Copyright & copy; 2019 ਪੰਜਾਬ ਟਾਈਮਜ਼, All Right Reserved
ਨਾਗਰਿਕਤਾ ਕਾਨੂੰਨ ਖਿਲਾਫ ਪੂਰੇ ਭਾਰਤ ‘ਚ ਫੈਲਿਆ ਰੋਹ, ਪੁਲਿਸ ਲਾਠੀਜਾਰਜ਼ ‘ਚ ਕਈ ਵਿਦਿਆਰਥੀ ਜ਼ਖ਼ਮੀ

ਨਾਗਰਿਕਤਾ ਕਾਨੂੰਨ ਖਿਲਾਫ ਪੂਰੇ ਭਾਰਤ ‘ਚ ਫੈਲਿਆ ਰੋਹ, ਪੁਲਿਸ ਲਾਠੀਜਾਰਜ਼ ‘ਚ ਕਈ ਵਿਦਿਆਰਥੀ ਜ਼ਖ਼ਮੀ

ਨਵੀਂ ਦਿੱਲੀ: ਭਾਰਤ ‘ਚ ਨਾਗਰਿਕਤਾ ਕਾਨੂੰਨ ਖਿਲਾਫ ਪਿਛਲੇ ਕਈ ਦਿਨਾਂ ਤੋਂ ਪੂਰੇ ਭਾਰਤ ‘ਚ ਰੋਹ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਜਥੇਬੰਦੀਆਂ ਵੀ ਸਰਕਾਰ ਦੇ ਇਸ ਫੈਸਲੇ ਖਿਲਾਫ ਨਿੱਤਰ ਆਈਆਂ ਹਨ। ਉੱਤਰ-ਪੂਰਬੀ ਸੂਬਿਆਂ ‘ਚ ਹਿੰਸਕ ਮੁਜ਼ਾਹਰਿਆਂ ਕਾਰਣ ਮੋਦੀ ਸਰਕਾਰ ਚਾਰੇ ਪਾਸਿਉਂ ਘਿਰਦੀ ਨਜ਼ਰ ਆ ਰਹੀ ਹੈ। ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਵੇਂ ਨਾਗਰਿਕਤਾ ਐਕਟ ਖਿਲਾਫ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀਆਂ ਦਿੱਲੀ ਪੁਲਿਸ ਨਾਲ ਝੜਪਾਂ ਹੋਈਆਂ। ਵਿਦਿਆਰਥੀਆਂ ਵੱਲੋਂ ਪੁਲਿਸ ਉਤੇ ਪਥਰਾਅ ਕੀਤਾ ਗਿਆ ਤੇ ਪੁਲਿਸ ਨੇ ਹੰਝੂ ਗੈਸ ਦੇ ਗੋਲੇ ਦਾਗ ਕੇ ਅਤੇ ਲਾਠੀਚਾਰਜ ਕਰਕੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਖਦੇੜਿਆ। ਪੁਲਿਸ ਤੇ ਵਿਦਿਆਰਥੀਆਂ ਦਰਮਿਆਨ ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਸਦ ਭਵਨ ਵੱਲ ਮਾਰਚ ਕਰਨ ਤੋਂ ਰੋਕ ਦਿੱਤਾ ਤੇ ਵਿਦਿਆਰਥੀ ਰੋਕਾਂ ਟੱਪ ਕੇ ਅੱਗੇ ਵਧਣ ਲੱਗੇ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਯੂਨੀਵਰਸਿਟੀ ਦੇ ਗੇਟ ਬੰਦ ਕਰ ਦਿੱਤੇ ਸਨ। ਇਸ ਰੋਸ ਮੁਜ਼ਾਹਰੇ ‘ਚ ਕਰੀਬ ਦੋ ਹਜ਼ਾਰ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਰੋਸ ਮੁਜ਼ਾਹਰੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਹੈ ਜਿਸ ‘ਚ ਪੁਲਿਸ ਉਨ੍ਹਾਂ ‘ਤੇ ਲਾਠੀਚਾਰਜ ਕਰਦੀ ਦਿਖਾਈ ਦੇ ਰਹੀ ਹੈ। ਕੌਮੀ ਰਾਜਧਾਨੀ ‘ਚ ਪ੍ਰਦਰਸ਼ਨਾਂ ਮਗਰੋਂ ਪੁਲਿਸ ਨੇ ਜਬਰੀ ਇਸਲਾਮੀਆ ਯੂਨੀਵਰਸਿਟੀ ‘ਚ ਦਾਖਲ ਹੋ ਕੇ ਉਥੇ ਬੇਕਸੂਰ ਵਿਦਿਆਰਥੀਆਂ ‘ਤੇ ਭਜਾ-ਭਜਾ ਕੇ ਕੁੱਟਿਆ। ਸੜਕਾਂ ਅਤੇ ਲਾਇਬਰੇਰੀ ‘ਚ ਪੁਲਿਸ ਦੀ ਮਾਰ ਨਾਲ ਵਿਦਿਆਰਥੀ ਲਹੂ-ਲੁਹਾਣ ਹੋ ਗਏ। ਕਈ ਵਿਦਿਆਰਥਣਾਂ ਨੇ ਝਾੜੀਆਂ ‘ਚ ਛੁਪ ਕੇ ਜਾਨ ਬਚਾਈ। ਕਰੀਬ 100 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈਣ ਮਗਰੋਂ ਤੜਕੇ ਸਾਢੇ ਤਿੰਨ ਵਜੇ ਰਿਹਾਅ ਕੀਤਾ ਗਿਆ। ਪੁਲਿਸ ਦੀ ਇਸ ਦਰਿੰਦਗੀ ਨੂੰ ਅੱਖੀਂ ਦੇਖਣ ਵਾਲੀ ਇਕ ਵਿਦਿਆਰਥਣ ਨੇ ਆਪਣਾ ਦਰਦ ਬਿਆਨ ਕੀਤਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਹ ਵਿਦਿਆਰਥਣ ਆਖ ਰਹੀ ਹੈ, “ਮੈਂ ਪੂਰੇ ਮੁਲਕ ‘ਚ ਆਪਣੇ ਆਪ ਨੂੰ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਮੈਨੂੰ ਨਹੀਂ ਪਤਾ ਕਿ ਮੈਂ ਕਿਥੇ ਜਾਵਾਂਗੀ ਅਤੇ ਕਿਤੇ ਮੈਂ ਹਜੂਮੀ ਹਿੰਸਾ (ਲਿੰਚਿੰਗ) ਦਾ ਸ਼ਿਕਾਰ ਨਾ ਬਣ ਜਾਵਾਂ। ਮੈਂ ਨਹੀਂ ਜਾਣਦੀ ਕਿ ਭਲਕੇ ਮੇਰੇ ਦੋਸਤ ਭਾਰਤੀ ਨਾਗਰਿਕ ਰਹਿਣਗੇ ਜਾਂ ਨਹੀਂ।”
ਵਿਦਿਆਰਥੀਆਂ ਉਤੇ ਇਸ ਅੰਨ੍ਹੇ ਤਸ਼ੱਦਦ ਪਿੱਛੋਂ ਆਮ ਲੋਕਾਂ ਦੇ ਨਾਲ-ਨਾਲ ਵਿਰੋਧੀ ਧਿਰਾਂ ਵੀ ਮੋਦੀ ਸਰਕਾਰ ਦੀ ਧੱਕੇਸ਼ਾਹੀ ਖਿਲਾਫ ਨਿੱਤਰ ਆਈਆਂ ਹਨ ਅਤੇ ਇਹ ਰੋਹ ਪੂਰੇ ਦੇਸ਼ ਵਿਚ ਫੈਲ ਗਿਆ ਹੈ। ਪੰਜਾਬ ਦੀਆਂ ਯੂਨੀਵਰਸਿਟੀਆਂ ਵਿਚ ਅਤੇ ਹੋਰ ਥਾਈਂ ਵੀ ਸਰਕਾਰ ਖਿਲਾਫ ਵਿਖਾਵੇ ਹੋ ਰਹੇ ਹਨ। ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਵਿਦਿਆਰਥੀਆਂ ਦੀ ਕੁੱਟਮਾਰ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ।
ਯਾਦ ਰਹੇ ਕਿ ਮੋਦੀ ਸਰਕਾਰ ਵਲੋਂ ਬਣਾਏ ਨਾਗਰਿਕਤਾ ਸੋਧ ਐਕਟ ਮੁਤਾਬਕ ਅਫਗਾਨਿਸਤਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਤੋਂ ਆਏ ਹਿੰਦੂ, ਸਿੱਖ, ਇਸਾਈ, ਬੁੱਧ ਅਤੇ ਜੈਨ ਧਰਮ ਨਾਲ ਸਬੰਧਤ ਲੋਕਾਂ ਨੂੰ ਬਾਕਾਇਦਾ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਜਾਏਗੀ ਪਰ ਇਨ੍ਹਾਂ ਦੇਸ਼ਾਂ ਤੋਂ ਆਏ ਮੁਸਲਮਾਨਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾਏਗੀ।
ਦਿੱਲੀ ‘ਚ ਪ੍ਰਦਰਸ਼ਨਕਾਰੀ ਨਿਊ ਫਰੈਂਡਜ਼ ਕਲੋਨੀ ‘ਚ ਪੁਲਿਸ ਨਾਲ ਭਿੜ ਗਏ ਅਤੇ ਚਾਰ ਬੱਸਾਂ ਤੇ ਦੋ ਪੁਲਿਸ ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੱਛਮੀ ਬੰਗਾਲ ‘ਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਸਰਕਾਰ ਨੇ ਮਾਲਦਾ, ਉੱਤਰ ਦਿਨਾਜਪੁਰ, ਮੁਰਸ਼ਿਦਾਬਾਦ, ਹਾਵੜਾ, ਨੌਰਥ 24 ਪਰਗਨਾ ਅਤੇ ਸਾਊਥ 24 ਪਰਗਨਾ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ‘ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਉੱਤਰੀ 24 ਪਰਗਨਾ ਅਤੇ ਨਾਦੀਆ ਜ਼ਿਲ੍ਹਿਆਂ ਦੇ ਅਮਦਾਂਗਾ ਅਤੇ ਕਲਿਆਣੀ ਇਲਾਕਿਆਂ ‘ਚ ਪ੍ਰਦਰਸ਼ਨਕਾਰੀਆਂ ਨੇ ਰਸਤੇ ਰੋਕ ਕੇ ਸੜਕਾਂ ਉਤੇ ਲੱਕੜਾਂ ਨੂੰ ਅੱਗ ਲਾ ਦਿੱਤੀ। ਦਿਗੰਗਾ ਇਲਾਕੇ ‘ਚ ਕਈ ਦੁਕਾਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਸਾਊਥ 24 ਪਰਗਨਾ ਜ਼ਿਲ੍ਹੇ ‘ਚ ਰੇਲ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਅਕਰਾ ਸਟੇਸ਼ਨ ‘ਤੇ ਭੰਨ-ਤੋੜ ਤੋਂ ਇਲਾਵਾ ਪਟੜੀ ਨੂੰ ਅੱਗ ਲਗਾ ਦਿੱਤੀ ਗਈ।