Copyright & copy; 2019 ਪੰਜਾਬ ਟਾਈਮਜ਼, All Right Reserved
ਗੀਸਾ ਸਕੀਮੀਂ

ਗੀਸਾ ਸਕੀਮੀਂ

ਕਣਕ ਦੀ ਫ਼ਸਲ ਸਾਂਭਦਿਆਂ ਹੀ ਅਗਲੇ ਸਾਲ ਵਾਸਤੇ ਜ਼ਮੀਨਾਂ ਠੇਕੇ ‘ਤੇ ਲੈ ਕੇ ਵਾਹੁਣ ਲਈ ਪਿੰਡ ਦੇ ਲੋਕਾਂ ‘ਚ ਕਾਫੀ ਰੁਝਾਣ ਬਣਿਆ ਹੋਇਆ ਸੀ। ਨੰਬਰਦਾਰ ਗੁਰਦੇਵ ਸਿਉਂ ਦੀ ਜ਼ਮੀਨ ‘ਚ ਸਾਰੀਆਂ ਸਹੂਲਤਾਂ ਹੋਣ ਕਰਕੇ ਠੇਕੇ ਦੇ ਚੰਗੇ ਪੈਸੇ ਵਟਾ ਦਿੰਦੀ ਸੀ। ਨੰਬਰਦਾਰ ਜ਼ਮੀਨ ਵੀ ਓਸ ਬੰਦੇ ਨੂੰ ਹੀ ਦਿੰਦਾ ਸੀ ਜਿਹੜਾ ਉਸ ਨੂੰ ਠੇਕੇ ਦਾ ਵੱਧ ਤੋਂ ਵੱਧ ਮੁੱਲ ਦੇ ਦਿੰਦਾ ਕਿਉਂਕਿ ਨੰਬਰਦਾਰ ਪੈਸੇ ਦਾ ਲਾਲਚੀ ਸੀ ਤੇ ਚੰਗੇ ਗੁਜ਼ਾਰੇ ‘ਚ ਵੀ ਸੀ। ਨੰਬਰਦਾਰ ਦੀ ਜ਼ਮੀਨ ਚੰਦ ਕਾ ਬਿੱਲੂ ਤਿੰਨ ਚਾਰ ਸਾਲ ਤੋਂ ਠੇਕੇ ‘ਤੇ ਲੈ ਕੇ ਵਾਹ ਰਿਹਾ ਸੀ। ਬੰਤੇ ਚੌਧਰੀ ਕਾ ਗੀਸਾ, ਨੰਬਰਦਾਰ ਦੀ ਜਮੀਨ ਠੇਕੇ ‘ਤੇ ਵਾਹੁਣ ਵਾਸਤੇ ਲੈਣੀ ਚਾਹੁੰਦਾ ਸੀ ਪਰ ਗੀਸੇ ਦੀ ਆਈ ਚਲਾਈ ਹੀ ਮਸਾਂ ਚਲਦੀ ਸੀ ਜਿਸ ਕਰਕੇ ਉਸ ਕੋਲ ਨੰਬਰਦਾਰ ਨੂੰ ਪਹਿਲਾਂ ਦੇਣ ਲਈ ਪੈਸੇ ਨਹੀਂ ਸਨ। ਪਹਿਲਾਂ ਪੈਸਿਆਂ ਤੋਂ ਬਿਨਾਂ ਨੰਬਰਦਾਰ ਜ਼ਮੀਨ ‘ਚ ਪੈਰ ਨ੍ਹੀ ਸੀ ਕਿਸੇ ਨੂੰ ਧਰਨ ਦਿੰਦਾ।
ਟੈਂਪੂ ਦੀ ਉਡੀਕ ‘ਚ ਸ਼ਹਿਰ ਨੂੰ ਜਾਣ ਲਈ ਸੱਥ ਕੋਲ ਖੜ੍ਹੇ ਚੰਦ ਕੇ ਬਿੱਲੂ ਨੂੰ ਬਾਬੇ ਨਿਹਾਲ ਸਿਉਂ ਨੇ ਟਿੱਚਰੀ ਲਹਿਜੇ ‘ਚ ਪੁੱਛਿਆ,
”ਕਿਉਂ ਬਈ ਸ਼ੇਰਾ! ਰੱਖ ਲੀ ਐਤਕੀਂ ਫੇਰ ਗੁਰਦੇਵ ਸਿਉਂ ਨੰਬਰਦਾਰ ਆਲੀ ਜਮੀਨ?”
ਬਿੱਲੂ ਢਿੱਲਾ ਜਿਹਾ ਮੂੰਹ ਕਰਕੇ ਕਹਿੰਦਾ, ”ਬਣੀ ਨ੍ਹੀ ਗੱਲ ਬਾਬਾ ਐਤਕੀਂ।”
ਬਾਬਾ ਨੇ ਫੇਰ ਪੁੱਛਿਆ, ”ਕਿਉਂ! ਕੀ ਗੱਲ, ਭਾਅ ਭੂਅ ਨ੍ਹੀ ਬਣਿਆ ਕੁ ਆਪ ਕਰਨੀ ਐਂ ਉਨ੍ਹਾਂ ਨੇ?”
ਬਾਬੇ ਦੀ ਗੱਲ ਸੁਣ ਕੇ ਰਾਜੇ ਸਿੱਖਾਂ ਦੇ ਬਿੱਕਰ ਨੇ ਵੀ ਛੱਡੀ ਫਿਰ ਛੁਰਲੀ, ”ਆਪ ਕੌਣ ਐਂ ਨੰਬਰਦਾਰਾਂ ਦੇ ਖੇਤੀ ਕਰਨ ਆਲਾ? ਮੁੰਡੇ ਦੋਮੇਂ ਨੰਬਰਦਾਰ ਦੇ ਬਾਹਰ ਐ, ਨੰਬਰਦਾਰ ਤੋਂ ਖੇਤੀ ਹੋਣੀ ਨ੍ਹੀ। ਸੰਦ ਨ੍ਹੀ ਕੋਈ ਵਲੇਵਾਂ ਨ੍ਹੀ ਘਰੇ, ਆਪ ਕਿੱਥੋਂ ਬੀਜ ਲੂ ਦਾਖ ਮੜੱਕਾ।”
ਨੰਬਰਦਾਰ ਦੀ ਜ਼ਮੀਨ ਦੀ ਗੱਲ ਹੁੰਦੀ ਸੁਣ ਕੇ ਸੀਤਾ ਮਰਾਸੀ ਕਹਿੰਦਾ, ”ਨੰਬਰਦਾਰ ਆਲੀ ਜਮੀਨ ਦੇ ਤਾਂ ਐਤਕੀ ਬੰਤੇ ਚੌਧਰੀ ਕੇ ਗੀਸੇ ਨੇ ਕੱਢ ‘ਤੇ ਘੋਚਰੇ।”
ਬਾਬਾ ਗੱਲ ਸੁਣ ਕੇ ਕਹਿੰਦਾ, ”ਪੈਸਾ ਨਾ ਪੱਲੇ, ਅਕੇ ਬਜਾਰ ਖੜ੍ਹੀ ਹੱਲੇ। ਗੀਸੇ ਕੋਲ ਪੌਲੀ ਨ੍ਹੀ ਧੇਲੀ ਨ੍ਹੀ, ਉਹਨੂੰ ਕਿੱਥੋਂ ਦੇ ਦੂ ਨੰਬਰਦਾਰ ਮਰੱਬਾ?”
ਗੱਲ ਸੁਣੀ ਜਾਂਦੇ ਨਾਥੇ ਅਮਲੀ ਨੇ ਵੀ ਭਰਿਆ ਹੁੰਗਾਰਾ, ”ਠੀਕ ਐ ਬਾਬਾ ਸੀਤੇ ਮਰਾਸੀ ਦੀ ਵੀ ਗੱਲ। ਤੂੰ ਕਹਿਨੈਂ ਗੀਸੇ ਨੂੰ ਕਿੱਥੋਂ ਦੇ ‘ਤੀ ਜਮੀਨ, ਉਹਨੇ ਤਾਂ ਨਰਮਾਂ ਵੀ ਬੀਜ ਲਿਆ।”
ਬਾਬਾ ਕਹਿੰਦਾ, ”ਐਨੇ ਪੈਸੇ ਕਿੱਥੋਂ ਲਏ ਉਹਨੇ? ਕੁੱਕੜਾਂ ਦੇ ਆਂਡੇ ਵੇਚ ਵੇਚ ਤਾਂ ਗਜ਼ਾਰਾ ਕਰਦਾ, ਜਮੀਨ ਦੇ ਪੈਸੇ ਕਿੱਥੋਂ ਭਰ ਦੂ? ਥੱਬਾ ਨੋਟਾਂ ਦਾ ਬਣਦਾ ਨੰਬਰਦਾਰ ਆਲੀ ਜਮੀਨ ਦਾ।”
ਸੀਤਾ ਮਰਾਸੀ ਟਿੱਚਰ ‘ਚ ਬਾਬੇ ਨੂੰ ਕਹਿੰਦਾ, ”ਐਹੋ ਜੇ ਕਿਹੇ ਜੇ ਐ ਕੁੱਕੜ ਬਾਬਾ ਜਿਹੜੇ ਆਂਡੇ ਦਿੰਦੇ ਐ। ਕੁਕੜੀਆਂ ਤਾਂ ਆਂਡੇ ਦਿੰਦੀਆਂ ਸੁਣੀਆਂ, ਪਰ ਕੁੱਕੜ ਆਂਡੇ ਦਿੰਦੇ ਤੈਥੋਂ ਸੁਣੇ ਐਂ।”
ਨਾਥਾ ਅਮਲੀ ਕਹਿੰਦਾ, ”ਓ ਬਾਈ ਗੀਸੇ ਦੇ ਤਾਂ ਕੁੱਕੜ ਈ ਆਂਡੇ ਦਿੰਦੇ ਐ। ਬਾਹਰਲੀਆਂ ਕੁਕੜੀਆਂ ਜੀਆਂ ਲਿਆਇਆ, ਕੁੱਕੜਾਂ ਜਿੱਡੀਆਂ ਜਿੱਡੀਆਂ। ਉਨ੍ਹਾਂ ਨੂੰ ਕਹਿੰਦਾ ਬਾਬਾ ਬਈ ਕੁੱਕੜ ਐ।”
ਬਾਬੇ ਦੇ ਨਾਲ ਬੈਠੇ ਮਹਾਂ ਸਿਉਂ ਨੇ ਵੀ ਹੈਰਾਨੀ ਨਾਲ ਕਿਹਾ, ”ਯਾਰ ਐਨੇ ਪੈਸੇ ਲਿਆਇਆ ਫਿਰ ਕਿੱਥੋਂ ਗੀਸਾ? ਗੱਡਾ ਰਪੀਆਂ ਦਾ ਬਣਦਾ, ਪੱਲੇ ਧੇਲੀ ਨ੍ਹੀ। ਦੋ, ਦੋ ਤਿੰਨ ਤਿੰਨ ਰਪੀਆਂ ਦਾ ਤਾਂ ਸੌਦਾ ਪੱਤਾ ਲਿਆਉਂਦਾ ਜਨਕ ਦੀ ਹੱਟ ਤੋਂ, ਮੱਥਾ ਲਾਈ ਬੈਠਾ ਨੰਬਰਦਾਰ ਨਾਲ, ਸਮਝੋਂ ਬਾਹਰ ਐ ਗੱਲ।”
ਗੱਲਾਂ ਦੇ ਸੁਆਦ ਲਈ ਜਾਂਦੇ ਨਾਥੇ ਅਮਲੀ ਨੇ ਖੋਲ੍ਹੀ ਫਿਰ ਗੀਸੇ ਦੀ ਪੋਲ।
ਬਾਬੇ ਨਿਹਾਲ ਸਿਉਂ ਨੂੰ ਕਹਿੰਦਾ, ”ਮੈਂ ਦੱਸਦਾਂ ਬਾਬਾ ਤੈਨੂੰ ਗੀਸੇ ਦੇ ਤਿੱਖਪੁਣੇ ਦੀ ਗੱਲ, ਬਈ ਕਿਮੇਂ ਲਈ ਐ ਜਮੀਨ ਉਹਨੇ। ਪੈਸੇ ਹਜੇ ਵੀ ਨ੍ਹੀ ਦਿੱਤੇ। ਨਰਮਾਂ ਗੋਡੀ ਆਲਾ ਹੋ ਗਿਆ।”
ਬਾਬਾ ਕਹਿੰਦਾ, ”ਨੰਬਰਦਾਰ ਨੇ ਕਿਮੇਂ ਦੇ ‘ਤੀ ਯਾਰ ਜਮੀਨ ਬਿਨਾਂ ਪੈਸਿਆਂ ਤੋਂ?”
ਅਮਲੀ ਗੱਲ ਦੱਸਣ ਨੂੰ ਦੋਂਹ ਵਰਗਾ ਹੋ ਗਿਆ ਫਿਰ।
ਬਾਬੇ ਦੇ ਮੋਢੇ ‘ਤੇ ਹੱਥ ਮਾਰ ਕੇ ਕਹਿੰਦਾ, ”ਗੀਸੇ ਨੇ ਪੈਸੇ ‘ਕੱਠੇ ਕਰਕੇ ਇੱਕ ਬੱਝਿਆ ਵਿਆ ਸੌ ਦਾ ਨੋਟ ਲੈ ਲਿਆ। ਇੱਕ ਦਿਨ ਨੰਬਰਦਾਰ ਨੂੰ ਜਾ ਕੇ ਕਹਿੰਦਾ ‘ਨੰਬਰਦਾਰ ਸਾਹਿਬ! ਆਹ ਸੌ ਦਾ ਇੱਕ ਨੋਟ ਜਾ ਤਾਂ ਤੋੜ ਕੇ ਦਿਉ। ਨੰਬਰਦਾਰ ਨੇ ਭਾਈ ਨੋਟ ਤੋੜ ‘ਤਾ। ਗੀਸੇ ਨੇ ਉਹ ਟੁੱਟੇ ਪੈਸੇ ਗਾਹਾਂ ਕਿਸੇ ਹੋਰ ਨੂੰ ਦੇ ਕੇ ਉਹਤੋਂ ਸੌ ਦਾ ਬੱਝਿਆ ਨੋਟ ਫੇਰ ਲੈ ਲਿਆ। ਉਹ ਬੱਝਿਆ ਨੋਟ ਲੈ ਕੇ ਦੋ ਤਿੰਨਾਂ ਦਿਨਾਂ ਬਾਅਦ ਗੀਸਾ ਫੇਰ ਨੰਬਰਦਾਰ ਨੂੰ ਆ ਕੇ ਕਹਿੰਦਾ ‘ਆਹ ਇੱਕ ਹੋਰ ਨੋਟ ਤੋੜੀ ਨੰਬਰਦਾਰਾ’। ਨੰਬਰਦਾਰ ਨੇ ਫੇਰ ਤੋੜ ‘ਤਾ ਨੋਟ। ਗੀਸਾ ਮਹੀਨਾ ਡੇਢ ਮਹੀਨਾ ਇਉਂ ਕਰੀ ਗਿਆ। ਨੰਬਰਦਾਰ ਕੋਲੋਂ ਸੌ ਦਾ ਨੋਟ ਤੜਵਾ ਲਿਆ ਕਰੇ, ਬਾਹਰੋਂ ਜਾ ਕੇ ਉਨ੍ਹਾਂ ਪੈਸਿਆਂ ਦਾ ਫੇਰ ਬੱਝਿਆ ਨੋਟ ਲੈ ਕੇ ਨੰਬਰਦਾਰ ਤੋਂ ਤੜਵਾ ਲਿਆ ਕਰੇ। ਇੱਕ ਦਿਨ ਨੰਬਰਦਾਰ ਨੇ ਗੀਸੇ ਨੂੰ ਬਹਾ ਕੇ ਨਾਲੇ ਤਾਂ ਚਾਹ ਪਿਆਈ, ਨਾਲੇ ਕਿਤੇ ਪੁੱਛ ਬੈਠਾ। ਕਹਿੰਦਾ ‘ਗੀਸਿਆ! ਯਾਰ ਤੂੰ ਨਿੱਤ ਸੌ ਦਾ ਨੋਟ ਤੜਵਾ ਕੇ ਲਜਾਨੈਂ, ਐਨੇ ਕਿੱਥੇ ਖਰਚ ਕਰਦੈਂ’? ਗੀਸਾ ਕਹਿੰਦਾ ‘ਕੀ ਕਰੀਏ ਨੰਬਰਦਾਰਾ! ਕਬੀਲਦਾਰੀ ‘ਚ ਯਾਰ ਨਿੱਤ ਦਾ ਖਰਚਾ ਈ ਬੜਾ ਹੋ ਜਾਂਦਾ। ਨਾਲੇ ਜਦੋਂ ਲਛਮੀ ਨੇ ਘਰੇ ਚੰਗੀ ਮਾਇਆ ਦਿੱਤੀ ਐ, ਫੇਰ ਖੁੱਲ੍ਹ ਕੇ ਖਰਚਾ ਕਿਉਂ ਨਾ ਕਰੀਏ। ਚਾਰ ਦਿਨ ਦੀ ਜਿੰਦਗੀ ਐ ਸਾਰੀ। ਪੈਸੇ ਕਿਹੜਾ ਨਾਲ ਜਾਣੇ ਐਂ, ਖੁੱਲ੍ਹੇ ਖਰਚੋ। ਹੁਣ ਤਾਂ ਤੇਰੇ ਅਰਗੇ ਕਿਸੇ ਜੀਮੀਂਦਾਰ ਤੋਂ ਦੋ ਚਾਰ ਸਿਆੜ ਜਮੀਨ ਠੇਕੇ ‘ਤੇ ਲੈਨੇ ਆਂ, ਪੈਸੇ ਆਪਣੇ ਕੋਲ ਵੇਖ ਲਾ ਤੈਨੂੰ ਪਤਾ ਹੈਗੇ ਈ ਐ’। ਨੰਬਰਦਾਰ ਤਾਂ ਭਾਈ ਗੀਸੇ ਦੀਆਂ ਗੱਲਾਂ ‘ਚ ਆ ਗਿਆ। ਗੀਸੇ ਨੂੰ ਕਹਿੰਦਾ ‘ਫੇਰ ਤੂੰ ਈਂ ਵਾਹ ਲੈ ਆਪਣੇ ਆਲੀ ਜਮੀਨ’। ਗੀਸਾ ਇਹ ਕੰਮ ਭਾਲਦਾ ਈ ਸੀ। ਬੱਸ ਫੇਰ ਬਾਬਾ, ਚੜ੍ਹ ਗੀ ਗੱਡੀ ਲੀਹ ‘ਤੇ। ਨੰਬਰਦਾਰ ਨੇ ਗੀਸੇ ਨੂੰ ਜਮੀਨ ਸੌ ਦਾ ਨੋਟ ਵੇਖ ਕੇ ਈ ਦੇ ‘ਤੀ। ਉਹਨੇ ਸੋਚਿਆ ਬਈ ਇਹਦੇ ਕੋਲ ਪੈਸੇ ਬਹੁਤ ਲੱਗਦੇ ਐ। ਹੁਣ ਗੀਸੇ ਨੇ ਜਦੋਂ ਨਰਮਾਂ ਬੀਜ ਲਿਆ ਤਾਂ ਨੰਬਰਦਾਰ ਨੇ ਕਿਤੇ ਠੇਕੇ ਦੇ ਪੈਸੇ ਮੰਗੇ ਹੋਣੇਂ ਐਂ। ਗੀਸਾ ਕਹਿੰਦਾ ‘ਹਜੇ ਤਾਂ ਨੰਬਰਦਾਰਾ ਪੈਸਾ ਜਹਿਰ ਖਾਣ ਨੂੰ ਮਨ੍ਹੀ, ਨਰਮਾਂ ਤਾਂ ਆ ਲੈਣ ਦੇ, ਸਾਉਣੀ ‘ਚ ਪੈਸਾ ਪੈਸਾ ਦੇ ਦੂੰ’। ਨੰਬਰਦਾਰ ਗੀਸੇ ਨੂੰ ਕਹਿੰਦਾ ‘ਉਦੋਂ ਤਾਂ ਸੌ ਦਾ ਨੋਟ ਤੜਵਾ ਕੇ ਲੈ ਜਾਂਦਾ ਸੀ, ਹੁਣ ਕਿੱਧਰ ਗਏ ਓਏ ਪੈਸੇ’?”
ਬਾਬਾ ਕਹਿੰਦਾ, ”ਨੰਬਰਦਾਰ ਨੇ ਅਮਲੀਆ ਛੁੱਲਕਿਆ ਨ੍ਹੀ ਫਿਰ ਗੀਸੇ ਨੂੰ?”
ਅਮਲੀ ਬਾਬੇ ਨੂੰ ਭੱਜ ਕੇ ਪੈ ਗਿਆ, ”ਵਚਾਲਿਉਂ ਨਾ ਬਾਬਾ ਟੋਕਿਆ ਕਰ ਤੂੰ। ਸੁਣ ਵੀ ਲਿਆ ਕਰ, ਹਰੇਕ ਗੱਲ ਦੀ ਜੜ ਪੱਟ ਰੱਖ ਦਿੰਨੈ। ਜਦੋਂ ਨੰਬਰਦਾਰ ਨੇ ਗੀਸੇ ਨੂੰ ਸੌ ਦੇ ਨੋਟ ਤੜਾਉਣ ਆਲੀ ਗੱਲ ਪੁੱਛੀ ਤਾਂ ਗੀਸਾ ਕਹਿੰਦਾ ‘ਉਹੀ ਇੱਕੋ ਨੋਟ ਸੀ ਮੇਰੇ ਕੋਲ ਨੰਬਰਦਾਰਾ, ਜਿਹੜਾ ਤੈਥੋਂ ਤੜਵਾ ਲੈਂਦਾ ਸੀ, ਗਾਹਾਂ ਜਾ ਕੇ ਖਰਚਣ ਨੂੰ ਜੀਅ ਨ੍ਹੀ ਸੀ ਕਰਦਾ, ਕਿਸੇ ਹੋਰ ਤੋਂ ਫੇਰ ਬੱਝਿਆ ਨੋਟ ਲੈ ਲੈਂਦਾ ਸੀ। ਜਦੋਂ ਕਦੇ ਫੇਰ ਖਰਚ ਕਰਨ ਨੂੰ ਦਿਲ ਕਰਦਾ, ਫੇਰ ਫੇਰ ਤੈਥੋਂ ਤੜਵਾ ਲੈਂਦਾ ਸੀ। ਉਹੀ ਇੱਕੋ ਸੌ ਦਾ ਨੋਟ ਸੀ ਮੇਰੇ ਕੋਲ’। ਗੀਸੇ ਦੀ ਸਕੀਮ ਸੁਣ ਕੇ ਨੰਬਰਦਾਰ ਗੀਸੇ ਵੱਲ ਇਉਂ ਝਾਕੇ ਜਿਮੇਂ ਧੁੰਦ ‘ਚ ਗਧਾ ਝਾਕਦਾ ਹੁੰਦਾ।”
ਮਸ਼ੀਨ ਆਲਿਆਂ ਦਾ ਬਾਜੀ ਕਹਿੰਦਾ, ”ਸਕੀਮੀਆਂ ਦਾ ਗੁਆਂਢ ਐ ਗੀਸੇ ਦਾ। ਉਨ੍ਹਾਂ ਤੋਂ ਲਈ ਹੋਣੀ ਸਲਾਹ। ਸਕੀਮ ਘੜ੍ਹ ਕੇ ਜਮੀਨ ਲੈ ਗਿਆ। ਹੁਣ ਤਾਂ ਸਾਲ ਭਰ ਵਾਸਤੇ ਮੁੱਠੀ ਜਿੰਦਰੇ ਲੱਗ ਗੇ। ਕੁੰਜੀਆਂ ਲਹੌਰ ਉਠ ਗੀਆਂ।”
ਗੀਸੇ ਦੀ ਸਕੀਮ ਸੁਣ ਕੇ ਬਾਬਾ ਨਿਹਾਲ ਸਿਉਂ ਕਹਿੰਦਾ, ”ਸਕੀਮ ਦੀ ਗੱਲ ਸੁਣ ਲੋ ਗੀਸੇ ਦੀ। ਕੇਰਾਂ ਇਹ ਆਪਣੇ ਪਿੰਡ ਆਲੇ ਗੇਲੇ ਡਾਕਦਾਰ ਨਾਲ ਵੀ ਲੜ ਪਿਆ ਸੀ।”
ਸੀਤਾ ਮਰਾਸੀ ਕਹਿੰਦਾ, ”ਕਿਉਂ! ਸੂਆ ਗਲਤ ਲਾ ‘ਤਾ ਉਹਨੇ?”
ਬਾਬੇ ਨੇ ਅਮਲੀ ਨੂੰ ਫੇਰ ਮਾਰੀ ਸੈਨਤ, ”ਅਮਲੀਆ ਆਹ ਡਾਕਦਾਰ ਆਲੀ ਵੀ ਗੱਲ ਦੱਸੀਂ ਮਾੜੀ ਜੀ।”
ਨਾਥੇ ਅਮਲੀ ਨੇ ਫੇਰ ਚੱਕ ਲੀ ਢੱਡ।
ਕਹਿੰਦਾ, ”ਬਈ ਕੇਰਾਂ ਇਹਨੂੰ ਗੀਸੇ ਨੂੰ ਕਿਤੇ ਚੜ੍ਹ ਗਿਆ ਤਾਪ। ਇਹ ਗੇਲੇ ਡਾਕਦਾਰ ਕੋਲ ਤਾਪ ਦੀ ਦਾਰੂ ਲੈਣ ਉਠ ਗਿਆ। ਉਹ ਕਹਿੰਦਾ ‘ਸੂਆ ਲਾ ਦੀਏ’? ਇਹ ਕਹਿੰਦਾ ‘ਲਾ ਦੇ’। ਡਾਕਦਾਰ ਨੇ ਇਹਨੂੰ ਅੰਦਰ ਫੱਟੇ ਜੇ ‘ਤੇ ਪਾ ਲਿਆ। ਜਦੋਂ ਉਹ ਸੂਆ ਲਾਉਣ ਲੱਗਿਆ, ਇਹਨੇ ਤਾਂ ਭਾਈ ਮੋਟੀ ਸਾਰੀ ਸੂਈ ਵੇਖ ਕੇ ਛੱਡ ‘ਤੀਆਂ ਲੇਰਾਂ। ਜਿਹੜੇ ਹੋਰ ਮਰੀਜ ਬੈਠੇ ਸੀ ਉਨ੍ਹਾਂ ਨੇ ਸੋਚਿਆ ਬਈ ਸੂਏ ਦੀ ਪੀੜ ਮੰਨ ਗਿਆ ਲੱਗਦੈ। ਇਹਨੇ ਤਾਂ ਸੂਆ ਈ ਨਾ ਲੁਆਇਆ। ਡਾਕਦਾਰ ਨੇ ਬਾਹਰ ਆ ਕੇ ਪੈਸੇ ਮੰਗ ਲੇ। ਇਹ ਕਹੇ ਸੂਆ ਤਾਂ ਤੂੰ ਲਾਇਆ ਨ੍ਹੀ, ਪੈਸੇ ਕਾਹਦੇ? ਡਾਕਦਾਰ ਕਹੇ ਸੀਸੀ ‘ਚੋਂ ਨਿੱਕਲੀ ਮੇਰੀ ਦੁਆਈ ਖਰਾਬ ਹੋ ਗੀ, ਮੇਰੇ ਪੈਸੇ ਕੱਢ। ਜਿਨ੍ਹਾਂ ਨੇ ਇਹਦਾ ਰੌਲਾ ਸੁਣਿਐਂ, ਉਹ ਕਹਿੰਦੇ ‘ਰੌਲਾ ਤਾਂ ਤੇਰਾ ਸੂਏ ਦੀ ਪੀੜ ਆਲਾ ਈ ਸੀ, ਪੈਸੇ ਦੇਣੇ ਨਾ ਦੇਣੇ ਤੇਰੀ ਮਰਜੀ ਐ ਭਾਈ। ਇਹ ਡਾਕਦਾਰ ਨਾਲ ਪੈਸੇ ਦੇਣ ਪਿੱਛੇ ਜੁੱਤੋ ਜੁੱਤੀ। ਆਪ ਤਾਂ ਇਹਨੇ ਪੈਸੇ ਕਾਹਦੇ ਦੇਣੇ ਸੀ ਬਾਬਾ, ਸਗੋਂ ਦੋ ਤਿੰਨ ਮਰੀਜ ਈ ਭਜਾ ‘ਤੇ। ਉਹ ਕਹਿੰਦੇ ‘ਡਾਕਟਰ ਸੂਆ ਤਾਂ ਲਾਉਂਦਾ ਨ੍ਹੀ, ਪੈਸੇ ਐਮੇਂ ਈ ਮੰਗ ਲੈਂਦਾ’।”
ਬਾਬਾ ਕਹਿੰਦਾ, ”ਇਹਦਾ ਮਤਲਬ ਪੱਲੇ ਤਾਂ ਇਹਦੇ ਕੁਸ ਵੀ ਨ੍ਹੀ ਫਿਰ। ਕਹਾਉਂਦਾ ਆਵਦੇ ਆਪ ਨੂੰ ਨਾਹਡੂ ਖਾਂ ਇਹ ਹੈਂਅ।”
ਅਮਲੀ ਫੇਰ ਚੜ੍ਹ ਗਿਆ ਟੀਸੀ ‘ਤੇ।
ਕਹਿੰਦਾ, ”ਪੱਲੇ ਇਹਦੇ ਕੀ ਛੁਣਛਣਾ ਹੋਣੈਂ। ਬਦਾਮਾਂ ਆਲੇ ਲਫਾਫੇ ‘ਚ ਪਕੌੜੀਆਂ ਆਲੀ ਗੱਲ ਐ।”
ਗੱਲ ਸੁਣ ਕੇ ਸੱਥ ‘ਚ ਬੈਠਾ ਨੱਥਾ ਸਿਉਂ ਹੈਡਮਾਸਟਰ ਕਹਿੰਦਾ, ”ਹੋਰ ਸੁਣ ਲੋ ਗੀਸੇ ਦੀ ਇੱਕ ਗੱਲ। ਆਹ ਮਾਈ ਰੇਲੋ ਦੇ ਮੁੰਡੇ ਦੇ ਮੰਗਣੇ ਵੇਲੇ ਮੁੰਡੇ ਦੇ ਫੁੱਫੜ ਨੇ ਕਿਤੇ ਫੋਟੋਗਰਾਫਰ ਵੱਲ ਹੱਥ ਕਰਕੇ ਕਹਿ ‘ਤਾ ‘ਬਈ ਸਿਆਣੇ ਸਿਆਣੇ ਬੰਦੇ ਫੋਟੋ ਖਚਾ ਲੋ ਉੱਠ ਕੇ। ਉਹਦਾ ਤਾਂ ਮਤਲਬ ਸਿਆਣੇ ਸਿਆਣੇ ਬੰਦਿਆਂ ਤੋਂ ਸੀ ਬਈ ਐਮੇਂ ਜੁਆਕ ਨਾ ਬਹੁਤੇ ਖੜ੍ਹ ਜਾਣ ਵਿੱਚ, ਇਹ ਪਤੰਦਰ ਸਾਰਿਆਂ ਤੋਂ ਪਹਿਲਾਂ ਈ ਉਠ ਕੇ ਖੜ੍ਹ ਗਿਆ। ਫੁੱਫੜ ਹਜੇ ਬੈਠਾ ਈ ਸੀ।”
ਨਾਥਾ ਅਮਲੀ ਬਾਬੇ ਦੇ ਗੋਡੇ ‘ਤੇ ਹੱਥ ਮਾਰ ਕੇ ਬੋਲਿਆ ”ਸੁਣ ਲੀ ਬਾਬਾ ਮਾਹਟਰ ਦੀ ਗੱਲ? ਵੇਖ ਲੈ ਵੱਡਾ ਸਿਆਣਾ।”
ਵਣਜਾਰਾ ਛੜਾ ਕਹਿੰਦਾ, ”ਬਾਕੀ ਤਾਂ ਸਾਰੇ ਹਜੇ ਬੈਠੇ ਈ ਸੀ, ਇਹ ‘ਕੱਲਾ ਈ ਮੰਗਣੇ ‘ਤੇ ਖੜ੍ਹਾ ਇਉਂ ਲੱਗੇ ਜਿਮੇਂ ਤੋਰੀਏ ‘ਚ ਡਰਨਾ ਗੱਡਿਆ ਹੁੰਦਾ। ਬਾਬੇ ਪਾਖਰ ਸਿਉਂ ਨੇ ਕਿਹਾ ਫਿਰ ਦਬਕਾ ਮਾਰ ਕੇ। ਕਹਿੰਦਾ ‘ਬਹਿ ਜਾ ਓਏ, ਵੱਡਾ ਸਿਆਣਾ ਆਇਆ ਇਹੇ। ਸਾਲਾ ਕਾਂਗਿਆਰੀ ਜਾ ਨਾ ਹੋਵੇ ਤਾਂ।”
ਸੀਤਾ ਮਰਾਸੀ ਕਹਿੰਦਾ, ”ਫੇਰ ਤਾਂ ਭਮੀਰੀ ਬਣ ਗਿਆ ਹੋਣੈ ਬਾਬੇ ਦਾ ਦਬਕਾ ਸੁਣ ਕੇ।”
ਅਮਲੀ ਨੇ ਵੀ ਛੱਡਿਆ ਫਿਰ ਤੀਰ।
ਕਹਿੰਦਾ, ”ਦਬਕੇ ਤੋਂ ਡਰਦਾ ਨ੍ਹੀ ਭੱਜਿਆ, ਸਿਆਣਾ ਕਰਕੇ ਟਲ ਗਿਆ, ਨਹੀਂ ਤਾਂ ਕੁੱਟ ਖਾ ਕੇ ਨਿੱਕਲਦਾ। ਤਾਹੀਉਂ ਤਾਂ ਖੜ੍ਹਾ ਹੋਇਆ ਸੀ ਸਿਆਣਾ ਕਰਕੇ। ਤੁਸੀਂ ਉਹਦੀ ਗੱਲ ਈ ਨ੍ਹੀ ਸਮਝੇ।”
ਅਮਲੀ ਦੇ ਜੋਕ ਤੋਂ ਸਾਰੇ ਉੱਚੀ ਉੱਚੀ ਹੱਸ ਪਏ।
ਏਨੇ ਨੂੰ ਸੰਤੋਖੇ ਕਾ ਬੀਰਾ ਸੱਥ ‘ਚ ਆ ਕੇ ਕਹਿੰਦਾ, ”ਗੀਸੇ ਨੇ ਜਿਹੜਾ ਗੁਰਦੇਵ ਸਿਉਂ ਨੰਬਰਦਾਰ ਦੀ ਨਿਆਈਂ ਆਲੀ ਜਮੀਨ ‘ਚ ਨਰਮਾ ਬੀਜਿਆ ਸੀ, ਉਹ ਨੰਬਰਦਾਰ ਵਾਹੀ ਜਾਂਦੇ ਐ।” ਬੀਰੇ ਦੀ ਗੱਲ ਸੁਣ ਕੇ ਬਜ਼ੁਰਗਾਂ ਨੂੰ ਛੱਡ ਕੇ ਸਾਰੇ ਸੱਥ ਵਾਲੇ ਨੰਬਰਦਾਰਾਂ ਦੀ ਨਿਆਈਂ ਵਾਲੀ ਜਮੀਨ ਵੱਲ ਨੂੰ ਚੱਲ ਪਏ।
-ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’,
604-751-1113