Copyright & copy; 2019 ਪੰਜਾਬ ਟਾਈਮਜ਼, All Right Reserved
ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ॥

ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ॥

ਸਿੱਖਾਂ ਨੂੰ, ਪੰਜਾਬ ਨੂੰ ਨਸੀਹਤਾਂ ਦੇਣ ਵਾਲਿਆਂ (ਨਾਸਹ) ਦੀ ਕਦੇ ਘਾਟ ਨਹੀਂ ਰਹੀ। ਅਜੇ ਕੱਲ੍ਹ ਹੀ ਇੱਕ ਬੜੇ ਦਿਆਨਤਦਾਰ ਬਜ਼ੁਰਗ ਸਨ ਜਿਹੜੇ ਅੰਮ੍ਰਿਤ ਵੇਲਾ ਸੰਭਾਲਣ ਦੇ ਸੰਕਲਪ ਨੂੰ ਬੜੇ ਜੋਸ਼ ਨਾਲ ਪ੍ਰਚਾਰਦੇ ਸਨ ਕਿ ਜੇ ਸਿੱਖ ਕੌਮ ਨੇ ਅੰਮ੍ਰਿਤ ਵੇਲੇ ਭਜਨ-ਪਾਠ ਕੀਤਾ ਹੁੰਦਾ ਤਾਂ ਕਦੇ ਚੁਰਾਸੀ ਨਾ ਸੀ ਵਾਪਰਨੀ ਅਤੇ ਸਦਾ ਸਿਆਸੀ ਚੜ੍ਹਤ ਰਹਿਣੀ ਸੀ। ਏਸ ਨਾਲ ਮਿਲਦੇ ਵਿਚਾਰ ਸਨ ਜਸਵੰਤ ਸਿੰਘ ਨੇਕੀ ਦੇ। ਧਾਰਮਕ ਲੋਕ ਕਦੇ ਵੀ ਆਪਣੇ ਪੱਖੀ ਲੋਕਾਂ ਦੇ, ਮਰਯਾਦਾ, ਸ਼ਰ੍ਹਾ, ਕਰਮਕਾਂਡ ਸਬੰਧੀ, ਕਰਤਬ ਨੂੰ ਮਿਆਰੀ ਨਹੀਂ ਸਮਝਦੇ ਕਿਉਂਕਿ ਮਨੁੱਖੀ ਫ਼ਿਤਰਤ ਪਾਬੰਦੀਆਂ ਨੂੰ ਇੰਨ-ਬਿੰਨ ਮਨਜ਼ੂਰ ਨਹੀਂ ਕਰਦੀ। ਇਤਿਹਾਸ ਵਿੱਚ ਸਮੇਂ ਨਾਲ ਹਰ ਮਜ਼੍ਹਬ ਅਤੇ ਕੌਮ ਦੀ ਪਹਿਲ-ਤਾਜ਼ਗੀ ਦਾ ਜਲੌਅ ਘਟ ਜਾਇਆ ਕਰਦਾ ਹੈ। ਜਦ ਇਸਲਾਮ ਅਨੇਕਾਂ ਮੁਲਕਾਂ ਉੱਤੇ ਰਾਜ ਕਰ ਰਿਹਾ ਸੀ ਤਦ ਵੀ ਬਾਬਾ ਫ਼ਰੀਦ ਫ਼ੁਰਮਾ ਰਹੇ ਸਨ: “ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ॥ ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ॥” ਮੈਂ ਇੱਕ ਵਾਰ ਨੇਕੀ ਅਤੇ ਦਿਲਾਵਰੀ ਜੀ ਨੂੰ ਪੁੱਛਿਆ ਸੀ ਕਿ ਇਹ ਦਰੁਸਤ ਹੈ ਕਿ ਸਿੱਖ ਧਰਮ-ਕਰਮ ਵਿੱਚ ਪ੍ਰਪੱਕ ਨਹੀਂ ਪਰ ਕੀ ਏਸੇ ਕਾਰਣ ਹੀ ਸੱਤਾ ਤੋਂ ਬਾਹਰ ਹਨ! ਆਲੇ-ਦੁਆਲੇ ਸਾਡੇ ਦੋਨੋਂ ਮੁਸਲਮਾਨ ਅਤੇ ਹਿੰਦੂ ਗਵਾਂਢੀ ਵੀ ਆਪਣੇ-ਆਪਣੇ ਧਰਮ ਤੋਂ ਬਹੁਤ ਦੂਰ ਹਨ ਪਰ ਫੇਰ ਵੀ ਰਾਜ ਕਰ ਰਹੇ ਹਨ। ਅਸੀਂ ਤੁਹਾਡੇ ਕਹੇ ਆਪਣੇ-ਆਪ ਨੂੰ ਗੁਨਾਹਗਾਰ ਸਮਝ ਕੇ ਖ਼ੁਦਮੁਖਤਿਆਰੀ ਦਾ ਸੁਪਨਾ ਤਜ ਦਿੰਦੇ ਹਾਂ। ਹੁਣ ਦੱਸੋ ਕਿ ਅਸੀਂ ਦੋਨਾਂ ਗਵਾਂਢੀਆਂ ਵਿੱਚੋਂ ਕਿਸ ਨੂੰ ਆਪਣੇ ਉੱਤੇ ਰਾਜ ਕਰਨ ਦੀ ਬੇਨਤੀ ਕਰੀਏ?
ਅੱਜ-ਕੱਲ੍ਹ ਦੇ ਨਾਸਹ ਦੀ ਸਾਂਝੀ ਨਸੀਹਤ ਹੈ ਕਿ ਸਿੱਖਾਂ ਦੇ ਕਤਲੇਆਮ ਹੋ ਰਹੇ ਹਨ, ਪੰਜਾਬ ਨੂੰ ਲੁੱਟਿਆ, ਮਧੋਲਿਆ ਜਾ ਰਿਹਾ ਹੈ ਅਤੇ ਏਸ ਦਾ ਇੱਕੋ-ਇੱਕ ਕਾਰਣ ਹੈ ਕਿ ਜੱਟਾਂ ਵਿੱਚ ਹਿੰਦੂਆਂ ਵਾਂਗ ਹੀ ਜਾਤ-ਪਾਤੀ ਪ੍ਰਬੰਧ ਘਰ ਕਰ ਗਿਆ ਹੈ; ਜੇ ਜੱਟ ਆਪਣੀ ਹੈਂਕੜ ਤਿਆਗ ਕੇ ਦਲਿਤਾਂ ਨੂੰ ਅਭੇਦ ਕਰ ਲੈਣ, ਰੋਟੀ-ਬੇਟੀ ਦੀ ਸਾਂਝ ਕਰ ਲੈਣ ਤਾਂ ਇਹਨਾਂ ਨੂੰ ਤੁਰੰਤ ਨਿਆਂ ਮਿਲ ਸਕਦਾ ਹੈ; ਦਲਿਤਾਂ ਨਾਲ ਏਕਤਾ ਨਾ ਹੋਣ ਕਾਰਣ ਹੀ ਇਹ ਅਸਹਿ ਅਤੇ ਅਕਹਿ ਦੁੱਖ ਸਹਿ ਰਹੇ ਹਨ। ਇਹ ਨਸੀਹਤਾਂ ਦੇਣ ਵਾਲੇ ਜ਼ਿਆਦਾ ਦਲਿਤ ਹੀ ਹਨ।
ਦਲਿਤ ਵਿਦਵਾਨਾਂ ਦਾ ਇਹ ਵੀ ਆਖਣਾ ਹੈ ਕਿ ਅਖ਼ੌਤੀ ਉੱਚ ਜਾਤਾਂ ਵਾਲੇ ਤਾਂ ਕੇਵਲ 20 ਪ੍ਰਤੀ ਸੌ ਹੀ ਹਨ ਬਾਕੀ 80 ਪ੍ਰਤੀ ਸੌ ਅਬਾਦੀ ਮੂਲ ਨਿਵਾਸੀਆਂ ਜਾਂ ਦਲਿਤਾਂ ਦੀ ਹੈ। ਏਨੀ ਵੱਡੀ ਅਬਾਦੀ ਵਾਲੇ ਘੱਟੋ-ਘੱਟ ਪੰਜ ਹਜ਼ਾਰ ਸਾਲ ਤੋਂ ਕੁੱਟੇ, ਮਾਰੇ, ਨਿਚੋੜੀਦੇ ਚੱਲੇ ਆ ਰਹੇ ਹਨ। ਇਹਨਾਂ ਨੇ ਸਿਰਫ਼ ਰੋਟੀ-ਬੇਟੀ ਦੀ ਸਾਂਝ ਪਾ ਕੇ, ਆਪਣੇ-ਆਪ ਨੂੰ ਇਨਸਾਨ ਤਸੱਵਰ ਕਰ ਕੇ, ਵਿਰੋਧੀਆਂ ਦੇ ਠੋਸੇ ‘ਨੀਚ’ ਰੁਤਬੇ ਨੂੰ ਵਗਾਹ ਕੇ ਮਾਰਨਾ ਹੈ। ਜੱਟਾਂ ਨੂੰ ਸਲਾਹਾਂ ਦੇਣ ਵਾਲੇ ਵੱਡੇ ਬੁੱਧੀਜੀਵੀ ਦਲਿਤਾਂ ਨੂੰ ਇਹ ਸਲਾਹਾਂ ਕਿਉਂ ਨਹੀਂ ਦੇ ਸਕ ਰਹੇ?
ਮਨੂ ਸਿਮ੍ਰਤੀ ਅਨੁਸਾਰ ਜੱਟ ਵੀ ਸ਼ੂਦਰ ਹਨ। 1699 ਨੂੰ 16 /17 ਹੋਰ ਆਪਣੇ ਵਰਗਿਆਂ ਨਾਲ ਉਹਨਾਂ ਨੇ ਅੰਮ੍ਰਿਤ ਦੇ ਬਾਟੇ ਵਿੱਚ ਓਹ ਇਸ਼ਨਾਨ ਕੀਤਾ ਜਿਸ ਦੀ ਬਦੌਲਤ ਉਹ ਪਰਮਹੰਸ ਬਣੇ ਅਤੇ ਅੱਜ ਕਿਸੇ ਬ੍ਰਾਹਮਣੀ ਵਿਚਾਰਧਾਰਾ ਨੂੰ ਮੱਥੇ ਲਾਉਣਾ ਵੀ ਪਾਪ ਸਮਝਦੇ ਹਨ। ਇਹਨਾਂ ਨੇ ਅੰਮ੍ਰਿਤਪਾਨ ਵਿਧੀ ਰਾਹੀਂ ਆਪਣੇ-ਆਪ ਨੂੰ ਆਪਣੀਆਂ ਜੁੱਤੀਆਂ ਦੀਆਂ ਨੋਕਾਂ ਤੋਂ ਫੜ ਕੇ ਉੱਚਾ ਕੀਤਾ ਹੈ। ਗੁਰੂ-ਹੁਕਮ ਨਾਲ ਸੈਂਕੜੇ ਇਖਲਾਕੀ ਅਤੇ ਅਧਿਆਤਮਕ ‘ਰਤਨ ਜਵਾਹਰ ਮਾਣਕ’ ਨੂੰ ਆਪਣੀ ‘ਮਤਿ’ ਦਾ ਸ਼ਿੰਗਾਰ ਬਣਾਇਆ ਹੈ। ਏਸ ਸਦਕਾ ਸਿੱਖ ਹਰ ਮੁਲਕ ਵਿੱਚ ਆਪਣੇ ਪਰਉਪਕਾਰੀ ਸਤਿਗੁਰੂ ਦਾ ਫ਼ਰਜ਼ ਨਿਭਾ ਕੇ ਲੋਕ-ਮਨਾਂ ਵਿੱਚ ਸਤਿਕਾਰ ਪਾ ਰਿਹਾ ਹੈ।
ਕਿਤੇ ਅੱਗਾਂ ਲੱਗਣ, ਕਿਤੇ ਵਬਾ ਦਾ ਕਹਿਰ ਹੋਵੇ, ਕਿਤੇ ਬੇਸਹਾਰਾ ਭੁੱਖੇ ਹੋਣ । ਹਰ ਜਗ੍ਹਾ ਸਿੱਖ ਸੇਵਾ ਦੇ ਮੈਦਾਨ ਵਿੱਚ ਉੱਤਰਦਾ ਹੈ। ਕੈਨੇਡਾ ਵਿੱਚ ਨਸਲਵਾਦ ਵਿਰੁੱਧ ਡਟਣ ਵਾਲੇ ਸਭ ਤੋਂ ਪਹਿਲੇ ਮਨੁੱਖ ਸਿੱਖ ਸਨ। ਇੰਗਲੈਂਡ ਵਿੱਚ ਔਰਤ ਵੋਟ-ਅਧਿਕਾਰ ਦੀ ਵੱਡੀ ਅਲੰਬਰਦਾਰ ਰਣਜੀਤ ਸਿੰਘ ਦੀ ਪੋਤਰੀ ਸੋਫ਼ੀਆ ਸੀ। ਕੈਨੀਆ, ਮਲੇਸ਼ੀਆ ਦੀ ਆਜ਼ਾਦੀ ਦੀ ਲੜਾਈ ਵਿੱਚ ਸਿੱਖ-ਤਿਲ-ਫੁੱਲ ਵੀ ਸ਼ਾਮਲ ਹੈ। ਪਤਾ ਨਹੀਂ ਬਸਤੀਵਾਦ ਦੀ ਮਜਬੂਰੀ ਵਿੱਚ ਖੱਟੀ ਬਦਨਾਮੀ ਹੀ ਕਿਉਂ ਨਾਸਹ ਨੂੰ ਯਾਦ ਹੈ। 1857 ਦਾ ਮਿਹਣਾ ਵੀ ਏਹੋ ਦਲਿਤਾਂ ਦੇ ਨਕਲੀ ਹਮਦਰਦਾਂ ਨੂੰ ਹੀ ਸੁੱਝਦਾ ਹੈ ਪਰ ਹਿੰਦ ਵਿੱਚੋਂ ਬਸਤੀਵਾਦ ਸਮੇਟਣ ਦਾ ਸਿਹਰਾ ਇਹ ਗੁੱਝੇ ਕਾਰਣ ਸਿੱਖਾਂ ਸਿਰ ਨਹੀਂ ਬੰਨ੍ਹਦੇ। ਰਣਜੀਤ ਸਿੰਘ ਦੇ ਹਿੰਦੁਸਤਾਨ ਦੀਆਂ ਸਾਰੀਆਂ ਰਿਆਸਤਾਂ ਨੂੰ ਦਿੱਤੇ ‘ਅੰਗ੍ਰੇਜ਼ੀ ਬਿੱਲੇ ਨੂੰ ਪੂਛੋਂ ਫੜ ਕੇ ਸਮੁੰਦਰੋਂ ਪਾਰ ਵਗਾਹ ਮਾਰਨ’ ਦੇ ਸੱਦੇ ਨੂੰ ਇਹ ਮਿਹਣਾ-ਮਾਰ ਉੱਕਾ ਵਿਸਾਰ ਦਿੰਦੇ ਹਨ। ਪ੍ਰਾਪਤ ਕਰਨ ਵਾਲੇ ਸਾਰਿਆਂ ਨੇ ਉਹ ਗੁਪਤ ਚਿੱਠੀ ਅੰਗ੍ਰੇਜ਼ ਨੂੰ, ਵਫ਼ਾਦਾਰੀ ਦੇ ਸਬੂਤ ਵਜੋਂ, ਪੇਸ਼ ਕਰ ਕੇ ਆਪਣੇ ਮੁਲਕ ਨਾਲ ਜੋ ਧ੍ਰੋਹ ਕਮਾਇਆ ਉਹ ਇਹਨਾਂ ਦੇ ਚਿੱਤ-ਚੇਤੇ ਕਿਉਂ ਨਹੀਂ?
ਸਿੱਖਾਂ ਨੂੰ ਬਖ਼ੂਬੀ ਯਾਦ ਹੈ ਕਿ ਦੁਸ਼ਮਣ ਦੀ ਚੁੱਕ ਵਿੱਚ ਆ ਕੇ ਕੌਣ ਝੱਟ ਸਿੱਖਾਂ ਦੇ ਕਤਲੇਆਮ ਲਈ ਕਸਾਈਆਂ ਦੇ ਪਰਸੇ ਚੁੱਕ ਲੈਂਦੇ ਹਨ। ਪਰ ਉਹ ਚੁੱਕ ਵਿੱਚ ਆਇਆਂ ਦੀ ਨਹੀਂ, ਪਰਦੇ ਪਿੱਛੇ ਬੈਠੇ ਦੁਸ਼ਮਣ ਦੀ ਹੀ ਨਿਸ਼ਾਨਦੇਹੀ ਕਰਦੇ ਹਨ। ਦਲਿਤਾਂ ਦਾ ਮਸੀਹਾ ਬਣਨਾ ਲੋਚਦੇ ਸੱਚੇ- ਝੂਠੇ ਸੁਹਿਰਦ ਲੋਕਾਂ ਨੂੰ ਅਜੇ ਬਿਬੇਕ ਅਤੇ ਠਰ੍ਹੰਮੇ ਨਾਲ ਇਤਿਹਾਸ ਦਾ ਮੁਲਾਂਕਣ ਕਰਨ ਦੀ ਲੋੜ ਹੈ।
ਦਿਆਨਤਦਾਰੀ ਨਾਲ ਸਮਝਣਾ ਚਾਹੀਦਾ ਹੈ ਕਿ ਦਲਿਤਾਂ ਨੂੰ ਆਤਮਕ ਉੱਨਤੀ ਅਤੇ ਉੱਚਾ ਸੰਸਾਰੀ ਰੁਤਬਾ ਹਾਸਲ ਕਰਨ ਲਈ ਕੀ ਕਰਨ ਦੀ ਲੋੜ ਹੈ। ਇਹ ਉਹਨਾਂ ਦਾ ਆਪਣਾ ਮਸਲਾ ਹੈ। ਜੱਟਾਂ ਨੂੰ ਭੰਡਣ ਅਤੇ ਆਪਣੀ ਹੋਣੀ ਲਈ ਦੋਸ਼ ਦੇਣ ਨਾਲ ਕੁਝ ਨਹੀਂ ਬਣਨਾ। ਜੇ ਸਿੱਖੀ ਤੋਂ ਬਿਹਤਰ ਕੋਈ ਤਰੀਕਾ ਹੈ ਤਾਂ ਦਿਆਨਤਦਾਰੀ ਨਾਲ ਦਲਿਤਾਂ ਨੂੰ ਸਮਝਾਉ। ਸਾਰਾ ਸਿੱਖ ਪੰਥ ਏਸ ਵਰਗ ਨੂੰ ਮਨੁੱਖੀ ਪੱਧਰ ਉੱਤੇ ਸਭ ਨਾਲ ਬਰਾਬਰੀ ਦੇ ਛਤਰ ਹੇਠ ਵੇਖਣ ਦਾ ਚਾਹਵਾਨ ਹੈ। ਮੰਜ਼ਿਲ ਇਹ ਹੋਵੇ, ਰਾਹ ਕੋਈ ਵੀ। ਈਰਖਾ, ਨਫ਼ਰਤ ਦੇ ਆਧਾਰ ਉੱਤੇ ਝੂਠੇ ਬਿਰਤਾਂਤ ਘੜਨਾ ਜਾਤ-ਪਾਤ ਦੇ ਕੋਹੜ ਦੀ ਅਲਾਮਤ ਹੈ ਨਾ ਕਿ ਸੁਹਿਰਦ ਬੁੱਧੀਜੀਵੀਆਂ ਦਾ ਕਰਮ। ਇਹ ਰਾਹ ਤਾਂ ਜਾਤ-ਪਾਤ ਪ੍ਰਣਾਲੀ ਨੂੰ ਪ੍ਰਪੱਕ ਕਰਨ ਦੀ ਮੰਜ਼ਿਲ ਦਾ ਹੈ। ਆਉ ਸਾਰੇ ਰਲ-ਮਿਲ ਕੇ ਸਰਬੱਤ ਦੇ ਭਲੇ ਦੀ ਸੱਚੇ ਮਨੋਂ ਅਰਦਾਸ ਕਰੀਏ!

ਲੇਖਕ : ਗੁਰਤੇਜ ਸਿੰਘ