ਰੁਝਾਨ ਖ਼ਬਰਾਂ
ਕੈਨੇਡਾ ਵਿਚ ਬੱਚੇ ਜੰਮਣ ਦੀ ਦਰ 14 ਸਾਲ ਦੇ ਹੇਠਲੇ ਪੱਧਰ ‘ਤੇ ਆਈ

ਕੈਨੇਡਾ ਵਿਚ ਬੱਚੇ ਜੰਮਣ ਦੀ ਦਰ 14 ਸਾਲ ਦੇ ਹੇਠਲੇ ਪੱਧਰ ‘ਤੇ ਆਈ

ਟੋਰਾਂਟੋ : ਕੈਨੇਡਾ ਵਿਚ ਬੱਚੇ ਪੈਦਾ ਹੋਣ ਦੀ ਦਰ 14 ਸਾਲ ਦੇ ਹੇਠਲੇ ਪੱਧਰ ‘ਤੇ ਪੁੱਜ ਗਈ ਹੈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 358,604 ਬੱਚਿਆਂ ਨੇ ਜਨਮ ਲਿਆ ਜੋ 2006 ਮਗਰੋਂ ਸਭ ਤੋਂ ਹੇਠਲਾ ਪੱਧਰ ਬਣਦਾ ਹੈ।
ਜਨਮ ਦਰ ਵਿਚ ਕਮੀ ਦਾ ਰੁਝਾਨ ਸਿਰਫ਼ ਪਿਛਲੇ ਸਾਲ ਸਾਹਮਣੇ ਨਹੀਂ ਆਇਆ ਸਗੋਂ 2016 ਤੋਂ ਲਗਾਤਾਰ ਬੱਚੇ ਪੈਦਾ ਹੋਣ ਦੀ ਰਫ਼ਤਾਰ ਘਟਦੀ ਜਾ ਰਹੀ ਸੀ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਸਾਲ 2020 ਦੇ ਅੰਕੜੇ ਹਰ ਪੱਖੋਂ ਮੁਕੰਮਲ ਨਹੀਂ ਅਤੇ ਇਨ੍ਹਾਂ ਵਿਚ ਯੂਕੌਨ ਵਿਚ ਜੰਮੇ ਬੱਚਿਆਂ ਨੂੰ ਸ਼ਾਮਲ ਕੀਤਾ ਜਾਣਾ ਬਾਕੀ ਹੈ। ਸੋਧੇ ਹੋਏ ਅੰਕੜੇ ਬਾਅਦ ਵਿਚ ਪੇਸ਼ ਕੀਤੇ ਜਾਣਗੇ। ਪਰ ਕੁਲ ਮਿਲਾ ਕੇ ਜਨਮ ਦਰ ਹੇਠਾਂ ਵੱਲ ਜਾਂਦੀ ਨਜ਼ਰ ਆ ਰਹੀ ਹੈ ਜਿਸ ਵਾਸਤੇ ਕਈ ਕਾਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ।
ਮਹਾਂਮਾਰੀ ਸ਼ੁਰੂ ਹੋਣ ਮਗਰੋਂ ਆਵਾਜਾਈ ਬੰਦਿਸ਼ਾਂ ਕਾਰਨ ਨਵੇਂ ਪ੍ਰਵਾਸੀਆਂ ਦੀ ਆਮਦ ਘਟ ਗਈ। ਨਵੇਂ ਪ੍ਰਵਾਸੀਆਂ ਦੇ ਕੈਨੇਡਾ ਪਹੁੰਚਣ ਨਾਲ ਜਿਥੇ ਕੈਨੇਡਾ ਦੀ ਆਬਾਦੀ ਵਿਚ ਇਜ਼ਾਫ਼ਾ ਹੁੰਦਾ ਹੈ, ਉਥੇ ਹੀ ਇਨ੍ਹਾਂ ਦੀ ਘਰ ਪੈਦਾ ਹੋਣ ਵਾਲੇ ਬੱਚੇ ਜਨਮ ਦਰ ਵਧਾਉਣ ਵਿਚ ਯੋਗਦਾਨ ਪਾਉਂਦੇ ਹਨ।