ਸਿੱਖਾਂ ਨੂੰ 300 ਸਾਲਾਂ ਤੱਕ ਇਹ ਕੁਝ ਨਹੀਂ ਭੁੱਲਣਾ : ਸੱਤਿਆਪਾਲ ਮਲਿਕ

ਸਿੱਖਾਂ ਨੂੰ 300 ਸਾਲਾਂ ਤੱਕ ਇਹ ਕੁਝ ਨਹੀਂ ਭੁੱਲਣਾ : ਸੱਤਿਆਪਾਲ ਮਲਿਕ

ਬਾਗਪਤ: ਭਾਰਤ ਦੀ ਮੌਜੂਦਾ ਸਰਕਾਰ ਭਾਜਪਾ ‘ਚੋਂ ਵੀ ਕਿਸਾਨ ਅੰਦਲੋਨ ਦੇ ਪੱਖ ‘ਚ ਅਵਾਜ਼ ਉੱਠਣੀ ਸ਼ੁਰੂ ਗਈ ਹੈ। ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ‘ਚ ਆ ਡਟੇ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਦਿੱਲੀ ਤੋਂ ਕਿਸਾਨਾਂ ਨੂੰ ਅਪਮਾਨਿਤ ਕਰਕੇ ਤੇ ਖ਼ਾਲੀ ਹੱਥ ਨਾ ਭੇਜਣਾ ਕਿਉਂਕਿ ਮੈਂ ਜਾਣਦਾ ਹਾਂ ਕਿ ਸਿੱਖਾਂ ਨੂੰ 300 ਸਾਲਾਂ ਤੱਕ ਇਹ ਕੁਝ ਨਹੀਂ ਭੁੱਲਣਾ। ਜਿਸ ਦੇਸ਼ ਦਾ ਕਿਸਾਨ ਤੇ ਜਵਾਨ ਖੁਸ਼ ਨਹੀਂ ਹੁੰਦਾ, ਉਸ ਦੇਸ਼ ਨੂੰ ਕੋਈ ਨਹੀਂ ਬਚਾ ਸਕਦਾ। ਸੱਤਿਆਪਾਲ ਮਲਿਕ ਉੱਤਰ ਪ੍ਰਦੇਸ਼ ਸਥਿਤ ਆਪਣੇ ਜੱਦੀ ਜ਼ਿਲ੍ਹੇ ‘ਚ ਪੁੱਜੇ। ਉੱਥੇ ਉਨ੍ਹਾਂ ਇੱਕ ਅਭਿਨੰਦਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਦੇਸ਼ ਦਾ ਕਿਸਾਨ ਬੇਹਾਲ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਤਾਂ ਉਹ ਕਿਸਾਨ ਅੰਦੋਲਨ ਖ਼ਤਮ ਕਰ ਦੇਣਗੇ। ਰਾਜਪਾਲ ਮਲਿਕ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਰੁਕਵਾਉਣ ਦਾ ਦਾਅਵਾ ਕਰਦਿਆਂ ਕਿਹਾ ਕਿ ਜਦੋਂ ਮੈਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਗ੍ਰਿਫ਼ਤਾਰੀ ਦੀ ਕਨਸੋਅ ਪਈ, ਤਾਂ ਫ਼ੋਨ ਕਰਕੇ ਉਸ ਨੂੰ ਰੁਕਵਾਇਆ। ਉਨ੍ਹਾਂ ਕਿਹਾ ਕਿ ਯਕੀਨ ਦਿਵਾਉਂਦਾ ਹਾਂ ਕਿ ਕਿਸਾਨਾਂ ਦੇ ਮਾਮਲੇ ‘ਤੇ ਜਿੰਨੀ ਵੀ ਦੂਰ ਤੱਕ ਜਾਣਾ ਪਿਆ, ਓਨੀ ਹੀ ਦੂਰ ਤੱਕ ਜਾਵਾਂਗਾ ਕਿਉਂਕਿ ਮੈਨੂੰ ਕਿਸਾਨਾਂ ਦੀ ਤਕਲੀਫ਼ ਪਤਾ ਹੈ। ਦੇਸ਼ ਦੇ ਕਿਸਾਨ ਬਹੁਤ ਮਾੜੇ ਹਾਲਾਤ ਵਿੱਚ ਹਨ।