‘ਸੂਰਜ ਦੀ ਅੱਖ’ ਬਾਰੇ ਬਲਦੇਵ ਸਿੰਘ ਦੀ ਇਤਿਹਾਸ ਦ੍ਰਿਸ਼ਟੀ

‘ਸੂਰਜ ਦੀ ਅੱਖ’ ਬਾਰੇ ਬਲਦੇਵ ਸਿੰਘ ਦੀ ਇਤਿਹਾਸ ਦ੍ਰਿਸ਼ਟੀ

ਬਲਦੇਵ ਸਿੰਘ ਸੜਕਨਾਮਾ ਪੰਜਾਬੀ ਦਾ ਉੱਘਾ ਲੇਖਕ ਹੈ, ਹੁਣ ਤੱਕ ਉਹ ਪੰਜ ਦਰਜਨ ਤੋਂ ਵੱਧ ਪੁਸਤਕਾਂ ਲਿਖ ਚੁੱਕਿਆ ਹੈ , ਭਾਰਤੀ ਸਾਹਿਤ ਅਕਾਡਮੀ ਤੋਂ ਇਲਾਵਾ ਉਸ ਨੂੰ ਵੱਖ ਵੱਖ ਸੰਸਥਾਵਾਂ ਵਲੋਂ ਮਾਣ ਸਨਮਾਨ ਮਿਲ ਚੁੱਕੇ ਹਨ। ਹੁਣ ਕਨੇਡਾ ਦੀ ਸੰਸਥਾਂ ਢਾਹਾਂ ਫਾਉਂਡੇਸਨ ਨੇ ਉਸ ਦੇ ਬਹੁਚਰਚਿਤ ਨਾਵਲ ‘ਸੂਰਜ ਦੀ ਅੱਖ’ ਨੂੰ ਪੱਚੀ ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕਰ ਦਿੱਤਾ ਹੈ। ਪਰ ਇਸ ਐਲਾਨ ਨਾਲ ਨਾਵਲ ਬਾਰੇ ਵਿਵਾਦ ਮੁੜ ਭਖ ਗਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜੀਵਨਕਾਲ ਸੰਬੰਧੀ ਲਿਖੇ ਨਾਵਲ ‘ਸੂਰਜ ਦੀ ਅੱਖ’ ਬਾਰੇ ਛਿੜਿਆ ਵਿਵਾਦ ਪਿਛਲੇ ਸਾਲ ਕੋਰਟਾਂ ਕਚਿਹਰੀਆਂ ਤੱਕ ਪਹੁੰਚ ਗਿਆ ਸੀ। ਇਸ ਵਾਰ ਛਿੜਿਆ ਵਿਵਾਦ ਨਾਵਲ ਦੇ ਰੂਪ ਅਤੇ ਵਸਤੂ ਦੋਵਾਂ ਪੱਖਾਂ ਨੂੰ ਲੈ ਕੇ ਹੈ।
ਵਿਸ਼ੇ ਵਸਤੂ ਨੂੰ ਲੈ ਕੇ ਕਿੰਤੂ ਪਰੰਤੂ ਕਰਨ ਵਾਲੀ ਧਿਰ ਦਾ ਇਤਰਾਜ਼ ਹੈ ਕਿ ਬਲਦੇਵ ਸਿੰਘ ਨੇ ਜਾਣ ਬੁੱਝ ਕੇ ਨਾਵਲ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੀਆਂ ਔਰਤਾਂ ਦੀ ਕਿਰਦਾਰਕੁਸ਼ੀ ਕੀਤੀ ਹੈ। ਕਲਾ ਪੱਖ ਨੂੰ ਲੈ ਕੇ ਸਾਹਿਤ ਆਲੋਚਕਾਂ ਅਤੇ ਪਾਠਕਾਂ ਦਾ ਵਿਚਾਰ ਹੈ ਕਿ ਕੀ ਇਸ ਰਚਨਾ ਨੂੰ ਨਾਵਲ ਕਿਹਾ ਜਾ ਸਕਦਾ ਹੈ? ਕੀ ਇਹ ਪੁਸਤਕ ਇਨਾਮ ਦੀ ਹੱਕਦਾਰ ਹੈ?
ਇਤਿਹਾਸ ਬਾਰੇ ਨਾਵਲ ਲਿਖਣਾ ਸੱਚਮੁਚ ਹੀ ਵਿਵਾਦਤ ਕੰਮ ਹੈ,ਇਸ ਵਿਧਾ ਵਿਚ ਲੇਖਕ ਨੇ ਇਤਿਹਾਸਕ ਤੱਥਾਂ ਦੇ ਨਾਲ ਨਾਲ ਕਲਪਣਾਂ ਤੋਂ ਵੀ ਕੰਮ ਲੈਣਾ ਹੁੰਦਾ ਹੈ। ਨਾਵਲ ਰਚਨਾ ,ਵਿਅਕਤੀਆਂ ਦੇ ਭਾਵਾਂ ਤੇ ਵਿਚਾਰਾਂ ਨੂੰ ਸਮੇਂ ਵਿਚ ਫੈਲਾ ਕੇ ਰੂਪਮਾਨ ਕਰਨ ਦੀ ਕਲਾ ਹੈ। ਪਰ ਇਤਿਹਾਸਕ ਨਾਵਲ ਦਾ ਕਾਰਜ ਸਧਾਰਨ ਨਾਲੋਂ ਕਿਤੇ ਵੱਧ ਯੋਗਤਾ ਤੇ ਸਾਧਨਾ ਦੀ ਮੰਗ ਕਰਦਾ ਹੈ। ਲੇਖਕ ਦੀ ਭਾਸ਼ਾਕਾਰੀ ਤੇ ਵਾਕ ਸਾਸ਼ਤਰੀ ਯੋਗਤਾ ਹੀ ਕਾਫੀ ਨਹੀਂ ਉਸ ਕੋਲ ਜੀਵਨ ਦਰਸ਼ਨ ,ਰਚਨਾ ਦ੍ਰਿਸ਼ਟੀ ਤੇ ਰੂਪ ਦ੍ਰਿਸ਼ਟੀ ਹੋਣ ਦੇ ਨਾਲ ਨਾਲ ਇਤਿਹਾਸ ਦ੍ਰਿਸ਼ਟੀ ਹੋਣੀ ਵੀ ਬਹੁਤ ਜ਼ਰੂਰੀ ਹੈ।
ਬਲਦੇਵ ਸਿੰਘ ਦੇ ਇਸ ਨਾਵਲ ਵਿਚ ਇਹਨਾਂ ਗੁਣਾਂ ਦੀ ਵੱਡੀ ਘਾਟ ਮਹਿਸੂਸ ਹੋਈ ਹੈ, ਬੇਤਰਤੀਬ ਘਟਨਾਵਾਂ ਦੇ ਸੰਘਣੇ ਮਹੌਲ ਕਾਰਨ ਜਿਥੇ ਪੇਤਲਾ ਗਲਪ ਬਿੰਬ ਉਭਰਿਆ ਹੈ ਉਥੇ ਨਾਵਲੀ ਤਕਨੀਕ ਦਾ ਵੀ ਸਤੁੰਲਨ ਵਿਗੜਿਆਂ ਹੈ।
ਨਾਵਲ ਵਿਚ ਵਾਰ ਵਾਰ ਇੱਕ ਸੂਤਰਧਾਰ ਪਾਤਰ ਪ੍ਰੋ: ਕੌਤਕੀ (ਜਿਸ ਦਾ ਨਾਂਅ ਹੀ ਸ਼ਰਾਰਤ ਪੂਰਣ ਹੈ) ਜੋ ਪੰਜਾਬ ਦੀ ਖੱਬੇ ਪੱਖੀ ਵਿਚਾਰਧਾਰਾ ਦਾ ਪ੍ਰਤੀਨਿੱਧ ਹੈ, ਦੇ ਦਖਲ ਕਾਰਨ ਜਿਥੇ ਰਚਨਾ ਵਿਚ ਵੱਡੀ ਝੋਲ ਪਈ ਹੈ ਉਥੇ ਰਵਾਨਗੀ ਵਿਚ ਵੀ ਖਲਲ ਪਿਆ ਹੈ। ਕਿਤੇ ਲੇਖਕ ਇਤਿਹਾਸਕ ਤੱਥ ਦਰਜ ਕਰਨ ਲਈ ਖੁਦ ਦਖਲ ਦੇਣ ਲੱਗ ਜਾਂਦਾ ਹੈ, ਕਿਤੇ ਪਾਤਰਾਂ ਦੀ ਗਲਪ ਉਸਾਰੀ ਕਰਨ ਲੱਗ ਪੈਂਦਾ ਹੈ ਤੇ ਕਿਤੇ ਇਤਿਹਾਸਕ ਲਿਖਤਾਂ ਵਾਂਗ ਫੁੱਟ ਨੋਟ ਦੇ ਕੇ ਸਥਿਤੀ ਸਪੱਸ਼ਟ ਕਰਨ ਵੱਲ ਅਹੁਲਦਾ ਹੈ,ਜਿਸ ਕਾਰਨ ਇਹ ਰਚਨਾ ਨਾ ਤਾਂ ਨਾਵਲ ਬਣ ਸਕੀ ਹੈ,ਤੇ ਨਾ ਹੀ ਇਤਿਹਾਸ, ਸਿਰਫ ਘਟਨਾਵਾਂ ਦੀ ਅਖਬਾਰੀ ਰਿਪੋਰਟਿੰਗ ਬਣ ਕੇ ਰਹਿ ਗਈ ਹੈ।
ਆਪਣੀ ਆਤਮ ਮਨ ਬਚਨੀ ਲਈ ਲੇਖਕ ਪ੍ਰੋ: ਕੌਤਕੀ ਦੀ ਸਿਰਜਣਾ ਕਰਕੇ ਸ਼ੁਰੂ ਵਿਚ ਹੀ ਇਹ ਪ੍ਰਭਾਵ ਦਿੰਦਾ ਹੈ ,ਕਿ ਉਸ ਨੇ ਇਹ ਨਾਵਲ ਬੱਧੇ ਰੁੱਧੇ ਨੇ ਕਿਸੇ ਖਾਸ ਮਿਸ਼ਨ ਲਈ ਪ੍ਰੋ: ਕੌਤਕੀ ਦੇ ਮਨੋ ਵਿਗਿਆਨਕ ਦਾਬੇ ਤਹਿਤ ਲਿਖਿਆ ਹੈ। ਉਹ ਮਿਸ਼ਨ ਹੈ ‘ਖਾਲਸਾ ਰਾਜ ਦਾ ਅਸਲ ਚਿਹਰਾ ਪ੍ਰਸਤੁੱਤ ਕਰਨਾ'(૸;;;) ਤੇ ‘ਰਣਜੀਤ ਸਿੰਘ ਦਾ ਅਸਲ ਚਿਹਰਾ ਨੰਗਾ ਕਰਨਾ’ (ਪੰਨਾ 328)
ਲੇਖਕ ਦੇ ਸਮਰਪਣ ਵਾਲੇ ਸ਼ਬਦ ਹੀ ਉਸ ਦੀ ਮਨਸ਼ਾ ਸਪੱਸ਼ਟ ਕਰ ਦਿੰਦੇ ਹਨ, ”ਉਹਨਾਂ ਲੱਖਾਂ ਬੇਨਾਮ ਸਿਪਾਹੀਆਂ ਦੇ ਨਾਮ ਜਿਹੜੇ ਦੋ ਜਾਂ ਤਿੰਨ ਰੁਪਏ ਮਹੀਨੇ ਦੀ ਤਨਖਾਹ ਪਾ ਕੇ ਆਪਣੇ ਮਹਾਰਾਜੇ ਲਈ ਲੜੇ ਤੇ ਜੰਗ ਦੇ ਮੈਦਾਨ ਵਿਚ ਲੜਦਿਆਂ ਵੀਰਗਤੀ ਪ੍ਰਾਪਤ ਕੀਤੀ । ਜਿਹਨਾਂ ਦੀ ਨਾ ਮਹਾਰਾਜੇ ਨੇ ਪਰਵਾਹ ਕੀਤੀ ਨਾ ਹੀ ਇਤਿਹਾਸ ਨੇ।”
ਇਹਨਾਂ ਸ਼ਬਦਾਂ ਤੋ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਲੇਖਕ ਲੱਖਾਂ ਬੇਨਾਮ ਸਿਪਾਹੀਆਂ ਨੂੰ ਤਰਸ ਦੇ ਪਾਤਰ ਦਰਸਾ ਕੇ, ਮਹਾਰਾਜੇ ਪ੍ਰਤੀ ਨਫ਼ਰਤ ਦਾ ਮਾਹੌਲ ਸਿਰਜ ਰਿਹਾ ਹੈ। ਜਦ ਕਿ ਤੱਥ ਤੇ ਹਕੀਕਤ ਇਹ ਹੈ ਕਿ ਸਿਪਾਹੀਆਂ ਦੀ ਤਨਖ਼ਾਹ ਦੋ ਜਾਂ ਤਿੰਨ ਰੁਪਏ ਨਹੀ ਸੀ, ਸੱਤ-ਅੱਠ ਰੁਪਏ ਮਹੀਨਾ ਸੀ। ਭਾਵੇਂ ਇਹਨਾਂ ਸਿਪਾਹੀਆਂ ਵਿੱਚ ਸਿੱਖਾਂ ਦੇ ਨਾਲ ਨਾਲ ਹਿੰਦੂ ਮੁਸਲਮਾਨ ਸਿਪਾਹੀ ਵੀ ਸਨ ਪਰ ਇਹ ਸਾਰੇ ਖਾਲਸਾ ਫੌਜ ਵਿੱਚ ਸ਼ਾਮਲ ਸਨ। ਜਿੰਨੀਆਂ ਵੀ ਲੜਾਈਆਂ ਮਹਾਰਾਜਾ ਰਣਜੀਤ ਸਿੰਘ ਨੇ ਲੜੀਆਂ ਇਹ ਸਿਪਾਹੀ ਅੱਗੇ ਹੋ ਕੇ ਲੜੇ ਹਨ। ਰਣਜੀਤ ਸਿੰਘ ਦੀ 1839 ਵਿੱਚ ਹੋਈ ਮੌਤ ਤੋ ਬਾਦ ਵੀ ਜਦ ਉਹ ਦੂਣੇ ਜੋਸ਼ ਨਾਲ 1845 ਵਿੱਚ ਮੁੱਦਕੀ ਤੇ ਫੇਰੂ ਸ਼ਹਿਰ ਦੀਆਂ ਲੜਾਈਆਂ ਵਿੱਚ ਲੜੇ ਸਨ ਤਾਂ ਇਹ ਗੱਲ ਅੰਗਰੇਜਾਂ ਲਈ ਅੜਾਉਣੀ ਬਣ ਗਈ ਸੀ ਕਿ ਇਹ ਫੌਜੀ ਕਾਹਦੇ ਆਸਰੇ ਲੜੇ ਹਨ? ਇਹ ਸਾਰੇ ਰਣਜੀਤ ਸਿੰਘ ਦੀ ਸਮਾਧ ‘ਤੇ ਮੱਥਾ ਟੇਕ ਕੇ ਆਉਦੇ ਸਨ। ਜਿੰਨਾਂ ਦੀ ਬਹਾਦਰੀ ਦਾ ਵਰਨਣ ਸ਼ਾਹ ਮੁਹੰਮਦ ਖੁੱਲੇ ਦਿਲ ਨਾਲ ਕਰਦਾ ਹੈ। ਇਹ ਸਿਪਾਹੀ ਨਿਰਾਪੁਰਾ ਤਨਖ਼ਾਹ ਲਈ ਹੀ ਨਹੀ ਸੀ ਲੜਦੇ ਇਹ ਰਣਜੀਤ ਪਿਆਰ ਵਿੱਚ ਵਹਿਕੇ ਰਣਜੀਤ ਆਦਰਸ਼ ਲਈ ਲੜਦੇ ਸਨ। ਜਿਥੇ ਇਹਨਾਂ ਅੰਦਰ ਖਾਲਸਾ ਰਾਜ ਦੇ ਆਪਣਾ ਰਾਜ ਹੋਣ ਦਾ ਡੂੰਘਾ ਅਹਿਸਾਸ ਸੀ, ਉਥੇ ਕੌਮੀ ਵਲਵਲੇ ਦੇ ਨਾਲ ਨਾਲ ਧਾਰਮਕ ਜੋਸ਼ੋ ਖਰੋਸ਼ ਵੀ ਸ਼ਕਤੀ ਦਾ ਸਰੋਤ ਸੀ। ਜਦ ਇਹਨਾਂ ਨੂੰ ਖ਼ੂਨ ਨਾਲ ਉਸਾਰੀ ਸਲਤਨਤ ਖੁੱਸਦੀ ਜਾਪੀ ਤਾਂ ਉਹਨਾਂ ਨੇ ਇਸ ਦੀ ਰਾਖੀ ਲਈ ਖ਼ੂਨ ਦਾ ਇਕ ਇਕ ਕਤਰਾ ਵਹਾ ਦਿਤਾ । ਜਦ ਇਹਨਾਂ ਫੌਜੀਆਂ ਨੇ 1849 ‘ਚ ਚੇਲਿਆਂ ਵਾਲੇ ਦੇ ਮੈਦਾਨ ‘ਚ ਜਰਨਲ ਗਿਲਬਰਟ ਅੱਗੇ ਹਥਿਆਰ ਸੁੱਟੇ ਸਨ ਤਾਂ ਉਸ ਸਮੇਂ ਧਾਹਾਂ ਮਾਰਦੇ ਕਹਿ ਰਹੇ ਸਨ ਕਿ ‘ਅੱਜ ਰਣਜੀਤ ਸਿੰਘ ਮਰ ਗਿਆ’ । ਲੇਖਕ ਮਹਾਰਾਜੇ ਅਤੇ ਸਿਪਾਹਿਆਂ ਦਰਮਿਆਨ ਪਾੜਾ ਖੜਾ ਕਰਨ ਦੀ ਕੋਸ਼ਿਸ਼ ਕਰਦਾ ਹੈ,ਪਰ ਇਤਿਹਾਸ ਗਵਾਹ ਹੈ ਕਿ ਉਹ ਮਹਾਰਾਜੇ ਨੂੰ ਬੇਇੰਤਹਾ ਮੁਹੱਬਤ ਕਰਦੇ ਸਨ। ਜਿਸ ਦਾ ਸਬੂਤ ਮਹਾਰਾਜਾ ਦਲੀਪ ਸਿੰਘ ਤੇ ਉਸ ਦੀਆਂ ਧੀਆਂ ਦੀ ਭਾਰਤ ਆਮਦ ਤੋਂ ਵੀ ਮਿਲਦਾ ਹੈ।
2ਲੇਖਕ ਨੇ ਸੱਚ ਦਿਖਾਉਣ ਦੇ ਬਹਾਨੇ ਵਾਇਆ ਪ੍ਰੋ: ਕੌਤਕੀ ਆਪਣੀ ਮਨਬਚਨੀ ਰਾਹੀਂ , ਮਹਾਰਾਜਾ ਅਤੇ ਉਸ ਦੇ ਪ੍ਰਵਾਰ ਦੀ ਕਿਰਦਾਰਕੁਸ਼ੀ ਲਈ ਜੋ ਵਾਰਤਾਲਾਪ ਕੀਤੀ ਹੈ , ਉਸ ਵਿਚੋਂ ਗੰਭੀਰਤਾ ਅਤੇ ਵਿਵੇਕ ਦੀ ਥਾਂ ਖੁਣਸ ਅਤੇ ਨਫ਼ਰਤ ਦਾ ਤੇਜਾਬੀ ਮਾਦਾ ਉਬਲਦਾ ਨਜ਼ਰ ਆਉਂਦਾ ਹੈ। ਲੇਖਕ ਦੱਸਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ: ਮਹਾਂ ਸਿੰਘ ਨੇ ਆਪਣੀ ਮਾਂ ਮਾਈ ਦੇਸਾਂ , ਜੋ ਸ: ਚੜਤ ਸਿੰਘ ਦੀ ਪਤਨੀ ਸੀ ਦਾ ਹਕੀਕਤ ਸਿੰਘ ਨਾਲ ਨਜਇਜ ਸਬੰਧਾਂ ਦੇ ਸ਼ੱਕ ਵਿਚ ਕਤਲ ਕਰ ਦਿੱਤਾ ਸੀ, ਜਦ ਉਹ ਕੁਛ ਸਰਦਾਰਾਂ ਨਾਲ ਬੈਠੀ ਸ਼ਰਾਬ ਪੀ ਰਹੀ ਸੀ। ਇਸ ਪਰੰਪਰਾਂ ‘ਤੇ ਚਲਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮਾਤਾ ਰਾਜ ਕੌਰ ਉਰਫ ਮਾਈ ਮਲਵੈਣ ਦਾ ਕਤਲ ਕਰ ਦਿੱਤਾ ਸੀ।
2ਲੇਖਕ ਨੇ ਨਾਵਲ ਦੇ ਅੰਤ ਵਿਚ ਜਿਨਾਂ ਪੁਸਤਕਾ ਦੀ ਸੂਚੀ ਦਿੱਤੀ ਹੈ, ਉਨਾਂ ਵਿਚ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਪੁਸਤਕ ਵੀ ਹੈ। ਲੱਗਦਾ ਹੈ ਲੇਖਕ ਨੇ ਪੁਸਤਕ ਦੇ ਮੁੱਖਬੰਧ ਵਾਲੇ ਸ਼ਬਦ ਧਿਆਨ ਨਾਲ ਨਹੀਂ ਪੜੇ ਜੋ ਉਸ ਲਈ , ਸ਼ੀਸ਼ਾ ਹੋ ਸਕਦੇ ਸਨ। ਬਾਬਾ ਜੀ ਨੇ ਬਦੇਸੀ ਲੇਖਕਾਂ ਦੀਆਂ ਗੱਲਾਂ ਦੀ ਸੱਚਾਈ ਜਾਨਣ ਲਈ ਰਣਜੀਤ ਸਿੰਘ ਕਾਲ ਦੇ ਬਜੁਰਗਾਂ ਨਾਲ ਗੱਲਬਾਤ ਕਰਕੇ ਅਤੇ ਪੁਰਾਤਨ ਲਿਖਤਾਂ ਦੀ ਪੁਣਛਾਣ ਕਰਕੇ ਇਹ ਸਿੱਟਾ ਕੱਢਿਆ ਸੀ ਕਿ ਇਹ ਸਿਰਫ ਇਲਜ਼ਾਮ ਤਰਾਸ਼ੀ ਹੈ।
ਲੇਖਕ ਨੇ ਮਹਾਰਾਜਾ ਦਲੀਪ ਸਿੰਘ ਨੂੰ ਗੁੱਲੂ ਮਾਸ਼ਕੀ ਦਾ ਮੁੰਡਾ ਸਿੱਧ ਕਰਨ ਲਈ ਡਾ: ਵਿਕਟਰ ਜੈਕੂਮੋਂ ਦੇ ਹਾਵਾਲੇ ਨਾਲ ਕਿਹਾ ਹੈ ਕਿ ਰਣਜੀਤ ਸਿੰਘ 1827’ਚ ਹੀ ਨਿਪੁੰਸ਼ਕ ਹੋ ਚੁੱਕਿਆ ਸੀ। ਪਰ ਨਰਿੰਦਰ ਕ੍ਰਿਸ਼ਨ ਸਿਨਹਾ ਦੀ 1933 ‘ਚ ਛਪੀ ਅੰਗਰੇਜੀ ਕਿਤਾਬ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਅਨੁਵਾਦ ਕਰਵਾ ਕੇ ਪਹਿਲੀ ਵਾਰ 1979 ਵਿਚ ਛਾਪੀ ਸੀ, ਵਿਚ ਸਿਨਹਾ ਨੇ ਵਿਕਟਰ ਜੈਕੂਮੋਂ ਦੀ ਪੁਸਤਕ ” ;ਕਵਵਕਗਤ ਗਿਰਠ ਜਅਦਜ਼ ਤੇ $ਕਹ਼ਗ ਪਕਅਗ਼; ਫ਼ਗਠਜਫ਼ੀ; ਤਠਜਵੀ ਦੀ ਪੁਸਤਕ ਞਕਜਅਪ ਼ਿਠਜ;ਖ ਰ਀ਿ :਼ੀਰਗਕ ਨੂੰ ਇਹ ਕਹਿਕੇ ਰੱਦ ਕੀਤਾ ਹੈ ਕਿ ਇਹ ਸੁਣੀਆਂ ਸੁਣਾਈਆਂ ਗੱਲਾਂ ‘ਤੇ ਅਧਾਰਤ ਹਨ।
ਲੇਖਕ ਬਲਦੇਵ ਸਿੰਘ ਮਹਾਰਾਜੇ ਨੂੰ ਐਸ਼ਪ੍ਰਸਤ, ਅੱਯਾਸ, ਵਿਭਚਾਰੀ ਦਿਖਾਉਣ ਲਈ ਉਸ ਦੇ ਹਰਮ ਵਿਚਲੀਆਂ ਰਾਣੀਆਂ , ਮਹਾਰਾਣੀਆਂ ਰਖੇਲਾਂ ਤੇ ਨਾਚੀਆਂ ਦੇ ਵਾਰ ਵਾਰ ਹਵਾਲੇ ਦਿੰਦਾ ਹੈ। ਪਰ ਇਹਨਾਂ ਬਾਰੇ ਮਹਾਰਾਜੇ ਦੇ ਦਰਬਾਰੀ ਫ਼ਕੀਰ ਅਜੀਜਉਦੀਨ ਦਾ ਵਾਰਸ ਫਕੀਰ ਵਹੀਦਉਦੀਨ ਆਪਣੀ ਪੁਸਤਕ ‘ਰਣਜੀਤ ਸਿੰਘ ਅਸਲੀ ਰੂਪ ‘ ਵਿਚ ਇਸ ਤਰਢਾਂ ਲਿਖਦਾ ਹੈ :
” ਕੁੱਝ ਵਿਰੋਧੀ ਆਲੋਚਕਾਂ ਨੇ ਉਸ ਨੂੰ ਵਿਲਾਸ ਤੇ ਬਦਮਾਸ਼ੀ ਦਾ ਦਰਜਾ ਦਿੱਤਾ ਹੈ। ਪਰ ਅਸਲੀਅਤ ਇਹ ਹੈ ਕਿ ਜਿਵੇਂ ਉਹ ਗਾਣ ਤੇ ਨੱਚਣ ਵਾਲੀਆਂ ਕੁੜੀਆਂ ਦੀ ਸੰਗਤ ਵਿਚ ਸਮਾਂ ਗੁਜਾਰਦਾ ਸੀ, ਉਸ ਵਿਚ ਵਿਲਾਸ ਦਾ ਕੋਈ ਨਿਸ਼ਾਨ ਨਹੀਂ ਸੀ। ਉਸ ਨੂੰ ਗਾਣਾ ਸੁਣਨਾ ਤੇ ਨਾਚ ਵੇਖਣਾ ਕਲਾ ਦੇ ਤੌਰ ‘ਤੇ ਚੰਗੇ ਲੱਗਦੇ ਸਨ ਤੇ ਉਨਾਂ ਬਾਰੇ ਉਸ ਦੀ ਦਿਲਚਪਸੀ ਇਕ ਕਲਾਕਾਰ ਵਰਗੀ ਹੀ ਸੀ। ਇਹ ਸਾਰੇ ਪ੍ਰੋਗ੍ਰਾਮ ਇਕ ਕਲਾ ਦੀ ਮਾਨੋਂ ਪ੍ਰਦਰਸ਼ਨੀ ਸਨ। ਨਾ ਕਿ ਲੁੱਚਪੁਣੇ ਦੀਆਂ ਮਹਿਫਲਾਂ ਜੋ ਕੁੱਝ ਲੋਕਾਂ ਦੇ ਜ਼ਿਹਨ ਵਿਚ ਹੈ।” (ਪੰਨਾ 130)
ਇਸ ਪੁਸਤਕ ਵਿੱਚ ਫਕੀਰ ਵਹੀਦਉਦੀਨ ਨੇ ਮਹਾਰਾਜੇ ਤੇ ਮੋਰਾਂ ਦੀ ਬੇਪਨਾਹ ਮੁਹੱਬਤ ਦੀ ਵੀ ਗੱਲ ਕੀਤੀ ਹੈ ਜੋ ਮਹਾਰਾਜੇ ਨੇ ਉਸ ਵਕਤ ਸ਼ੁਰੂ ਕੀਤੀ ਸੀ ਜਦ ਚੜਦੀ ਜੁਆਨੀ ‘ਚ ਸਿਰਫ ਉਸ ਦੀ ਉਮਰ ਬਾਈ ਕੁ ਸਾਲ ਦੀ ਸੀ ਪਰ ‘ਸੂਰਜ ਦੀ ਅੱਖ’ ਦਾ ਲੇਖਕ ਮੋਰਾਂ ਨੂੰ ਅੰਤ ਤੱਕ ਕੋਠੇ ਵਾਲੀ ਤਵਾਇਫ ਹੀ ਬਣਾੱੀਂ ਰੱਖਦਾ ਹੈ।
ਬਲਦੇਵ ਸਿੰਘ ਦਾਅਵਾ ਕਰਦਾ ਹੈ ਕਿ ਇਸ ਨਾਵਲ ਵਿੱਚ ਉਸ ਨੇ ਜੋ ਕੁਝ ਵੀ ਲਿਖਿਆ ਹੈ ਉਹ ਤੱਥਾਂ ‘ਤੇ ਅਧਾਰਤ ਲਿਖਿਆ ਹੈ ਪਰ ਤੱਥਾਂ ਬਾਰੇ ਵੀ ਈ.ਐਚ.ਕਾਰ ਤੇ ਕੀਥ ਜੈਨਕਿੰਸ ਕਹਿੰਦੇ ਹਨ ਕਿ ਤੱਥ ਮੂੰਹੋ ਨਹੀਂਂ ਬੋਲਦੇ ਇਹ ਬੁਲਾਉਣੇ ਪੈਂਦੇ ਹਨ, ਇਹ ਲੇਖਕ ਦੀ ਵਿਚਾਰਧਾਰਾ ਤੇ ਮਨਸਾ ‘ਤੇ ਨਿਰਭਰ ਕਰਦਾ ਕਿ ਉਸ ਨੇ ਕਿਹੜੇ ਤੱਥ ਲੈਣੇ ਹਨ, ਕਿਹੜੇ ਛੱਡਣੇ ਹਨ, ਕਿਹੜੇ ਚਮਕਾਉਣੇ ਹਨ ਤੇ ਕਿਹੜੇ ਮੱਧਮ ਕਰਨੇ ਹਨ। ਇਹ ਗੱਲ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਅੰਗਰੇਜ ਬਸਤੀਵਾਦੀਆਂ ਨੇ ਜੋ ਇਤਿਹਾਸ ਲਿਖਿਆ ਜਾਂ ਲਿਖਵਾਇਆ ਉਸ ਪਿੱਛੇ ਮਨਸਾਂ ਕੀ ਹੈ? ਜਦ 1849 ਵਿਚ ਅੰਗਰੇਜਾਂ ਨੇ ਪੰਜਾਬ ‘ਤੇ ਕਬਜਾ ਕੀਤਾ ਤਾਂ ਉਹਨਾਂ ਸਾਹਮਣੇ ਬਾਕੀ ਭਾਰਤ ਦੇ ਮੁਕਾਬਲੇ ਇੱਕ ਵੱਖਰੀ ਤਰਢਾਂ ਦੀ ਚੁਣੌਤੀ ਸੀ, ਉਹ ਸੀ ਪੰਜਾਬੀਆਂ ਖਾਸ ਕਰ ਸਿੱਖਾਂ ਦੇ ਮਨਾਂ ਵਿਚ ਵਸਿਆ ਖਾਲਸਾ ਰਾਜ ਦਾ ਬਿੰਬ ਤੇ ਰਣਜੀਤ ਪਿਆਰ , ਜਿੰਨਾਂ ਨੇ ਉਸ ਦੇ ਸਾਰੇ ਗੁਨਾਹ ਤੇ ਐਬ ਮਾਫ ਕਰਕੇ ਉਸ ਨੂੰ ਸ਼ੇਰ-ਏ-ਪੰਜਾਬ ਦਾ ਆਦਰਯੋਗ ਦਰਜਾ ਦੇ ਰੱਖਿਆ ਸੀ । ਅੰਗਰੇਜਾਂ ਵਲੋਂ ਆਪਣੇ ਰਾਜ ਨੂੰ ਇਨਸਾਫ ਪਸੰਦ ਤੇ ਦਿਆਲੂ ਕਿਰਪਾਲੂ ਸਿੱਧ ਕਰਨ ਲਈ , ਰਣਜੀਤ ਸਿੰਘ ਦਾ ਲੋਕ ਮਨਾਂ ਵਿਚ ਬਣਿਆ ਪਹਿਲਾ ਬਿੰਬ ਤੋੜਨਾਂ ਲਾਜ਼ਮੀ ਸੀ। ਇਸ ਲਈ ਜਿਥੇ ਰਣਜੀਤ ਸਿੰਘ ਸ਼ਰਾਬੀ ,ਕਬਾਬੀ ,ਅੱਯਾਸ ਤੇ ਹੋਰ ਐਬਾਂ ਤੇ ਗੁਨਾਹਾਂ ਦਾ ਪੁਤਲਾ ਬਣਾ ਕੇ ਪੇਸ਼ ਕੀਤਾ ਗਿਆ ,ਉਥੇ ਉਸ ਦੇ ਪ੍ਰਵਾਰ ਦੀਆਂ ਔਰਤਾਂ ਦੀ ਵੀ ਕਿਰਦਾਰਕੁਸ਼ੀ ਕੀਤੀ ਗਈ। ਇੱਕ ਪਾਸੇ ਉਹ ਅਫਵਾਹਾਂ ਉਡਾ ਰਹੇ ਸਨ ਕਿ ਦਲੀਪ ਸਿੰਘ ਰਣਜੀਤ ਸਿੰਘ ਦਾ ਮੁੰਡਾ ਹੀ ਨਹੀਂ ,ਦੂਜੇ ਪਾਸੇ ਉਸ ਨੂੰ ਪੰਜਾਬ ਤੋਂ ਹਜ਼ਾਰਾ ਮੀਲ ਦੂਰ ਲਿਜਾਇਆ ਜਾਂਦਾ ਹੈ। ਰਾਣੀ ਜਿੰਦਾ ਨੂੰ ਪੰਜਾਬ ਤੋਂ ਦੂਰ ਚੁਨਾਰ ਦੇ ਕਿਲੇ ‘ਚ ਕੈਦ ਕੀਤਾ ਜਾਂਦਾ ਹੈ। ਬਸਤੀਵਾਦੀਆਂ ਦੇ ਇਸ ਡਰ ਪਿੱਛੇ ਲੋਕਾਂ ਦੀ ਬਗਾਵਤ ਦਾ ਭੈਅ ਕੰਮ ਕਰਦਾ ਹੈ, ਜਿਸ ਨੇ ਅਖੀਰ ਤੱਕ ਉਨਾਂ ਦਾ ਪਿੱਛਾ ਨਹੀਂ ਛੱਡਿਆ ਸੀ।
ਬਸਤੀਵਾਦੀਆ ਨੇ ਇਤਿਹਾਸ ਆਪਣੇ ਹਿੱਤਾਂ ਅਨੁਸਾਰ ਲਿਖਿਆ ਹੈ, ਜਿਸ ਨੇ ਹਾਲਾਂ ਤੱਕ ਵੀ ਬਹੁਤ ਸਾਰੇ ਲੇਖਕਾਂ ਦੇ ਠਜਅਦਕ ਫਰ;ਰਅਜ$੦ਕ ਕਰ ਰੱਖੇ ਹਨ। ਪਰ 1947 ਤੋਂ ਬਾਦ ਜੋ ਇਤਿਹਾਸਕਾਰੀ ਤੇ ਬ੍ਰਿਤਾਂਤ ਰਾਸ਼ਟਵਾਦ, ਧਰਮ ਨਿਰਪੱਖਤਾ ਤੇ ਦੇਸ਼ ਭਗਤੀ ਦੇ ਵਿਚਾਰ ਅਧੀਨ ਪੈਦਾ ਹੋਇਆ ਹੈ, ਉਸ ਨੂੰ ਕੁਝ ਚਿੰਤਕਾਂ ਨੇ ਨਵ ਬਸਤੀਵਾਦੀ ਇਤਿਹਾਸ ਤੇ ਨਵ ਬਸਤੀਵਾਦੀ ਬ੍ਰਿਤਾਂਤ ਦਾ ਨਾਂ ਦਿੱਤਾ ਹੈ। ਬਲਦੇਵ ਸਿੰਘ ਦੀ ਰਚਨਾ ਵੀ ਨਵ ਬਸਤੀਵਾਦੀ ਇਤਿਹਾਸ ਅਤੇ ਬ੍ਰਿਤਾਂਤ ਦਾ ਨਮੂਨਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਾਰਾਜੇ ਦੇ ਚਾਲੀ ਸਾਲਾਂ ਦੇ ਰਾਜ ਦੌਰਾਨ ਖਾਲਸਾ ਦਰਬਾਰ ਵਿੱਚ ਬਹੁਤ ਸਾਰੀਆਂ ਗਿਰਾਵਟਾਂ ਆ ਗਈਆਂ ਸਨ ਤੇ ਮਹਾਰਾਜੇ ‘ਤੇ ਐਬਾਂ ਨੇ ਗਲਬਾ ਪਾ ਲਿਆ ਸੀ, ਜੋ ਇਸ ਸਾਮਰਾਜ ਦੇ ਪਤਨ ਦਾ ਕਾਰਨ ਬਣਿਆ। ਪਰ ਉਘੇ ਸਿੱਖ ਚਿੰਤਕ ਪ੍ਰੋ: ਹਰਿੰਦਰ ਸਿੰਘ ਮਹਿਬੂਬ ਇਸ ਸਭ ਕਾਸੇ ਦੇ ਜਿਮੇਵਾਰ ਬਿਪਰ ਸੰਸਕਾਰਾਂ ਨੂੰ ਸਮਝਦੇ ਹਨ, ਜਿੰਨਾਂ ਨੇ ਮਿਸਲਾਂ ਦੇ ਸਮੇ ਤੋ ਹੀ ਖਾਲਸਾ ਪੰਥ ਦੀ ਸ਼ੁੱਧ ਚੇਤਨਾ ਨੂੰ ਗ੍ਰਹਿਣ ਲਾਉਣਾ ਸ਼ੁਰੂ ਕਰ ਦਿੱਤਾ ਸੀ। ਮਹਿਬੂਬ ਸਾਹਿਬ ਕਹਿੰਦੇ ਹਨ ਕਿ ਕਾਸ਼ ਮਹਾਰਾਜਾ ਬਿਪਰ ਸੰਸਕਾਰਾਂ ਦੀ ਪਛਾਣ ਕਰ ਲੈਂਦਾ ਤਾਂ ਉਹ ਮਹਾਂਮਾਨਵ ਸਿੱਧ ਹੋ ਸਕਦਾ ਸੀ। (ਸਹਿਜੇ ਰਚਿੰ ਖਾਲਸਾ , ਪੰਨਾ 1104)
ਜੇਕਰ ਬਲਦੇਵ ਕਿਸੇ ਦਾਬੇ ਅਤੇ ਭੈਅ ਤੋਂ ਮੁਕਤ ਹੋ ਕੇ ਬਿਪਰ ਸੰਸਕਾਰਾਂ ਦੀਆਂ ਬਾਰੀਕੀਆਂ ਸਮਝਕੇ ਇਸ ਵਿਸ਼ਾਲ ਵਿਸ਼ੇ ਨਾਲ ਰੂਹਾਨੀ ਸਾਂਝ ਪਾ ਕੇ ਨਾਵਲ ਲਿਖਦਾ ਤਾਂ ਉਹ ਲਿਓ ਤਾਲਸਤਾਏ ਦੇ ‘ਜੰਗ ਤੇ ਅਮਨ ‘ ਵਾਂਗ ਕਲਾ ਦੀਆਂ ਵੱਡੀਆਂ ਸਿਖਰਾਂ ਵੀ ਛੁਹ ਸਕਦਾ ਸੀ । ਉਹ ਮਹਾਰਾਜਾ ਰਣਜੀਤ ਸਿੰਘ ਦੀ ਮੋਰਾਂ ਨਾਲ ਬੇਪਨਾਹ ਮੁਹੱਬਤ ਨੂੰ ਸ਼ਾਹ ਜਹਾਨ ਤੇ ਮੁਮਤਾਜ ਬੇਗਮ ਦੀ ਮੁਹੱਬਤ ਦੀ ਸਿਖਰ ਤੱਕ ਵੀ ਲਿਜਾ ਸਕਦਾ ਸੀ। ਉਹ ਦੋਸਤੋਏਵਸਕੀ ਵਾਂਗ ਮਹਾਰਾਜੇ ਦੇ ਮਨੋਜਗਤ ਦੀਆਂ ਹਨੇਰੀਆਂ ਖੁੰਦਰਾਂ ਨੂੰ ਵੀ ਰੁਸ਼ਨਾਅ ਸਕਦਾ ਸੀ। ਜਿਥੇ ਇਕ ਪਾਸੇ ਨਾਚ ਗਾਣੇ ਦਾ ਰਸਿਕ ਕੋਮਲ ਭਾਵੀ ਮਨ ਤੇ ਦੂਜੇ ਪਾਸੇ ਸਿਰੇ ਦਾ ਅੜਬ ਤੇ ਜ਼ਿੱਦੀ ਯੋਧਾ ਬੈਠਾ ਸੀ। ਪਰ ਬਲਦੇਵ ਸਿੰਘ ਅੰਦਰਲੀ ਖੁਣਸ ਨੇ ਉਸ ਦੀ ਪੇਸ਼ ਨਹੀਂ ਜਾਣ ਦਿੱਤੀ । ਜੇਕਰ ਉਸ ਨੇ ਸੌ ਕੁ ਪੰਨਿਆਂ ਵਿਚ ਮਹਾਰਾਜੇ ਦੇ ਕਿਰਦਾਰ ਨੂੰ ਚਮਕਾ ਕੇ ਪੇਸ਼ ਕਰ ਦਿੱਤਾ ਤਾਂ ਉਸ ਨੂੰ ਆਪਣੇ ਆਪ ਤੋਂ ਭੈਅ ਆਉਣ ਲੱਗ ਜਾਂਦਾ ਹੈ, ਉਹ ਤੁਰਤ ਪੈਰ ਇਸ ਚਮਕ ਨੂੰ ਕਾਲਾ ਕਰਨ ਲਈ ਪ੍ਰੋ: ਕੌਤਕੀ ਨੂੰ ਹਾਜ਼ਰ ਕਰ ਦਿੰਦਾ ਹੈ। ਸਾਰੇ ਨਾਵਲ ਵਿਚ ਉਹ ਸ਼ਹਿ ਅਤੇ ਮਾਤ ਦੀ ਖੇਡ ਖੇਡਦਾ ਹੈ, ਜਿਸ ਨਾਲ ਉਸ ਦੇ ਅੰਦਰਲੇ ਕਲਾਕਾਰ ਦਾ ਕੱਦ ਛੋਟਾ ਹੋਇਆ ਹੈ ਤੇ ਉਸ ਦੀ ਸਾਹਿਤਕ ਸੁਹਿਰਦਤਾ ਸ਼ੱਕ ਦੇ ਘੇਰੇ ਵਿਚ ਆ ਗਈ ਹੈ।
ਜਿਥੋ ਤੱਕ ਢਾਹਾਂ ਇਨਾਮ ਦਾ ਸਬੰਧ ਹੈ ਇਹ ਪਿਛਲੇ ਤਿੰਨ ਕੁ ਸਾਲਾਂ ਤੋ ਉਹਨਾਂ ਨਾਵਲਾਂ ਨੂੰ ਦਿੱਤਾ ਜਾ ਰਿਹਾ ਹੈ ਜੋ ਪੰਜਾਬੀ ਸਾਹਿਤ ਵਿੱਚ ਹਲਕੇ ਪੱਧਰ ਦੀਆਂ ਰਚਨਾਵਾਂ ਗਿਣੀਆਂ ਜਾਂਦੀਆਂ ਹਨ। ਜਦ ਇਹ ਇਨਾਮ ਦਰਸ਼ਨ ਸਿੰਘ ਨਾਵਲ ‘ਲੋਟਾ’ ਨੂੰ ਦਿੱਤਾ ਗਿਆ ਸੀ ਤਾਂ ਉਸ ਸਮੇਂ ਵੀ ਚਰਚਾ ਛਿੜੀ ਸੀ ਕਿ ਇਹ ਰਚਨਾਂ ਨਾਵਲ ਨਹੀਂ ਸਿਰਫ ਚਲੰਤ ਰਾਜਨੀਤੀ ਦੀ ਅਖਬਾਰੀ ਰਿਪੋਟਿੰਗ ਹੈ। ‘ਸੂਰਜ ਦੀ ਅੱਖ’ ਬਾਰੇ ਵੀ ਇਹੋ ਕਿਹਾ ਜਾ ਸਕਦਾ ਹੈ । ਢਾਹਾਂ ਇਨਾਮ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਵੱਡੀ ਰਕਮ ਦੇ ਇਨਾਮ ਲਈ ਇਕੱਲੇ ਇਕਹਿਰੇ ਚੋਣਕਾਰ ਤੇ ਨਿਰਭਰ ਰਹਿਣ ਦੀ ਵਜਾਏ ਉਹਨਾਂ ਸਾਹਿਤ ਅਲੋਚਕਾਂ ਦੀ ਰਾਇ ਲਈ ਜਾਇਆ ਕਰੇ ਜਿਨਾਂ ਨੇ ਨਾਵਲ ਦੇ ਖੇਤਰ ਵਿੱਚ ਵੱਡਾ ਕੰਮ ਕੀਤਾ ਹੋਇਆ ਹੈ। ਇਸ ਤਰਢਾਂ ਹੀ ਇਨਾਮ ਦਾ ਵੱਕਾਰ ਅਤੇ ਮਿਆਰ ਸਥਾਪਤ ਹੋਵੇਗਾ।

– ਰਾਜਵਿੰਦਰ ਸਿੰਘ ਰਾਹੀ
-ਮੋਬ: 98157 51332