Copyright & copy; 2019 ਪੰਜਾਬ ਟਾਈਮਜ਼, All Right Reserved
ਨਹੀਂ ਮੁੱਕਦੀ ਸੁਪਨਿਆਂ ਦੀ ਤਲਾਸ਼

ਨਹੀਂ ਮੁੱਕਦੀ ਸੁਪਨਿਆਂ ਦੀ ਤਲਾਸ਼

ਪੰਜਾਬ ਵਿਚ ਵਿਕਾਸ ਵੱਲ ਝਾਤ ਮਾਰੀਏ ਤਾਂ ਪੰਜਾਬੀਆਂ ਦੇ ਰਹਿਣ-ਸਹਿਣ ਦੀ ਨੁਹਾਰ ਬਦਲ ਚੁੱਕੀ ਹੈ। ਕੱਚੇ ਕੋਠਿਆਂ ਦੀ ਜਗ੍ਹਾ ਵੱਡੀਆਂ-ਵੱਡੀਆਂ ਕੋਠੀਆਂ ਨੇ ਲੈ ਲਈ ਹੈ। ਹੁਣ ਇਨ੍ਹਾਂ ਜ਼ਿਆਦਾਤਰ ਆਲੀਸ਼ਾਨ ਕੋਠੀਆਂ ਦੇ ਦਰਵਾਜ਼ਿਆਂ ਨੂੰ ਜਿੰਦੇ ਲੱਗੇ ਹੁੰਦੇ ਹਨ। ਬੂਹੇ-ਬਾਰੀਆਂ ਉੱਤੇ ਮਿੱਟੀ-ਘੱਟਾ ਜੰਮਿਆ ਸਾਫ਼ ਦਿਸਦਾ ਹੈ। ਘਰ-ਬਾਰ ਬਹੁਤ ਸੋਹਣੇ ਬਣੇ ਹੁੰਦੇ ਹਨ ਪਰ ਉਨ੍ਹਾਂ ਵਿਚ ਹੱਸਦੇ-ਵੱਸਦੇ ਘਰਾਂ ਵਾਲੀ ਮਹਿਕ-ਚਹਿਕ, ਬੋਲ-ਬੁਲਾਰਾ ਤੇ ਹਾਸੇ ਨਹੀਂ ਸੁਣਦੇ। ਬੱਚਿਆਂ ਦੀਆਂ ਕਿਲਕਾਰੀਆਂ ਨਹੀਂ ਵੱਜਦੀਆਂ। ਕਿਸੇ-ਕਿਸੇ ਘਰ ਦੀ ਚਾਰਦੀਵਾਰੀ ‘ਚ ਕੋਈ ਬੁੱਢਾ ਮਾਈ-ਬਾਪ ਜਾਂ ਕੋਈ ਪਰਵਾਸੀ ਮਜ਼ਦੂਰ ਉਨ੍ਹਾਂ ਕੋਠੀਆਂ ਜਾਂ ਹਵੇਲੀਆਂ ਦੀ ਰਾਖੀ ਬੈਠਾ ਹੁੰਦਾ ਹੈ ਜਿਹੜੀਆਂ ਬਹੁਤ ਰੀਝਾਂ ਅਤੇ ਚਾਵਾਂ ਨਾਲ ਉਸਾਰੀਆਂ ਗਈਆਂ ਹੁੰਦੀਆਂ ਹਨ। ਮਨ ਸੋਚਦਾ ਹੈ ਕਿ ਇਨ੍ਹਾਂ ਘਰਾਂ ਦੇ ਮਾਲਕ ਕਦੇ ਘਰਾਂ ਨੂੰ ਪਰਤਣਗੇ ਤਾਂ ਬੂਹਿਆਂ ‘ਤੇ ਤੇਲ ਚੋਇਆ ਜਾਵੇਗਾ। ਕਦੋਂ ਏਹ ਕੰਧਾਂ ਹੱਸਣਗੀਆਂ ਤੇ ਕਦੋਂ ਵਿਹੜੇ ਚਾਂਭੜਾ ਪਾਉਣਗੇ? ਪੰਜਾਬ ਦੀਆਂ ਬਹੁਤ ਸਾਰੀਆਂ ਕੋਠੀਆਂ ਦੇ ਅਸਲੀ ਮਾਲਕ ਤਾਂ ਪਰਦੇਸੀ ਹੋ ਗਏ ਹਨ ਅਤੇ ਉੱਥੇ ਭੋਰਿਆਂ ਵਰਗੀਆਂ ਬੇਸਮੈਂਟਾਂ ਜਾਂ ਅਪਾਰਟਮੈਂਟਾਂ ਵਿਚ ਰੈਣ-ਬਸੇਰੇ ਕਰ ਰਹੇ ਹਨ। ਉਨ੍ਹਾਂ ਘਰਾਂ ਵਿਚ ਉਹ ਰਹਿਣ ਨਹੀਂ ਬਲਕਿ ਸਿਰਫ਼ ਸੌਣ ਹੀ ਆਉਂਦੇ ਹਨ।
19ਵੀਂ ਸਦੀ ਮੁੱਕਣ ਅਤੇ 20ਵੀਂ ਸਦੀ ਚੜ੍ਹਨ ਦੇ ਨਾਲ ਹੀ ਪੰਜਾਬੀਆਂ ਦਾ ਆਪਣੇ ਘਰਾਂ ਤੋਂ ਪਰਦੇਸਾਂ ਵੱਲ ਜਾਣ ਦਾ ਮੁਹਾਣ ਸ਼ੁਰੂ ਹੋਇਆ ਸੀ। ਪਹਿਲੇ ਸਮਿਆਂ ‘ਚ ਪੰਜਾਬੀਆਂ ਨੂੰ ਹਮਲਾਵਰ ਘਰਾਂ ‘ਚੋਂ ਉਜਾੜਦੇ ਸਨ। ਫਿਰ ਹਾਲਾਤ ਐਸੇ ਬਣੇ ਕਿ ਉਹ ਆਪ ਹੀ ਘਰਾਂ ਤੋਂ ਉਜੜਨ ਲੱਗ ਪਏ। ਇੱਕੀਵੀਂ ਸਦੀ ਦੀ ਸ਼ੁਰੂਆਤ ਵਿਚ ਪੰਜਾਬੀਆਂ ਨੇ ਵਿਦੇਸ਼ ਵੱਲ ਅਜਿਹਾ ਰੁਖ਼ ਕੀਤਾ ਕਿ ਜ਼ਿਆਦਾਤਰ ਪੰਜਾਬੀਆਂ ਦਾ ਟੀਚਾ ਬਾਹਰਲੇ ਮੁਲਕਾਂ ਵਿਚ ਵੱਸਣ ਦਾ ਬਣ ਗਿਆ। ਇੱਕੀਵੀਂ ਸਦੀ ‘ਚ ਤਾਂ ਅੱਧਾ ਪੰਜਾਬ ਪਰਦੇਸੀ ਹੋ ਗਿਆ।ਹੈ। ਮਰਦਮਸ਼ੁਮਾਰੀ ਦੇ ਅੰਕੜੇ ਦੱਸਦੇ ਹਨ ਕਿ ਇਕ ਕਰੋੜ ਤੋਂ ਵਧੇਰੇ ਪੰਜਾਬੀ ਪੰਜਾਬੋਂ ਬਾਹਰਲੇ ਸੂਬਿਆਂ ਵਿਚ ਰਹਿੰਦੇ ਹਨ ਅਤੇ ਪੰਜਾਹ ਲੱਖ ਦੇ ਕਰੀਬ ਭਾਰਤ ਤੋਂ ਬਾਹਰ ਰਹਿੰਦੇ ਹਨ। ਜਿੰਨੇ ਕੁ ਪੰਜਾਬੀ ਪੰਜਾਬ ਤੋਂ ਬਾਹਰ ਨਿਕਲੇ ਹਨ ਉਸ ਦਾ ਪੰਜਵਾਂ ਕੁ ਹਿੱਸਾ, ਭਾਵ ਤੀਹ ਕੁ ਲੱਖ ਪਰਵਾਸੀ ਮਜ਼ਦੂਰ ਪੰਜਾਬ ਵਿਚ ਆ ਵਸੇ ਹਨ। ਪੰਜਾਬੀਆਂ ਵਿਚ ਵੀ ਜੇਕਰ ਇਕੱਲੇ ਸਿੱਖਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਚੌਥਾ ਸਿੱਖ ਪੰਜਾਬ ਤੋਂ ਬਾਹਰ ਘਰ ਪਾਈ ਬੈਠਾ ਹੈ ਅਤੇ ਉਨ੍ਹਾਂ ਦੇ ਪੰਜਾਬ ਵਿਚਲੇ ਜੱਦੀ ਘਰਾਂ ਨੂੰ ਜਿੰਦਰੇ ਵੱਜੀ ਜਾ ਰਹੇ ਹਨ। ਕਦੇ ਨਾ ਕਦੇ ਤਾਂ ਇਹ ਜਿੰਦਰੇ ਖੁੱਲ੍ਹਣੇ ਹੀ ਹਨ। ਇਹ ਗੱਲ ਵੱਖਰੀ ਹੈ ਕਿ ਜਾਂ ਤਾਂ ਆਪ ਖੋਲ੍ਹ ਲੈਣ ਜਾਂ ਫਿਰ ਹੋਰਨਾਂ ਸੂਬਿਆਂ ਤੋਂ ਆ ਰਹੇ ਪਰਵਾਸੀ ਮਜ਼ਦੂਰਾਂ ਨੂੰ ਖੋਲ੍ਹ ਲੈਣ ਦੇਣ। ਖ਼ਾਲੀ ਪਈਆਂ ਥਾਵਾਂ ਨੂੰ ਕਿਸੇ ਨੇ ਤਾਂ ਭਰਨਾ ਹੀ ਹੈ। ਮੈਂ ਕੁਝ ਅਜਿਹੇ ਲੋਕਾਂ ਨੂੰ ਦੇਖਿਆ ਹੈ ਜੋ ਬਾਹਰਲੇ ਕਿਰਤੀਆਂ ਦੇ ਪੰਜਾਬ ਆਉਣ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹਨ ਪਰ ਜਿੱਥੋਂ ਤਕ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਸਲੀ ਤੜਫ ਇਸ ਗੱਲ ਦੀ ਹੋਣੀ ਚਾਹੀਦੀ ਹੈ ਕਿ ਜੱਦੀ-ਪੁਸ਼ਤੀ ਪੰਜਾਬੀ, ਪੰਜਾਬ ਨੂੰ ਕਿਉਂ ਛੱਡ ਰਹੇ ਹਨ? ਜੋ ਪੰਜਾਬ ਦੇ ਅਸਲੀ ਵਾਰਿਸ ਕਹਾਉਂਦੇ ਹਨ, ਉਹ ਹੱਥੀਂ ਕਿਰਤ ਕਿਉਂ ਛੱਡੀ ਜਾ ਰਹੇ ਹਨ? ਜੇਕਰ ਤੀਹ ਲੱਖ ਪਰਵਾਸੀ ਮਜਦੂਰਾਂ ਨੂੰ ਪੰਜਾਬ ਵਿਚ ਹੱਥੀਂ ਕਰਨ ਵਾਲਾ ਕੰਮ ਲੱਭ ਸਕਦਾ ਹੈ ਤਾਂ ਪੰਜਾਬ ਦੇ ਜੰਮੇ-ਜਾਇਆਂ ਨੂੰ ਉਹ ਕੰਮ ਕਿਉਂ ਨਹੀਂ ਦਿਸਦਾ?
ਇਹ ਕਿੱਧਰਲੀ ਦਲੀਲ ਹੈ ਕਿ ਆਪ ਤਾਂ ਪੰਜਾਬ ਛੱਡੀ ਜਾਓ ਅਤੇ ਪੰਜਾਬ ਨੂੰ ਵੱਸਦਾ ਰੱਖਣ ਵਾਲਿਆਂ ਵਿਰੁੱਧ ਡੌਂਡੀ ਪਿੱਟੀ ਜਾਓ। ਬਾਹਰੋਂ ਆ ਰਹੇ ਕਿਰਤੀ ਪੰਜਾਬ ਨੂੰ ਲੁੱਟ ਨਹੀਂ ਰਹੇ, ਉਹ ਪੰਜਾਬ ਦੀ ਉਪਜ ਵਿਚ ਵਾਧਾ ਕਰ ਰਹੇ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਕੈਨੇਡਾ-ਅਮਰੀਕਾ ਜਾ ਕੇ ਕਹਿ ਰਹੇ ਹਾਂ ਕਿ ਅਸੀਂ ਉਨ੍ਹਾਂ ਮੁਲਕਾਂ ਦੀ ਆਰਥਿਕਤਾ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਾਂ। ਵੀਹਵੀਂ ਸਦੀ ਦੇ ਆਰੰਭ ਤੋਂ ਪੰਜਾਬੀਆਂ ਦਾ ਜਿਹੜਾ ਪਰਵਾਸ ਸ਼ੁਰੂ ਹੋਇਆ ਸੀ ਉਸ ਨੇ ਸੌ ਸਾਲਾਂ ਵਿਚ ਲੱਖਾਂ ਪੰਜਾਬੀ ਬਾਹਰ ਢੋਅ ਦਿੱਤੇ ਹਨ। ਹੁਣ ਤਾਂ ਅਸੀਂ ਵਿਸ਼ਵ ‘ਚ ਕਈ ਨਿੱਕੇ-ਨਿੱਕੇ ਪੰਜਾਬ ਬਣੇ ਵੇਖ ਰਹੇ ਹਾਂ। ਜੇਕਰ ਸਾਡਾ ਹੋਰਨਾਂ ਸੂਬਿਆਂ ਜਾਂ ਦੇਸ਼ਾਂ ਵਿਚ ਜਾਣਾ ਜਾਇਜ਼ ਹੈ ਤਾਂ ਹੋਰਨਾਂ ਸੂਬਿਆਂ ਤੋਂ ਕਿਸੇ ਦਾ ਪੰਜਾਬ ਆਉਣਾ ਨਾਜਾਇਜ਼ ਕਿਵੇਂ ਹੋ ਸਕਦਾ? ਪਰਵਾਸ ਦੇ ਵੱਧਦੇ ਰੁਝਾਨ ਪਿੱਛੇ ਕਾਰਨ ਕੀ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਮਨੁੱਖ ਸਦਾ ਹੀ ਬਿਹਤਰ ਜੀਵਨ ਦੀ ਤਲਾਸ਼ ਵਿਚ ਰਿਹਾ ਹੈ ਅਤੇ ਰਹੇਗਾ। ਬਿਹਤਰ ਜੀਵਨ ਲਈ ਉਸ ਨੂੰ ਆਪਣਾ ਪਿਆਰਾ ਵਤਨ ਵੀ ਛੱਡਣਾ ਪੈਂਦਾ ਹੈ। ਪਰਵਾਸੀ ਮਜ਼ਦੂਰ ਪੰਜਾਬ ਦੀ ਸੈਰ ਕਰਨ ਦਾ ਸ਼ੌਕ ਪਾਲਣ ਨਹੀਂ ਆਉਂਦੇ। ਉਹ ਪੰਜਾਬ ਦੀ ਨਿਸ਼ਕਾਮ ਸੇਵਾ ਕਰਨ ਵਾਸਤੇ ਵੀ ਨਹੀਂ ਆਉਂਦੇ। ਪੰਜਾਬ ਉਨ੍ਹਾਂ ਨੂੰ ਯੂਪੀ, ਬਿਹਾਰ ਨਾਲੋਂ ਬਿਹਤਰ ਇਵਜ਼ਾਨਾ ਦਿੰਦਾ ਹੈ। ਇਸ ਲਈ ਉਹ ਇਕ ਬਿਹਤਰ ਜੀਵਨ ਜਿਊਣ ਲਈ ਪੰਜਾਬ ਵੱਲ ਕੂਚ ਕਰਦੇ ਹਨ ਅਤੇ ਸਾਡੇ ਪੰਜਾਬੀ ਕੈਨੇਡਾ ਵਰਗੇ ਦੇਸ਼ਾਂ ਵੱਲ ਕਿਉਂਕਿ ਉੱਥੇ ਉਨ੍ਹਾਂ ਦੀ ਕਿਰਤ ਦਾ ਵੱਧ ਮੁੱਲ ਮਿਲਦਾ ਹੈ। ਇਨਸਾਨ ਹਮੇਸ਼ਾ ਬਿਹਤਰ ਜੀਵਨ ਦੀ ਤਾਂਘ ਲਈ ਦੌੜ-ਭੱਜ ਕਰਦਾ ਰਹਿੰਦਾ ਹੈ। ਇਹ ਦੌੜ ਕਦੇ ਮੁੱਕਣ ਵਾਲੀ ਨਹੀਂ। ਪੰਜਾਬੀਆਂ ‘ਤੇ ਵਿਦੇਸ਼ ਜਾਣ ਦੀ ਲਾਲਸਾ ਇਸ ਕਦਰ ਭਾਰੂ ਪੈ ਰਹੀ ਹੈ ਕਿ ਉਹ ਇਸ ਮਕਸਦ ਦੀ ਪੂਰਤੀ ਲਈ ਹਰ ਪੁੱਠੇ-ਸਿੱਧੇ ਰਾਹ ਅਖ਼ਤਿਆਰ ਕਰੀ ਜਾ ਰਹੇ ਹਨ।
ਪਰਵਾਸੀ ਪੰਜਾਬੀ ਆਪਣੀ ਮਾਤ ਭੂਮੀ ਪੰਜਾਬ ਵਿਚ ਖ਼ੁਦ ਦੀ ਹੋਂਦ ਦਿਖਾਉਣ ਲਈ ਹੀ ਵੱਡੇ-ਵੱਡੇ ਮਕਾਨ ਛੱਤੀ ਜਾ ਰਹੇ ਹਨ। ਬਿਨਾਂ ਇਹ ਸੋਚੇ ਕਿ ਉਨ੍ਹਾਂ ਦੀ ਔਲਾਦ ਇਨ੍ਹਾਂ ਮਕਾਨਾਂ ਨੂੰ ਕਦੇ ਘਰ ਬਣਾਵੇਗੀ ਜਾਂ ਨਹੀਂ? ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਤੂੜੀ ਦੀ ਪੰਡ’ ਪੜ੍ਹੀਏ ਤਾਂ ਉਹ ਕਹਿੰਦੇ ਹਨ ਕਿ ਤੂੜੀ ਦੀ ਪੰਡ ਪਾਣੀ ਦੇ ਵਹਿਣ ਵਿਚ ਖੁੱਲ੍ਹ ਜਾਵੇ ਤਾਂ ਤੀਲਾ-ਤੀਲਾ ਖਿੱਲਰ ਜਾਂਦਾ ਹੈ ਅਤੇ ਲਹਿਰਾਂ ਉਨ੍ਹਾਂ ਤੀਲਿਆਂ ਨੂੰ ਆਪਣੇ ਨਾਲ ਵਹਾ ਲੈ ਜਾਂਦੀਆਂ ਹਨ। ਫਿਰ ਉਨ੍ਹਾਂ ਨੂੰ ਇਕੱਠੇ ਕਰਨਾ ਸੰਭਵ ਨਹੀਂ ਹੁੰਦਾ। ਬਸ, ਅਫ਼ਸੋਸ ਹੀ ਹੁੰਦਾ ਹੈ ਕਿ ਤੂੜੀ ਦੀ ਪੰਡ ਖੁੱਲ੍ਹੀ ਕਿਉਂ? ਬਿਲਕੁਲ ਤੂੜੀ ਦੀ ਪੰਡ ਦੀ ਤਰ੍ਹਾਂ ਸਾਡੇ ਪੰਜਾਬੀਆਂ ਦੇ ਇਕੱਠ ਦੀ ਪੰਡ ਵੀ ਖੁੱਲ੍ਹ ਚੁੱਕੀ ਹੈ ਜੋ ਪਾਣੀ ਦੇ ਵਹਾਅ ਵਾਂਗ ਪੰਜਾਬੀਆਂ ਨੂੰ ਪੰਜਾਬ ਤੋਂ ਦੂਰ ਰੋੜ੍ਹ ਕੇ ਲਿਜਾ ਰਹੀ ਹੈ ਪਰ ਇਸ ਸਭ ਪਿੱਛੇ ਕਾਰਨ ਸਿਰਫ਼ ਇਕ ਹੀ ਹੈ, ਉਹ ਹੈ ਇਕ ਬਿਹਤਰ ਜੀਵਨ ਦੀ ਤਲਾਸ਼। ਇਸ ਹਾਲਾਤ ਨੂੰ ਦੇਖ ਕੇ ਇਹ ਵੀ ਸਿੱਧ ਹੁੰਦਾ ਹੈ ਕਿ ਸਾਡੇ ਦੇਸ਼ ਦੇ ਨਿਜ਼ਾਮ ਵਿਚ ਬਹੁਤ ਸਾਰੀਆਂ ਕਮੀਆਂ-ਪੇਸ਼ੀਆਂ ਹਨ ਜਿਸ ਕਰਕੇ ਲੋਕਾਂ ਨੂੰ ਆਪਣੀ ਥਾਲੀ ਛੱਡ ਕੇ ਬੇਗਾਨੀ ਥਾਲੀ ਵੱਲ ਝਾਤ ਮਾਰਨੀ ਪੈ ਰਹੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੀ ਸੁਚੱਜੀ ਵਿਵਸਥਾ ਸਿਰਜਣ ਜਿਸ ਸਦਕਾ ਪੰਜਾਬ ਦੀ ਰੌਣਕ ਪੰਜਾਬ ਵਿਚ ਹੀ ਰਹੇ ਅਤੇ ਲੋਕਾਂ ਦਾ ਇਕ ਵਧੀਆ ਜੀਵਨ ਜਿਊਣ ਦਾ ਸੁਪਨਾ ਆਪਣੇ ਦੇਸ਼ ਵਿਚ ਹੀ ਪੂਰਾ ਹੋ ਸਕੇ।

-ਹਰਕੀਰਤ ਕੌਰ ਸਭਰਾ

-ਮੋਬਾਈਲ ਨੰ. : 97791-18066