Copyright & copy; 2019 ਪੰਜਾਬ ਟਾਈਮਜ਼, All Right Reserved
ਮਰੀਜ਼ ਨੂੰ ਮਿਲਣ ਸਮੇਂ ਧਿਆਨ ਰੱਖਣ ਯੋਗ ਗੱਲਾਂ

ਮਰੀਜ਼ ਨੂੰ ਮਿਲਣ ਸਮੇਂ ਧਿਆਨ ਰੱਖਣ ਯੋਗ ਗੱਲਾਂ

ਸੁੱਖ-ਦੁੱਖ ਮਨੁੱਖੀ ਜੀਵਨ ਨਾਲ ਜੁੜੇ ਹੋਏ ਹਨ। ਆਪਣੇ ਸ਼ੁੱਭਚਿੰਤਕਾਂ ਦੇ ਦੁੱਖ-ਦਰਦ ਵਿਚ ਕੰਮ ਆਉਣਾ ਹੀ ਸੱਚੀ ਮਾਨਵਤਾ ਹੈ। ਜੇ ਕੋਈ ਆਪਣਾ ਜਾਣੂ ਬਿਮਾਰ ਹੁੰਦਾ ਹੈ ਤਾਂ ਸ਼ਿਸ਼ਟਾਚਾਰ ਅਤੇ ਉਸ ਦੇ ਨਾਲ ਸਬੰਧਾਂ ਕਰਕੇ ਉਸ ਦੇ ਘਰ ਜਾਂ ਹਸਪਤਾਲ ਜਾਣਾ ਹੀ ਪੈਂਦਾ ਹੈ। ਮਰੀਜ਼ ਨੂੰ ਦੇਖਣ ਲਈ ਜੇਕਰ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡਾ ਉਥੇ ਜਾਣਾ ਸਾਰਥਕ ਹੋਵੇਗਾ, ਨਹੀਂ ਤਾਂ ਮਰੀਜ਼ ਨੂੰ ਉਲਟਾ ਦੁੱਖ ਹੋ ਸਕਦਾ ਹੈ।
ਬਿਮਾਰ ਵਿਅਕਤੀ ਨੂੰ ਮਿਲਣ ਜਾਣ ਵੇਲੇ ਖਿਆਲ ਰੱਖੋ ਕਿ ਬਿਮਾਰ ਵਿਅਕਤੀ ਨੂੰ ਅਜਿਹਾ ਨਾ ਲੱਗੇ ਕਿ ਉਹ ਆਪਣੇ ਦੁੱਖ-ਦਰਦ ਵਿਚ ਇਕੱਲਾ ਹੈ, ਸਗੋਂ ਇਹ ਲੱਗੇ ਕਿ ਹੋਰ ਲੋਕ ਵੀ ਉਸ ਦੇ ਦੁੱਖ ਵਿਚ ਭਾਗੀ ਹਨ।
ਜੇ ਮਰੀਜ਼ ਨੂੰ ਦੇਖਣ ਹਸਪਤਾਲ ਜਾਣਾ ਹੋਵੇ ਤਾਂ ਜਾਣ ਤੋਂ ਪਹਿਲਾਂ ਹਸਪਤਾਲ ਵਿਚ ਮਿਲਣ ਦਾ ਸਮਾਂ ਪਤਾ ਕਰ ਲਓ। ਅਕਸਰ ਸਾਰੇ ਵੱਡੇ ਹਸਪਤਾਲਾਂ ਵਿਚ ਮਰੀਜ਼ਾਂ ਨਾਲ ਮਿਲਣ ਲਈ ਸਮਾਂ ਨਿਸਚਿਤ ਰਹਿੰਦਾ ਹੈ, ਤਾਂ ਕਿ ਬਾਕੀ ਸਮੇਂ ਵਿਚ ਮਰੀਜ਼ ਆਰਾਮ ਕਰ ਸਕੇ। ਇਸ ਲਈ ਨਿਰਧਾਰਤ ਸਮੇਂ ਦੌਰਾਨ ਹੀ ਉਥੇ ਪਹੁੰਚਣਾ ਚਾਹੀਦਾ ਹੈ। ਜਿਥੋਂ ਤੱਕ ਹੋ ਸਕੇ ਬਿਮਾਰ ਦੇ ਕੋਲ ਭੀੜ ਨਾ ਲਗਾਓ। ਜੇ ਡਾਕਟਰ ਨੇ ਬਿਮਾਰ ਨੂੰ ਪੂਰੇ ਆਰਾਮ ਦੀ ਸਲਾਹ ਦਿੱਤੀ ਹੈ ਜਾਂ ਬੋਲਣ ਤੋਂ ਮਨ੍ਹਾ ਕੀਤਾ ਹੈ ਤਾਂ ਉਸ ਨਾਲ ਗ਼ੈਰ-ਜ਼ਰੂਰੀ ਗੱਲਬਾਤ ਨਾ ਕਰੋ, ਕਿਉਂਕਿ ਉੱਤਰ ਦੇਣ ਵਿਚ ਉਸ ਨੂੰ ਤਕਲੀਫ ਵੀ ਹੋ ਸਕਦੀ ਹੈ।
ਕਦੇ-ਕਦੇ ਮਰੀਜ਼ ਦੀ ਹਾਲਤ ਬਹੁਤ ਨਾਜ਼ੁਕ ਹੋਣ ‘ਤੇ ਉਸ ਨੂੰ ਆਈ. ਸੀ. ਯੂ. ਵਿਚ ਵੀ ਭਰਤੀ ਕੀਤਾ ਜਾਂਦਾ ਹੈ। ਕਦੇ-ਕਦੇ ਡਾਕਟਰ ਮਰੀਜ਼ ਦੇ ਕਮਰੇ ਵਿਚ ਜਾਣ ਜਾਂ ਉਸ ਨੂੰ ਮਿਲਣ ਤੋਂ ਵੀ ਮਨ੍ਹਾ ਕਰਦੇ ਹਨ। ਅਜਿਹੀ ਸਥਿਤੀ ਵਿਚ ਮਰੀਜ਼ ਦੇ ਕਮਰੇ ਵਿਚ ਜਾਣ ਦੀ ਬਜਾਏ ਉਸ ਦੀ ਸਿਹਤ ਬਾਰੇ ਜਾਣਕਾਰੀ ਉਸ ਦੇ ਪਰਿਵਾਰ ਦੇ ਮੈਂਬਰਾਂ ਤੋਂ ਪੁੱਛ ਲੈਣਾ ਜ਼ਿਆਦਾ ਚੰਗਾ ਰਹੇਗਾ।
ਜੇ ਤੁਸੀਂ ਮਰੀਜ਼ ਨੂੰ ਦੇਖਣ ਜਾਓ ਤਾਂ ਉਸ ਨਾਲ ਹਲਕੀਆਂ ਗੱਲਾਂ ਹੀ ਕਰੋ। ਕਿਸੇ ਵੀ ਸਥਿਤੀ ਵਿਚ ਉਸ ਦੇ ਪੁਰਾਣੇ ਜ਼ਖਮਾਂ ਨੂੰ ਨਾ ਛੇੜੋ, ਨਹੀਂ ਤਾਂ ਉਸ ਦਾ ਦਿਲ ਹੋਰ ਦੁਖੇਗਾ। ਜਿਥੋਂ ਤੱਕ ਸੰਭਵ ਹੋਵੇ, ਛੋਟੇ ਬੱਚਿਆਂ ਨੂੰ ਹਸਪਤਾਲ ਨਾ ਲੈ ਕੇ ਜਾਓ, ਕਿਉਂਕਿ ਉਨ੍ਹਾਂ ਦੇ ਰੌਲੇ-ਰੱਪੇ ਕਾਰਨ ਦੂਜੇ ਮਰੀਜ਼ਾਂ ਲਈ ਵੀ ਸ਼ਾਂਤ ਮਾਹੌਲ ਭੰਗ ਹੁੰਦਾ ਹੈ ਅਤੇ ਛੋਟੇ ਬੱਚਿਆਂ ਨੂੰ ਇਨਫੈਕਸ਼ਨ ਹੋਣ ਦਾ ਵੀ ਖਤਰਾ ਰਹਿੰਦਾ ਹੈ। ਜੇ ਬੱਚਿਆਂ ਨੂੰ ਨਾਲ ਲਿਜਾਣਾ ਜ਼ਰੂਰੀ ਹੋਵੇ ਤਾਂ ਉਨ੍ਹਾਂ ਨੂੰ ਦੌੜ-ਭੱਜ, ਰੌਲੇ-ਰੱਪੇ ਤੋਂ ਰੋਕ ਕੇ ਰੱਖੋ।
ਯਾਦ ਰੱਖੋ ਕਿ ਜਦੋਂ ਵੀ ਤੁਸੀਂ ਮਰੀਜ਼ ਦਾ ਹਾਲ-ਚਾਲ ਪੁੱਛਣ ਉਸ ਦੇ ਘਰ ਜਾਂ ਹਸਪਤਾਲ ਜਾਂਦੇ ਹੋ ਤਾਂ ਸਵਾਗਤ, ਸਤਿਕਾਰ ਦੀ ਆਸ ਨਾਲ ਨਾ ਜਾਓ। ਸਾਹਮਣੇ ਵਾਲੇ ਲਈ ਸੰਭਵ ਨਹੀਂ ਹੁੰਦਾ ਕਿ ਉਹ ਅਜਿਹੇ ਸਮੇਂ ਵਿਚ ਮਰੀਜ਼ ਨੂੰ ਛੱਡ ਕੇ ਤੁਹਾਡੀ ਖਾਤਰਦਾਰੀ ਵਿਚ ਜੁਟ ਜਾਵੇ। ਸੋ, ਤੁਹਾਨੂੰ ਇਸ ਗੱਲ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ।
ਜਦੋਂ ਤੁਸੀਂ ਮਰੀਜ਼ ਨੂੰ ਦੇਖਣ ਜਾਓ ਤਾਂ ਮਰੀਜ਼ ਦੇ ਆਰਾਮ ਦਾ ਪੂਰਾ ਖਿਆਲ ਰੱਖੋ, ਉਥੇ ਘੰਟਿਆਂਬੱਧੀ ਨਾ ਬੈਠੋ। ਉਸ ਦੇ ਪਰਿਵਾਰਕ ਮੈਂਬਰ ਤੋਂ ਤੁਹਾਡੇ ਕਰਨ ਯੋਗ ਕੋਈ ਕੰਮ ਹੋਵੇ ਤਾਂ ਪੁੱਛੋ। ਬਿਨਾਂ ਮੰਗੇ ਆਪਣੀ ਸਲਾਹ ਨਾ ਦਿਓ। ਜਿਸ ਡਾਕਟਰ ਦਾ ਇਲਾਜ ਚੱਲ ਰਿਹਾ ਹੈ, ਉਸ ਨੂੰ ਆਪਣੇ ਤਰੀਕੇ ਨਾਲ ਕਰਨ ਦਿਓ। ਡਾਕਟਰ ਦੇ ਇਲਾਜ ਦੌਰਾਨ ਆਪਣਾ ਨੁਸਖਾ ਨਾ ਦੱਸੋ। ਹਰ ਵਿਅਕਤੀ ਆਪਣਾ-ਆਪਣਾ ਨੁਸਖਾ ਦੱਸੇਗਾ ਤਾਂ ਮਰੀਜ਼ ਜਾਂ ਉਸ ਦੇ ਪਰਿਵਾਰਕ ਮੈਂਬਰ ਗ਼ਲਤ-ਫਹਿਮੀ ਵਿਚ ਪੈ ਜਾਣਗੇ।
ਜੇ ਤੁਸੀਂ ਮਰੀਜ਼ ਦੇ ਸੱਚੇ ਸ਼ੁੱਭਚਿੰਤਕ ਹੋ ਤਾਂ ਉਸ ਦੇ ਦੁੱਖ-ਦਰਦ ਵਿਚ ਹੱਥ ਵਟਾਓ। ਸਰੀਰਕ ਦੁੱਖ ਤਾਂ ਉਸ ਨੇ ਹੀ ਉਠਾਉਣਾ ਹੋਵੇਗਾ, ਪਰ ਜੇ ਤੁਸੀਂ ਉਸ ਦੇ ਹੋਰ ਕੰਮਾਂ ਵਿਚ ਹੱਥ ਵਟਾਉਂਦੇ ਹੋ ਤਾਂ ਉਸ ਦਾ ਮਾਨਸਿਕ ਬੋਝ ਕਾਫੀ ਹਲਕਾ ਹੋ ਜਾਵੇਗਾ।