Copyright © 2019 - ਪੰਜਾਬੀ ਹੇਰਿਟੇਜ
ਭਾਰਤ ਨੂੰ ‘ਨਾਟੋ ਸਹਿਯੋਗੀ ਦੇਸ਼’ ਦਾ ਦਰਜਾ ਦੇਣ ਦੀ ਤਿਆਰੀ ‘ਚ ਅਮਰੀਕਾ

ਭਾਰਤ ਨੂੰ ‘ਨਾਟੋ ਸਹਿਯੋਗੀ ਦੇਸ਼’ ਦਾ ਦਰਜਾ ਦੇਣ ਦੀ ਤਿਆਰੀ ‘ਚ ਅਮਰੀਕਾ

ਵਾਸ਼ਿੰਗਟਨ: ਅਮਰੀਕਾ-ਭਾਰਤ ਦੇ ਦੁਵੱਲੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕੀ ਸੰਸਦ ਵਿਚ ਲਗਭੱਗ 6 ਪ੍ਰਭਾਵਸ਼ਾਲੀ ਮੈਂਬਰਾਂ ਨੇ ਇਕ ਅਹਿਮ ਬਿੱਲ ਪੇਸ਼ ਕੀਤਾ ਹੈ, ਜਿਸ ਵਿਚ ਭਾਰਤ ਨੂੰ ‘ਨਾਟੋ ਸਹਿਯੋਗੀ’ (ਨਾਰਥ ਅਟਲਾਂਟਿਕ ਟ੍ਰੀਟੀ ਆਗਰੇਨਾਈਜ਼ੇਸ਼ਨ) ਦਰਜਾ ਦੇਣ ਦਾ ਜ਼ਿਕਰ ਹੈ। ਜੇਕਰ ਇਹ ਬਿੱਲ ਪਾਸ ਹੁੰਦਾ ਹੈ ਤਾਂ ਅਮਰੀਕੀ ਵਿਦੇਸ਼ ਵਿਭਾਗ ਭਾਰਤ ਨੂੰ ਨਾਟੋ ਸਹਿਯੋਗੀ ਦਾ ਦਰਜਾ ਦਵੇਗਾ। ‘ਅਮਰੀਕਾ ਆਰਮਜ਼ ਐਕਸਪੋਰਟ ਕੰਟਰੋਲ ਐਕਟ’ ਵਿਚ ਭਾਰਤ ਨੂੰ ਨਾਟੋ ਸਹਿਯੋਗੀ ਦੇਸ਼ ਦੇ ਤੌਰ ‘ਤੇ ਤਰਜੀਹ ਮਿਲੇਗੀ।
ਇਸ ਬਿੱਲ ‘ਤੇ ਕੰਮ ਕਰ ਰਹੇ ਯੂਐੱਸ-ਇੰਡੀਆ ਸਟ੍ਰੈਟਜਿਕ ਪਾਰਟਨਰਸ਼ਿਪ ਫੋਰਮ ਮੁਤਾਬਕ, ਇਹ ਇਸ ਗੱਲ ਦਾ ਪ੍ਰਭਾਵਪੂਰਨ ਸੰਕੇਤ ਹੋਵੇਗਾ ਕਿ ਰੱਖਿਆ ਸੌਦਿਆਂ ਵਿਚ ਭਾਰਤ ਅਮਰੀਕਾ ਦੀ ਤਰਜੀਹ ਵਿਚ ਹੈ। ਪਿਛਲੇ ਹਫ਼ਤੇ ਸੰਸਦ ਮੈਂਬਰ ਜੋ ਵਿਲਸਨ ਨੇ ਬਿੱਲ ਐੱਚਆਰ 2123 ਪੇਸ਼ ਕੀਤਾ ਸੀ। ਉਹ ‘ਹਾਊਸ ਫਾਰੇਨ ਅਫੇਅਰਜ਼ ਕਮੇਟੀ’ ਦੇ ਸੀਨੀਅਰ ਮੈਂਬਰ ਹਨ। ਵਿਲਸਨ ਨੇ ਕਿਹਾ, ‘ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਖੇਤਰ ਵਿਚ ਸਥਿਰਤਾ ਦਾ ਅਹਿਮ ਪਿੱਲਰ ਹੈ।’
ਉਨ੍ਹਾਂ ਕਿਹਾ, ਯੂਐੱਸ ਕਾਨੂੰਨ ਵਿਚ ਇਹ ਸੋਧ ਭਾਰਤੀ-ਪ੍ਰਸ਼ਾਂਤ ਖੇਤਰ ਵਿਚ ਯੂਐੱਸ-ਭਾਰਤ ਦੀ ਭਾਈਵਾਲੀ ਨੂੰ ਸੁਰੱਖਿਆ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰੇਗਾ। ਮੈਂ ਯੂਐੱਸ-ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ (ਯੂਐੱਸਆਈਐੱਸਪੀਐੱਫ) ਨੂੰ ਸ਼ੁਕਰੀਆ ਅਦਾ ਕਰਦਾ ਹਾਂ ਜਿਸ ਨੇ ਇਸ ਬਿੱਲ ਵਿਚ ਅਪਣਾ ਸਹਿਯੋਗ ਦਿਤਾ ਹੈ। ਇਸ ਬਿੱਲ ਨੂੰ ਸਮਰਥਨ ਦੇਣ ਵਾਲਿਆਂ ਵਿਚ ਐਮੀ ਬੇਰਾ (ਯੂਐੱਸ ਕਾਂਗਰਸ ‘ਚ ਸਭ ਤੋਂ ਜ਼ਿਆਦਾ ਲੰਬੇ ਸਮੇਂ ਤਕ ਸੇਵਾ ਦੇਣ ਵਾਲੇ ਭਾਰਤੀ-ਅਮਰੀਕੀ) ਅਤੇ ਜਾਰਜ ਹੋਲਡਿੰਗ (ਹਾਊਸ ਇੰਡੀਆ ਕਾਕਸ ਦੇ ਉਪ ਪ੍ਰਧਾਨ), ਬ੍ਰੈਡ ਸ਼ੇਰਮੈਨ, ਤੁਲਸੀ ਗਬਾਰਡ ਅਤੇ ਟੇਡ ਯੋਹੋ ਦਾ ਨਾਂਅ ਸ਼ਾਮਲ ਹੈ।