Copyright © 2019 - ਪੰਜਾਬੀ ਹੇਰਿਟੇਜ
ਮਾਂ ਬੋਲੀ ਪੰਜਾਬੀ ਨੂੰ ਹੁਣ ਹਿੰਦੀ ਦੀ ਵੰਗਾਰ ਪਈ

ਮਾਂ ਬੋਲੀ ਪੰਜਾਬੀ ਨੂੰ ਹੁਣ ਹਿੰਦੀ ਦੀ ਵੰਗਾਰ ਪਈ

ਚੰਡੀਗੜ੍ਹ: ਸਰਕਾਰੀ ਅਣਦੇਖੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਮਾਂ ਬੋਲੀ ਪੰਜਾਬੀ ਨੂੰ ਹੁਣ ਨਵੀਂ ਵੰਗਾਰ ਪਈ ਹੈ। ਭਾਜਪਾ ਅਤੇ ਆਰ.ਐਸ.ਐਸ. ਵਲੋਂ ‘ਇਕ ਭਾਸ਼ਾ ਇਕ ਰਾਸ਼ਟਰ’ ਵਾਲੇ ਸੰਕਲਪ ਨੂੰ ਪੰਜਾਬ ਵਿਚ ਲਾਗੂ ਕਰਨ ਲਈ ਜ਼ੋਰ-ਅਜ਼ਮਾਈ ਸ਼ੁਰੂ ਕੀਤੀ ਗਈ ਹੈ। ਭਾਸ਼ਾ ਵਿਭਾਗ, ਪੰਜਾਬ ਵਲੋਂ ਕਰਵਾਏ ਹਿੰਦੀ ਦਿਵਸ ਸਮਾਰੋਹ ਵਿਚ ਪੰਜਾਬੀ ਭਾਸ਼ਾ ਦੇ ਨਿਰਾਦਰ ਪਿੱਛੋਂ ਇਹ ਮਾਮਲਾ ਕਾਫੀ ਭਖ ਗਿਆ। ਵੱਡੀ ਗਿਣਤੀ ਸਾਹਿਤਕ ਜਥੇਬੰਦੀਆਂ ਆਰ.ਐਸ.ਐਸ. ਦੀਆਂ ਇਨ੍ਹਾਂ ਕੋਸ਼ਿਸ਼ ਖਿਲਾਫ ਡਟ ਗਈਆਂ ਹਨ। ਮਾਮਲਾ ਭਖਦਾ ਦੇਖ ਹਿੰਦੀ ਅਤੇ ਉਰਦੂ ਸਾਹਿਤਕਾਰਾਂ ਨੇ ਪੰਜਾਬੀ ਜਗਤ ਤੋਂ ਸਿੱਧੇ ਤੇ ਅਸਿੱਧੇ ਢੰਗ ਨਾਲ ਮੁਆਫੀ ਵੀ ਮੰਗ ਲਈ ਹੈ, ਪਰ ਮਾਮਲਾ ਅਜੇ ਠੰਢਾ ਨਹੀਂ ਹੋਇਆ ਹੈ।
ਚੇਤੇ ਰਹੇ ਕਿ ਭਾਸ਼ਾ ਵਿਭਾਗ ਵਲੋਂ 13 ਸਤੰਬਰ ਨੂੰ ਹਿੰਦੀ ਭਾਸ਼ਾ ਦਿਵਸ ਬਾਰੇ ਪਟਿਆਲਾ ‘ਚ ਸਮਾਗਮ ਕਰਵਾਇਆ ਗਿਆ ਸੀ, ਜਿਸ ਦੀ ਪ੍ਰਧਾਨਗੀ ਡਾ. ਹੁਕਮ ਚੰਦ ਰਾਜਪਾਲ ਵਲੋਂ ਕੀਤੀ ਗਈ। ਸਮਾਗਮ ਵਿਚ ਹਿੰਦੀ-ਹਿੰਦੂ-ਹਿੰਦੂਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਗਾਲੀ-ਗਲੋਚ ਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ। ਸ਼੍ਰੋਮਣੀ ਸਾਹਿਤਕਾਰ ਡਾ. ਤੇਜਵੰਤ ਸਿੰਘ ਮਾਨ ਨੇ ਇਸ ਦਾ ਮੋੜਵਾਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਮਾਈਕ ਖੋਹ ਲਿਆ। ਕੁਝ ਆਰ.ਐਸ.ਐਸ. ਹਮਾਇਤੀਆਂ ਨੇ ਇਥੋਂ ਤੱਕ ਆਖ ਦਿੱਤਾ ਕਿ ‘ਦੋ ਸਾਲ ਰੁਕੋ, ਫੇਰ ਦੱਸਾਂਗੇ ਕਿ ਹਿੰਦੀ ਕੀ ਹੈ।’
ਡਾ. ਮਾਨ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਹਰ ਭਾਸ਼ਾ ਦਾ ਆਪਣਾ ਰੰਗ, ਆਪਣਾ ਮੁਹਾਵਰਾ ਹੁੰਦਾ ਹੈ। ਜਿਸ ਪੰਜਾਬੀ ਭਾਸ਼ਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗੀ ਮਹਾਨ ਰਚਨਾ ਹੋਈ ਹੋਵੇ, ਵਾਰਸ ਸ਼ਾਹ ਦੀ ਹੀਰ ਵਰਗੀ ਸਭਿਆਚਾਰਕ ਕਿੱਸਾਕਾਰੀ ਹੋਈ ਹੋਵੇ, ਸ਼ਾਹ ਹੁਸੈਨ, ਬੁੱਲ੍ਹੇਸ਼ਾਹ ਵਰਗੀ ਸੂਫੀਆਨਾ ਸ਼ਾਇਰੀ ਹੋਈ ਹੋਵੇ, ਉਹ ਭਾਸ਼ਾ ਕਿਸ ਤਰ੍ਹਾਂ ਗਾਲੀ-ਗਲੋਚ ਦੀ ਭਾਸ਼ਾ ਕਹੀ ਜਾ ਸਕਦੀ ਹੈ। ਹਿੰਦੀ ਭਾਸ਼ਾ ਨੂੰ ਔਖੀ ਨਾ ਬਣਾਓ, ਲੋਕਾਂ ਦੀ ਭਾਸ਼ਾ ਬਣਾਓ, ਇਸ ਭਾਸ਼ਾ ਨੂੰ ਲੋਕ ਬੋਲੀ ਵਿਚ ਤਬਦੀਲ ਕਰੋ ਤਾਂ ਹੀ ਇਸ ਦਾ ਵਿਕਾਸ ਹੋਵੇਗਾ।
ਇੰਨਾ ਕਹਿਣ ਉਤੇ ਆਰ.ਐਸ.ਐਸ. ਹਮਾਇਤੀ ਭੜਕ ਗਏ, ਫਿਰ ਰੌਲਾ ਪੈ ਗਿਆ ਅਤੇ ਡਾ. ਮਾਨ ਤੋਂ ਮਾਇਕ ਖੋਹ ਲਿਆ ਗਿਆ। ਇਸ ਘਟਨਾ ਨੂੰ ਸਰਕਾਰ ਵਲੋਂ ਭਾਵੇਂ ਆਮ ਵਰਤਾਰੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਪਰ ਇਹ ਉਸ ਸਮੇਂ ਵਾਪਰੀ ਹੈ, ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਇਕ ਭਾਸ਼ਾ ਇਕ ਰਾਸ਼ਟਰ’ ਦਾ ਹੋਕਾ ਦੇ ਰਹੇ ਹਨ।