Copyright & copy; 2019 ਪੰਜਾਬ ਟਾਈਮਜ਼, All Right Reserved
ਕੋਵਿਡ-19 ਮਹਾਂਮਾਰੀ ਦੌਰਾਨ ਅਮੀਰੀ-ਗਰੀਬੀ ਦਾ ਪਾੜਾ ਹੋਰ ਵਧਿਆ

ਕੋਵਿਡ-19 ਮਹਾਂਮਾਰੀ ਦੌਰਾਨ ਅਮੀਰੀ-ਗਰੀਬੀ ਦਾ ਪਾੜਾ ਹੋਰ ਵਧਿਆ

ਮਹਾਂਮਾਰੀ ਦੌਰਾਨ ਅਮਰੀਕਾ ‘ਚ 44 ਮਿਲੀਅਨ ਲੋਕ ਬੇਰੁਜ਼ਗਾਰ ਹੋਏ ਅਤੇ ਅਰਬਪਤੀਆਂ ਦੌਲਤ 243 ਬਿਲੀਅਨ ਡਾਲਰ ਵਧੀ

ਸਰੀ, (ਕੈਨੇਡੀਅਨ ਪੰਜਾਬ ਟਾਈਮਜ਼): ਇੱਕ ਤਾਜ਼ਾ ਜਾਰੀ ਹੋਈ ਰਿਪੋਰਟ ‘ਚ ਇਹ ਖ਼ੁਲਾਸਾ ਹੋਇਆ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਭਾਵੇਂ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਦੇ ਆਰਥਕ ਮੰਦਹਾਲੀ ਦਾ ਗੰਭੀਰ ਸਾਹਮਣਾ ਕਰਦੇ ਰਹੇ ਹਨ ਪਰ ਇਸ ਸਭ ਦੇ ਦੌਰਾਨ ਅਮਰੀਕਾ ਦੇ ਅਰਬਪਤੀਆਂ ਦੀ ਕਿਸਮਤ ਹੋਰ ਚਮਕੀ ਹੈ ਅਤੇ ਉਨਾਂ ਦੀ ਕਮਾਈ ‘ਚ 434 ਬਿਲੀਅਨ ਡਾਲਰ ਤੱਕ ਦਾ ਵਾਧਾ ਹੋਇਆ ਹੈ। ਜਿਸ ਤੋਂ ਭਾਵ ਹੈ ਕਿ ਮਹਾਂਮਾਰੀ ਦੌਰਾਨ ਅਮੀਰੀ ਅਤੇ ਗਰੀਬੀ ਦਾ ਪਾੜਾ ਬੇਤਹਾਸ਼ਾ ਵਧਿਆ ਹੈ।
ਅਮਰੀਕਾ ਦੀ ਇੰਸਟੀਚਿਊਟ ਫ਼ਾਰ ਪਾਲਿਸੀ ਸਟੱਡੀਜ਼ ਵੱਲੋਂ ਕੀਤੇ ਗਏ ਇੱਕ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਮਹਾਂਮਾਰੀ ਦੌਰਾਨ ਅਮਰੀਕਾ ‘ਚ ਸਭ ਤੋਂ ਵੱਧ ਫ਼ਾਇਦਾ ਐਮਾਜ਼ਨ ਦੇ ਜੈੱਫ਼ ਬੇਜੋਸ ਅਤੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੂੰ ਹੋਇਆ ਹੈ 18 ਮਾਰਚ ਤੋਂ ਬਾਅਦ ਹੁਣ ਤੱਕ ਉਨਾਂ ਦੀ ਕਮਾਈ ‘ਚ 25 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ ਇਸੇ ਤਰਾਂ ਬੇਜੋਸ ਨੇ ਆਪਣੀ ਕਮਾਈ ‘ਚ 34.6 ਬਿਲੀਅਨ ਡਾਲਰ ਤੱਕ ਵਧਾ ਲਈ ਹੈ। ਇਹ ਅੰਕੜੇ ਅਮਰੀਕਾ ਦੇ ਉਨਾਂ 600 ਅਰਬਪਤੀਆਂ ‘ਚੋਂ ਹਨ ਜਿਨਾਂ ਦਾ ਨਾਮ ਫੋਰਬਸ ਦੀ ਲਿਸਟ ‘ਚ ਆਇਆ ਹੈ।
ਜਿੱਥੇ ਇੱਕ ਪਾਸੇ ਲੇਬਰ ਜੌਬ ਕਰਨ ਵਾਲੇ ਇਸ ਮਹਾਂਮਾਰੀ ਦੌਰਾਨ ਸਭ ਤੋਂ ਭੈੜੇ ਆਰਥਿਕ ਸੰਕਟ ‘ਚੋਂ ਗੁਜ਼ਰ ਰਹੇ ਹਨ ਉੱਥੇ ਹੀ ਤਕਨੀਕੀ ਕੰਪਨੀਆਂ ਨੂੰ ਇਹ ਮਹਾਂਮਾਰੀ ਸੋਨੇ ‘ਤੇ ਸੁਹਾਗਾ ਸਾਬਤ ਹੋਈ ਹੈ। ਰਿਪੋਰਟ ਅਨੁਸਾਰ ਬੀਤੇ ਦੋ ਮਹੀਨਿਆਂ ਦੌਰਾਨ ਅਮਰੀਕਾ ਦੇ ਅਰਬਪਤੀਆਂ ਦੀ ਕੁਲ ਸੰਪਤੀ 15% ਵਧੀ ਹੈ ਜੋ ਕਿ 2.948 ਟ੍ਰਿਲੀਅਨ ਤੋਂ ਵੱਧ ਕੇ ਹੁਣ 3.382 ਹੋ ਗਈ ਹੈ।
ਬੀਤੇ ਦੋ ਮਹੀਨਿਆਂ ‘ਚ ਮਹਾਂਮਾਰੀ ਦੌਰਾਨ ਸਭ ਤੋਂ ਵੱਧ ਫ਼ਾਇਦਾ ਐਲਨ ਮਸਕ ਨੂੰ ਮਿਲਿਆ ਉਨਾਂ ਦੀ ਕਮਾਈ ਬੀਤੇ ਦੋ ਮਹੀਨਿਆਂ ‘ਚ 48% ਵੱਧ ਕੇ 36 ਬਿਲੀਅਨ ਡਾਲਰ ਹੋ ਗਈ। ਇਸ ਤੋਂ ਪਿੱਛੇ ਹਨ ਮਾਰਕ ਜ਼ਕਰਬਰਗ ਜਿਸਦੀ ਕਮਾਈ 46% ਵੱਧ ਕੇ 80 ਬਿਲੀਅਨ ਡਾਲਰ ਹੋ ਗਈ ਹੈ। ਬੇਜੋਸ ਦੀ ਕਮਾਈ 31% ਵੱਧ ਕੇ 147 ਬਿਲੀਅਨ ਡਾਲਰ ਹੋ ਗਈ ਹੈ। ਜਿੱਥੇ ਇਨਾਂ ਅਰਬਪਤੀਆਂ ਨੂੰ ਇਸ ਮਹਾਂਮਾਰੀ ਦਾ ਵੀ ਬੇਸ਼ੁਮਾਰ ਫ਼ਾਇਦਾ ਹੋਇਆ ਹੈ ਉੱਥੇ ਹੀ ਬੀਤੇ 6 ਹਫ਼ਤਿਆਂ ‘ਚ ਹੀ 30 ਮਿਲੀਅਨ ਤੋਂ ਵੱਧ ਅਮਰੀਕੀ ਨਾਗਰਿਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ ਹਨ ਅਤੇ ਬੇਰੁਜ਼ਗਾਰੀ ਦੀ ਅਰਜ਼ੀ ਲਈ ਅਪਲਾਈ ਕਰ ਰਹੇ ਹਨ।