Copyright & copy; 2019 ਪੰਜਾਬ ਟਾਈਮਜ਼, All Right Reserved
ਖਵਾਜੇ ਦਾ ਗਵਾਹ ਡੱਡੂ

ਖਵਾਜੇ ਦਾ ਗਵਾਹ ਡੱਡੂ

12 ਅਕਤੂਬਰ 1920 ਵੱਡੇ ਭਾਗਾਂ ਵਾਲਾ ਦਿਨ ਸੀ। ਓਸ ਦਿਨ ਦੁਨੀਆ ਦੇ ਸਾਰੇ ਡਰ, ਭੈ, ਝੇਪਾਂ ਲਾਹ ਕੇ, ਹਰ ਭੇਦ-ਭਾਵ ਮਿਟਾ ਕੇ ਹਰ ਵਰਗ ਦੇ ਗੁਰੂ ਕੇ ਸਿੱਖਾਂ ਨੇ ਗੁਰੂ ਦੇ ਅੰਤਮ ਬਚਨਾਂ ਉੱਤੇ ਪਹਿਰਾ ਦਿੱਤਾ, ਪਰਚਾ ਸ਼ਬਦ ਦਾ ਲਾਇਆ ਅਤੇ ਗੁਰੂ ਨਾਲ ਕੀਤਾ ਚਹੁੰ ਵਰਨਾਂ ਨੂੰ ਇੱਕ ਕਰਨ ਦਾ ਕੌਲ ਪਾਲਿਆ। ਕਾਬਜ਼ ਹਿੰਦੂ ਪੁਜਾਰੀ ਅਤੇ ਸਰਕਾਰ ਸਮੇਤ ਉਹਨਾਂ ਦੇ ਸਰਪ੍ਰਸਤ ਗੁਰੂ-ਬਚਨਾਂ ਦੀ ਝਾਲ ਨਾ ਝੱਲਦੇ ਹੋਏ ਆਪਣੇ ਨਾਪਾਕ ਵਿਚਾਰਾਂ ਅਤੇ ਕਾਲੇ ਪਰਛਾਵਿਆਂ ਨੂੰ ਲੈ ਕੇ ਸਦਾ ਲਈ ਇਤਿਹਾਸ ਦੇ ਸਫ਼ੇ ਤੋਂ ਮਿਟ ਗਏ। ਗੁਰੂ ਦੀ ਫ਼ਤਹਿ ਹੋਈ, ਮਨੁੱਖਤਾ ਨੇ ਇੱਕ ਪਲਾਂਘ ਅਗਾਂਹ ਪੁੱਟੀ। ਸਿੱਖੀ ਦਾ ਜਲੌਅ ਪ੍ਰਗਟ ਹੋਇਆ।ਏਸ ਸਦੀ ਵਿੱਚ ਏਸ ਦਿਨ ਦੀ ਯਾਦਗਾਰ ਮਨਾਉਣ ਦਾ ਢੰਗ-ਤਰੀਕਾ ਵੀ ਢੁਕਵਾਂ ਚਾਹੀਦਾ ਸੀ। ਚੰਗਾ ਹੁੰਦਾ ਜੇ ਏਸ ਦਿਨ ਨੇੜੇ-ਨੇੜੇ ਦੇ ਪਿੰਡਾਂ ਤੋਂ ਲੋਕ ਜਥੇ ਬਣਾ ਕੇ “ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ…” ਗਾਉਂਦੇ ਉਹਨਾਂ 35-36 ਡੇਰਿਆਂ ਨੂੰ ਜਾਂਦੇ ਜੋ ਜਾਤ-ਪਾਤ ਉੱਤੇ ਟੇਕ ਰੱਖਦੇ ਹਨ। ‘ਮਹਾਂਪੁਰਖਾਂ’ ਨੂੰ ਪੁੱਛਦੇ ਕਿ ਤੁਸੀਂ ਉਹ ਵਬਾ ਕਿਉਂ ਪਾਲ਼ ਰਹੇ ਹੋ ਜੋ ਗੁਰੂ ਨੇ ਸਾਢੇ ਪੰਜ ਸਦੀਆਂ ਮਾਨਵਤਾ ਦੇ ਮੱਥੇ ਕਲੰਕ ਜਾਣ ਕੇ ਲਾਹੀ ਸੀ ਅਤੇ ਜਿਸ ਕੁਲਹਿਣੀ ਰੀਤ ਦਾ ਨਾਮੋ-ਨਿਸ਼ਾਨ ਸਿੱਖਾਂ ਨੇ ਦਰਬਾਰ ਸਾਹਿਬ ਦੀ ਸਰਦਲ ਤੋਂ ਬਿਬੇਕ ਨਾਲ ਧੋਤਾ ਸੀ। ਪਰ ਓਸ ਦਿਨ ਦੀ ਬੋਲ-ਬਾਣੀ ਅਤੇ ਛਪੇ ਲੇਖ ਦੱਸਦੇ ਹਨ ਕਿ ਪ੍ਰਬੰਧਕਾਂ ਨੇ ਏਸ ਦਿਨ ਨੂੰ ਜੱਟਾਂ ਵਿੱਚ ਜਾਤ-ਪਾਤ ਦੀ ਹੋਂਦ ਨੂੰ ਦਰਸਾਉਣ ਲਈ ਨਾਜਾਇਜ਼ ਵਰਤਿਆ। ਮਾਮੂਲੀ, ਕੁਦਰਤੀ ਵਿਤਕਰਿਆਂ ਨੂੰ ਜਾਤ-ਪਾਤ ਪ੍ਰਬੰਧ ਦੱਸ ਕੇ ਆਪਣੇ ਵਿਦਵਾਨ ਹੋਣ ਉੱਤੇ ਵੀ ਡੂੰਘਾ ਸਵਾਲੀਆ ਨਿਸ਼ਾਨ ਲਾਇਆ। ਸਿੱਖ ਧਰਮ ਦੇ ਵਿਰੋਧੀਆਂ ਨੇ ਵੀ ਏਸ ਤੇੜ ਵਿੱਚ ਫਾਨਾ ਲਾਇਆ ਅਤੇ ਦਲਿਤ ਹੱਕਾਂ ਨੂੰ ਮਹਿਫ਼ੂਜ਼ ਕਰਨ ਲਈ ਪੰਜਾਬ ਦੀ ਰਾਜਧਾਨੀ ਉੱਤੇ ਹੱਲਾ ਬੋਲਣ ਦਾ ਢਕਵੰਜ ਰਚਾਇਆ। ਰੱਬ ਦਾ ਸ਼ੁਕਰ ਹੈ ਕਿ ਦਲਿਤਾਂ ਨੇ ਖ਼ੁਦ ਹੀ ਵਿਰੋਧ ਕਰ ਕੇ ਏਸ ਕਾਰਵਾਈ ਨੂੰ ਪਖੰਡ ਕਰਾਰ ਦਿੱਤਾ ਅਤੇ ਰੋਕ ਦਿੱਤਾ। ਹੁਣ ਸਾਡੇ ‘ਮਿੱਤਰਾਂ’ ਨੂੰ ਪੁੱਛਣਾ ਬਣਦਾ ਹੈ ਕਿ ਉਹਨਾਂ ਨੇ ਭਾਜਪਾ ਦੀ ਸਹੂਲਤ ਲਈ ਜਾਤ-ਪਾਤ ਦੀ ਭੂਮਿਕਾ ਬੰਨ੍ਹੀ ਸੀ ਜਾਂ ਇਤਫ਼ਾਕੀਆ ਹੀ ਭਾਜਪਾ ਨੇ ਏਸ ਦਾ ਨਾਜਾਇਜ਼ ਫ਼ਾਇਦਾ ਉਠਾ ਲਿਆ?
ਪੰਜਾਬੀ ਸੂਬੇ ਦੇ ਬਣਨ ਦੇ ਸਮਿਆਂ ਵਿੱਚ ਓਸ ਵੇਲੇ ਦੀ ਸਰਕਾਰ ਨੇ ਸਿੱਖਾਂ ਵਿਰੁੱਧ ਭੰਡੀ-ਪ੍ਰਚਾਰ ਦੀ ਨੀਂਹ ਰੱਖਣ ਲਈ ਡੌਕਟਰ ਹਿਊ ਮੈਕਲਾਊਡ ਨੂੰ ਲਿਆਂਦਾ ਸੀ। ਓਸ ਨੇ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਅਤੇ ਜਾਤ-ਪਾਤੀ ਪ੍ਰਬੰਧ ਅਧੀਨ ਵਿਚਰਦੇ ਦਰਸਾਉਣਾ ਸੀ। ਦਲਿਤ ਵੋਟਾਂ ਵਿਰੋਧੀਆਂ ਲਈ ਪੱਕੀਆਂ ਕਰਨ ਲਈ ਓਸ ਨੇ ਬਚਿਤ੍ਰਨਾਟਕ ਗ੍ਰੰਥ ਦਾ ਪ੍ਰਚਾਰ ਕਰ ਕੇ ਦੱਸਣਾ ਸੀ ਕਿ ਸਿੱਖ ਦਸਵੇਂ ਪਾਤਸ਼ਾਹ ਦੇ ਸਮੇਂ ਆਪਣੇ ਧਰਮ ਵਿੱਚ ਅਹਿਮ ਤਬਦੀਲੀ ਲਿਆ ਕੇ ਆਰੀਆ ਲੋਕਾਂ ਦੇ ਮਿਥਿਹਾਸ-ਬੋਧ ਨੂੰ ਗਲ਼ ਲਾ ਕੇ ਸਦਾ ਲਈ ਦਲਿਤਾਂ ਨੂੰ ਗ਼ੁਲਾਮ ਰੱਖਣ ਵਾਲਿਆਂ ਵਿੱਚ ਸ਼ਾਮਲ ਹੋ ਚੁੱਕੇ ਹਨ। ਓਸ ਨੇ ਕਈ ਕਿਤਾਬਾਂ ਪਹਿਲੇ ਦੋ ਤਰਕਾਂ ਨੂੰ ਤਾਕਤ ਦੇਣ ਲਈ ਵਰਤਣ ਵਾਸਤੇ ਲਿਖੀਆਂ। ਤੀਜੇ ਤਰਕ ਨੂੰ ਆਰੰਭ ਕਰਨ ਸਮੇਂ ਓਸ ਦੇ ਆਏ ਸੁਨੇਹੇ ਨੂੰ ਇੰਸਟੀਚਿਊਟ ਔਵ ਸਿੱਖ ਸਟੱਡੀਜ਼ ਨੇ ਆਪਣੇ ਹੱਥ ਲੈ ਲਿਆ ਅਤੇ ਮੈਕਲਾਊਡ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ।
ਓਸ ਦੇ ਪਹਿਲੇ ਦੋ ਤਰਕਾਂ ਨੂੰ ਝੂਠਾ ਸਾਬਤ ਕਰਨ ਲਈ ਸਰਦਾਰ ਦਲਜੀਤ ਸਿੰਘ ਨੇ ਮੁੱਖ ਤੌਰ ਉੱਤੇ ਤਿੰਨ ਕਿਤਾਬਾਂ ਲਿਖੀਆਂ। ਇਹਨਾਂ ਵਿੱਚ ਇਹ ਸਾਬਤ ਕੀਤਾ ਗਿਆ ਕਿ ਸਿੱਖ ਪੰਥ ਵੱਖਰੇ ਆਜ਼ਾਦ ਧਰਮ ਦਾ ਪੈਰੋਕਾਰ ਹੈ, ਨਾ ਕਿ ਕਿਸੇ ਦਾ ਪਿਛਲੱਗ। ‘ਭਗਤੀ ਲਹਿਰ’, ਨਾਥ ਸੰਪਰਦਾ ਆਦਿ ਦਾ ਗੰਭੀਰ ਮੁਲਾਂਕਣ ਕਰ ਕੇ ਦੱਸਿਆ ਕਿ ਕਿਵੇਂ ਇਹਨਾਂ ਦਾ ਸਿੱਖੀ ਦੇ ਪ੍ਰਗਟ ਹੋਣ ਅਤੇ ਵਿਕਾਸ ਨਾਲ ਕੋਈ ਸਬੰਧ ਨਹੀਂ।
ਸਰਦਾਰ ਜਗਜੀਤ ਸਿੰਘ ਨੇ ਵੀ ਤਿੰਨ ਬਹੁਤ ਅਹਿਮ ਕਿਤਾਬਾਂ ਲਿਖ ਕੇ, ਭਾਈ ਗੁਰਦਾਸ ਦੀਆਂ ਵਾਰਾਂ, ਭਾਈ ਮਨੀ ਸਿੰਘ ਦੇ ਟੀਕੇ, ਗੁਰਬਿਲਾਸਾਂ, ਮਹਿਮਾ ਪ੍ਰਕਾਸ਼ ਅਤੇ ਪੰਥ ਪ੍ਰਕਾਸ਼ ਆਦਿ ਵਿੱਚ ਆਏ ਨਾਵਾਂ ਦਾ ਪਤਾ ਦੱਸ ਕੇ ਸਾਬਤ ਕੀਤਾ ਕਿ ਮੈਕਲਾਊਡ ਗੁੰਮਰਾਹ ਕਰ ਰਿਹਾ ਹੈ ਕਿ ਕਿਸੇ ਦੌਰ ਵਿੱਚ ਵੀ ਜੱਟਾਂ ਨੇ ਸਿੱਖੀ ਉੱਤੇ ਕਬਜ਼ਾ ਕਰ ਕੇ ਆਪਣੀ ਰਹਿਤ ਸਿੱਖੀ ਉੱਤੇ ਠੋਸੀ ਸੀ। ਉਹਨਾਂ ਨੇ ਹਿੰਦੂ ਧਰਮ ਵਿੱਚ ਪ੍ਰਚੱਲਤ ਜਾਤ-ਪਾਤ ਪ੍ਰਣਾਲੀ ਦਾ ਮੁੱਢਲਾ ਮੁਤਾਲਿਆ ਕਰ ਕੇ ਦੁਨੀਆ ਭਰ ਦੇ ਸਮਾਜ ਵਿਗਿਆਨੀਆਂ, ਇਤਿਹਾਸਕਾਰਾਂ ਆਦਿ ਦੇ ਹਵਾਲੇ ਦੇ ਕੇ ਸਾਬਤ ਕੀਤਾ ਕਿ ਜਾਤ-ਪਾਤ ਪ੍ਰਬੰਧ ਕੇਵਲ ਹਿੰਦੂ ਧਰਮ ਦੀ ਦੇਣ ਹੈ ਅਤੇ ਕੇਵਲ ਹਿੰਦੂ ਸਮਾਜ ਵਿੱਚ ਹੀ ਪ੍ਰਚੱਲਤ ਹੈ। ਸਮਾਜਕ ਵਿਤਕਰੇ ਹਰ ਮਨੁੱਖੀ ਸਮੂਹ ਵਿੱਚ ਹੋਂਦ ਰੱਖਦੇ ਹਨ ਪਰ ਜਾਤ-ਪਾਤੀ ਪ੍ਰਬੰਧ ਨਹੀਂ ਅਖਵਾ ਸਕਦੇ।
ਅਜਿਹੇ ਵਿਚਾਰਾਂ ਨੂੰ ਪ੍ਰਚਾਰਨ ਅਤੇ ਸਿੱਖੀ ਉੱਤੇ ਹੋ ਰਹੇ ਬੌਧਿਕ ਹਮਲਿਆਂ ਨੂੰ ਨਜਿੱਠਣ ਲਈ ਇਹਨਾਂ ਮਾਣਯੋਗ ਬਜ਼ੁਰਗਾਂ ਨੇ ਇੰਸਟੀਚੀਊਟ ਔਵ ਸਿੱਖ ਸਟੱਡੀਜ਼ ਸਿਰਜੀ। ਏਸ ਸੰਸਥਾ ਨੇ ਨਾਨਕਸ਼ਾਹੀ ਕੈਲੰਡਰ ਬਣਵਾਇਆ ਅਤੇ ਲਾਗੂ ਕਰਵਾਇਆ। ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਅਤੇ ਬਚਿਤ੍ਰਨਾਟਕ ਦੀ ਅਸਲੀਅਤ ਬਾਰੇ ਪੰਥ ਨੂੰ ਜਾਣਕਾਰੀ ਦਿੱਤੀ। ਹੋਰ ਅਨੇਕਾਂ ਪੱਖਾਂ ਤੋਂ ਪੰਥ ਦੀ ਚੌਂਕੀਦਾਰੀ ਕੀਤੀ। ਆਖਰ ਭਾਜਪਾ ਦੀ ਪਹਿਲੀ ਸਰਕਾਰ ਬਣੀ ਤਾਂ ਅਚਾਨਕ ਇੰਸਟੀਚਿਊਟ ਦੇ ਅਜਿਹੇ ਕੰਮਾਂ ਨੂੰ ਠੱਲ੍ਹ ਪੈ ਗਈ ? ਹੁਣ ਤਾਂ ਪੁੱਠਾ ਗੇੜਾ ਹੀ ਦਿੱਤਾ ਜਾ ਚੁੱਕਾ ਹੈ।
ਰਾਜਵਿੰਦਰ ਸਿੰਘ ਰਾਹੀ ਨੇ ਜੱਟਾਂ ਵਿੱਚ ਜਾਤ-ਪਾਤ ਪ੍ਰਣਾਲੀ ਲਾਗੂ ਹੋਣ ਦਾ ਨਿਰਮੂਲ ਦਾਅਵਾ ਕੀਤਾ। ਕਈ ਹੋਰਾਂ ਨੇ ਏਸ ਦੀ ਹਾਂ ਵਿੱਚ ਹਾਂ ਮਿਲਾਈ। ਰਾਹੀ ਨੇ ਅਤੇ ਜਗਦੀਸ਼ ਸਿੰਘ ਵਰਗਿਆਂ ਨੇ ਤਾਂ ਹਵਾ ਵਿੱਚੋਂ ਸਬੂਤ ਫੜਣ ਦੀ ਕੋਸ਼ਿਸ਼ ਵੀ ਕੀਤੀ। ਸ਼ਾਇਦ ਇਹਨਾਂ ਭਾਈ ਗੁਰਦਾਸ ਨੂੰ ਧਿਆਨ ਨਾਲ ਪੜ੍ਹਿਆ ਨਹੀਂ। ਉਹ ਸਦੀਆਂ ਪਹਿਲਾਂ ਲਿੱਖ ਗਏ ਸਨ: “ਕੂੜੁ ਨ ਪਹੁੰਚੈ ਸਚ ਨੋ ਸਉ ਘਾੜਤ ਘੜੀਐ”। ਰਾਹੀ ਨੇ ਇਹ ਵੀ ਦਾਅਵਾ ਕੀਤਾ ਕਿ ਸਰਦਾਰ ਦਲਜੀਤ ਸਿੰਘ ਤੇ ਸਰਦਾਰ ਜਗਜੀਤ ਸਿੰਘ ਦੀ ਸਾਜੀ ਇੰਸਟੀਚਿਊਟ ਵੀ ਏਸ ਵਿਚਾਰ ਦੀ ਹਮਾਇਤ ਕਰਦੀ ਹੈ। ਸੰਸਥਾ ਦੇ ਪ੍ਰਧਾਨ ਨੂੰ ਨਾ ਤਾਂ ਸੰਸਥਾ ਦੇ ਹੋਂਦ ਵਿੱਚ ਆਉਣ ਦੇ ਇਤਿਹਾਸ ਦਾ ਪਤਾ ਹੈ ਤੇ ਨਾ ਏਸ ਦੇ ਮੁੱਢਲੇ ਸਰੋਕਾਰਾਂ ਦਾ। ਰਾਹੀ ਵੀ ਪੌੜੀ ਦੇ ਏਸੇ ਡੰਡੇ ਉੱਤੇ ਖੜ੍ਹਾ ਹੈ। ਅਜੋਕੀ ਸੰਸਥਾ ਤਾਂ ਕੇਵਲ ਇੰਸਟੀਚਿਊਟ ਦਾ ਮੂਰਾ ਹੈ, ਆਪਣੇ ਮੁੱਢ ਨੂੰ ਵਿਸਾਰ ਚੁੱਕੀ ਹੈ ਅਤੇ ‘ਕੂੜ ਦੀ ਪਾਲ’ ਨੂੰ ਤੋੜ ਨਹੀਂ ਸਕ ਰਹੀ।
ਖਵਾਜੇ ਵੱਲੋਂ ਡੱਡੂ ਦੀ ਗਵਾਹੀ ਪਾਉਣ ਨਾਲ ਬੌਧਿਕ ਮਸਲਾ ਹੱਲ ਨਹੀਂ ਹੋ ਸਕਦਾ। ਨਫ਼ਰਤ ਸਬੂਤ ਨਹੀਂ ਹੁੰਦੀ ? ਏਸ ਦੇ ਹੱਲ ਲਈ ਹੱਠ ਵੀ ਕੰਮ ਨਹੀਂ ਆ ਸਕਦਾ। ਸੱਚੇ ਪਾਤਸ਼ਾਹ ਅਜਿਹੇ ਸਭ ਮਸਲੇ ਹੱਲ ਕਰਨ ਦੀ ਅਚੂਕ ਕੁੰਜੀ ਸਾਨੂੰ ਦੇ ਰਹੇ ਹਨ: “ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ॥

ਲੇਖਕ : ਗੁਰਤੇਜ ਸਿੰਘ