ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ  ਪੰਥਕ ਏਜੰਡਾ

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ  ਪੰਥਕ ਏਜੰਡਾ

ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਥ ਤੇ ਪੰਜਾਬ ਦੇ ਏਜੰਡੇ ਨੂੰ ਅਪਨਾ ਕੇ ਆਪਣਾ ਵਿਕਾਸ ਕਰਦਾ ਰਿਹਾ ਹੈ ਤੇ ਪੂਰਾ ਸਿੱਖ ਪੰਥ ਉਸ ਦੇ ਨਾਲ ਖੜ੍ਹਦਾ ਰਿਹਾ ਹੈ। ਪਰ ਜਦੋਂ ਦੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਵਲ ਰੁਖ ਕੀਤਾ ਹੈ, ਉਦੋਂ ਤੋਂ ਉਸ ਨੇ ਪੰਜਾਬੀ ਪਾਰਟੀ ਬਣਨ ਤੇ ਡੇਰਾਵਾਦ ਵਲ ਆਪਣਾ ਰੁਖ ਅਪਨਾ ਲਿਆ ਹੈ। ਜੇਕਰ ਅਜਿਹਾ ਸੀ ਤਾਂ ਉਸ ਨੂੰ ਪੰਥਕ ਸੰਸਥਾਵਾਂ ਉੱਤੇ ਕਬਜ਼ਾ ਛੱਡ ਦੇਣਾ ਚਾਹੀਦਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਨਿਘਾਰ ਦਾ ਕਾਰਨ ਇਹ ਹੈ ਕਿ ਇਹ ਪਰਿਵਾਰਵਾਦ ਵਾਲੀ ਪਾਰਟੀ ਬਣ ਗਿਆ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਦੇ ਸਿਧਾਂਤ ਵੀ ਨਹੀਂ ਰਿਹਾ। ਸ਼੍ਰੋਮਣੀ ਅਕਾਲੀ ਦਲ ਸਿੱਖ ਧਰਮ ਤੇ ਰਾਜਨੀਤੀ ਦੇ ਨਿਘਾਰ ਤੇ ਖਾਤਮੇ ਦਾ ਕਾਰਨ ਬਣ ਰਿਹਾ ਹੈ। ਸ. ਗੁਰਤੇਜ ਸਿੰਘ ਆਈਏਐਸ ਨੇ ਖਾਸ ਟਿੱਪਣੀ ਕੀਤੀ ਕਿ ਬਾਦਲ ਪਰਿਵਾਰ ਨੇ ਸਿੱਖ ਧਰਮ ਨੂੰ ਖਤਮ ਕਰਨ ਲਈ ਆਰ ਐਸ ਐਸ ਤੋਂ ਸੁਪਾਰੀ ਲਈ ਹੋਈ ਹੈ, ਪਰ ਅਸੀਂ ਇਸ ਨਾਲ ਸਹਿਮਤ ਨਾ ਵੀ ਹੋਈਏ ਪਰ ਏਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਬਾਦਲ ਦਲ ਦੀਆਂ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬ ਨਿਘਾਰ ਵਲ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਅੰਦਰ ਵਧ ਰਹੀ ਅਸਹਿਮਤੀ ਦਾ ਮੁੱਖ ਕਾਰਨ ਸਾਹਮਣੇ ਆਇਆ ਹੈ। ਪੂਰੇ ਪੁਆੜੇ ਦੇ ਕੇਂਦਰ ਵਿੱਚ ਸਾਲ 2015 ਵਿਚ ਸਿੱਖਾਂ ਦੀ ਅਸਥਾਈ ਸੀਟ ਅਕਾਲ ਤਖ਼ਤ ਸਾਹਿਬ ਦੁਆਰਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤੀ ਜਾਣ ਵਾਲੀ ਮਾਫ਼ੀ ਹੈ। ਇਸ ਮੁਆਫ਼ੀ ਤੋਂ ਇੱਕ ਮਹੀਨੇ ਬਾਅਦ ਜਦੋਂ ਮਾੜੇ ਨਤੀਜੇ ਦੇਖਣ ਨੂੰ ਮਿਲੇ ਤਾਂ, ਪਾਰਟੀ ਆਪਣੇ ਫ਼ੈਸਲੇ ਤੋਂ ਮੁੱਕਰ ਗਈ. ਮੁਆਫੀ ਜਲਦਬਾਜ਼ੀ ਵਿੱਚ ਦੇ ਦਿੱਤੀ ਗਈ ਤੇ ਇਹ ਇੱਕ ਕਦਮ ਹੀ ਪਾਰਟੀ ਲਈ ਭਾਰੀ ਪੈ ਗਿਆ। ਮੰਨਿਆ ਜਾ ਰਿਹਾ ਹੈ ਕਿ ਇਹ ਮੁਆਫ਼ੀ ਹੀ ਪਾਰਟੀ ਨੂੰ ਮਹਿੰਗੀ ਪੈ ਗਈ। ਇਸ ਤੋਂ ਪਹਿਲਾ 2007 ਤੇ 2012 ਵਿੱਚ ਪਾਰਟੀ ਦੀ ਜਿੱਤ ਦੇ ਬਾਅਦ ਹਰ ਪਾਸੇ ਸੁਖਬੀਰ ਦੀ ਪ੍ਰਸ਼ੰਸਾ ਕੀਤੀ ਗਈ ਸੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸ਼ਰਮਨਾਕ ਘਟਨਾਵਾਂ ਦੀ ਲੜੀ ਵੀ ਸਾਲ 2105 ਵਿੱਚ ਹੀ ਵਾਪਰੀ ਤੇ ਬਹਿਬਲ ਕਲਾਂ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਪੁਲਿਸ ਗੋਲੀਬਾਰੀ ਵਿੱਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ। ਉਦੋਂ ਸੁਖਬੀਰ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਪੰਥਕ ਜਥੇਬੰਦੀਆਂ ਨੇ ਸਾਰੇ ਮਸਲਿਆਂ ਲਈ ਪਿਤਾ-ਪੁੱਤਰ ਦੀ ਜੋੜੀ ਨੂੰ ਦੋਸ਼ੀ ਠਹਿਰਾਇਆ। ਪਰ ਉਹਨਾਂ ਨੇ ਕਦੇ ਵੀ ਉਨ੍ਹਾਂ ਜਥੇਬੰਦੀਆਂ ਨਾਲ ਸੰਬੰਧਾਂ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੌਦਾ ਸਾਧ ਡੇਰੇ ਦੀਆਂ ਵੋਟਾਂ ਹਾਸਲ ਕਰਨ ਲਈ ਉਸ ਦੇ ਮੁਖੀ ਨੂੰ ਸਿੰਘ ਸਾਹਿਬਾਨ ਤੋਂ ਮੁਆਫ਼ੀ ਦੁਆਉਣ ਲਈ ਜੋ ਆਪਣਾ ਪ੍ਰਭਾਵ ਵਰਤਿਆ, ਉਹ ਉਸ ਦੀ ਰਾਜਨੀਤੀ ਨੂੰ ਪੁਠਾ ਪਿਆ ਹੈ। ਇਹ ਸਿੱਖ ਕੌਮ ਨੇ ਬਰਦਾਸ਼ਤ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਤੇ ਢਿੱਲ ਮੱਠ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਸਮੱਸਿਆ ਦਾ ਕਾਰਨ ਬਣ ਰਹੀ ਹੈ ਤੇ ਉਹ ਆਪਣੀ ਸੀਨੀਅਰ ਲੀਡਰਸ਼ਿਪ ਵਿਚ ਕਿੰਤੂ ਪਰੰਤੂ ਦਾ ਕਾਰਨ ਬਣ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਸੰਗਤਾਂ ਦੇ ਸਾਹਮਣੇ ਸੁਆਲਾਂ ਦੇ ਜੁਆਬ ਦੇਣੇ ਔਖੇ ਹੋ ਗਏ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਆਪੋ-ਆਪਣੇ ਸਿਆਸੀ ਲਾਭਾਂ ਲਈ ਸ਼੍ਰੋਮਣੀ ਅਕਾਲੀ ਅਤੇ ਉਸ ਦੀ ਲੀਡਰਸ਼ਿਪ ਨੂੰ ਹਾਸ਼ੀਏ ‘ਤੇ ਧੱਕਣ ਲਈ ਸਰਗਰਮ ਹਨ ਤਾਂ ਜੋ ਆਉਣ ਵਾਲੀਆਂ ਪੰਚਾਇਤੀ, ਲੋਕ ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਰਾਜਸੀ ਤੌਰ ‘ਤੇ ਖਤਮ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਬਚਣ ਦਾ ਇਕੋ ਇਕ ਰਾਹ ਇਹੀ ਹੈ ਕਿ ਇਸ ਨੂੰ ਬਾਦਲ ਪਰਿਵਾਰ ਤੋਂ ਅਲੱਗ ਥਲੱਗ ਕਰਕੇ ਕਿਸੇ ਸੀਨੀਅਰ ਲੀਡਰ ਨੂੰ ਇਸ ਦੀ ਕਮਾਂਡ ਸੌਂਪੀ ਜਾਵੇ। ਭਾਵੇਂ ਸੀਨੀਅਰ ਦੀ ਸਲਾਹਕਾਰ ਕਮੇਟੀ ਬਣਾ ਦਿੱਤੀ ਜਾਵੇ। ਉਸ ਵਿਚ ਵੱਡੇ ਬਾਦਲ ਨੂੰ ਸਰਪ੍ਰਸਤ ਬਣਾ ਕੇ ਕਾਰਜ ਅੱਗੇ ਤੋਰਿਆ ਜਾ ਸਕਦਾ ਹੈ, ਪਰ ਇਸ ਦੇ ਨਾਲ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੀ ਕਾਰਜ ਪ੍ਰਣਾਲੀ ਵਿਚ ਦਖਲਅੰਦਾਜ਼ੀ ਬੰਦ ਕਰਨੀ ਪਵੇਗੀ। ਅਕਾਲੀ ਦਲ ਦੇ ਬਹੁਤੇ ਸੀਨੀਅਰ ਲੀਡਰ ਇਹ ਮਹਿਸੂਸ ਕਰ ਰਹੇ ਹਨ ਕਿ ਪਿਛਲੇ ਲੰਮੇ ਸਮੇਂ ਵਿਚ ਪਾਰਟੀ ਅੰਦਰ ਸਮੂਹਿਕ ਲੀਡਰਸ਼ਿਪ ਦਾ ਸੰਕਲਪ ਕਮਜ਼ੋਰ ਪਿਆ ਹੈ ਤੇ ਪਰਿਵਾਰਵਾਦ ਭਾਰੂ ਹੋਇਆ ਹੈ। ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਦੌਰ ਵਿਚ ਅਕਾਲੀ ਦਲ ਦੇ ਬਹੁਤੇ ਅਹਿਮ ਫ਼ੈਸਲੇ ਜ਼ਿਲ੍ਹਾ ਜਥੇਦਾਰਾਂ ਦੀਆਂ ਮੀਟਿੰਗਾਂ ਵਿਚ ਲਏ ਜਾਂਦੇ ਸਨ ਤੇ ਟਕਸਾਲੀ ਆਗੂ ਤੇ ਵਰਕਰ ਹੀ ਕੌਮ ਦੀ ਲੜਾਈ ਤੇ ਅਕਾਲੀ ਦਲ ਦੀ ਲੜਾਈ ਲੜਿਆ ਕਰਦੇ ਸਨ, ਪਰ ਹੁਣ ਗੁੰਡੇ ਕਿਸਮ ਦੇ ਲੋਕ ਪਾਰਟੀ ‘ਤੇ ਭਾਰੂ ਪੈਂਦੇ ਜਾ ਰਹੇ ਹਨ, ਜਿਸ ਕਾਰਨ ਟਕਸਾਲੀ ਵਰਕਰ ਘਰਾਂ ਵਿਚ ਬੈਠ ਗਏ ਹਨ। ਜਿੰਨਾ ਚਿਰ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਨੈਟਵਰਕ ਟਕਸਾਲੀ ਵਰਕਰ ਸਰਗਰਮ ਨਹੀਂ ਕੀਤੇ ਜਾਦੇ, ਓਨਾ ਚਿਰ ਤੱਕ ਸਿਆਸੀ ਲੜਾਈ ਨਹੀਂ ਜਿਤੀ ਜਾ ਸਕੇਗੀ। ਲੜਾਈ ਪੰਥਕ ਜਜ਼ਬੇ ਨਾਲ ਜਿੱਤੀ ਜਾ ਸਕਦੀ ਹੈ, ਜੋ ਕਦੇ ਅਕਾਲੀ ਦਲ ਕੋਲ ਹੁੰਦਾ ਸੀ। ਉਹੀ ਜਜ਼ਬਾ ਹੁਣ ਦੁਬਾਰਾ ਪਾਰਟੀ ਵਿਚ ਪੈਦਾ ਕਰਨਾ ਹੋਵੇਗਾ। ਇਹ ਤਾਂ ਹੀ ਸੰਭਵ ਹੈ ਜੇਕਰ ਖਾਲਸਾ ਪੰਥ ਦੇ ਮਨ ਜਿੱਤੇ ਜਾਣ। ਅਕਾਲੀ ਦਲ ਦੇ ਅੰਦਰ ਸਮੂਹਿਕ ਲੀਡਰਸ਼ਿਪ ਦਾ ਸੰਕਲਪ ਉੱਪਰ ਤੋਂ ਲੈ ਕੇ ਹੇਠਾਂ ਤੱਕ ਮੁੜ ਤੋਂ ਬਹਾਲ ਕੀਤਾ ਜਾਵੇ ਤੇ ਹਿਟਲਰਸ਼ਾਹੀ ਖਤਮ ਕੀਤੀ ਜਾਵੇ। ਇਸ ਸੰਦਰਭ ਵਿਚ ਬਾਦਲ ਦਲ ਨੂੰ ਘੱਟੋ-ਘੱਟ ਪਿਛਲੇ 10 ਸਾਲਾਂ ਵਿਚ ਲਏ ਗਏ ਪੰਥ ਵਿਰੋਧੀ ਫ਼ੈਸਲਿਆਂ ਦੀ ਪਾਰਟੀ ਦੇ ਅੰਦਰ ਖੁੱਲ੍ਹ ਕੇ ਸਮੀਖਿਆ ਕਰਨੀ ਚਾਹੀਦੀ ਹੈ ਤੇ ਭਾਜਪਾ ਨਾਲ ਆਪਣਾ ਗੱਠਜੋੜ ਤੋੜਨਾ ਚਾਹੀਦਾ ਹੈ ਤੇ ਇਸ ਦਾ ਨਵਾਂ ਬਦਲ ਲੱਭਣਾ ਚਾਹੀਦਾ ਹੈ। ਪਾਰਟੀ ਦੀ ਸਥਾਪਤ ਲੀਡਰਸ਼ਿਪ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਿਤ ਘਟਨਾਕ੍ਰਮ ਨਾਲ ਠੀਕ ਤਰ੍ਹਾਂ ਕਿਉਂ ਨਹੀਂ ਨਿਪਟ ਸਕੀ? ਜੋ ਅਸਲ ਦੋਸ਼ੀ ਹਨ, ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਤੇ ਇਸ ਕਾਰੇ ਪਿਛੇ ਕੌਣ ਦੋਸ਼ੀ ਸੀ? ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਵਾਰਸ ਹੋਣ ਦਾ ਦਾਅਵਾ ਕਰਦਾ ਹੈ, ਹੁਣ ਉਸ ਨੂੰ ਗੁਰੂ ਗ੍ਰੰਥ, ਗੁਰੂ ਪੰਥ ਤੋਂ ਪਿਠ ਨਹੀਂ ਦਿਖਾਉਣੀ ਚਾਹੀਦੀ। ਸਿੱਖ ਸਿਧਾਂਤਾਂ ਵਿਚ ਡੇਰਾਵਾਦ ਲਈ ਕੋਈ ਥਾਂ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਗੱਲਾਂ ਤੋਂ ਬਚਣਾ ਪਵੇਗਾ। ਨਸ਼ਿਆਂ ਵਿਰੁਧ ਤੱਕੜੇ ਹੋ ਕੇ ਲਹਿਰ ਚਲਾਉਣੀ ਪਵੇਗੀ। ਕਿਸਾਨੀ ਨੂੰ ਬਚਾਉਣ ਲਈ ਕੁਦਰਤੀ ਖੇਤੀ, ਭਾਰਤ-ਪਾਕਿ ਦੇ ਗੂੜੇ ਸੰਬੰਧਾਂ ਲਈ ਤੇ ਫੈਡਰਲ ਢਾਂਚੇ ਲਈ ਤੱਕੜੇ ਹੋ ਕੇ ਪਹਿਰਾ ਦੇਣਾ ਪਵੇਗਾ।

-ਰਜਿੰਦਰ ਸਿੰਘ ਪੁਰੇਵਾਲ