Copyright & copy; 2019 ਪੰਜਾਬ ਟਾਈਮਜ਼, All Right Reserved
ਧੀਆਂ ਦੇ ਦੁੱਖ

ਧੀਆਂ ਦੇ ਦੁੱਖ

ਪੋਠੋਹਾਰਨ ਕੁੜੀ ਵਾਂਗਰਾਂ
ਹਾਥਰਸ ਦੀ ਛੈਲ-ਛਬੀਲੀ
ਸਿਰ ‘ਤੇ ਚੁੱਕੀ
ਪੰਡ ਘਾਹ ਦੀ
ਪੈਲਾਂ ਪਾਂਦੀ
ਝੋਲੇ ਖਾਂਦੀ
ਓਭੜ ਖਾਬ੍ਹੜ ਰਾਹੀਂ ਟੁਰਦੀ
ਮਾਂ ਆਪਣੀ ਤੋਂ ਪਛੜ ਗਈ ਸੀ
ਵੀਰੇ ਤੋਂ ਰਹਿ ਗਈ ਸੀ ਪਿੱਛੇ
ਠਾਕੁਰਾਂ ਦੇ ਵਿਗੜੇ ਕਾਕੇ
ਨਸ਼ਿਆਂ ਡੰਗੇ
ਕਾਮੀ ਕੀੜੇ
ਓਸ ਲਗਰ ਦੀ
ਚਾਈ ਸਿਰ ‘ਤੇ
ਗਠੜੀ ਘਾਹ ਦੀ
ਸੁੱਟ ਵਗਾਹ ਕੇ
ਉਸ ਨਾਜੋ ਨੂੰ
ਖਿੱਚ ਧਰੂਅ ਕੇ ਸੰਘਣੇ ਖੇਤੀਂ
ਚਹੁੰ ਬੱਬਰਾਂ ਨੇ
ਮਸਲ਼ ਮਧੋਲ਼
ਅਧਮੋਈ ਕੀਤੀ…
ਕੁਝ ਨਾ ਬੋਲੇ
ਪੋਲ ਨਾ ਖੋਲ੍ਹੇ
ਜੀਭ ਵਿਹੁਣੀ ਕੀਤੀ ਸ਼ੋਹਦੀ…
ਨਸ਼ੇ ਦੇ ਭੰਨੇ
ਜਾਨ ਬਚਾਉਂਦੇ
ਲੁਕ ਗਏ ਕਿਸੇ ਹਵੇਲੀ ਜਾ ਕੇ
ਜਿਸ ਦੇਵੀ ਦੀ ਪੂਜਾ ਕਰਦੇ
ਜਾ ਜਾ ਮੰਦਰੀਂ
ਉਸੇ ਦੇਵੀ ਦਾ ਚੀਰ ਹਰਨ ਕਰ
ਬੜ੍ਹਕਾਂ ਮਾਰਨ…
ਕਿਹੜਾ ਸ਼ਾਸਨ
ਪ੍ਰਸ਼ਾਸ਼ਨ ਤੇ ਕਿਹੜੇ ਨੇਤਾ
ਦਾਗ਼ਦਾਰ ਨੇ ਵਰਦੀਆਂ ਵਾਲ਼ੇ
ਵੱਡੇ ਅਹੁਦੇ
ਵੱਡਿਆਂ ਮੂਹਰੇ
ਪਾਣੀ ਭਰਦੇ…
ਛੰਨਾਂ ਢਾਰੇ ਹੰਝੂ ਹੰਝੂ
ਚੀਖ਼ ਰੁਦਨ ‘ਤੇ
ਪਹਿਰੇ ਲੱਗੇ…
ਚਿੱਟੇ ਭਗਵੇਂ ਤੇ ਮਟਮੈਲੇ?
ਗੱਡੀਆਂ ਕਿੰਝ ਭਜਾਈ ਫਿਰਦੇ
ਆਪੋ-ਧਾਪ ਮਚਾਈ ਫਿਰਦੇ
ਵੋਟ ਬੈਂਕ ਲਈ
ਝੱਗਾਂ ਛੱਡਦੇ
ਬਾਹਾਂ ਉਲਾਰ
ਝੂਠੀ ਹਮਦਰਦੀ ਦੀ
ਰਾਸ ਰਚਾਉਂਦੇ…
ਟੀਵੀ ਮੀਡੀਆ ਚੀਖ਼-ਚੀਖ਼ ਕੇ
ਟੀਆਰਪੀ ਲਈ ਰੌਲ਼ਾ ਪਾਉਂਦੇ
ਜਿਨ੍ਹਾਂ ਆਪਣੀ ਧੀ ਗਵਾਈ
ਇਜ਼ਤ ਪੈਰਾਂ ਹੇਠ ਰੁਲਾਈ
ਖ਼ਾਕੀ ਨੇ ਡਰਾਏ ਦਬਕਾਏ
ਕੁੱਟ-ਮਾਰ ਵੀ ਰੱਜ-ਰੱਜ ਕੀਤੀ
ਅਸਲ ਨਸ਼ਰ ਮੂਲ਼ ਨਾ ਹੋਵੇ
ਰਾਸ਼ਟਰਪਤੀ ਵਾਂਗ ਸੁਰੱਖਿਆ ਦੇ ਕੇ
ਉਸ ਕੁੱਲੀ ਨੂੰ ਘੇਰਾ ਘੱਤਿਆ
ਟੀਵੀ, ਰੇਡੀਓ, ਫੋ?ਨ ਮੋਬਾਈਲ
ਸਭ ਖੋਹ ਖੱਸ ਕੇ
ਡਰਾ ਧਮਕਾ ਗਰੀਬੜੇ ਅੰਦਰ ਵਾੜੇ
ਡਰ ਕਿਉਂ ? ਕਿਸ ਲਈ ?
ਏਸ ਲਈ ਕਿ
ਉੱਚੀ ਜਾਤ ਹਵੇਲੀ ਵੱਡੀ
“ਵੱਡੇ ਲੋਕ ਇਜ਼ਤਾਂ ਵਾਲ਼ੇ”
ਓਸ ਹਵੇਲੀ ਦੇ ਇਹ ਕਾਕੇ
ਨਸ਼ਰ ਨਾ ਹੋਵਣ…
ਕੁਝ ਦਮੜੇ ਇਵਜ਼ਾਨਾ ਦੇ ਕੇ
ਮੂੰਹ ਬੰਦ ਕਰਦੇ
ਹਉਕਿਆਂ ਦੇ ਇੰਜ ਮੁੱਲ ਨੇ ਤਰਦੇ…
ਵਾਹ ਸਰਕਾਰੇ ਤੇਰੇ ਕਾਰੇ !!
ਨਿੱਤ ਦਿਹਾੜੇ
ਨਿਰਭਿਆ, ਚੰਪਾ, ਬੇਲਾ
ਕਦੇ ਦਾਮਨੀ
ਕਦੇ ਰੁਕਮਣੀ
ਲੁੱਟੀਆਂ ਜਾਵਣ
ਦਿਨ ਦਿਹਾੜੇ
ਸਿਤਮ-ਜ਼ਰੀਫੀ ਵੇਖ ਵੇ ਲੋਕਾ
ਜਿਸ ਕੁੱਖੋਂ ਇਹ ਜੰਮੇ-ਜਾਏ
ਓਸੇ ਕਵਾਰੀ ਕੁੱਖ ਨੂੰ
ਜਾਨਵਰਾਂ ਵਾਂਗ
ਚੀਣਾ-ਚੀਣਾ ਕਰਦੇ…
ਇਹ ਕੈਸੀ ਮਰਦਾਨਗੀ ਲੋਕਾ !
ਹਾਇ! ਧੀਆਂ ਦਾ ਦੁੱਖ ਵੇ ਲੋਕਾ !!

ਲੇਖਕ : ਮਨਜੀਤ ਇੰਦਰਾ, ਸੰਪਰਕ: 98764-23934