ਵਿਵਾਦਪੂਰਨ ਨਾਵਲ ”ਸੂਰਜ ਦੀ ਅੱਖ” ਨੂੰ ਪੁਰਸਤਕਾਰ ਦੇਣ ਖਿਲਾਫ਼ ਕੈਨੇਡਾ ਦੀਆਂ ਸਾਹਿਤਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਅੰਦਰ ਭਾਰੀ ਰੋਸ

ਵਿਵਾਦਪੂਰਨ ਨਾਵਲ ”ਸੂਰਜ ਦੀ ਅੱਖ” ਨੂੰ ਪੁਰਸਤਕਾਰ ਦੇਣ ਖਿਲਾਫ਼ ਕੈਨੇਡਾ ਦੀਆਂ ਸਾਹਿਤਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਅੰਦਰ ਭਾਰੀ ਰੋਸ

ਲੇਖਕ ਬਲਦੇਵ ਸਿੰਘ ਸੜਕਨਾਮਾ ਸਜ਼ਾ ਦਾ ਭਾਗੀ : ਸਿੱਖ ਜਥੇਬੰਦੀਆਂ
ਢਾਹਾਂ ਅਵਾਰਡ ਨਾ ਦੇਣ ਲਈ ਫੈਸਲਾ ਲੈਣ ਬਾਰੇ ਜ਼ੋਰ ਦੇਣਗੇ

ਵੈਨਕੂਵਰ : (ਬਰਾੜ-ਭਗਤਾ ਭਾਈ ਕਾ) ਕੈਨੇਡਾ ਦੇ ਧਨਾਡ ਬਰਜ ਢਾਹਾਂ ਵਲੋਂ ਵਿਵਾਦਪੂਰਨ ਨਾਵਲ ‘ਸੂਰਜ ਦੀ ਅੱਖ’ ਨੂੰ 25,000 ਡਾਲਰ ਦਾ ਪੁਰਸਕਾਰ ਦੇ ਕੇ ਛੇੜੇ ਗਏ ਵਿਵਾਦ ਨੇ ਉਸ ਵੇਲੇ ਤਿੱਖਾ ਰੂਪ ਧਾਰਨ ਕਰ ਲਿਆ, ਜਦੋਂ ਕੈਨੇਡਾ ਦੀਆਂ ਵੱਖ-ਵੱਖ ਸਾਹਿਤਕ ਸੰਸਥਾਵਾਂ ਅਤੇ ਸਿੱਖ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿੱਚ ਇੱਕਮੁੱਠ ਹੋ ਕੇ ਰੋਸ ਪ੍ਰਗਟਾਉਣ ਦਾ ਫੈਸਲਾ ਕਰ ਲਿਆ।
‘ਸੂਰਜ ਦੀ ਅੱਖ’ ਨਾਵਲ ਦੇ ਲੇਖਕ ਬਲਦੇਵ ਸਿੰਘ ਸੜਕਨਾਮਾ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਚਰਿਤਰਹੀਣ, ਐਯਾਸ਼ੀ, ਉਸ ਦੀ ਔਲਾਦ ਨੂੰ ਨਾਜ਼ਾਇਜ਼ ਅਤੇ ਰਾਜ ਪ੍ਰਬੰਧ ਨੂੰ ਦਾਗ਼ਦਾਰ ਬਣਾਉਣ ਦੀ ਕੋਝੀ ਸਾਜ਼ਿਸ਼ ਅਧੀਨ ਲਿਖੇ ਗਏ ਇਸ ਨਾਵਲ ਦਾ ਸਾਲ ਕੁ ਪਹਿਲਾਂ ਪੰਜਾਬ ਅੰਦਰ ਵੀ ਤਿੱਖਾ ਵਿਰੋਧ ਹੋਇਆ ਸੀ, ਜਿਸ ਮਗਰੋਂ ਯੂਨੀਸਟਾਰ ਪ੍ਰਕਾਸ਼ਕ ਹਰਸ਼ੀ ਜੈਨ ਨੇ ਇਸ ਨੂੰ ਛਾਪਣਾ ਵੀ ਬੰਦ ਕਰ ਦਿੱਤਾ ਸੀ ਪਰ ਪੁਰਾਣੀ ਤੇ ਸਭ ਤੋਂ ਵੱਧ ਵਿਰੋਧ ਵਾਲੀ ਇਸ ਲਿਖਤ ਨੂੰ ਜਾਣ-ਬੁੱਝ ਕੇ ਮੁੜ ਪ੍ਰਚਾਰਨਾ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਅਤੇ ਗੌਰਵਮਈ ਇਤਿਹਾਸ ਨੂੰ ਬਰਬਾਦ ਕਰਨ ਦੇ ਵਿਰੋਧ ਵਿੱਚ ਸਾਹਿਤਕ ਸੰਸਥਾਵਾਂ ਸਿੱਖ ਸਾਹਿਤ ਸਦਨ ਸਰੀ, ਕਲਮੀਂ ਪਰਵਾਜ਼ ਮੰਚ, ਲੋਕ ਲਿਖਾਰੀ ਸਭਾ, ਉੱਤਰੀ ਅਮਰੀਕਾ, ਪੰਜਾਬੀ ਸਾਹਿਤ ਸਭਾ ਮੁੱਢਲੀ ਐਬਟਸਫੋਰਡ, ਫੈਡਰੇਸ਼ਨ ਆਫ਼ ਸਿੱਖ ਸੋਸਾਇਟੀਜ਼ ਕੈਨੇਡਾ, ਸਾਊਥ ਏਸ਼ੀਅਨ ਰੀਵਿਯੂ ਪ੍ਰਿੰਸ ਜੌਰਜ਼, ਕੈਨੇਡੀਅਨ ਸਿੱਖ ਸਟੱਡੀਜ਼ ਤੇ ਟੀਚਿੰਗ ਸੋਸਾਇਟੀਜ਼ ਨੇ ਸਾਂਝੇ ਤੌਰ ‘ਤੇ ਪੁਰਜ਼ੋਰ ਨਿਖੇਧੀ ਕੀਤੀ ਹੈ। ਇਨ੍ਹਾਂ ਸੰਸਥਾਵਾਂ ਅਨੁਸਾਰ ਉਹ ਲੇਖਕਾਂ ਦੇ ਵਿਚਾਰਾਂ ਦੀ ਆਜ਼ਾਦੀ ਹਮਾਇਤ ਕਰਦੇ ਹਨ ਅਤੇ ਕਿਸੇ ਵੀ ਹਿੰਸਕ ਪ੍ਰਦਰਸ਼ਨ ਦੇ ਵਿਰੋਧੀ ਹਨ, ਪਰ ਜੇਕਰ ਕੋਈ ਲੇਖਕ ਵਿਚਾਰਾਂ ਦੀ ਆਜ਼ਾਦੀ ਦੇ ਨਾਂ ਹੇਠ ਇਤਿਹਾਸ ਨੂੰ ਵਿਗਾੜੇ, ਪੰਜਾਬ ਦੇ ਨਾਇਕਾਂ ਪ੍ਰਤੀ ਘਟੀਆ ਸ਼ਬਦਾਵਲੀ ਵਰਤੇ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਸਾਜਿਸ਼ ਰਚੇ ਤਾਂ ਇਸ ਦੀ ਵੀ ਸਖਤ ਨਿੰਦਾ ਕੀਤੀ ਜਾਣੀ ਬਣਦੀ ਹੈ। ਲੋਅਰਮੇਨਲੈਂਡ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਸਾਂਝੇ ਬਿਆਨ ਰਾਹੀ ਕਿਹਾ ਕਿ ਸਤਿਕਾਰਤਾ ਸਖਸ਼ੀਅਤਾਂ ਦੇ ਚ੍ਰਿਤਰ ‘ਤੇ ਧੱਬੇ ਲਾਉਣ ਵਾਲੇ ਲੇਖਕ ਸਜ਼ਾ ਦੇ ਭਾਗੀ ਹਨ ਇਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਾਣਕਾਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਲੋਅਰ ਮੇਨਲੈਂਡ ਦੇ ਐਬਟਸਫੋਰਡ ਦੀ ਇੱਕ ਧਾਰਮਿਕ ਸੰਸਥਾ ਲੇਖਕ ਸੜਕਨਾਮਾ ਨੂੰ ਇੱਕ ਸਮਾਗਮ ਦਾ ਪ੍ਰਬੰਧ ਕਰਕੇ ਲੋਕਾਂ ਦੇ ਰੂ-ਬ-ਰੂ ਕਰਨ ਦੀ ਤਿਆਰੀ ਵਿੱਚ ਹੈ ਜਿਸ ਪ੍ਰਤੀ ਸਿੱਖ ਜਥੇਬੰਦੀਆਂ ਇਸ ਦਾ ਤਿੱਖਾ ਵਿਰੋਧ ਕਰ ਰਹੀਆਂ ਹਨ।
ਪੰਜਾਬੀ ਸਾਹਿਤਕ ਸੰਸਥਾਵਾਂ ਨੇ ਢਾਹਾਂ ਪੁਰਸਕਾਰ ਸੰਸਥਾਵਾਂ ਨੂੰ ਮੁੜ ਅਪੀਲ ਕੀਤੀ ਕਿ ਸ਼ੇਰੇ ਪੰਜਾਬ ‘ਤੇ ਚਿੱਕੜ ਉਛਾਲਣ, ਉਸਦੇ ਖਾਨਦਾਨ ਨੂੰ ਭੰਡਣ, ਪੰਜਾਬ ਦੇ ਇਤਿਹਾਸ ਨੂੰ ਵਿਗਾੜਨ ਅਤੇ ਕੈਨੇਡਾ ਵਸਦੇ ਪੰਜਾਬੀਆਂ ਦੇ ਜਜ਼ਬਾਤ ਭੜਕਾਉਣ ਦੀ ਘਟੀਆ ਕਾਰਵਾਈ ਤੋਂ ਗੁਰੇਜ਼ ਕੀਤਾ ਜਾਵੇ ਅਤੇ ਅਜਿਹੀ ਨਫ਼ਰਤ ਫੈਲਾਉਣ ਵਾਲੀ ਲਿਖਤ ਵਾਪਿਸ ਲਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕੇ ਜੇਕਰ ਪ੍ਰਬੰਧਕਾਂ ਨੇ ਕੈਨੇਡਾ ਅੰਦਰ ਵਿਵਾਦਤ ਲੇਖਕ ਨੂੰ ਸਨਮਾਨਿਤ ਕਰਕੇ ਬਲਦੀ ਉੱਪਰ ਤੇਲ ਪਾਉਣ ਵਾਲੀ ਗੱਲ ਕੀਤੀ ਤਾਂ ਇਸ ਦਾ ਵੀ ਤਿੱਖਾ ਵਿਰੋਧ ਹੋਵੇਗਾ, ਜਿਸ ਦੇ ਜ਼ਿੰਮੇਵਾਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣ ਵਾਲੇ ਪ੍ਰਬੰਧਕ, ਚੋਣਕਾਰ ਅਤੇ ਲਾਂਬੂ ਲਾਉਣ ਵਾਲੇ ਸੜਕਨਾਮੇ ਦੇ ਲੇਖਕ ਹੋਣਗੇ।