Copyright & copy; 2019 ਪੰਜਾਬ ਟਾਈਮਜ਼, All Right Reserved
ਮਿੱਟੀ ਦੇ ਪੁੱਤਰੋ”

ਮਿੱਟੀ ਦੇ ਪੁੱਤਰੋ”

ਡਾ. ਗੁਰਨਾਮ ਕੌਰ, ਕੈਨੇਡਾ

ਆਪਣੇ ਹੱਕਾਂ ਦੇ ਹੋ ਰਹੇ ਘਾਣ ਨੂੰ ਲੈ ਕੇ ਕਿਸਾਨਾਂ ਵੱਲੋਂ ਸਮੇਂ ਸਮੇਂ ਮੋਰਚੇ ਲਾਏ ਜਾਂਦੇ ਰਹੇ ਹਨ। ਬਾਦਲ ਅਕਾਲੀ ਦਲ ਦੀ ਪਿਛਲੀ ਸਰਕਾਰ ਵੇਲੇ ਵੀ ਕਿਸਾਨਾਂ ਵੱਲੋਂ ਮੋਰਚਾ ਚੱਲ ਰਿਹਾ ਸੀ, ਜਿਸ ਵਿਚ ਰੇਲਾਂ ਨੂੰ ਰੋਕਣਾ ਵੀ ਸ਼ਾਮਲ ਸੀ। ਉਦੋਂ ਅਕਾਲੀ ਦਲ (ਬਾਦਲ) ਦੀ ਭਾਜਪਾ ਨਾਲ ਕੇਂਦਰ ਅਤੇ ਸੂਬਾ-ਦੋਹਾਂ ਥਧਵਾਂ ‘ਤੇ ਸਰਕਾਰ ਵਿਚ ਸਾਂਝ-ਭਿਆਲੀ ਸੀ ਅਤੇ ਇਸ ਸੰਘਰਸ਼ ਨੂੰ ਰੋਕਣ ਲਈ ਹੀ, ਕਿਸਾਨਾਂ ਦਾ ਧਿਆਨ ਹੋਰ ਪਾਸੇ ਲਾਉਣ ਲਈ ਬਰਗਾੜੀ ਵਰਗੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ, ਕਿਉਂਕਿ ਪੰਜਾਬ ਦੀ ਕਿਸਾਨੀ ਵਿਚ ਸਿੱਖ ਭਾਈਚਾਰਾ ਬਹੁਗਿਣਤੀ ਵਿਚ ਹੈ।
ਸ਼ਾਇਦ ਹੁਣ ਵੀ ਇਸੇ ਲਈ ਭਾਜਪਾ ਦੀ ਕੇਂਦਰੀ ਸਰਕਾਰ 50 ਦਿਨ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਵਿਰੋਧੀ ਪਾਰਟੀਆਂ, ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਚਲਾਇਆ ਜਾ ਰਿਹਾ ਸੰਘਰਸ਼ ਕਹਿ ਕੇ ਟਾਲਦੀ ਆਈ ਹੈ। ਇੱਥੋਂ ਤੱਕ ਕਿ ਭਾਜਪਾ ਦੇ ਪੰਜਾਬ ਨਾਲ ਸਬੰਧਤ ਨੇਤਾ ਵੀ ਸੱਚਾਈ ਨੂੰ ਜਾਣਦੇ ਹੋਣ ਦੇ ਬਾਵਜੂਦ ਇਸ ਨੂੰ ਕਾਂਗਰਸ ਦੇ ਸਿਰ ਮੜ੍ਹਦੇ ਆਏ ਹਨ। ਇੱਕ ਤਰ੍ਹਾਂ ਨਾਲ ਕਿਸਾਨਾਂ ਨੂੰ ਖੁਆਰ ਕਰਨ ਲਈ ਇਹ ਬਹੁਤ ਹੀ ਚਲਾਕੀ ਨਾਲ ਲਿਆ ਗਿਆ ਪੈਂਤੜਾ ਸਮਝਣਾ ਚਾਹੀਦਾ ਹੈ। ਹੁਣ ਵੀ ਕਿਸਾਨ ਜਥੇਬੰਦੀਆਂ ਵੱਲੋਂ ਸਮੇਂ ਸਮੇਂ ਪਰਗਟ ਕੀਤੇ ਜਾਂਦੇ ਖਦਸ਼ਿਆਂ ਅਨੁਸਾਰ ਕੇਂਦਰ ਦੀ ਨੀਅਤ ਅਤੇ ਨੀਤੀ-ਦੋਵਾਂ ਨੂੰ ਦੇਖਦਿਆਂ, ਕੁਝ ਸਾਰਥਕ ਫੈਸਲੇ ਕਿਸਾਨਾਂ ਦੇ ਹੱਕ ਵਿਚ ਹੋਣ, ਭਰੋਸੇ ਨਾਲ ਕੁਝ ਵੀ ਕਿਹਾ ਨਹੀਂ ਜਾ ਸਕਦਾ।
ਸੰਨ 1907 ਵਿਚ ਪੂਰੇ ਇੱਕ ਸੌ ਤੇਰਾਂ ਵਰ੍ਹੇ ਪਹਿਲਾਂ ‘ਪੱਗੜੀ ਸੰਭਾਲ ਜੱਟਾ’ ਅੰਦੋਲਨ ਚੱਲਿਆ ਸੀ। ਪੱਗੜੀ ਪੰਜਾਬੀਆਂ ਦੀ ਆਮ ਕਰਕੇ ਅਤੇ ਸਿੱਖਾਂ ਦੀ ਖਾਸ ਕਰਕੇ ਸਵੈਮਾਣ ਦੀ ਪ੍ਰਤੀਕ ਹੈ। ਇਹ ਅੰਦੋਲਨ ਕਿਸਾਨ ਦੀ ਇੱਜਤ, ਉਸ ਦੇ ਸਵੈਮਾਣ ਦੀ ਰੱਖਿਆ ਦਾ ਪ੍ਰਤੀਕ ਹੋ ਨਿਬੜਿਆ ਸੀ। ਅੰਗਰੇਜ਼ ਸਰਕਾਰ ਨੇ ਲਾਇਲਪੁਰ (ਹੁਣ ਪਾਕਿਸਤਾਨ) ਦੇ ਬੇਆਬਾਦ ਜੰਗਲੀ ਇਲਾਕੇ ਨੂੰ ਵਸਾਉਣ ਲਈ ਚਨਾਬ ਦਰਿਆ ਵਿਚੋਂ ਜ਼ਮੀਨ ਦੀ ਸਿੰਜਾਈ ਵਾਸਤੇ ਨਹਿਰਾਂ ਕੱਢੀਆਂ। ਇਸ ਖਿੱਤੇ ਨੂੰ ਆਬਾਦ ਕਰਨ ਲਈ ਕਿਸਾਨਾਂ ਅਤੇ ਸਾਬਕਾ ਸਰਕਾਰੀ ਕਰਮਚਾਰੀਆਂ ਨੂੰ ਜ਼ਮੀਨਾਂ ਦੀ ਮੁਫਤ ਅਲਾਟਮੈਂਟ ਅਤੇ ਹੋਰ ਸਹੂਲਤਾਂ ਦੀ ਹੱਲਾਸ਼ੇਰੀ ਦਿੱਤੀ। ਜਲੰਧਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਗੈਰਾ ਜਿਲਿਆਂ ਤੋਂ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਘਰ ਅਤੇ ਜ਼ਮੀਨਾਂ ਪਿਛਲੇ ਪਿੰਡਾਂ ਵਿਚ ਛੱਡ ਕੇ ਇਨ੍ਹਾਂ ਉਜਾੜ ਇਲਾਕਿਆਂ ਨੂੰ ਆ ਕੇ ਵਸਾਇਆ; ਦਿਨ-ਰਾਤ ਹੱਡ-ਭੰਨਵੀਂ ਮਿਹਨਤ ਕਰਕੇ ਬੰਜਰ ਜ਼ਮੀਨਾਂ ਨੂੰ ਉਪਜਾਊ ਖੇਤੀ ਯੋਗ ਬਣਾਇਆ। ਜਿਉਂ ਹੀ ਇਹ ਜ਼ਮੀਨਾਂ ਉਪਜ ਦੇਣ ਦੇ ਯੋਗ ਹੋ ਗਈਆਂ, ਸਰਕਾਰ ਨੇ ਨਵੇਂ ਕਾਨੂੰਨ ਲੈ ਆਂਦੇ, ਜਿਨ੍ਹਾਂ ਅਨੁਸਾਰ ਸਰਕਾਰ ਨੇ ਆਪਣੇ ਆਪ ਨੂੰ ਉਪਜਾਊ ਜ਼ਮੀਨਾਂ ਦੀ ਮਾਲਕ ਐਲਾਨ ਦਿੱਤਾ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੀ ਮਲਕੀਅਤ ਤੋਂ ਬਾਹਰ ਕਰ ਦਿੱਤਾ। ਨਵੇਂ ਕਾਨੂੰਨਾਂ ਨੇ ਕਿਸਾਨਾਂ ਨੂੰ ਸਿਰਫ ਵਟਾਵੇ ਬਣਾ ਦਿੱਤਾ; ਉਹ ਜ਼ਮੀਨ ਵਿਚ ਉਗਿਆ ਕੋਈ ਦਰੱਖਤ ਨਹੀਂ ਸੀ ਕੱਟ ਸਕਦੇ, ਇਸ ਜ਼ਮੀਨ ‘ਤੇ ਘਰ ਜਾਂ ਝੌਂਪੜੀ ਨਹੀਂ ਸੀ ਬਣਾ ਸਕਦੇ, ਇਸ ਜ਼ਮੀਨ ਨੂੰ ਵੇਚ ਜਾਂ ਖਰੀਦ ਨਹੀਂ ਸੀ ਸਕਦੇ। ਜੇ ਕੋਈ ਕਿਸਾਨ ਅਜਿਹਾ ਕਰਨ ਦੀ ਹਿੰਮਤ ਕਰਦਾ ਸੀ ਤਾਂ ਉਸ ਨੂੰ ਸਰਕਾਰ ਜ਼ਮੀਨ ਵਿਚੋਂ ਬੇਦਖਲ ਕਰ ਸਕਦੀ ਸੀ। ਇਨ੍ਹਾਂ ਨਵੇਂ ਕਾਨੂੰਨਾਂ ਅਨੁਸਾਰ ਕਿਸਾਨ ਦਾ ਸਿਰਫ ਜੇਠਾ ਪੁੱਤ ਹੀ ਆਪਣੇ ਪਿਉ ਦੀ ਵਾਹੀ ਜ਼ਮੀਨ ਤੱਕ ਪਹੁੰਚ ਕਰ ਸਕਦਾ ਸੀ। ਜੇ ਵੱਡੇ ਪੁੱਤ ਦੀ ਬਾਲਗ ਹੋਣ ਤੋਂ ਪਹਿਲਾਂ ਹੀ ਮੌਤ ਹੋ ਜਾਵੇ ਤਾਂ ਛੋਟੇ ਪੁੱਤ ਨੂੰ ਜ਼ਮੀਨ ਨਹੀਂ ਮਿਲੇਗੀ ਅਤੇ ਜਾਇਦਾਦ ‘ਤੇ ਸਰਕਾਰ ਦੀ ਮਲਕੀਅਤ ਹੋ ਜਾਵੇਗੀ। ਸਿਰਫ ਇਹੀ ਨਹੀਂ ਡੇਢ ਦਹਾਕਾ ਬੀਤ ਜਾਣ ‘ਤੇ ਵੀ ਚਨਾਬ ਦਰਿਆ ‘ਚੋਂ ਨਹਿਰਾਂ ਕੱਢ ਕੇ ਇਸ 20 ਲੱਖ ਏਕੜ ਜ਼ਮੀਨ ਨੂੰ ਸਿੰਜਣ ਦੇ ਇਵਜ਼ ਵਿਚ ਲਾਏ ਟੈਕਸਾਂ ਤੋਂ ਸਰਕਾਰ ਦਾ ਸਿਰਫ ਲਾਗਤ ਵਾਲਾ ਖਰਚਾ ਹੀ ਪੂਰਾ ਨਹੀਂ ਸੀ ਹੋ ਗਿਆ, ਸਗੋਂ ਸਿੰਜਾਈ ਦੇ ਮਾਲੀਏ ਤੋਂ ਹਰ ਸਾਲ ਸੱਤ ਲੱਖ ਤੋਂ ਵੀ ਵੱਧ ਰੁਪਿਆ ਇਕੱਠਾ ਹੋ ਰਿਹਾ ਸੀ।
ਇਨ੍ਹਾਂ ਕਾਲੇ ਕਾਨੂੰਨਾਂ ਦੇ ਲਾਗੂ ਹੋ ਜਾਣ ‘ਤੇ ਕਿਸਨਾਂ ਨੂੰ ਆਪਣਾ ਖੂਨ-ਪਸੀਨਾ ਇੱਕ ਕਰਕੇ ਆਬਾਦ ਕੀਤੀਆਂ ਜ਼ਮੀਨਾਂ ਦੀ ਮਾਲਕੀ ਖੋ ਦੇਣ ਦਾ ਪ੍ਰਬੰਧ ਹੋ ਗਿਆ ਸੀ, ਜਿਸ ਕਰਕੇ ਪੰਜਾਬ ਦੇ ਕਿਸਾਨਾਂ ਦਾ ਗੁੱਸਾ ਉਬਾਲੇ ਖਾ ਰਿਹਾ ਸੀ ਤੇ ਕਿਸਾਨ ਪੂਰੇ ਰੋਹ ਵਿਚ ਸਨ। ਸਰਦਾਰ ਅਜੀਤ ਸਿੰਘ ਨੇ ਪਹਿਲਾਂ ਹੀ ਭਾਰਤ ਦੀ ਆਜ਼ਾਦੀ ਦੀ ਲੜਾਈ ਲਈ ਆਪਣੇ ਸਾਥੀਆਂ ਨਾਲ ਮਿਲ ਕੇ ‘ਭਾਰਤ ਮਾਤਾ’ (ਮਹਿਬੂਬਾਨੇ ਵਤਨ) ਨਾਂ ਦੀ ਅੰਡਰਗਰਾਊਂਡ ਜਥੇਬੰਦੀ ਬਣਾਈ ਹੋਈ ਸੀ ਅਤੇ ਜੱਦੋ-ਜਹਿਦ ਸ਼ੁਰੂ ਕੀਤੀ ਹੋਈ ਸੀ। ਸਰਦਾਰ ਅਜੀਤ ਸਿੰਘ ਅਤੇ ਸਾਥੀਆਂ ਲਈ ਇਹ ਇਕ ਢੁਕਵਾਂ ਮੌਕਾ ਸੀ ਕਿ ਕਿਸਾਨਾਂ ਦੀ ਇਸ ਉਤੇਜਨਾ ਤੇ ਗੁੱਸੇ ਨੂੰ ਇੱਕ ਲਹਿਰ ਦੇ ਰੂਪ ਵਿਚ ਬਦਲ ਦਿੱਤਾ ਜਾਵੇ ਅਤੇ ਉਨ੍ਹਾਂ ਨੇ ਆਪਣੀ ਸੁਚੱਜੀ ਸੋਚ ਨਾਲ ਇਵੇਂ ਹੀ ਕੀਤਾ ਅਤੇ ਪੰਜਾਬ ਭਰ ਵਿਚ ਲਹਿਰ ਫੈਲਣ ਲੱਗੀ। ਬਹੁਤ ਛੇਤੀ ਲਾਹੌਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿਚ ਰੈਲੀਆਂ, ਰੋਸ ਦਿਖਾਵੇ ਅਰੰਭ ਕਰ ਦਿੱਤੇ। ਲਾਇਲਪੁਰ ਵਿਖੇ 3 ਮਰਚ 1907 ਨੂੰ ਹੋਈ ਰੈਲੀ ਵਿਚ ‘ਝੰਗ ਸਿਆਲ’ ਅਖਬਾਰ ਦੇ ਸੰਪਾਦਕ ਬਾਂਕੇ ਦਿਆਲ ਨੇ ਇੱਕ ਗੀਤ ‘ਪੱਗੜੀ ਸੰਭਾਲ ਜੱਟਾ, ਪੱਗੜੀ ਸੰਭਾਲ ਓਇ’ ਗਾਇਆ। ਇਹ ਗੀਤ ਲੋਕਾਂ ਵਿਚ ਏਨਾ ਮਕਬੂਲ ਹੋ ਗਿਆ ਕਿ ਇਸ ਮੋਰਚੇ ਦਾ ਨਾਮ ਹੀ ‘ਪੱਗੜੀ ਸੰਭਾਲ ਜੱਟਾ’ ਪੈ ਗਿਆ ਅਤੇ ਇਹ ਗੀਤ ਇਸ ਲਹਿਰ ਦੀ ਜ਼ਿੰਦਜਾਨ ਦਾ ਪ੍ਰਤੀਕ ਬਣ ਕੇ ਇਤਿਹਾਸਕ ਹੋ ਨਿਬੜਿਆ।
ਮੌਜੂਦਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਕੋਵਿਡ-19 ਕਾਰਨ ਹੋਈ ਤਾਲਾਬੰਦੀ ਦਾ ਫਾਇਦਾ ਉਠਾਉਂਦਿਆਂ ਖੇਤੀ ਸੁਧਾਰਾਂ ਦੇ ਨਾਮ ਹੇਠ ਤਿੰਨ ਸਿੱਧੇ ਖੇਤੀ ਨਾਲ ਸਬੰਧਤ ਕਿਸਾਨ ਵਿਰੋਧੀ ਬਿਲ ਅਤੇ ਚੌਥਾ ਬਿਜਲੀ ਕਾਨੂੰਨ ਮਿਲਾ ਕੇ ਪਹਿਲਾਂ ਚਾਰ ਆਰਡੀਨੈਂਸ ਲਿਆਂਦੇ ਗਏ ਤੇ ਫਿਰ ਜਿਸ ਤਰ੍ਹਾਂ ਇਨ੍ਹਾਂ ਨੂੰ ਗੈਰ-ਜਮਹੂਰੀ ਢੰਗ ਨਾਲ ਕਾਨੂੰਨ ਬਣਾ ਦਿੱਤਾ ਗਿਆ, ਸਾਰੇ ਜਾਣਦੇ ਹੀ ਹਨ। ਇਹ ਕਾਨੂੰਨ ਵੀ ਕੰਪਨੀ ਰਾਜ ਵੱਲੋਂ ਲਿਆਂਦੇ ਕਾਨੂੰਨਾਂ ਵਾਂਗ ਹੀ ‘ਕਾਲੇ ਕਾਨੂੰਨ’ ਹਨ, ਜੋ ਕੰਟਰੈਕਟ ਫਾਰਮਿੰਗ ਰਾਹੀਂ ਕਿਸਾਨਾਂ ਦੀ ਜ਼ਮੀਨ ਕਰਪੋਰੇਸ਼ਨਾਂ ਦੇ ਕਬਜ਼ੇ ਹੇਠ ਲੈ ਆਉਣਗੇ ਅਤੇ ਕਿਸਾਨਾਂ ਨੂੰ ਆਪਣੇ ਖੇਤ ਵਿਚ ਮੂਲੀ ਤੱਕ ਬੀਜਣ ਜਾਂ ਪੁੱਟਣ ਦਾ ਹੱਕ ਵੀ ਨਹੀਂ ਰਹੇਗਾ; ਕਿਸਾਨ ਜੇ ਚਾਹੇ ਤਾਂ ਆਪਣੇ ਖੇਤ ‘ਤੇ ਇੱਕ ਦਿਹਾੜੀਦਾਰ ਦੀ ਤਰ੍ਹਾਂ ਹੀ ਕੰਮ ਕਰ ਸਕੇਗਾ। ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਪੰਜਾਬ ਵਿਚ ਪੰਜਾਹ ਦਿਨਾਂ ਤੋਂ ਉਤੇ ਹੋ ਚੱਲੇ ਹਨ, ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਮਿਲ ਕੇ ਚਲਾਏ ਜਾ ਰਹੇ ਸੰਘਰਸ਼ ਨੂੰ। ਹੁਣ ਤੱਕ ਖੇਤੀ ਵਿਗਿਆਨੀਆਂ, ਬੁੱਧੀਜੀਵੀਆਂ ਅਤੇ ਹੋਰ ਮਾਹਿਰਾਂ ਵੱਲੋਂ ਬਹੁਤ ਕੁਝ ਲਿਖਿਆ ਜਾ ਚੁਕਾ ਹੈ। ਭਾਵੇਂ ਨੈਸ਼ਨਲ ਮੀਡੀਆ ਨੇ ਇਸ ‘ਤੇ ਕੋਈ ਗੌਰ ਨਹੀਂ ਕੀਤਾ, ਪਰ ਸਥਾਨਕ ਮੀਡੀਆ ਅਤੇ ਸੋਸ਼ਲ ਮੀਡੀਆ ਨੈੱਟਵਰਕ ਤੋਂ ਹੁਣ ਕਰੀਬ ਸਾਰੀ ਦੁਨੀਆਂ ਇਸ ਸੰਘਰਸ਼ ਤੋਂ ਜਾਣੂ ਹੋ ਗਈ ਹੈ। ਕਿਸਾਨਾਂ ਨੂੰ ਦਿੱਲੀ ਬੁਲਾ ਕੇ ਜ਼ਲੀਲ ਕਰਨ, ਪੰਜਾਬ ਦੇ ਭਾਜਪਾ ਲੀਡਰਾਂ ਦਾ ਘਟੀਆ ਰਵੱਈਆ ਸਭ ਦੇ ਸਾਹਮਣੇ ਹੈ। ਹੁਣੇ ਹੁਣੇ ਕੇਂਦਰੀ ਖੇਤੀ ਮੰਤਰੀ ਅਤੇ ਰੇਲ ਮੰਤਰੀ ਨਾਲ ਕਿਸਾਨਾਂ ਦੀਆਂ 29 ਜਥੇਬੰਦੀਆਂ ਵੱਲੋਂ ਬਣਾਈ ਸਾਂਝੀ ਕਮੇਟੀ ਨਾਲ ਦਿੱਲੀ 7 ਘੰਟੇ ਚੱਲੀ ਮੀਟਿੰਗ ਦਾ ਵੀ ਹਾਲੇ ਕੋਈ ਸਿੱਟਾ ਨਹੀਂ ਨਿਕਲਿਆ, ਕਿਉਂਕਿ ਜਿਸ ਤਰੀਕੇ ਨਾਲ ਮਾਲ-ਗੱਡੀਆਂ ਦੀ ਆਵਾਜਾਈ ਬੰਦ ਕਰਕੇ ਪੰਜਾਬ ਦੀ ਆਰਥਕ ਨਾਕਾਬੰਦੀ ਕੀਤੀ ਹੋਈ ਹੈ, ਉਹ ਉਵੇਂ ਦੀ ਉਵੇਂ ਹੀ ਬਰਕਰਾਰ ਹੈ।
ਇਸ ਸੰਘਰਸ਼ ਦਾ ਬਹੁਤ ਹੀ ਹਾਂ-ਮੁਖੀ ਪੱਖ ਇਹ ਹੈ ਕਿ ਇਹ ਸੰਘਰਸ਼ ਸਿਰਫ ਕਿਸਾਨਾਂ ਵੱਲੋਂ ਹੀ ਨਹੀਂ ਲੜਿਆ ਜਾ ਰਿਹਾ, ਸਗੋਂ ਪੰਜਾਬ ਦੀ ਸਮੁੱਚੀ ਜਨਤਾ ਕਿਸਾਨ, ਮਜ਼ਦੂਰ, ਦੁਕਾਨਦਾਰ, ਆੜ੍ਹਤੀਏ, ਅਨਾਜ ਮੰਡੀਆਂ ਨਾਲੇ ਜੁੜੇ ਕਾਮਿਆਂ, ਬੀਬੀਆਂ, ਬੱਚੇ, ਬਜੁਰਗ ਅਤੇ ਸਿਨੇਮਾ, ਨਾਟਕ, ਗਾਇਕੀ ਆਦਿ ਹਰ ਖੇਤਰ ਨਾਲ ਜੁੜੇ ਕਲਾਕਾਰਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ ਹੈ, ਜੋ ਹਰ ਰੋਜ਼ ਵੱਖ ਵੱਖ ਥਾਂਵਾਂ ‘ਤੇ ਲਾਏ ਧਰਨਿਆਂ ਵਿਚ ਆਪਣੀ ਭਰਪੂਰ ਹਾਜ਼ਰੀ ਲੁਆਉਂਦੇ ਹਨ। ਅਸਲ ਵਿਚ ਇਹ ਲੜਾਈ ਹੁਣ ਕਿਸਾਨ ਦੀ ਪੱਗੜੀ ਅਤੇ ਜ਼ਮੀਨ ਦੀ ਮਲਕੀਅਤ ਨੂੰ ਕਾਰਪੋਰੇਸ਼ਨਾਂ ਤੋਂ ਬਚਾਉਣ, ਖੇਤੀ ਮੰਡੀਆਂ, ਘੱਟੋ ਘੱਟ ਸਮਰਥਨ ਮੁੱਲ ਨੂੰ ਬਚਾਉਣ ਦੀ ਹੀ ਨਾ ਰਹਿ ਕੇ ਪੰਜਾਬ ਦੀ ਸਮੁੱਚੀ ਹੋਂਦ ਨੂੰ ਬਚਾਉਣ ਦੀ ਲੜਾਈ ਬਣ ਗਈ ਹੈ; ਪੰਜਾਬ ਦੇ ਇਤਿਹਾਸ, ਪੰਜਾਬ ਦੇ ਸਭਿਆਚਾਰ, ਜਿਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ, ਦੀ ਰਾਖੀ ਕਰਨ ਦਾ ਸਵਾਲ ਬਣ ਗਈ ਹੈ। ਕਿਸਾਨ ਇਸ ਸੰਘਰਸ਼ ਦੀ ਅਗਵਾਈ ਆਪ ਕਰ ਰਹੇ ਹਨ ਅਤੇ ਪੰਜਾਬ ਦੀ ਕਿਸੇ ਵੀ ਰਾਜਨੀਤਕ ਪਾਰਟੀ ਦੀ ਅਗਵਾਈ ਨੂੰ ਪਾਸੇ ਰੱਖ ਰਹੇ ਹਨ। ਇਸ ਸੰਘਰਸ਼ ਨੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਦੇ ਕਿਸਾਨ ਹਿਤੈਸ਼ੀ ਹੋਣ ਦਾ ਪਖੰਡ ਬਾਖੂਬੀ ਨੰਗਾ ਕਰ ਦਿੱਤਾ ਹੈ। ਪੰਜਾਬ ਭਾਜਪਾ ਨੇ ਤਾਂ ਕੇਂਦਰ ਦੇ ਹੱਕ ਵਿਚ ਹੋਣਾ ਹੀ ਹੈ, ਬਾਦਲ ਅਕਾਲੀ ਦਲ ਅਤੇ ‘ਆਪ’ ਨੇ ਵੀ ਕੇਂਦਰ ਦੇ ਖਿਲਾਫ ਲੜਾਈ ਵਿੱਢਣ ਦੀ ਥਾਂ ਪੰਜਾਬ ਸਰਕਾਰ ਦੇ ਖਿਲਾਫ ਹੀ ਮੋਰਚਾ ਖੋਲ੍ਹ ਰੱਖਿਆ ਹੈ ਅਤੇ ਆਪਣੀ ਇਕਮੁੱਠਤਾ ਪੰਜਾਬ ਦੇ ਹੱਕ ਵਿਚ ਜਾਹਰ ਨਹੀਂ ਕੀਤੀ। ਕਿਸਾਨ ਮੋਰਚੇ ਨੇ ਪੰਜਾਬ ਅੰਦਰ ਆਪਣੇ ਹੱਕਾਂ ਦੀ ਲੜਾਈ ਲਈ ਇੱਕ ਨਵੀਂ ਜਾਗ੍ਰਿਤੀ ਪੈਦਾ ਕੀਤੀ ਹੈ, ਜੋ ਪਹਿਲੀ ਵਾਰੀ ਸਵੈ-ਇੱਛਤ ਲੜਾਈ ਬਣ ਕੇ ਸਾਹਮਣੇ ਆਈ ਹੈ। ਇਹ ਲੜਾਈ ਬਾਹਰੋਂ ਜਾਂ ਕਿਸੇ ਰਾਜਨੀਤੀ ਤਹਿਤ ਠੋਸੀ ਹੋਈ ਨਹੀਂ ਹੈ।
ਪੰਜਾਬ ਦੇ ਗੀਤਕਾਰ/ਗਾਇਕ, ਜੋ ਇਸ ਸੰਘਰਸ਼ ਵਿਚ ਕਿਸਾਨਾਂ ਦੀ ਅਗਵਾਈ ਵਿਚ ਧਰਨਿਆਂ ‘ਤੇ ਪੂਰਾ ਸਾਥ ਦੇ ਰਹੇ ਹਨ, ਨੇ ਪੰਜਾਬ ਦੇ ਨੌਜੁਆਨਾਂ ਨੂੰ ਜਗਾਉਣ ਵਾਲੇ ਕੁਝ ਬਹੁਤ ਗੰਭੀਰ ਅਤੇ ਸੋਝੀ ਭਰਪੂਰ ਗੀਤਾਂ ਰਾਹੀਂ ਵੀ ਹਿੱਸਾ ਪਾਇਆ ਹੈ। ਬੀਰ ਸਿੰਘ ਪੰਜਾਬੀ ਦਾ ਨੌਜੁਆਨ ਗੀਤਕਾਰ, ਲਿਖਾਰੀ ਅਤੇ ਗਾਇਕ ਹੈ। ਉਸ ਦਾ ਕੁਝ ਦਿਨ ਪਹਿਲਾਂ ਹੀ ਇੱਕ ਗੀਤ ‘ਮਿੱਟੀ ਦੇ ਪੁੱਤਰੋ ਵੇ, ਅਕਲਾਂ ਨੂੰ ਧਾਰ ਲਗਾਉ’ ਆਇਆ ਹੈ, ਜੋ ਉਸ ਨੇ ਧਰਨਿਆਂ ਉਤੇ ਵੀ ਸੁਣਾਇਆ ਹੈ। ਇਹ ਗਈਤ ਪੰਜਾਬ ਦੀ ਨੌਜੁਆਨ ਪੀੜ੍ਹੀ ਨੂੰ ਇੱਕ ਵਧੀਆ ਸੁਨੇਹਾ ਦਿੰਦਾ ਹੈ। ਗੀਤ ਵਿਚ ਸਪੱਸ਼ਟ ਕੀਤਾ ਹੈ ਕਿ ਹੱਕਾਂ ਦੀ ਇਹ ਜੰਗ ਸਮੇਂ ਦੀ ਚੱਲੀ ਹੋਈ ਚਾਲ ਹੈ, ਜਿਸ ਨੂੰ ਅਕਲ ਨਾਲ ਸਮਝ ਕੇ ਲੰਬੇ ਸਮੇਂ ਲਈ ਲੜਨਾ ਪੈਣਾ ਹੈ ਅਤੇ ਨਿਸ਼ਾਨੇ ਸੋਚ ਸਮਝ ਕੇ ਮਿੱਥਣੇ ਪੈਣੇ ਹਨ। ਇਹ ਹਥਿਆਰਾਂ ਦੀ ਲੜਾਈ ਨਹੀਂ, ਨੀਤੀ ਦੀ ਲੜਾਈ ਹੈ, ਜਿਸ ਨੂੰ ਨੀਤੀ ਨਾਲ ਨਜਿੱਠਿਆ ਜਾ ਸਕਦਾ ਹੈ, ਕਿਉਂਕਿ ਇਹ ਲੜਾਈ ਅਗਲੀਆਂ ਨਸਲਾਂ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਇਸ ਲੜਾਈ ਦੀ ਗੱਲ ਪਿੰਡਾਂ ਤੱਕ ਸੀਮਤ ਨਾ ਰੱਖ ਕੇ ਸਾਰੀ ਦੁਨੀਆਂ ਤੱਕ ਪਹੁੰਚਾਉਣ ਦੀ ਲੋੜ ਹੈ। ਬਹੁਤ ਵਧੀਆ ਸੁਨੇਹਾ ਦਿੱਤਾ ਹੈ ਕਿ ਹੱਕਾਂ ਲਈ ਮਰਨ ਦੀ ਗੱਲ ਤਾਂ ਹਮੇਸ਼ਾ ਕਰਦੇ ਆਏ ਹਾਂ, ਪਰ ਹੱਕਾਂ ਲਈ ਜਿਉਣਾ ਕਿਵੇਂ ਹੈ, ਇਹ ਸਿੱਖਣ ਦੀ ਲੋੜ ਹੈ। ਹੁਣ ਲੋੜ ਹੈ ਕਿ ਆਪਣੀ ਬੁੱਧੀ ਨੂੰ ਗਿਆਨ ਰਾਹੀਂ ਰੁਸ਼ਨਾ ਕੇ ਜ਼ਿੰਦਗੀ ਜਿਉਣ ਦੇ ਗੀਤ ਲਿਖੀਏ। ਕਿੰਨੀ ਸੁਹਣੀ ਗੱਲ ਕਹੀ ਹੈ ਕਿ ‘ਬਰੂਦ ਦੇ ਢੇਰ ‘ਤੇ ਬੈਠ ਕੇ ਤੀਲੀ ਨੂੰ ਹੱਥ ਨਹੀਂ ਲਾਈਦਾ’ (ਬਰੂਦ ਜਦੋਂ ਫੱਟਦਾ ਹੈ ਤਾਂ ਦੁਸ਼ਮਣ ਦੇ ਨਾਲ ਨਾਲ ਆਪ ਵੀ ਤਬਾਹ ਹੋ ਜਾਈਦਾ ਹੈ)।
ਦੱਸਿਆ ਹੈ ਕਿ ਇਹ ਫਿਕਰ ਹੁਣ ਉਸ ਬਾਗ ਦਾ ਹੈ, ਜਿਸ ‘ਤੇ ਕੁਝ ਪੂੰਜੀਪਤੀਆਂ ਨੇ ਅੱਖ ਟਿਕਾ ਲਈ ਹੈ। ਇਸ ਲਈ ਇਹ ਲੜਾਈ ਹੁਣ ਜਾਤ ਜਾਂ ਧਰਮ ਦੀ ਨਹੀਂ, ਸਗੋਂ ਸਮੁੱਚੇ ਪੰਜਾਬ ਦੀਆਂ ਮੰਗਾਂ ਦੀ ਜੰਗ ਹੈ। ਇਸ ਨੂੰ (ਰਾਜਨੀਤਕ ਲੀਡਰਾਂ ਵੱਲੋਂ) ਜਾਤ ਜਾਂ ਧਰਮ ਦੇ ਨਾਂ ‘ਤੇ ਵਖਰੇਵੇਂ ਖੜ੍ਹੇ ਕਰਕੇ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ, ਜਿਸ ਤੋਂ ਸੁਚੇਤ ਹੋ ਕੇ ਆਪਣਾ ਏਕਾ ਬਰਕਰਾਰ ਰੱਖਣਾ ਹੋਵੇਗਾ। ਇਸੇ ਲਈ ਇਨ੍ਹਾਂ ਸਾਰੇ ਖਦਸ਼ਿਆਂ ਨੂੰ ਸੋਚ ਵਿਚ ਰੱਖ ਕੇ ‘ਮਿੱਟੀ ਦੇ ਪੁੱਤਰਾਂ’ ਨੂੰ ਆਪਣੀ ਅਕਲ ਨੂੰ ਤਿੱਖੀ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ।
ਇਸੇ ਲੜੀ ਵਿਚ ਆਮ ਆਵਾਮ ਨੂੰ ਖਾਸ ਕਰਕੇ ਨੌਜੁਆਨ ਪੀੜ੍ਹੀ ਨੂੰ, ਜਾਗਦੇ ਰੱਖਣ ਲਈ ਅਤੇ ਹੌਸਲਿਆਂ ਨੂੰ ਬੁਲੰਦ ਕਰਨ ਵਾਲੇ, ਹੋਰ ਗਾਇਕਾਂ ਦੇ ਵੀ ਗੀਤ ਨਸ਼ਰ ਹੋਏ ਹਨ। ਮਸਲਨ ਜੱਸ ਬਾਜਵਾ, ਕੰਵਰ ਗਰੇਵਾਲ, ਰਣਜੀਤ ਬਾਵਾ, ਹਰਫ ਚੀਮਾ ਵਰਗੇ ਕਲਾਕਾਰ, ਜੋ ਲਗਾਤਾਰ ਇੱਕ ਤੋਂ ਬਾਅਦ ਇੱਕ ਧਰਨੇ ਵਿਚ ਆਪਣੀ ਹਾਜ਼ਰੀ ਵੀ ਲੁਆ ਰਹੇ ਹਨ ਅਤੇ ਆਪਣੇ ਗੀਤਾਂ ਰਾਹੀਂ ਨੌਜੁਆਨਾਂ ਨੂੰ ਉਤਸ਼ਾਹਿਤ ਵੀ ਕਰ ਰਹੇ ਹਨ। ਜੱਸ ਬਾਜਵਾ ਨੇ ਆਪਣੇ ਗੀਤ ‘ਜੱਟਾ ਤਕੜਾ ਹੋ ਜਾ’ ਵਿਚ ਬੜੀ ਬੇਬਾਕੀ ਨਾਲ ਇਹ ਕਾਨੂੰਨ ਲਾਗੂ ਹੋ ਜਾਣ ਨਾਲ ਕੀ ਨਤੀਜੇ ਨਿਕਲਣਗੇ ਅਤੇ ਕਿਵੇਂ ਕੇਂਦਰ ਦੀ ਹਰ ਸਰਕਾਰ ਨੇ ਪੰਜਾਬ ਨਾਲ ਦਗਾ ਕੀਤਾ ਹੈ, ਸਾਡੀ ਮਾਂ ਬੋਲੀ ਨੂੰ ਕਿਵੇਂ ਪਿੱਛੇ ਧੱਕਿਆ ਹੈ, ਆਦਿ ਦੇ ਖੁਲਾਸੇ ਕੀਤੇ ਹਨ।
ਇਸੇ ਤਰ੍ਹਾਂ ਕੰਵਰ ਗਰੇਵਾਲ ਨੇ ‘ਜਾਗ ਪੰਜਾਬ ਸਿਆਂ’ ਅਤੇ ‘ਐਲਾਨ’ ਵਰਗੇ ਗੀਤਾਂ ਰਾਹੀਂ ਇੱਕ ਨਵਾਂ ਅਹਿਸਾਸ ਜਗਾਇਆ ਹੈ ਕਿ ਹੁਣ ਆਪਣੀਆਂ ਫਸਲਾਂ ਬਾਰੇ ਫੈਸਲੇ ਵੀ ਕਿਸਾਨ ਆਪ ਕਰੇ ਅਜਿਹਾ ਵਕਤ ਆ ਗਿਆ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇੱਕ ਕਿਸਾਨ ਹੀ ਹੈ, ਜਿਸ ਦੀ ਫਸਲ ਦਾ ਭਾਅ, ਖਾਦ ਅਤੇ ਬੀਜਾਂ ਦੇ ਭਾਅ ਕਿਸਾਨ ਨਹੀਂ ਸਰਕਾਰਾਂ ਨਿਸ਼ਚਿਤ ਕਰਦੀਆਂ ਹਨ। ਰਣਜੀਤ ਬਾਵਾ ਨੇ ‘ਕਿੰਨੇ ਆਏ ਕਿੰਨੇ ਗਏ’ ਰਾਹੀਂ ਸਾਡੇ ਇਤਿਹਾਸ ਅਤੇ ਸਭਿਆਚਾਰ ‘ਤੇ ਹੋ ਰਹੇ ਹਮਲਿਆਂ ਦੀ ਗੱਲ ਕੀਤੀ ਹੈ ਕਿ ਕਿਵੇਂ ਸਾਡੇ ਆਪਣੇ ਇਤਿਹਾਸ ਵਿਚ ਬਦਲਾਅ ਕਰਕੇ ਸਾਡੇ ਬੱਚਿਆਂ ਨੂੰ ਸਾਡੇ ਆਪਣੇ ਇਤਿਹਾਸ ਤੋਂ ਅਣਜਾਣ ਰੱਖਿਆ ਜਾ ਰਿਹਾ ਹੈ। ਹਿੰਮਤ ਸੰਧੂ ਨੇ, ‘ਅਸੀਂ ਵੱਢਾਂਗੇ’ ਗੀਤ ਰਾਹੀਂ, ਜੇ ਫੈਸਲੇ ਕਿਸਾਨ ਦੇ ਹੱਕ ਵਿਚ ਨਹੀਂ ਹੁੰਦੇ ਤਾਂ ‘ਦਿੱਲੀ’ ਨਾਲ ਲੜਨ ਦੀ ਗੱਲ ਕੀਤੀ ਹੈ। ਗੁਰਸ਼ਬਦ ਵੱਲੋਂ ਗਾਏ ਸੰਤ ਰਾਮ ਉਦਾਸੀ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਕਿਸਾਨੀ, ਖਾਸ ਕਰਕੇ ਪੰਜਾਬ ਦੀ ਕਿਸਾਨੀ ਦੀਆਂ ਮੁਸ਼ਕਿਲਾਂ ਨਾਲ ਸਬੰਧਤ ਗੀਤ ਵੀ ਕਾਫੀ ਜ਼ਿਆਦਾ ਸਰਕੂਲੇਸ਼ਨ ਵਿਚ ਹਨ। ਇੱਕ ਗੱਲ ਸਾਰੇ ਗਾਇਕਾਂ ਨੇ ਸਪੱਸ਼ਟ ਕੀਤੀ ਹੈ ਕਿ ਕਿਸਾਨਾਂ ਦੀ ਅਗਵਾਈ ਵਿਚ ਚੱਲਣਾ ਹੈ ਅਤੇ ਜੋਸ਼ ਤੋਂ ਨਹੀਂ, ਹੋਸ਼ ਅਤੇ ਸਿਆਣਪ ਤੋਂ ਕੰਮ ਲੈਣਾ ਹੈ। ‘ਸ਼ੰਭੂ ਦਾ ਮੋਰਚਾ’ ਵਿਕੇਂਦਰੀਕਰਨ ਅਰਥਾਤ ਸੂਬਿਆਂ ਦੇ ਵੱਧ ਅਧਿਕਾਰਾਂ ਦਾ ਪ੍ਰਤੀਕ ਬਣ ਗਿਆ ਹੈ।
ਪ੍ਰੋਫੈਸਰ ਪੂਰਨ ਸਿੰਘ ਦਾ ਕਥਨ ਹੈ, “ਪੰਜਾਬ ਨਾ ਹਿੰਦੂ, ਨਾ ਮੁਸਲਮਾਨ; ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ।” ਪੰਜਾਬ ਨੂੰ ਗੁਰੂ ਨਾਨਕ ਦੀ ਬਾਣੀ ਦਾ ਓਟ-ਆਸਰਾ ਅਤੇ ਅਗਵਾਈ ਪ੍ਰਾਪਤ ਹੈ। ਗੁਰੂ ਨਾਨਕ ਉਸ ਵੇਲੇ ਐਮਨਾਬਾਦ ਵਿਚ ਸਨ, ਜਦੋਂ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ। ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਫੌਜ ਵੱਲੋਂ ਐਮਨਾਬਾਦ ਵਿਚ ਕੀਤੀ ਤਬਾਹੀ ਅਤੇ ਜ਼ੁਲਮਾਂ ਨੂੰ ਦੇਖਦਿਆਂ ਬਾਬਰ ਦੀ ਫੌਜ ਨੂੰ ‘ਪਾਪ ਕੀ ਜੰਞ’ ਕਿਹਾ ਹੈ। ਗੁਰੂ ਨਾਨਕ ਨੇ ਹੀ ਉਸ ਵੇਲੇ ਬਾਬਰ ਦੇ ਖਿਲਾਫ ਅਵਾਜ਼ ਉਠਾਈ। ਜਿੱਥੇ ਲੋਧੀ ਹੁਕਮਰਾਨਾਂ ਦੀ ਨਾ-ਅਹਿਲੀਅਤ ਨੂੰ ਉਜਾਗਰ ਕੀਤਾ, ਜੋ ਪਰਜਾ ਦੀ ਜਾਨ ਮਾਲ ਦੀ ਰਾਖੀ ਕਰਨ ਦਾ ਫਰਜ਼ ਨਹੀਂ ਨਿਭਾ ਸਕੇ, ਉਥੇ ਹੀ ਲੋਕਾਂ ਨੂੰ ਵੀ ਆਗਾਹ ਕੀਤਾ ਕਿ ਪੀਰਾਂ ਨੂੰ ਧਿਆ ਕੇ ਜਾਂ ਦੇਵਤਿਆਂ ਦੀ ਪੂਜਾ ਕਰਕੇ ਉਨ੍ਹਾਂ ਕੋਲੋਂ ਮਦਦ ਮੰਗਣ ਨਾਲੋਂ ਆਪਣੀ ਰਾਖੀ ਕਰਨ ਦੇ ਆਪ ਯੋਗ ਬਣਨਾ ਚਾਹੀਦਾ ਹੈ। ਬਾਬਰ ਨਾਲ ਹੀ ਦਿੱਲੀ ਦੀ ਗੱਦੀ ‘ਤੇ ਮੁਗਲਾਂ ਦਾ ਜਿੱਥੇ ਰਾਜ ਸਥਾਪਤ ਹੋ ਗਿਆ, ਉਥੇ ਹੀ ਮੁਗਲ ਸ਼ਾਸਕ ਅੱਗੇ ਤੋਂ ਅੱਗੇ ਜ਼ੁਲਮ ਵੀ ਵਧਾਉਂਦੇ ਗਏ ਅਤੇ ਬਾਬੇ ਨਾਨਕ ਦੇ ਜਾਨਸ਼ੀਨ ਇਸ ਜ਼ੁਲਮ ਦਾ ਟਾਕਰਾ ਕਰਦੇ ਗਏ। ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਨੇ ਮੁਗਲਾਂ ਦੇ ਜ਼ੁਲਮ ਦੀ ਵਿਰੋਧਤਾ ਵਿਚ ਸ਼ਹਾਦਤ ਦਿੱਤੀ ਅਤੇ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਨੂੰ ਯੁੱਧ ਲੜਨੇ ਪਏ। ਇਥੋਂ ਹੀ ਦਿੱਲੀ ਦਾ ਤਖਤ ‘ਬਾਬਰ ਕੇ’ ਦਾ ਪ੍ਰਤੀਕ ਬਣ ਗਿਆ ਅਤੇ ਪੰਜਾਬ ‘ਬਾਬੇ ਕੇ’ ਦਾ ਪ੍ਰਤੀਕ ਬਣ ਗਿਆ।
ਕੇਂਦਰ ਵਿਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਬਣੀ ਹੈ, ਉਸ ਨੇ ਪੰਜਾਬ ਦੇ ਹੱਕਾਂ ਨਾਲ ਇਨਸਾਫ ਨਹੀਂ ਕੀਤਾ, ਪੰਜਾਬ ਨਾਲ ਧੱਕਾ ਹੀ ਕੀਤਾ ਹੈ। ਪੰਜਾਬ ਦੇ ਪਾਣੀ, ਪੰਜਾਬ ਦੀ ਬੋਲੀ, ਪੰਜਾਬ ਦਾ ਸਭਿਆਚਾਰ, ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ, ਪੰਜਾਬ ਦੀ ਰਾਜਧਾਨੀ, ਪੰਜਾਬ ਯੂਨੀਵਰਸਿਟੀ-ਸਭ ‘ਤੇ ਡਾਕਾ ਮਾਰਿਆ ਹੈ। ਭਾਜਪਾਈ ਸਰਕਾਰ ਨੇ ਤਾਂ ਸੰਵਿਧਾਨ ਵਿਚ ਤਬਦੀਲੀਆਂ ਦੀ ਲੜੀ ਸ਼ੁਰੂ ਕਰਕੇ ਸੂਬਿਆਂ ਤੋਂ ਉਨ੍ਹਾਂ ਦੇ ਮੂਲ ਅਧਿਕਾਰ ਹੀ ਖੋਹਣੇ ਸ਼ੁਰੂ ਕਰ ਦਿੱਤੇ ਹਨ। ਸਾਡੇ ਖੇਤ ਹੀ ਬਚਦੇ ਹਨ, ਜਿਨ੍ਹਾਂ ਨੂੰ ਸਿਆਣਪ ਅਤੇ ਏਕੇ ਨਾਲ ਹੀ ਬਚਾਇਆ ਜਾ ਸਕਦਾ ਹੈ; ਜੇ ਸਿਆਣਪ ਅਤੇ ਏਕੇ ਨਾਲ ਲੜਾਈ ਨਾ ਲੜੀ ਤਾਂ ਜਿਵੇਂ ਸਭ ਸਰਕਾਰੀ ਅਦਾਰੇ ਵੇਚ ਦਿੱਤੇ ਹਨ ਜਾਂ ਵੇਚਣੇ ਲਾ ਦਿੱਤੇ ਹਨ, ਉਵੇਂ ਹੀ ਕਿਸਾਨਾਂ ਦੀਆਂ ਜ਼ਮੀਨਾਂ ਵੀ ਕਾਰਪੋਰੇਸ਼ਨਾਂ ਦੇ ਹੱਥ ਵੇਚ ਦੇਵੇਗੀ ਕੇਂਦਰ ਸਰਕਾਰ।
ਇਹ ਵੇਲਾ ਹੈ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਹੈ, ‘ਪੰਜਾਬ ਸਾਰਾ ਜੀਂਦਾ ਗੁਰੂ ਦੇ ਨਾਮ ‘ਤੇ’, ਕਿ ਸਾਰੇ ਪੰਜਾਬੀਆਂ ਨੂੰ ਸਭ ਵਖਰੇਵੇਂ ਭੁਲਾ ਕੇ ਇੱਕ-ਮੁੱਠ ਹੋ ਕੇ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜਨੀ ਚਾਹੀਦੀ ਹੈ। ਪੰਜਾਬ ਜ਼ਰਾਇਤ-ਆਧਾਰਤ ਸੂਬਾ ਹੋਣ ਕਰਕੇ ਇਸ ਦੇ ਹਰ ਬਸ਼ਰ ਦੀ ਆਰਥਕ ਖੁਸ਼ਹਾਲੀ ਖੇਤੀ ਦੀ ਖੁਸ਼ਹਾਲੀ ਨਾਲ ਜੁੜੀ ਹੋਈ ਹੈ। ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਕੁਰਸੀ ਦੀ ਲੜਾਈ ਛੱਡ ਕੇ ਪੰਜਾਬ ਲਈ ਲੜਨਾ ਚਾਹੀਦਾ ਹੈ। ਇਹ ਵੇਲਾ ਹੈ ਆਪਣੇ ਹੱਕਾਂ ਪ੍ਰਤੀ ਸੁਚੇਤ ਅਤੇ ਇਕੱਠੇ ਹੋਣ ਦਾ, ਜਿਵੇਂ ਕੰਵਰ ਗਰੇਵਾਲ ਨੇ ਗਾਇਆ ਹੈ, “ਉਠ ਜਾਗ ਪੰਜਾਬ ਸਿਆਂ, ਤੇਰੇ ਘਰ ‘ਚ ਲੁਟੇਰੇ ਵੜ ਗਏ।”