Copyright © 2019 - ਪੰਜਾਬੀ ਹੇਰਿਟੇਜ
ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਭਾਜਪਾ ਨੇ ਐਲਾਨਿਆ ਆਪਣਾ ਉਮੀਦਵਾਰ

ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਭਾਜਪਾ ਨੇ ਐਲਾਨਿਆ ਆਪਣਾ ਉਮੀਦਵਾਰ

ਨਵੀਂ ਦਿੱਲੀ : ਮਾਲੇਗਾਂਵ ਬੰਬ ਧਮਾਕੇ ਦੀ ਦੋਸ਼ੀ ਸਾਧਵੀ ਪ੍ਰੱਗਿਆ ਠਾਕੁਰ ਨੂੰ ਭਾਜਪਾ ਨੇ ਭੋਪਾਲ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਐਲਾਨ ਪ੍ਰੱਗਿਆ ਦੇ ਭਾਜਪਾ ‘ਚ ਸ਼ਾਮਿਲ ਹੋਣ ਤੋਂ ਕੁਝ ਘੰਟਿਆਂ ਬਾਅਦ ਪਾਰਟੀ ਵਲੋਂ ਉਮੀਦਵਾਰਾਂ ਦੀ ਜਾਰੀ ਕੀਤੀ 22ਵੀਂ ਸੂਚੀ ‘ਚ ਕੀਤਾ ਗਿਆ। ਪ੍ਰੱਗਿਆ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਦਿਗਵਿਜੈ ਸਿੰਘ ਨਾਲ ਹੋਵੇਗਾ। ਪ੍ਰੱਗਿਆ ਦੇ ਨਾਂਅ ਦੇ ਐਲਾਨ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵ ਰਾਜ ਸਿੰਘ ਚੌਹਾਨ ਦਾ ਨਾਂਅ ਉਮੀਦਵਾਰ ਵਜੋਂ ਅੱਗੇ ਆ ਰਿਹਾ ਸੀ ਪਰ ਹਲਕਿਆਂ ਮੁਤਾਬਿਕ ਸੰਘ ਦੀ ਸਿਫ਼ਾਰਸ਼ ਤੋਂ ਬਾਅਦ ਪ੍ਰੱਗਿਆ ਦੇ ਨਾਂਅ ਦਾ ਐਲਾਨ ਕੀਤਾ ਗਿਆ। ਭੜਕਾਊ ਭਾਸ਼ਣਾਂ ਲਈ ਜਾਣੀ ਜਾਂਦੀ ਪ੍ਰੱਗਿਆ ਸਿੰਘ ਨੇ ਭਾਜਪਾ ‘ਚ ਸ਼ਾਮਿਲ ਹੁੰਦਿਆਂ ਹੀ ਕਿਹਾ ਕਿ ਉਹ ਚੋਣ ਲੜੇਗੀ ਵੀ ਤੇ ਜਿੱਤੇਗੀ ਵੀ। ਸਾਧਵੀ ਪ੍ਰੱਗਿਆ ਅਤੇ ਦਿਗਵਿਜੈ ਸਿੰਘ ਇਕ-ਦੂਜੇ ਦੇ ਕੱਟੜ ਵਿਰੋਧੀ ਹਨ। ਦਿਗਵਿਜੈ ਸਿੰਘ ਹੀ ਉਹ ਨੇਤਾ ਹਨ, ਜਿਨ੍ਹਾਂ ਨੇ ਯੂ. ਪੀ. ਏ. ਸਰਕਾਰ ਦੌਰਾਨ ਭਗਵਾ ਅੱਤਵਾਦ ਦਾ ਮੁੱਦਾ ਜ਼ੋਰ ਨਾਲ ਚੁੱਕਿਆ ਸੀ। ਜ਼ਿਕਰਯੋਗ ਹੈ ਕਿ 10 ਸਾਲਾਂ ਤੱਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਦਿਗਵਿਜੈ ਸਿੰਘ 16 ਸਾਲਾਂ ਬਾਅਦ ਚੋਣ ਲੜਨ ਜਾ ਰਹੇ ਹਨ। ਸਾਧਵੀ ਦੇ ਨਾਂਅ ਦਾ ਐਲਾਨ ਹੋਣ ਤੋਂ ਬਾਅਦ ਇਸ ਮੁਕਾਬਲੇ ਨੂੰ ਚੁਣੌਤੀ ਦੀ ਥਾਂ ‘ਤੇ ਧਰਮ ਯੁੱਧ ਕਰਾਰ ਦਿੰਦਿਆਂ ਜਿੱਤਣ ਦਾ ਵੀ ਦਾਅਵਾ ਕੀਤਾ। ਭਾਜਪਾ ਨੇ ਸਾਧਵੀ ਦੇ ਨਾਂਅ ਤੋਂ ਇਲਾਵਾ ਮੱਧ ਪ੍ਰਦੇਸ਼ ਤੋਂ ਤਿੰਨ ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ।