ਰੁਝਾਨ ਖ਼ਬਰਾਂ
ਕੋਵਿਡ-19 ਵੈਕਸੀਨੇਸ਼ਨ ਵਿਰੁੱਧ ਟੋਰਾਂਟੋ ‘ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ

ਕੋਵਿਡ-19 ਵੈਕਸੀਨੇਸ਼ਨ ਵਿਰੁੱਧ ਟੋਰਾਂਟੋ ‘ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ

ਟੋਰਾਂਟੋ : ਟੋਰਾਂਟੋ ਦੇ ਈਟਨ ਸੈਂਟਰ ਵਿਖੇ ਕੋਰੋਨਾ ਵੈਕਸੀਨੇਸ਼ਨ ਵਿਰੁੱਧ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਮੌਲ ਵਿੱਚ ਦਾਖ਼ਲ ਹੋਣ ਤੋਂ ਰੋਕਣ ‘ਤੇ ਸਿਕਿਉਰਿਟੀ ਸਟਾਫ਼ ਨਾਲ ਭਿੜੇ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਸਟਾਫ਼ ਮੈਂਬਰ ਦੀ ਕੁੱਟਮਾਰ ਵੀ ਕੀਤੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਦਸੰਬਰ ਮਹੀਨੇ ਕੋਰਟ ‘ਚ ਪੇਸ਼ ਕੀਤਾ ਜਾਵੇਗਾ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਈਟਨ ਸੈਂਟਰ ਵਿਖੇ ਕੋਰੋਨਾ ਵੈਕਸੀਨੇਸ਼ਨ ਵਿਰੁੱਧ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਵੱਡੀ ਗਿਣਤੀ ਲੋਕਾਂ ਨੇ ਮੌਲ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ। ਇਸ ਦੌਰਾਨ ਸਿਕਿਉਰਿਟੀ ਸਟਾਫ਼ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ‘ਤੇ ਪ੍ਰਦਰਸ਼ਨਕਾਰੀ ਸਿਕਿਉਰਿਟੀ ਸਟਾਫ਼ ਨਾਲ ਭਿੜ ਗਏ ਤੇ ਇੱਕ ਸਟਾਫ਼ ਮੈਂਬਰ ਦੀ ਕਥਿਤ ਤੌਰ ‘ਤੇ ਕੁੱਟਮਾਰ ਵੀ ਕੀਤੀ। ਹਾਲਾਂਕਿ ਕਿਸੇ ਵੀ ਪ੍ਰਦਰਸ਼ਨਕਾਰੀ ਜਾਂ ਸਿਕਿਉਰਿਟੀ ਸਟਾਫ਼ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਵਿੱਚੋਂ ਥੌਰਨਹਿੱਲ ਦੇ ਵਾਸੀ 29 ਸਾਲਾ ਮਾਈਕਲ ਲੀਫ਼ ਅਤੇ ਬਰੈਂਪਟਨ ਦੀ 23 ਸਾਲਾ ਮਹਿਲਾ ਵੈਨੇਸਾ ਕਾਰਵੱਲੋ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਵਾਂ ‘ਤੇ ਦੋਸ਼ ਆਇਦ ਕੀਤੇ ਗਏ ਹਨ ਤੇ ਇਨ੍ਹਾਂ ਨੂੰ 15 ਦਸੰਬਰ ਨੂੰ ਸਵੇਰੇ 11 ਵਜੇ ਓਲਡ ਸਿਟੀ ਹਾਲ ਕੋਰਟ ਹਾਊਸ ਵਿੱਚ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਘਟਨਾ ਦੀ ਵੀਡੀਓ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪ੍ਰਦਰਸ਼ਨਕਾਰੀ ਸ਼ੌਪਿੰਗ ਮੌਲ ਵਿੱਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਤਾਂ ਉਹ ਸੁਰੱਖਿਆ ਗਾਰਡ ਅਤੇ ਪੁਲਿਸ ਨੂੰ ਧੱਕਾ ਦਿੰਦੇ ਹੋਏ ਦਿਖਾਈ ਦੇ ਰਹੇ ਹਨ।