Copyright & copy; 2019 ਪੰਜਾਬ ਟਾਈਮਜ਼, All Right Reserved
ਅਮਰੀਕਾ ‘ਚ ਪੁਲਿਸ ਨੇ ਇੱਕ ਹੋਰ ਅਫਰੀਕੀ ਮੂਲ ਦੇ ਨਾਗਰਿਕ ਨੂੰ ਮਾਰੀ ਗੋਲੀ, ਲੋਕਾਂ ‘ਚ ਰੋਹ ਹੋਰ ਭਖਿਆ

ਅਮਰੀਕਾ ‘ਚ ਪੁਲਿਸ ਨੇ ਇੱਕ ਹੋਰ ਅਫਰੀਕੀ ਮੂਲ ਦੇ ਨਾਗਰਿਕ ਨੂੰ ਮਾਰੀ ਗੋਲੀ, ਲੋਕਾਂ ‘ਚ ਰੋਹ ਹੋਰ ਭਖਿਆ

ਕੈਲੀਫੋਰਨੀਆ: ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ ‘ਚ ਮੌਤ ਨੂੰ ਲੈ ਕੇ ਪ੍ਰਦਰਸ਼ਨਾਂ ਦਾ ਸਿਲਸਿਲਾ ਅਜੇ ਰੁਕਿਆ ਨਹੀਂ ਕਿ ਇਸ ਦਰਮਿਆਨ ਇਕ ਹੋਰ ਕਾਲੇ ਵਿਅਕਤੀ ਦੀ ਪੁਲਿਸ ਗੋਲੀ ਨਾਲ ਮੌਤ ਹੋਣ ਪਿੱਛੋਂ ਲੋਕ ਰੋਹ ਭਖ ਗਿਆ ਹੈ।
ਇਹ ਘਟਨਾ ਐਟਲਾਂਟਾ (ਜਾਰਜੀਆ) ਦੇ ਇੰਡੀਜ਼ ‘ਚ ਵਾਪਰੀ ਜਿਸ ਉਪਰੰਤ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪਾਂ ਹੋਈਆਂ। ਰੋਸ ‘ਚ ਐਟਲਾਂਟਾ ਦੇ ਸੈਂਟੇਨੀਅਲ ਉਲੰਪਿਕ ਪਾਰਕ ‘ਚ ਲੋਕ ਇਕੱਠੇ ਹੋਏ ਤੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਇਕ ਰੈਸਟੋਰੈਂਟ ਦੇ ਬਾਹਰ ਪੁਲਿਸ ਤੇ ਨੈਸ਼ਨਲ ਗਾਰਡ ਦੇ ਜਵਾਨਾਂ ਨਾਲ ਪ੍ਰਦਰਸ਼ਨਕਾਰੀ ਭਿੜ ਗਏ ਜਿਨਾਂ ਉਪਰ ਕਾਬੂ ਪਾਉਣ ਲਈ ਪੁਲਿਸ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਇਸ ਘਟਨਾ ਤੋਂ ਬਾਅਦ ਐਟਲਾਂਟਾ ਦੇ ਪੁਲਿਸ ਮੁਖੀ ਈਰਿਕਾ ਸ਼ੀਲਡ ਨੇ ਤੁਰਤ ਅਸਤੀਫ਼ਾ ਦੇ ਦਿੱਤਾ ਜਦੋਂ ਕਿ ਕਾਲੇ ਵਿਅਕਤੀ ਨੂੰ ਗੋਲੀ ਮਾਰਨ ਵਾਲੇ ਪੁਲਿਸ ਅਧਿਕਾਰੀ ਗੈਰਟ ਰੋਲਫ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਰੇਸ਼ਰਡ ਬਰੁੱਕਸ ਨਾਂ ਦਾ 27 ਸਾਲਾ ਕਾਲਾ ਵਿਅਕਤੀ ਇੰਡੀਜ਼ ਦੀ ਸੜਕ ‘ਤੇ ਆਪਣੀ ਕਾਰ ‘ਚ ਸੁੱਤਾ ਪਿਆ ਸੀ ਜਿਸ ਕਾਰਨ ਹੋਰ ਕਾਰ ਸਵਾਰਾਂ ਨੂੰ ਅਸੁਵਿਧਾ ਹੋ ਰਹੀ ਸੀ। ਜਾਂਚ ਬਿਊਰੋ ਅਨੁਸਾਰ ਪੁਲਿਸ ਰਾਤ 10.30 ਵਜੇ ਮੌਕੇ ਉੱਪਰ ਪੁੱਜੀ। ਰੇਸ਼ਰਡ ਬਰੁੱਕਸ ਦਾ ਨਸ਼ਾ ਕੀਤਾ ਹੋਣ ਸਬੰਧੀ ਟੈਸਟ ਲਿਆ ਗਿਆ ਜਿਸ ‘ਚ ਉਹ ਫੇਲ ਹੋ ਗਿਆ। ਗ੍ਰਿਫਤਾਰੀ ਵੇਲੇ ਉਹ ਪੁਲਿਸ ਨਾਲ ਉਲਝ ਗਿਆ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਅਧਿਕਾਰੀ ਵਲੋਂ ਚਲਾਈ ਗੋਲੀ ਕਾਰਨ ਉਹ ਜਖਮੀ ਹੋ ਗਿਆ ਤੇ ਹਸਪਤਾਲ ‘ਚ ਦਮ ਤੋੜ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਹੌਲ ਉਦੋਂ ਵਿਗੜਿਆ ਜਦੋਂ ਬਰੁੱਕਸ ਨੇ ਇਕ ਅਧਿਕਾਰੀ ਦੀ ਅਚਾਨਕ ਬੰਦੂਕ ਫੜ ਲਈ। ਅਮਰੀਕਾ ਦੇ ਨਿਊ ਓਰਲੀਨਜ਼ ਵਿਚ ਮੁਜ਼ਾਹਰਾਕਾਰੀਆਂ ਨੇ ਪੁਰਾਣੇ ਸਮਿਆਂ ਦੌਰਾਨ ਗੁਲਾਮੀ ਕਰਵਾਉਣ ਵਾਲੀ ਇਕ ਸ਼ਖਸੀਅਤ ਦਾ ਬੁੱਤ ਤੋੜ ਕੇ ਇਸ ਨੂੰ ਮਿਸੀਸਿਪੀ ਦਰਿਆ ਵਿਚ ਰੋੜ ਦਿੱਤਾ।
ਲੋਕਾਂ ਨੇ ਬੁੱਤ ਤੋੜ ਕੇ ਟਰੱਕਾਂ ਵਿਚ ਲੱਦ ਲਿਆ ਤੇ ਨਦੀ ਵਿਚ ਸੁੱਟ ਦਿੱਤਾ। ਪੁਲਿਸ ਨੇ ਦੋ ਟਰੱਕ ਚਾਲਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਬੁੱਤ ਜੌਹਨ ਮੈਕਡੌਨੋ ਦਾ ਦੱਸਿਆ ਜਾ ਰਿਹਾ ਹੈ। ਪੈਰਿਸ ਸਣੇ ਫਰਾਂਸ ਦੇ ਕਈ ਸ਼ਹਿਰਾਂ ਵਿਚ ਵੀ ਹਜ਼ਾਰਾਂ ਲੋਕਾਂ ਨੇ ਕਰੋਨਾ ਵਾਇਰਸ ਦੀਆਂ ਰੋਕਾਂ ਦੀ ਉਲੰਘਣਾ ਕਰ ਕੇ ਸੜਕਾਂ ਉਤੇ ਰੋਸ ਮੁਜ਼ਾਹਰੇ ਕੀਤੇ। ਲੋਕਾਂ ਨੇ ਪੁਲਿਸ ਤਸ਼ੱਦਦ ਅਤੇ ਨਸਲਵਾਦ ਖਿਲਾਫ ਜੰਮ ਕੇ ਨਾਅਰੇ ਮਾਰੇ। ਲੋਕ ਪੈਰਿਸ ਦੇ ਰਿਪਬਲਿਕ ਸਕੁਏਅਰ ਵਿਚ ਇਕੱਤਰ ਹੋਏ ਤੇ ਚਾਰ ਸਾਲ ਪਹਿਲਾਂ ਪੁਲਿਸ ਹਿਰਾਸਤ ਵਿਚ ਮਰੇ 24 ਸਾਲਾ ਨੌਜਵਾਨ ਲਈ ਇਨਸਾਫ ਮੰਗਿਆ। ਉਨਾਂ ਦਾ ਕਹਿਣਾ ਸੀ ਕਿ ਇਹ ਘਟਨਾ ਵੀ ਜੌਰਜ ਫਲਾਇਡ ਮਾਮਲੇ ਵਰਗੀ ਸੀ।
ਮੇਅਰ ਕੀਸ਼ਾ ਲਾਂਸ ਬੌਟਮਜ਼ ਨੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀ ਦੀਆਂ ਸੇਵਾਵ ਖਤਮ ਕਰਨ ਤੇ ਉਸ ਦੀ ਜਗਾ ਹੋਰ ਪੁਲਿਸ ਅਧਿਕਾਰੀ ਤਾਇਨਾਤ ਕਰਨ ਦਾ ਆਦੇਸ਼ ਦਿੱਤਾ ਹੈ। ਮੇਅਰ ਨੇ ਕਿਹਾ ਕਿ ਪੁਲਿਸ ਦੀ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਮੇਅਰ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਮੇਰੇ ਕੋਲ ਅਫਸੋਸ ਪ੍ਰਗਟ ਕਰਨ ਲਈ ਸ਼ਬਦ ਨਹੀਂ ਹਨ। ਅਸੀਂ ਪਰਿਵਾਰ ਦੇ ਨਾਲ ਹਾਂ।

ਗੁਟੇਰੇਜ਼ ਦਾ ‘ਨਸਲਵਾਦ ਦੀ ਪਲੇਗ’ ਖਤਮ ਕਰਨ ਦਾ ਸੱਦਾ
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਯੂ.ਐਨ. ਵਿਚ ਨਸਲਵਾਦ ਦੀ ਹੋਂਦ ਨੂੰ ਕਬੂਲਦਿਆਂ ਨਸਲੀ ਪੱਖਪਾਤ ਦੀ ‘ਪਲੇਗ’ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਹੈ। ਯੂ.ਐਨ. ਮੁਖੀ ਨੇ ਅਫਰੀਕੀ-ਅਮਰੀਕੀ ਜੌਰਜ ਫਲਾਇਡ ਦੀ ਮੌਤ ਨੂੰ ਵੱਡਾ ਝਟਕਾ ਦੱਸਦਿਆਂ ਇਸ ਨੂੰ ‘ਪੁਲੀਸ ਬੇਰਹਿਮੀ ਦੀ ਕਾਤਲਾਨਾ ਕਾਰਵਾਈ’ ਕਰਾਰ ਦਿੱਤਾ ਹੈ। ਗੁਟੇਰੇਜ਼ ਨੇ ਪਿਛਲੇ ਹਫਤੇ ਟਾਊਨ ਹਾਲ ਮੀਟਿੰਗ ਦੌਰਾਨ ਕਿਹਾ, ‘ਨਸਲਵਾਦ ਅੱਜ ਕੱਲ ਹਰ ਥਾਂ ‘ਤੇ ਹੈ। ਨਸਲਵਾਦ ਦੀ ਹੋਂਦ ਸੰਯੁਕਤ ਰਾਸ਼ਟਰ ਵਿਚ ਵੀ ਹੈ੩.ਅਸੀਂ ਪੱਖਪਾਤ ਖਿਲਾਫ ਕਈ ਸਖਤ ਨੀਤੀਆਂ ਬਣਾਈਆਂ ਹਨ੩.ਪਰ ਜਦੋਂ ਜਥੇਬੰਦੀ ਦੇ ਅੰਦਰ ਹੀ ਨਸਲਵਾਦ ਤੇ ਨਸਲੀ ਵਿਤਕਰੇ ਦੀ ਗੱਲ ਤੁਰਦੀ ਹੈ ਤਾਂ ਅਸੀਂ ਇਸ ਪਾਸੇ ਬਹੁਤਾ ਧਿਆਨ ਨਹੀਂ ਦਿੰਦੇ।’ ਲੰਡਨ ਵਿਚ ਸੱਜੇ ਪੱਖੀਆਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ਦੌਰਾਨ ਹਿੰਸਾ ਹੋਈ ਤੇ ਸਕਾਟਲੈਂਡ ਯਾਰਡ ਮੁਤਾਬਕ ਕਰੀਬ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਥੇ ਛੇ ਪੁਲਿਸ ਅਧਿਕਾਰੀਆਂ ਸਣੇ 19 ਜਣੇ ਫੱਟੜ ਹੋਏ ਹਨ। ਗ੍ਰਿਫਤਾਰ ਲੋਕਾਂ ਉਤੇ ਹਿੰਸਾ ਕਰਨ, ਪੁਲਿਸ ਉਤੇ ਹਮਲਾ ਕਰਨ, ਹਥਿਆਰ ਤੇ ਡਰੱਗ ਵਰਤਣ, ਸ਼ਰਾਬ ਪੀ ਕੇ ਸ਼ਾਂਤੀ ਭੰਗ ਕਰਨ ਦਾ ਦੋਸ਼ ਲਾਇਆ ਗਿਆ ਹੈ। ਸੱਜੇ ਪੱਖੀਆਂ ਦੇ ਮੁਜ਼ਾਹਰੇ ਪਹਿਲਾਂ ਤੋਂ ਨਸਲਵਾਦ ਖਿਲਾਫ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਕੀਤੇ ਗਏ ਹਨ।