ਰੁਝਾਨ ਖ਼ਬਰਾਂ
ਡਾ. ਐਮ.ਐਸ. ਰੰਧਾਵਾ ਦੇ ਪੋਤਰੇ ਗੁਰਪ੍ਰੀਤ ਰੰਧਾਵਾ ਦਾ ਦੇਹਾਂਤ

ਡਾ. ਐਮ.ਐਸ. ਰੰਧਾਵਾ ਦੇ ਪੋਤਰੇ ਗੁਰਪ੍ਰੀਤ ਰੰਧਾਵਾ ਦਾ ਦੇਹਾਂਤ

ਸਰੀ, (ਹਰਦਮ ਮਾਨ): ਨਾਮਵਰ ਪੰਜਾਬੀ ਸ਼ਖ਼ਸੀਅਤ ਡਾ. ਮਹਿੰਦਰ ਸੰਘ ਰੰਧਾਵਾ (ਸਾਬਕਾ ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ) ਦੇ ਪੋਤਰੇ ਅਤੇ ਬਹੁਤ ਹੀ ਹਸਮੁਖ, ਮਿਲਾਪੜੇ ਅਤੇ ਜ਼ਹੀਨ ਇਨਸਾਨ ਗੁਰਪ੍ਰੀਤ ਸਿੰਘ ਰੰਧਾਵਾ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਹ ਲੰਮੇਂ ਸਮੇਂ ਤੋਂ ਵੈਨਕੂਵਰ (ਕੈਨੇਡਾ) ਵਿਖੇ ਰਹਿ ਰਹੇ ਸਨ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਰਗਰਮ ਮੈਂਬਰ ਸਨ। ਉਹ ਆਪਣੇ ਪਿੱਛੇ ਇਕ ਬੇਟਾ, ਇਕ ਬੇਟੀ ਅਤੇ ਪਤਨੀ ਛੱਡ ਗਏ ਹਨ।
ਗੁਰਪ੍ਰੀਤ ਸਿੰਘ ਰੰਧਾਵਾ ਦੀ ਅਚਾਨਕ ਅਤੇ ਬੇ-ਵਕਤੀ ਮੌਤ ਉਪਰ ਵੈਨਕੂਵਰ ਵਿਚਾਰ ਮੰਚ ਦੇ ਮੈਂਬਰਾਂ, ਗੁਰਦੀਪ ਆਰਟ ਅਕੈਡਮੀ ਦੇ ਕਲਾਕਾਰਾਂ ਅਤੇ ਲੇਖਕਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਹੈ। ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ, ਪੰਜਾਬੀ ਦੇ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਅੰਗਰੇਜ਼ ਬਰਾੜ, ਗੁਰਦੀਪ ਸਿੰਘ ਭੁੱਲਰ, ਹਰਦਮ ਸਿੰਘ ਮਾਨ ਅਤੇ ਰਣਧੀਰ ਢਿੱਲੋਂ ਨੇ ਗੁਰਪ੍ਰੀਤ ਰੰਧਾਵਾ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਮਰਹੂਮ ਗੁਰਪ੍ਰੀਤ ਸਿੰਘ ਰੰਧਾਵਾ ਦਾ ਅੰਤਿਮ ਸੰਸਕਾਰ 22 ਨਵੰਬਰ 2020 ਨੂੰ ਹੋਵੇਗਾ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ, ਸਰੀ ਵਿਖੇ ਹੋਵੇਗੀ। ਕੋਵਿਡ ਕਾਰਨ ਇਕੱਠ ਕਰਨ ਤੇ ਲੱਗੀਆਂ ਪਾਬੰਦੀਆਂ ਨੂੰ ਧਿਆਨ ਵਿਚ ਰੱਖਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ 604-507-1084 ਜਾਂ 778-926-1084 ਤੇ ਸੰਪਰਕ ਕੀਤਾ ਜਾ ਸਕਦਾ ਹੈ।