Copyright & copy; 2019 ਪੰਜਾਬ ਟਾਈਮਜ਼, All Right Reserved
ਅੰਦਰ

ਅੰਦਰ

ਕਿੰਨੇ ਦਰਦ ਲੁਕੋਏ ਅੰਦਰ,
ਕਿੰਨੇ ਬੂਹੇ ਢੋਏ ਅੰਦਰ।
ਮਨ ਦੀ ਗੁੰਝਲ ਹੱਲ ਨਾ ਹੋਈ,
ਕਿੰਨੇ ਹਾਸੇ ਮੋਏ ਅੰਦਰ।
ਬੇਕਦਰਾਂ ਲਈ ਜੂਨ ਗਵਾਈ,
ਫੱਟ ਨੇ ਬਹੁਤੇ ਹੋਏ ਅੰਦਰ।
ਹੰਝੂ ਖ਼ੁਦ ਦੇ ਪੀਣੇ ਪੈਂਦੇ,
ਖ਼ੁਦ ਨੂੰ ਬੂਹੇ ਢੋਏ ਅੰਦਰ।
ਜਜ਼ਬਾਤ ਦਾ ਜ਼ਿਕਰ ਕਰਾਂ ਕੀ,
ਜ਼ਹਿਰ ਬੜੇ ਨੇ ਚੋਏ ਅੰਦਰ।
ਉਨ੍ਹਾਂ ਖ਼ੁਆਬਾਂ ਦਾ ਕੀ ਜੋ ਮੈਂ,
ਖ਼ੁਦ ਹੀ ਮਾਰ ਲੁਕੋਏ ਅੰਦਰ।
ਵੰਡ ਵੰਡ ਸਭ ਨੂੰ ਰੱਜਦੇ ਨਾ ਸੀ,
ਓਹੀ ਹਾਸੇ ਰੋਏ ਅੰਦਰ।
ਮਾਰਨ ਦੇ ਲਈ ਇੱਕ ਗ਼ਮ ਕਾਫ਼ੀ,
ਕਿੰਨੇ ਆਣ ਖਲੋਏ ਅੰਦਰ।
ਦਿਲ ‘ਤੇ ਲੱਗੀ ਰਾਜਨ ਜਾਣੇ,
ਕੀਕਣ ਦਰਦ ਸਮੋਏ ਅੰਦਰ।

ਲੇਖਕ : ਰਾਜਨਦੀਪ ਕੌਰ ਮਾਨ, ਸੰਪਰਕ: 62393-26166