Copyright & copy; 2019 ਪੰਜਾਬ ਟਾਈਮਜ਼, All Right Reserved
ਭਾਰਤ ‘ਚ 2050 ਤੱਕ ਬਜ਼ੁਰਗਾਂ ਦੀ ਅਬਾਦੀ 20 ਫ਼ੀਸਦੀ ਵਧੇਗੀ

ਭਾਰਤ ‘ਚ 2050 ਤੱਕ ਬਜ਼ੁਰਗਾਂ ਦੀ ਅਬਾਦੀ 20 ਫ਼ੀਸਦੀ ਵਧੇਗੀ

ਨਵੀਂ ਦਿੱਲੀ : ਭਾਰਤ ‘ਚ ਬਜ਼ੁਰਗਾਂ ਖਾਸ ਕਰਕੇ 60 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੀ ਅਬਾਦੀ ‘ਚ 2050 ਤਕ ਕਰੀਬ 20 ਫ਼ੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਭਾਰਤ ਦਾ ਕਹਿਣਾ ਹੈ ਕਿ ਜਵਾਨਾਂ ਨੂੰ ਸਮਰੱਥ ਬਣਾਉਣ ਨਾਲ ਬੁਢਾਪੇ ‘ਚ ਉਨ੍ਹਾਂ ਨੂੰ ਚੰਗੀ ਸਿਹਤ ਬਣਾਈ ਰੱਖਣ ਅਤੇ ਵਧਦੀ ਉਮਰ ‘ਚ ਵੀ ਆਪਣੀ ਹਿੱਸੇਦਾਰੀ ਯਕੀਨੀ ਬਣਾਉਣ ‘ਚ ਸਹਾਇਤਾ ਮਿਲੇਗੀ। ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ‘ਚ ਪ੍ਰਥਮ ਸਕੱਤਰ ਪੋਲੋਮੀ ਤ੍ਰਿਪਾਠੀ ਨੇ ਇਥੇ ਬਜ਼ੁਰਗਾਂ ਨਾਲ ਸਬੰਧਤ ਵਿਸ਼ੇ ‘ਤੇ ਕੰਮ ਕਰਨ ਵਾਲੇ ਵਰਕਿੰਗ ਗਰੁੱਪ ਵੱਲੋਂ ਸੋਮਵਾਰ ਨੂੰ ਕਰਾਏ ਗਏ ਪ੍ਰੋਗਰਾਮ ਦੌਰਾਨ ਕਿਹਾ ਕਿ ਭਾਰਤ ‘ਚ ਸੀਨੀਅਰ ਸਿਟੀਜ਼ਨ ਦੀ ਅਬਾਦੀ ਦੇ ਫ਼ੀਸਦ ‘ਚ ਪਿਛਲੇ ਕੁਝ ਸਾਲਾਂ ‘ਚ ਵਾਧਾ ਹੋਇਆ ਹੈ ਅਤੇ ਮੌਜੂਦਾ ਦੌਰ ਨੂੰ ਦੇਖਦਿਆਂ ਇਹ ਪ੍ਰਤੀਸ਼ਤ ਹੋਰ ਵਧਣ ਦੀ ਸੰਭਾਵਨਾ ਹੈ। ਤ੍ਰਿਪਾਠੀ ਨੇ ਕਿਹਾ,”ਅਸੀਂ ਅਜਿਹੀ ਦੁਨੀਆ ‘ਚ ਰਹਿੰਦੇ ਹਾਂ ਜਿਥੇ ਲੋਕ ਅੱਜ ਨਾਲੋਂ ਪਹਿਲਾਂ ਦੇ ਮੁਕਾਬਲੇ ‘ਚ ਲੰਬੀ ਉਮਰ ਤਕ ਜੀਅ ਰਹੇ ਹਨ। ਅਜਿਹਾ ਅਧਿਐਨ ਹੈ ਕਿ 2050 ਤਕ 15 ਸਾਲ ਤੋਂ ਹੇਠਾਂ ਉਮਰ ਵਰਗ ਦੇ ਲੋਕਾਂ ਦੀ ਤੁਲਨਾ ‘ਚ 60 ਸਾਲ ਤੋਂ ਵੱਧ ਦੀ ਉਮਰ ਦੇ ਵਿਅਕਤੀਆਂ ਦੀ ਗਿਣਤੀ ਵੱਧ ਹੋਵੇਗੀ।” ਉਨ੍ਹਾਂ ਕਿਹਾ ਕਿ 2050 ਤਕ 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦੀ ਗਿਣਤੀ ਅੱਠ ਫ਼ੀਸਦ ਤੋਂ ਵੱਧ ਕੇ ਕਰੀਬ 20 ਫ਼ੀਸਦ ਹੋਣ ਦੀ ਸੰਭਾਵਨਾ ਹੈ। ਤ੍ਰਿਪਾਠੀ ਨੇ ਕਿਹਾ ਕਿ ਉਮਰ ਵਧਣ ਦੀ ਪ੍ਰਕਿਰਿਆ ਅਟੱਲ ਸਚਾਈ ਹੈ ਅਤੇ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਸਮਰੱਥ ਬਣਾਉਣਾ ਪਏਗਾ ਤਾਂ ਜੋ ਉਨ੍ਹਾਂ ਦੀ ਸ਼ਰੀਰਕ ਅਤੇ ਮਾਨਸਿਕ ਸਿਹਤ ਬਿਹਤਰ ਬਣੀ ਰਹੇ ਅਤੇ ਉਹ ਪਰਿਵਾਰ ਤੇ ਭਾਈਚਾਰੇ ‘ਚ ਵਧਦੀ ਉਮਰ ਦੇ ਬਾਵਜੂਦ ਸਰਗਰਮ ਭਾਈਵਾਲੀ ਕਰਨ। ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਸਰਕਾਰਾਂ ਵੱਲੋਂ ਉਠਾਏ ਜਾਣ ਵਾਲੇ ਕਦਮਾਂ ‘ਚ ਸਮਾਜਿਕ ਸੁਰੱਖਿਆ, ਉਨ੍ਹਾਂ ਦੇ ਹੱਕਾਂ ਦੀ ਰੱਖਿਆ ਕਰਨਾ ਅਤੇ ਵਿਕਾਸ ਪ੍ਰਕਿਰਿਆ ‘ਚ ਯੋਗਦਾਨ ਆਦਿ ਸ਼ਾਮਲ ਹਨ।