ਰੁਝਾਨ ਖ਼ਬਰਾਂ
ਮੂਲਵਾਸੀ ਬੱਚਿਆਂ ਦੀ ਯਾਦ ‘ਚ ਮਨਾਇਆ ਗਿਆ 30 ਸਤੰਬਰ ਦਾ ਦਿਨ

ਮੂਲਵਾਸੀ ਬੱਚਿਆਂ ਦੀ ਯਾਦ ‘ਚ ਮਨਾਇਆ ਗਿਆ 30 ਸਤੰਬਰ ਦਾ ਦਿਨ

ਸਰੀ : ਕੈਨੇਡਾ ‘ਚ 1831 ਤੇ 1996 ਦਰਮਿਆਨ ਸਾਬਕਾ ਰਿਹਾਇਸ਼ੀ ਸਕੂਲਾਂ ‘ਚ ਮੂਲਵਾਸੀ ਕੈਨੇਡੀਅਨਜ਼ ਦੇ ਬੱਚਿਆਂ ਨਾਲ ਵਾਪਰੇ ਦੁਖਾਂਤ ਦੀ ਯਾਦ ‘ਚ 30 ਸਤੰਬਰ ਦਾ ਦਿਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਮਨਾਇਆ ਗਿਆ ਅਤੇ ਕੈਨੇਡਾ ਭਰ ‘ਚ ਫਸਟ ਨੇਸ਼ਨਜ਼ ਵਲੋਂ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ। ਕੈਨੇਡਾ ‘ਚ ਹਰ ਸਾਲ ਇਸ ਦਿਨ ਮੂਲਵਾਸੀਆਂ ਨਾਲ ਦੁੱਖ ਸਾਂਝਾ ਕਰਦਿਆਂ ਸੰਤਰੀ ਰੰਗ ਦੀਆਂ ਸ਼ਰਟਸ ਪਾ ਕੇ, ਮੂਲਵਾਸੀਆਂ ਨਾਲ ਸਬੰਧਤ ਕੰਮਾਂ ਲਈ ਡੋਨੇਸ਼ਨ ਦੇ ਕੇ ਹਰ ਕੋਈ ਕੈਨੇਡੀਅਨ ਸ਼ਾਮਲ ਹੋਵੇਗਾ। ਫਰਸਟ ਨੇਸ਼ਨਜ਼ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੀ ਡਾਇਰੈਕਟਰ ਸਿੰਡੀ ਬਲੈਕਸਟੌਕ ਨੇ ਇਸ ਮੌਕੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਮਾਰੇ ਗਏ ਫੌਜੀਆਂ ਤੋਂ ਵੱਧ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਬੱਚਿਆਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਦਿੱਤੀ ਗਈ। ਉਨ੍ਹਾਂ ਕਿਹਾ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਰਵਾਈਵਰਜ਼ ਤੇ ਮਰੇ ਬੱਚਿਆਂ, ਉਨ੍ਹਾਂ ਦੇ ਪਰਿਵਾਰਾਂ ਤੇ ਕਮਿਊਨਿਟੀਜ਼ ਨੂੰ ਸਨਮਾਨਿਤ ਕਰਨ ਲਈ ਇਹ ਢੁੱਕਵਾਂ ਉਪਰਾਲਾ ਹੈ। ਸਾਨੂੰ ਸਭ ਨੂੰ ਇਸ ‘ਚ ਸ਼ਾਮਲ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ 2015 ਵਿੱਚ ਟਰੁੱਥ ਐਂਡ ਰੀਕੌਂਸੀਲਿਏਸ਼ਨ ਕਮਿਸ਼ਨ ਦੀ ਰਿਪੋਰਟ ਵਿੱਚ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਦੀਆਂ ਸਾਈਟਸ ਦਾ ਜ਼ਿਕਰ ਕੀਤਾ ਗਿਆ ਸੀ।
ਕੈਨੇਡਾ ਵਿੱਚ 1831 ਤੋਂ 1996 ਦੇ ਦੌਰਾਨ ਮੂਲਵਾਸੀ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਖ਼ਤਮ ਕਰਕੇ ਉਨ੍ਹਾਂ ਦੀ ਥਾਂ ਇੰਗਲਿਸ਼ ਤੇ ਕ੍ਰਿਸ਼ਚੀਅਨ ਮਾਨਤਾਵਾਂ ਨੂੰ ਲਾਗੂ ਕਰਨਾ ਦੇ ਮਕਸਦ ਨਾਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ
ਚਲਾਇਆ ਗਿਆ ਸੀ ਅਤੇ ਇੱਕ ਅੰਦਾਜ਼ੇ ਅਨੁਸਾਰ 150,000 ਫਰਸਟ ਨੇਸ਼ਨਜ਼ ਬੱਚਿਆਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਕਰਕੇ ਇਨ੍ਹਾਂ ਬੋਰਡਿੰਗ ਸਕੂਲਾਂ ਵਿੱਚ ਜ਼ਬਰਦਸਤੀ ਰੱਖਿਆ ਗਿਆ, ਜਿੱਥੇ ਘੱਟੋ ਘੱਟ 4100 ਵਿਦਿਆਰਥੀ ਮਾਰੇ ਗਏ। ਟਰੁੱਥ ਐਂਡ ਰੀਕੌਂਸੀਲਿਏਸ਼ਨ ਕਮਿਸ਼ਨ ਅਨੁਸਾਰ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ 15,000 ਵੀ ਤੱਕ ਦੱਸੀ ਗਈ ਹੈ।