ਹਾਂ ਦੇ ਦਿਮਾਗ਼ ਦੇ ਕਈ ਹਿੱਸਿਆਂ ਵਿਚ ਹਰਕਤ ਹੋਣੀ ਸ਼ੁਰੂ ਹੋ ਗਈ ਅਤੇ ਉਹ ਸਾਰੇ ਕੰਪਿਊਟਰ ਨਾਲ ਵੀ ਧੋਖਾ ਕਰਨ ਦੀ ਕੋਸ਼ਿਸ਼ ਕਰਦੇ ਲੱਭੇ ਗਏ। ਯਾਨੀ, ਇਹ ਵੇਖਣ ਵਿਚ ਆਇਆ ਕਿ ਧੋਖੇਬਾਜ਼ ਲੋਕ ਇੰਨੇ ਜ਼ਿਆਦਾ ਚਾਲੂ ਹੁੰਦੇ ਹਨ ਕਿ ਦੂਜੇ ਵੱਲੋਂ ਕਹੀ ਗੱਲ ‘ਤੇ ਉਸ ਦੀ ਵਿਚਾਰਗੀ ਜਾਂ ਲੋੜ ਨੂੰ ਕਿਸ ਤਰੀਕੇ ਆਪਣੇ ਹਿਤ ਵਲ ਘੁਮਾਉਣਾ ਹੈ, ਬਾਰੇ ਉਨ੍ਹਾਂ ਦਾ ਦਿਮਾਗ਼ ਪੂਰਾ ਟਰੇਂਡ ਹੁੰਦਾ ਹੈ।
ਜੇ ਕਿਤੇ ਜਾਣਦੇ ਬੁੱਝਦੇ ਵੀ ਸਾਹਮਣੇ ਖੜ੍ਹਾ ਬੰਦਾ ਹਲੀਮੀ ਨਾਲ ਪੇਸ਼ ਆਉਂਦਾ ਰਹੇ ਤਾਂ ਵੀ ਸਵਾਰਥੀ ਬੰਦੇ ਦੇ ਦਿਮਾਗ਼ ਅੰਦਰਲੇ ‘ਸੈਲਫਿਸ਼ ਜਰਕਸ ਜਾਂ ਝਟਕੇ’ ਉਸ ਨੂੰ ਦੂਜੇ ਦਾ ਫ਼ਾਇਦਾ ਲੈਣ ਲਈ ਉਕਸਾਉਂਦੇ ਹਨ। ਇੰਜ ਸਵਾਰਥੀ ਬੰਦਾ ਨਾ ਚਾਹੁੰਦੇ ਹੋਏ ਵੀ ਦਿਮਾਗ਼ ਅੰਦਰਲੇ ਸੁਨੇਹਿਆਂ ਦੇ ਭੰਡਾਰ ਹੇਠ ਦੂਜੇ ਦਾ ਮਾੜਾ ਕਰ ਜਾਂਦਾ ਹੈ।
ਇੰਗਲੈਂਡ ਵਿਚ ਹੋਈ ਖੋਜ ਦੌਰਾਨ ਅਜਿਹੇ ਸਵਾਰਥੀ ਲੋਕਾਂ ਦੇ ਦਿਮਾਗ਼ ਦੇ ‘ਡੋਰਸੋਲੇਟਰਲ ਪ੍ਰੀ ਫਰੰਟਲ ਕੌਰਟੈਕਸ’ ਹਿੱਸੇ ਵਿਚ ਪੱਕੀ ਤਬਦੀਲੀ ਹੋਈ ਲੱਭੀ। ਉੱਥੇ ਲਗਾਤਾਰ ਹਲਕਾ ਚੁੰਬਕੀ ਦਾਇਰਾ ਪੈਦਾ ਕਰ ਕੇ ਜਦੋਂ ਇਸ ਹਿੱਸੇ ਨੂੰ ਕੁੱਝ ਚਿਰ ਲਈ ਸੁੰਨ ਕਰ ਦਿੱਤਾ ਗਿਆ ਤਾਂ ਨਾਲੋ ਨਾਲ ਸਕੈਨ ਜਾਰੀ ਰੱਖਿਆ ਗਿਆ।
ਉਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਇਕ ਖੇਡ ਖੇਡਣ ਲਈ ਦਿੱਤੀ ਗਈ ਜਿਸ ਵਿਚ ਪੈਸੇ ਦਾ ਅਦਾਨ ਪ੍ਰਦਾਨ ਕੀਤਾ ਜਾਣਾ ਸੀ। ਇਸ ਖੇਡ ਵਿਚ ਇਕ ਜਣੇ ਨੇ ਪੈਸੇ ਦੇਣੇ ਸਨ ਤੇ ਦੂਜੇ ਨੇ ਵੰਡ ਕੇ ਲੈਣੇ ਸਨ ਜਾਂ ਲੈਣ ਤੋਂ ਇਨਕਾਰ ਕਰਨਾ ਸੀ। ਜੇ ਲੈਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੀ ਤਾਂ ਕੰਪਿਊਟਰ ਦੀ ਖੇਡ ਬੰਦ ਹੋ ਜਾਂਦੀ ਸੀ ਤੇ ਕਿਸੇ ਨੂੰ ਵੀ ਪੈਸੇ ਨਹੀਂ ਸੀ ਮਿਲਦੇ। ਯਾਨੀ ਕਿਸੇ ਵੀ ਹਾਲ, ਭਾਵੇਂ ਕਾਣੀ ਵੰਡ ਹੋਵੇ ਜਾਂ ਬਰਾਬਰ ਦੀ ਵੰਡ, ਪੈਸੇ ਤਾਂ ਹਰ ਹਾਲ ਲੈਣੇ ਹੀ ਪੈਣੇ ਸੀ। ਇਹ ਵੇਖਣ ਵਿਚ ਆਇਆ ਕਿ ਹਰ ਕਿਸੇ ਨੇ ਕਾਣੀ ਵੰਡ ਲੈਣ ਵਿਚ ਹੀ ਬਿਹਤਰੀ ਸਮਝੀ। ਕਿਸੇ ਇੱਕ ਨੇ ਵੀ ਘੱਟ ਪੈਸੇ ਜਾਂ ਕਾਣੀ ਵੰਡ ਦਾ ਵਿਰੋਧ ਨਹੀਂ ਕੀਤਾ ਤੇ ਚੁੱਪ ਚਾਪ ਜੋ ਮਿਲਿਆ ਰੱਖ ਲਿਆ। ਸਭ ਨੂੰ ਪਤਾ ਸੀ ਕਿ ਇਹ ਗਲਤ ਹੈ ਪਰ ਬੋਲਿਆ ਕੋਈ ਨਹੀਂ।
ਦਿਮਾਗ਼ ਦੇ ਸੱਜੇ ਪਾਸੇ ਵਾਲਾ ਪ੍ਰੀਫਰੰਟਲ ਹਿੱਸਾ, ਜੋ ਪ੍ਰੋ. ਫੈਹਰ ਅਨੁਸਾਰ ਸਵਾਰਥ ਉੱਤੇ ਕਾਬੂ ਪਾਉਣ ਵਿਚ ਮਦਦ ਕਰਦਾ ਹੈ ਜਦ ਕਿ ਖੱਬਾ ਪਾਸਾ ਸਹੀ ਫੈਸਲੇ ਉੱਤੇ ਭਾਰੂ ਪੈ ਜਾਂਦਾ ਹੈ।
ਜ਼ੂਰਿਕ ਯੂਨੀਵਰਸਿਟੀ ਅਤੇ ਹਾਵਰਡ ਯੂਨੀਵਰਸਿਟੀ ਵਿਚ ਹੋਈ ਸਾਂਝੀ ਖੋਜ ਅਨੁਸਾਰ ਚੁੰਬਕੀ ਦਾਇਰੇ ਦਾ ਅਸਰ ਥੋੜ੍ਹ ਚਿਰਾ ਸੀ ਅਤੇ ਟੈੱਸਟ ਕੀਤੇ ਜਾਣ ਵਾਲਿਆਂ ਨੂੰ ਟੈੱਸਟ ਦਾ ਮਕਸਦ ਵੀ ਨਹੀਂ ਸੀ ਦੱਸਿਆ ਗਿਆ, ਇਸ ਵਾਸਤੇ ਖੋਜ ਉੱਤੇ ਕਿੰਤੂ ਪਰੰਤੂ ਹੋ ਸਕਦਾ ਸੀ। ਪੁਰਾਣੀਆਂ ਖੋਜਾਂ ਵਿਚ ਸਾਬਤ ਹੋ ਚੁੱਕਿਆ ਨੁਕਤਾ ਹੈ ਕਿ ਦਿਮਾਗ਼ ਦਾ ਇਹ ਹਿੱਸਾ ਕਾਫੀ ਬਾਅਦ ਵਿਚ ਪੂਰਾ ਤਿਆਰ ਹੁੰਦਾ ਹੈ, ਜਦੋਂ ਬਾਕੀ ਦਾ ਦਿਮਾਗ਼ ਪੂਰੀ ਤਰ੍ਹਾਂ ਬਣ ਚੁੱਕਿਆ ਹੋਵੇ।
ਯਾਨੀ, ਜਦ ਤਕ ਜਵਾਨੀ ਦੀ ਦਹਿਲੀਜ਼ ਉੱਤੇ ਪੈਰ ਨਾ ਧਰਿਆ ਗਿਆ ਹੋਵੇ, ਇਸ ਸੈਂਟਰ ਵਿਚਲੇ ਸੈੱਲ ਅਤੇ ਉਸਦੇ ਜੋੜ ਪੂਰੇ ਬਣਦੇ ਨਹੀਂ। ਇਸੇ ਲਈ ਬੱਚੇ ਵੱਡਿਆਂ ਨਾਲੋਂ ਕਿਤੇ ਘੱਟ ਨਾਜਾਇਜ਼ ਕੰਮ ਕਰਦੇ ਹਨ, ਵਕਤ ਦੇ ਪਾਬੰਦ ਰਹਿੰਦੇ ਹਨ, ਹਲੀਮੀ ਵੀ ਰੱਖਦੇ ਹਨ ਤੇ ਈਮਾਨਦਾਰ ਵੀ ਵੱਡਿਆਂ ਨਾਲੋਂ ਵੱਧ ਹੁੰਦੇ ਹਨ।

ਹਾਰਵਾਰਡ ਦੇ ਪ੍ਰੋ. ਅਲਵਾਰੋ ਅਨੁਸਾਰ ਇਸ ਹਿੱਸੇ ਦੇ ਵਧਣ ਫੁੱਲਣ ਉੱਤੇ ਅਸਰ ਪੈਂਦਾ ਹੈ:
* ਗੈਂਗਸਟਰ ਵੱਲੋਂ ਸਿਰਜੇ ਭੈਅ ਦੇ ਮਾਹੌਲ ਦਾ।
* ਮੀਡੀਆ ਰਾਹੀਂ ਮਾੜੇ ਬੰਦੇ ਨੂੰ ਵਾਰ-ਵਾਰ ਉਜਾਗਰ ਕਰਨ ਦਾ।
* ਅਮੀਰ ਬੰਦੇ ਅੱਗੇ ਗੋਡੇ ਟੇਕਦੇ ਲੋਕਾਂ ਦਾ।
* ਸਿਆਸਤਦਾਨਾਂ ਅੱਗੇ ਗਿੜਗਿੜਾਉਂਦੇ ਲੋਕਾਂ ਦਾ।
* ਅਮੀਰੀ ਦੇ ਵਿਖਾਵੇ ਦਾ।
* ਹਉਮੈ ਦਾ।
* ਮਾਪਿਆਂ ਦੇ ਪਾਲਣ ਪੋਸ਼ਣ ਦਾ।
* ਅਤਿ ਦੇ ਧੱਕੇ ਦਾ ਸ਼ਿਕਾਰ ਹੋ ਜਾਣ ਦਾ।

ਆਮ ਲੋਕਾਂ ਵਿੱਚੋਂ ਸਵਾਰਥੀ ਕਿਵੇਂ ਲਭੀਏ :
* ਇਹ ਧੋਖਾ ਮਿਲ ਜਾਣ ਉੱਤੇ ਕਦੇ ਵੀ ਦੂਜੇ ਨੂੰ ਛੱਡਦੇ ਨਹੀਂ।
* ਹਮੇਸ਼ਾ ਬਦਲਾ ਲਊ ਭਾਵਨਾ ਮਨ ਅੰਦਰ ਵਸਾਈ ਰੱਖਦੇ ਹਨ।
* ਲੋੜਵੰਦ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਵਿਚਲੀ ਚਮਕ ਅਤੇ ਟਪਕਦੀ ਲਾਰ ਲੁਕਾਏ ਨਹੀਂ ਲੁਕਦੀ (ਸਮਝਦਾਰ ਬੰਦੇ ਕੋਲੋਂ)।
* ਆਵਾਜ਼ ਵਿਚਲੀ ਨਰਮੀ ਉਦੋਂ ਹੀ ਦਿਸਦੀ ਹੈ, ਜਦੋਂ ਸ਼ਿਕਾਰ ਕਰਨ ਦੀ ਨੀਅਤ ਸਿਖਰ ਉੱਤੇ ਹੋਵੇ।
* ਜਦੋਂ ਸ਼ਿਕਾਰ ਕਰਨਾ ਅਸੰਭਵ ਹੋਵੇ ਤਾਂ ਲੋੜਵੰਦ ਉੱਤੇ ਲੋੜੋਂ ਵੱਧ ਭੜਕਣਾ ਜਾਂ ਹੋਰਨਾਂ ਅੱਗੇ ਉਸ ਬਾਰੇ ਭੜਾਸ ਕੱਢਣੀ।
* ਝੂਠ ਬੋਲਣ ਵਿਚ ਮਾਹਿਰ ਹੋਣਾ।
* ਜਿੱਥੋਂ ਮਾੜਾ ਮੋਟਾ ਵੀ ਆਪਣਾ ਫ਼ਾਇਦਾ ਹੁੰਦਾ ਦਿਸੇ, ਉਸ ਗੱਲ ਨੂੰ ਪਹਿਲ ਦੇਣੀ।
* ਲੋਕਾਂ ਅੱਗੇ ਆਪਣੀ ਦਿਆਨਤਦਾਰੀ ਦਰਸਾਉਂਦੇ ਰਹਿਣਾ ਅਤੇ ਆਪਣੀ ਵਡਿਆਈ ਸੁਣਦੇ ਰਹਿਣਾ।
* ਕਿਸੇ ਵੱਲੋਂ ਕੀਤੇ ਕਿੰਤੂ ਪਰੰਤੂ ਨੂੰ ਉੱਕਾ ਹੀ ਸਹਿਨ ਨਾ ਕਰਨਾ ਅਤੇ ਮੌਕਾ ਮਿਲਦੇਸਾਰ ਪੂਰਾ ਬਦਲਾ ਲੈਣਾ ਅਤੇ ਦੂਜੇ ਨੂੰ ਹੱਦੋਂ ਵੱਧ ਜ਼ਲੀਲ ਕਰਨਾ।
* ਆਪਣੇ ਫ਼ਾਇਦੇ ਲਈ ਕਿਸੇ ਨੂੰ ਮਾਰਨ ਤੱਕ ਤੋਂ ਨਾ ਹਿਚਕਿਚਾਉਣਾ।
* ਉੱਚਾ ਅਹੁਦਾ ਹਾਸਲ ਕਰਨ ਲਈ ਆਪਣੇ ਤੋਂ ਨੀਵੇਂ ਦੇ ਵੀ ਪੈਰੀਂ ਪੈ ਜਾਣਾ ਪਰ ਅਹੁਦਾ ਹਾਸਲ ਕਰਨ ਬਾਅਦ ਪਛਾਣਨ ਤੋਂ ਇਨਕਾਰੀ ਹੋ ਜਾਣਾ।
* ਮਜ਼ਲੂਮ ਔਰਤਾਂ ਦਾ ਜਿਸਮਾਨੀ ਸ਼ੋਸ਼ਣ ਕਰਨਾ।

ਅੰਤ ਵਿਚ ਸਿਰਫ਼ ਇੰਨਾ ਹੀ ਦੱਸਣਾ ਰਹਿ ਗਿਆ ਕਿ ਖੋਜ ਵਿਚ ਸ਼ਾਮਲ ਕੀਤੇ ਗਏ ਲੋਕ ਸਨ – ਸਿਆਸਤਦਾਨ ਅਤੇ ਵੱਡੇ ਬਿਜ਼ਨਸਮੈਨ!

ਲੰਡਨ ਯੂਨੀਵਰਸਿਟੀ ਦੇ ਪਹਿਲੇ ਸਾਲ ਦੇ ਅਨੇਕ ਵਿਦਿਆਰਥੀਆਂ, ਛੋਟੇ ਦੁਕਾਨਦਾਰਾਂ, ਪੇਸ਼ੇਵਰ ਚੋਰਾਂ, ਡਾਕਟਰਾਂ, ਵਿਦਿਆਰਥੀਆਂ, ਵਕਾਲਤ ਪੜ੍ਹ ਰਹੇ ਵਿਦਿਆਰਥੀਆਂ, ਡਰਾਈਵਰਾਂ, ਟੈਕਸੀ ਚਾਲਕਾਂ, ਆਦਿ ਅਨੇਕ ਵੰਨਗੀਆਂ ਵਿੱਚੋਂ ਸ਼ਾਮਲ ਕੀਤੇ ਲੋਕਾਂ ਵਿੱਚੋਂ ਕਿਸੇ ਦੇ ਵੀ ਦਿਮਾਗ਼ ਵਿਚ ਉੰਨੀ ਤਬਦੀਲੀ ਨਹੀਂ ਲੱਭੀ ਜਿੰਨੀ ਸਿਆਸਤਦਾਨਾਂ ਅਤੇ ਵੱਡੇ ਵਪਾਰੀਆਂ ਦੇ ਦਿਮਾਗ਼ਾਂ ਵਿਚ ਲੱਭੀ।
ਇਨ੍ਹਾਂ ਸਾਰਿਆਂ ਦੇ ਮਨਾਂ ਵਿਚ ਕਿਸੇ ਗੱਲ ਉੱਤੇ ਸਵਾਰਥ ਜਾਗਿਆ ਤਾਂ ਉਹ ਜ਼ਿਆਦਾ ਦੇਰ ਟਿਕਿਆ ਨਾ ਰਹਿ ਸਕਿਆ ਕਿ ਲੰਮੀ ਖੋਜ ਕੀਤੀ ਜਾ ਸਕਦੀ। ਇਸੇ ਲਈ ਇਨ੍ਹਾਂ ਸਾਰਿਆਂ ਨੂੰ ਖੋਜ ਵਿੱਚੋਂ ਬਾਹਰ ਕਰ ਕੇ ਸਿਰਫ਼ ਸਿਆਸਤਦਾਨ ਅਤੇ ਵੱਡੇ ਵਪਾਰੀ ਸ਼ਾਮਲ ਕੀਤੇ ਗਏ ਜੋ ਹਰ ਵੇਲੇ ਕਮਾਈ ਕਰਨ ਦੇ ਚੱਕਰ ਵਿਚ ਉਲਝੇ ਸਨ। ਉਹ ਹੀ ਖੋਜ ਪੂਰੀ ਕਰਨ ਵਿਚ ਸਹਾਈ ਹੋ ਸਕੇ!
ਇਹ ਸਾਰੀ ਖੋਜ ਵਿਕਸਿਤ ਮੁਲਕਾਂ ਵਿਚ ਹੋਈ ਹੈ। ਸਾਡੇ ਮੁਲਕ ਵਿਚ ਅਨੇਕ ਪੀਰ, ਪੈਗੰਬਰ, ਦੇਵੀ ਦੇਵਤੇ ਅਤੇ ਗੁਰੂ ਹੋਏ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਵੀ ਅਨੇਕ ਹਨ।
ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸਮਝਾ ਗਏ ਸਨ:
ਕਿਸੈ ਨ ਬਦੈ ਆਪਿ ਅਹੰਕਾਰੀ॥
ਧਰਮਰਾਇ ਤਿਸੁ ਕਰੇ ਖੁਆਰੀ॥
ਗੁਰਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ॥
ਸੋ ਜਨੁ ਨਾਨਕ ਦਰਗਹ ਪਰਵਾਨੁ॥”
(ਅੰਗ 278)
ਪਰ, ਕੀ ਕਿਸੇ ਵੀ ਬਾਣੀ ਜਾਂ ਸਿੱਖਿਆ ਜਾਂ ਕਿਸੇ ਸਾਰ ਨੂੰ ਅਸੀਂ ਆਪਣੇ ਹਿਰਦੇ ਅੰਦਰ ਵਸਣ ਦੀ ਥਾਂ ਦਿੰਦੇ ਹਾਂ? ਜੇ ਹਾਂ, ਤਾਂ ਫਿਰ ਇੱਥੇ ਸਵਾਰਥੀ ਲੋਕਾਂ ਦੀ ਭਰਮਾਰ ਕਿਉਂ ਹੈ? ਜੇ ਨਹੀਂ, ਤਾਂ ਕੀ ਧਰਮ ਨੂੰ ਅਸੀਂ ਆਪਣੇ ਫ਼ਾਇਦੇ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੋਇਆ ਹੈ ਤੇ ਇਸ ਤੋਂ ਵੱਧ ਉਸ ਨੂੰ ਕੋਈ ਮਾਣਤਾ ਨਹੀਂ ਦੇ ਰਹੇ?
ਸਾਡੇ ਸਿਆਸਤਦਾਨਾਂ ਦੇ ਸਵਾਰਥ ਦੀ ਹੱਦ ਤਾਂ ਇਹ ਹੋ ਚੁੱਕੀ ਹੈ ਕਿ ਧਰਮ ਨੂੰ ਵੀ ਉਨ੍ਹਾਂ ਆਪਣੇ ਅੱਗੇ ਮੱਥੇ ਟੇਕਣ ਉੱਤੇ ਮਜਬੂਰ ਕਰ ਦਿੱਤਾ ਹੋਇਆ ਹੈ। ਹੁਣ ਤਾਂ ਰੱਬ ਹੀ ਰਾਖਾ ਜਾਂ ਫੇਰ ਧਰਮਰਾਜ ਹੀ ਵੇਖੇ ਉਸ ਕੀ ਕਰਨਾ ਹੈ!

-ਡਾ. ਹਰਸ਼ਿੰਦਰ ਕੌਰ