ਰੁਝਾਨ ਖ਼ਬਰਾਂ
ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈ ਮੀਟਿੰਗ ਬੇ-ਸਿੱਟਾ ਰਹੀ 

ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦਰਮਿਆਨ ਹੋਈ ਮੀਟਿੰਗ ਬੇ-ਸਿੱਟਾ ਰਹੀ

 

ਦੋ ਮੰਤਰੀਆਂ ਦੀ ਕਿਸਾਨਾਂ ਅੱਗੇ ਬੋਲਤੀ ਹੋਈ ਬੰਦ

ਕਿਸਾਨਾਂ ਦੀਆਂ 7 ਮੰਗਾਂ ਨੇ ਕੇਂਦਰ ਸਰਕਾਰ ਨੂੰ ਪਾਇਆ ਵਖਤ

ਐਮ. ਐਸ. ਪੀ. ਜਾਰੀ ਅਤੇ ਮੰਡੀਕਰਨ ਬੋਰਡ ਸੰਵਿਧਾਨ ‘ਚ ਲਿਖਣ ਤੋਂ ਸਰਕਾਰ ਭੱਜੀ

ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’ ਵੱਲੋਂ ਮੀਟਿੰਗ ਰਿਪੋਰਟ

ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਰੇਲਵੇ ਮੰਤਰੀ ਸਮੇਤ ਉਨ੍ਹਾਂ ਦੋਵਾਂ ਦੇ ਉੱਚ ਅਧਿਕਾਰੀਆਂ ਨਾਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜੋ ਮੀਟਿੰਗ ਹੋਈ ਹੈ ਉਸ ਵਿੱਚ ਗੱਲਬਾਤ ਭਾਵੇਂ ਸਿਰੇ ਤਾਂ ਨਹੀਂ ਲੱਗੀ, ਪਈ ਕਿਸਾਨ ਆਗੂਆਂ ਨੇ ਆਪਣੀਆਂ 7 ਮੰਗਾਂ ਰੱਖ ਕੇ ਸਭ ਦੇ ਨੱਕ ‘ਚ ਦਮ ਕਰ ਦਿੱਤਾ। ਕੇਂਦਰ ਦੇ ਦੋ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਨਾਲ ਜਿਹੜੀ ਮੀਟਿੰਗ ਹੋਈ ਹੈ, ਉਸ ਵਿੱਚ ਗੱਲਬਾਤ ਦੌਰਾਨ ਕਿਸਾਨ ਆਗੂਆਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਬੋਲਤੀ ਐਸੀ ਬੰਦ ਕਰਵਾ ਦਿੱਤੀ ਕਿ ਤੋਮਰ ਆਪਣੇ ਨਾਲ ਲੈ ਕੇ ਆਏ ਆਹਲਾ ਉੱਚ ਅਫਸਰਾਂ ਵੱਲ ਇਉਂ ਵੇਖੇ ਜਿਵੇਂ ਉਨ੍ਹਾਂ ਕੋਲੋਂ ਪੁੱਛ ਰਿਹਾ ਹੋਵੇ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਕੀ ਹਨ। ਨਰਿੰਦਰ ਤੋਮਰ ਕਿਸਾਨ ਜਥੇਬੰਦੀਆਂ ਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਤੁਹਾਡੀ ਐਮ ਐਸ ਪੀ ਵੀ ਜਾਰੀ ਰਹੇਗੀ ਤੇ ਮੰਡੀਕਰਨ ਬੋਰਡ ਵਾਲਾ ਸਿਸਟਮ ਵੀ ਜਿਉਂ ਦੀ ਤਿਉਂ ਰਹੇਗਾ।

ਕਿਸਾਨ ਆਗੂ ਕਹਿੰਦੇ ‘ਪ੍ਰਧਾਨ ਮੰਤਰੀ ਵੀ ਇਹੀ ਗੱਲ ਕਹਿੰਦੇ ਨੇ, ਤੁਸੀ ਵੀ ਇਹੋ ਕਹਿ ਰਹੇ ਹੋ ਤੇ ਜੇ ਇਹ ਸਭ ਚੀਜ਼ਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ ਤਾਂ ਤੁਸੀਂ ਇਸ ਨੂੰ ਸੰਵਿਧਾਨਕ ਦਰਜ ਦੇ ਕੇ ਇਸ ਨੂੰ ਕਾਨੂੰਨੀ ਜਾਮਾ ਪਹਿਣਾਕੇ ਅਮਲ ‘ਚ ਲੈ ਆਵੋ ਤੇ ਕਾਨੂੰਨ ‘ਚ ਲਿਖ ਦਿਉ ਕਿ ਤੁਹਾਨੂੰ ਫਸਲਾਂ ਦਾ ਘੱਟੋ ਘੱਟ ਸਮੱਰਥਨ ਮੁੱਲ ਮਿਲਦਾ ਰਹੇਗਾ ਅਤੇ ਸਮੇਂ ਮੁਤਾਬਿਕ ਪਹਿਲਾਂ ਵਾਂਗ ਜਿਨਸਾਂ ਦੇ ਭਾਅ ਵਧਦੇ ਰਹਿਣਗੇ। ਜਦੋਂ ਕਿਸਾਨ ਆਗੂਆਂ ਨੇ ਆਪਣੀ ਇਹ ਮੰਗ ਅੱਗੇ ਰੱਖੀ ਤਾਂ ਮੰਤਰੀ ਦਾ ਚਿਹਰਾ ਬੱਗਾ ਫੂਸ ਹੋ ਗਿਆ। ਨਾਲ ਆਏ ਅਮਲੇ ਦੇ ਵੱਡੇ ਵੱਡੇ ਦਿਮਾਗਾਂ ਵਾਲੇ ਆਈ ਏ ਐਸ ਅਫਸਰਾਂ ਨੂੰ ਗੱਲ ਨਾ ਆਵੇ ਕਿ ਇਸ ਦਾ ਕੀ ਜਵਾਬ ਦੇਈਏ।

ਇਸ ਪਿੱਛੋਂ ਜਦੋਂ ਨਾਲ ਬੈਠੇ ਰੇਲ ਮੰਤਰੀ ਦੀ ਬੋਲਣ ਦੀ ਵਾਰੀ ਆਈ ਤਾਂ ਉਹ ਕਿਸਾਨ ਆਗੂਆਂ ਨੂੰ ਕਹਿੰਦਾ ਕਿ ਰੇਲ ਗੱਡੀਆਂ ਅਸੀਂ ਤਾਂ ਚਲਾਵਾਂਗੇ ਜੇ ਤੁਸੀਂ ਆਪਣਾ ਸੰਘਰਸ਼ ਵਾਪਸ ਲੈ ਕੇ ਧਰਨੇ ਚੁੱਕ ਲਵੋਂਗੇ। ਕਿਸਾਨ ਆਗੂ ਕਹਿੰਦੇ ਇਹ ਬਿੱਲਕੁਲ ਨਹੀ ਹੋਣਾ।

ਜਿਹੜੇ ਭਾਜਪਾ ਦੇ ਆਗੂ ਸੁਰਜੀਤ ਜਿਆਣੀ, ਗਰੇਵਾਲ ਤੇ ਰਵਿੰਦਰ ਸਿੰਘ ਅਤੇ ਹੋਰ ਭਾਜੀ-ਪਾਈ ਆਪਣੇ ਨੰਬਰ ਬਣਾਉਣ ਲਈ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਵਾਉਣ ਗਏ ਸੀ ਉਹ ਕਹਿੰਦੇ ਕਿ ਇੱਕ ਸਾਂਝੀ ਕਮੇਟੀ ਬਣਾ ਦਿੰਦੇ ਹਾਂ, ਜਦੋਂ ਕਮੇਟੀ ਬਣ ਗਈ, ਤੁਸੀਂ ਆਪਣਾ ਸੰਘਰਸ਼ ਬੰਦ ਕਰ ਦਿਉ ਤੇ ਜਿਹੜੀਆਂ ਉਸ ਤੋਂ ਬਾਅਦ ਤੁਹਾਡੀਆਂ ਮੰਗਾਂ ਜਾਂ ਸਿਫ਼ਾਰਸ਼ਾਂ ਹੋਣਗੀਆਂ, ਉਸ ਪਿੱਛੋਂ ਆਪਾਂ ਰੇਲ ਗੱਡੀਆਂ ਚਲਵਾ ਲਵਾਂਗੇ। ਕਿਸਾਨ ਜਥੇਬੰਦੀਆਂ ਦੇ ਆਗੂ ਕਹਿੰਦੇ ‘ਇਹ ਵੀ ਨਹੀਂ ਹੋਣਾ’। ਨਾਲ ਦੀ ਨਾਲ ਕਿਸਾਨ ਆਗੂ ਇਹ ਵੀ ਆਖ ਆਏ ਕਿ ਹੁਣ ਅਸੀਂ 26 ਅਤੇ 27 ਨਵੰਬਰ ਨੂੰ ਟਰੈਕਟਰ ਟਰਾਲੀਆਂ ਭਰਕੇ ਦਿੱਲੀ ਆਵਾਂਗੇ। ਹਰ ਟਰਾਲੀ ਵਿੱਚ ਇੱਕ ਤੇਲ ਦਾ ਡਰੰਮ ਵੀ ਹੋਵੇਗਾ ਜਿੱਥੋਂ ਤੇਲ ਨਾ ਲੈਣ ਦਿੱਤਾ ਉੱਥੇ ਡਰੰਮ ‘ਚੋਂ ਵਰਤਾਂਗੇ। ਕਿਸਾਨ ਆਗੂ ਕਹਿੰਦੇ ਅਸੀਂ ਇਹ ਵੀ ਸੋਚਿਆ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਹਫਤਾ ਪਹਿਲਾਂ ਆ ਕੇ ਨਾਲੇ ਸ਼ਹੀਦੀ ਦਿਹਾੜਾ ਮਨਾਵਾਂਗੇ ਨਾਲੇ ਦਿੱਲੀ ਘੇਰਾਂਗੇ।

ਕਿਸਾਨ ਆਗੂ ਕਹਿੰਦੇ 26-27 ਨਵੰਬਰ ਦਾ ਕੰਮ ਇਹ ਨਹੀਂ ਕਿ ਦਿੱਲੀ ਗਏ ਤੇ ਨਾਹਰੇ ਮਾਰ ਕੇ ਵਾਪਸ ਆ ਗਏ। ਉਨ੍ਹਾਂ ਮੀਟਿੰਗ ‘ਚ ਹੀ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ, ਦਿੱਲੀ ‘ਚੋਂ ਵਾਪਸ ਖਾਲੀ ਨਹੀੰ ਮੁੜਾਂਗੇ। ਅਗਲੀ ਗੱਲ ‘ਚ ਕਿਸਾਨ ਕਹਿੰਦੇ ਕਿ ‘ਜੇ ਸਾਨੂੰ ਦਿੱਲੀ ਵਿੱਚ ਵੜਣ ਤੋਂ ਪਿੱਛੇ ਹੀ ਰੋਕ ਲਿਆ ਗਿਆ ਤਾਂ ਜਿੱਥੇ ਰੋਕਿਆ ਗਿਆ ਉੱਥੇ ਹੀ ਮੋਰਚਾ ਲਾ ਕੇ ਵੰਝ ਗੱਡ ਦਿਆਂਗੇ। ਕਿਸਾਨਾਂ ਨੇ ਸਭ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨੂੰ ਪਿਯੂਸ਼ ਗੋਇਲ ਤੇ ਖੇਤੀਬਾੜੀ ਮਹਿਕਮੇ ਨਾਲ ਸੰਬੰਧਤ ਸਾਰੇ ਉੱਚ ਅਫਸਰਾਂ ਨੂੰ ਇਹ ਆਖਿਆ ਕਿ ਇਹ ਕਾਨੂੰਨ ਰੱਦ ਕਰੋ। ਹੁਣ ਵੇਖੋ ਕਿ ਕਾਨੂੰਨ ਰੱਦ ਕਰਦੇ ਹਨ ਕਿ ਨਹੀਂ।

ਪ੍ਰਾਪਤ ਖ਼ਬਰਾਂ ਅਨੁਸਾਰ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਕਾਲੀ ਦਿਵਾਲੀ ਮਨਾਈ ਗਈ ਹੈ ਅਤੇ ਤਰਨਤਾਰਨ ਦੇ ਕਈ ਪਿੰਡਾਂ ਵਿੱਚ ਨਰਿੰਦਰ ਮੋਦੀ, ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦੇ ਪੋਸਟਰ ਲੱਗੇ ਪਾਏ ਗਏ ਜਿੰਨ੍ਹਾਂ ਉੱਪਰ ਲਿਖਿਆ ਸੀ ‘ਬਾਦਲ, ਕੈਪਟਨ, ਮੋਦੀ- ਤਿੰਨੋਂ ਕਿਸਾਨ ਵਿਰੋਧੀ।

ਕਿਸਾਨ ਆਗੂ ਡਾਕਟਰ ਦਰਸ਼ਨ ਪਾਲ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਸੁਖਾਵੇਂ ਮਹੌਲ ਦੀ ਮੀਟਿੰਗ ਦੌਰਾਨ ਆਪਣੇ ਏਜੰਡੇ ਤੋਂ ਨਾ ਤਾਂ ਕਿਸਾਨ ਭੱਟਕੇ ਤੇ ਨਾ ਹੀ ਮੰਤਰੀਆਂ ਨੂੰ ਭਟਕਣ ਦਿੱਤਾ। ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਅਸੀਂ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਇਹ ਮਤਾ ਪਕਾ ਕੇ ਗਏ ਸੀ ਕਿ ਕਿਹੜੇ ਕਿਸਾਨ ਆਗੂ ਨੇ ਕਿੰਨਾਂ ਸਮਾਂ ਬੋਲਣਾ ਹੈ ਤੇ ਕਿਸ ਨੇ ਕਿਹੜੀ ਮੰਗ ਰੱਖਣੀ ਹੈ।

ਉਨ੍ਹਾਂ ਦੱਸਿਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਦੁਬਾਰਾ ਮੀਟਿੰਗ ਸ਼ੁਰੂ ਹੋਈ ਤਾਂ ਮੰਤਰੀ ਅਤੇ ਉਨ੍ਹਾਂ ਦੇ ਅਫ਼ਸਰੀ ਅਮਲੇ ਨੇ ਖੇਤੀ ਬਾਰੇ ਗ੍ਰਾਫ ਦਿਖਾਉਂਦਿਆਂ ਦੱਸਿਆ ਕਿ ਆਹ ਵੇਖੋ ਕਿਸਾਨੀ ‘ਚ ਹੁਣ ਤੱਕ ਏਥੇ ਓਥੇ ਇੰਨਾਂ ਮੁਨਾਫ਼ਾ ਹੋ ਰਿਹਾ ਹੈ ਤੇ ਤੁਸੀਂ ਵਾਧੂ ਹੀ ਅਸਮਾਨ ਚੁੱਕਿਆ ਹੋਇਐ। ਕਿਸਾਨ ਆਗੂਆਂ ਨੇ ਏਥੇ ਫਿਰ ਬੋਲਤੀ ਬੰਦ ਕਰ ਦਿੱਤੀ। ਕਿਸਾਨ ਆਗੂ ਕਹਿੰਦੇ ‘ਜਿਹੜੇ ਸਮੇਂ ਦਾ ਤੁਸੀਂ ਇਹ ਮੁਨਾਫ਼ਾ ਦਿਖਾ ਰਹੋ ਹੋ, ਉਸ ਸਮੇਂ ਤਾਂ ਇਹ ਖੇਤੀ ਕਾਨੂੰਨ ਬਣੇ ਹੀ ਨਹੀਂ ਸਨ। ਕਿਸਾਨ ਕਹਿੰਦੇ ਜੇ ਪਹਿਲਾਂ ਹੀ ਇੰਨਾਂ ਮੁਨਾਫ਼ਾ ਹੋ ਰਿਹਾ ਸੀ ਤਾਂ ਹੁਣ ਆਹ ਕਾਨੂੰਨ ਬਣਾਉਣ ਦੀ ਤਾਂ ਲੋੜ ਹੀ ਨਹੀਂ, ਇਹ ਕਿਉਂ ਬਣਾਏ।

ਕਿਸਾਨਾਂ ਨੇ ਮੰਤਰੀਆਂ ਨੂੰ ਪੁੱਛਿਆ ਕਿ ਕਿਹੜੇ ਕਿਸਾਨਾਂ ਜਾਂ ਕਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਕੋਲ ਇਹ ਮੰਗ ਰੱਖੀ ਸੀ ਕਿ ਸਾਨੂੰ ਆਹ ਕਾਨੂੰਨ ਦੀ ਬਹੁਤ ਲੋੜ ਹੈ। ਜਦੋਂ ਕਿਸਾਨਾਂ ਨੇ ਇਹ ਗੱਲ ਪੁੱਛੀ ਤਾਂ ਮੰਤਰੀਆਂ ਨੇ ਗੱਲਬਾਤ ਵਿਚਕਾਰ ਹੀ ਰੋਕ ਕੇ ਫ਼ਾਈਲਾਂ ਬੰਦ ਕਰ ਦਿੱਤੀਆਂ। ਕਿਸਾਨ ਆਗੂਆਂ ਨੇ ਮੰਤਰੀਆਂ ਨੂੰ ਦੱਸਿਆ ਕਿ ਜਿਹੜੇ ਸੰਬੰਧਤ ਖੇਤੀ ਦੀ ਤੁਸੀਂ ਗੱਲ ਕਰਦੇ ਹੋ, ਅਸੀਂ ਪੈਪਸੀ ਵਾਲਿਆਂ ਦੇ ਆਖੇ ਲੱਗ ਕੇ ਆਲੂ ਬੀਜ ਕੇ ਵੇਖ ਲਏ ਅਤੇ ਖੰਡ ਮਿੱਲਾਂ ਠੇਕੇ ਦੇ ਆਧਾਰ ‘ਤੇ ਕਿਸਾਨਾਂ ਕੋਲੋਂ ਗੰਨਾਂ ਬੀਜਾਅ ਕੇ ਕਿਸਾਨਾਂ ਕੋਲੋਂ ਸਾਰਾ ਗੰਨਾਂ ਖੰਡ ਮਿੱਲਾਂ ‘ਚ ਮੰਗਵਾ ਲੈਂਦੀਆਂ ਹਨ ਤੇ ਕਿਸਾਨ ਆਪਣੀ ਫਸਲ ਦੇ ਪੈਸੇ ਲੈਣ ਲਈ ਹੁੰਦੀ ਖੱਜਲ ਖ਼ੁਆਰੀ ‘ਚ ਉਲਝ ਜਾਂਦਾ ਹੈ। ਕਿਸਾਨਾਂ ਦੀ ਹਰ ਫਸਲ ਸਮੇਂ ਹੁੰਦੀ ਖੱਜਲ ਖ਼ੁਆਰੀ ਸਾਥੋਂ ਵੱਧ ਕੋਈ ਨਹੀਂ ਜਾਣਦਾ।

ਆਖਰ ‘ਚ ਇਹ ਗੱਲ ਆਖ ਕੇ ਮੰਤਰੀਆਂ ਨੇ ਗੱਲਬਾਤ ਬੰਦ ਕਰਦਿਆਂ ਕਿਹਾ ਕਿ ਗੱਲਬਾਤ ਦਾ ਸਿਲਸਿਲਾ ਜਾਰੀ ਰਹੇਗਾ, ਤੇ ਅਗਲੀ ਮੀਟਿੰਗ ਦੌਰਾਨ ਕਿਸੇ ਚੰਗੇ ਨਤੀਜੇ ‘ਤੇ ਪਹੁੰਚਣ ਦੀ ਉਮੀਦ ਕਰਦੇ ਹਾਂ।