Copyright & copy; 2019 ਪੰਜਾਬ ਟਾਈਮਜ਼, All Right Reserved
ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ

ਮੇਰੀ ਚੁੰਨੀ ਦੀਆਂ ਰੇਸ਼ਮੀ ਤੰਦਾਂ

ਦੁਪੱਟਾ ਸਲਵਾਰ-ਕਮੀਜ਼ ਦਾ ਅਨਿਖੜਵਾਂ ਅੰਗ ਹੈ। ਗਰਮੀਆਂ ਦੀ ਇਸ ਰੁੱਤ ਵਿਚ ਮੁਟਿਆਰਾਂ ਵਲੋਂ ਲਿਆ ਜਾਣ ਵਾਲਾ ਵੱਖ-ਵੱਖ ਰੰਗਾਂ ਦਾ ਦੁਪੱਟਾ ਹੀ ਉਨ੍ਹਾਂ ਦੀ ਪਛਾਣ ਬਣ ਜਾਂਦਾ ਹੈ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਪ੍ਰਗਟਾਵਾ ਕਰਦਾ ਹੈ। ਇਸ ਲਈ ਆਪਣੇ ਸੂਟ ਨਾਲ ਲਏ ਜਾਣ ਵਾਲੇ ਦੁਪੱਟੇ ਦੀ ਚੋਣ ਵੇਲੇ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਦੁਪੱਟਾ ਅਸਲ ਵਿਚ ਦੋ ਪੱਟਾਂ ਨੂੰ ਜੋੜ ਕੇ ਬਣਾਇਆ ਹੋਇਆ ਤਿੰਨ ਗਜ਼ ਲੰਮਾ ਅਤੇ ਡੇਢ ਗਜ਼ ਚੌੜਾ ਕੱਪੜਾ ਹੁੰਦਾ ਹੈ, ਜਿਸ ਦੀ ਆਪਣੀ ਹੀ ਸ਼ਾਨ ਨਿਰਾਲੀ ਹੁੰਦੀ ਹੈ। ਦੁਪੱਟਾ ਆਮ ਤੌਰ ‘ਤੇ ਕਾਟਨ, ਗਲੇਜ ਕਾਟਨ, ਸਿਲਕ, ਜਾਰਜੈੱਟ, ਸ਼ਿਫਾਨ, ਕਾਟਨ ਨੈਟ ਕਿਸਮਾਂ ਦੇ ਕੱਪੜੇ ਦਾ ਹੁੰਦਾ ਹੈ।
ਅੱਜਕਲ੍ਹ ਲਹਿਰੀਆ ਪ੍ਰਿੰਟ ਦੇ ਦੁਪੱਟੇ ਲੈਣ ਦਾ ਬਹੁਤ ਰਿਵਾਜ ਹੈ। ਲਹਿਰੀਆ ਪ੍ਰਿੰਟ ਦੇ ਦੁਪੱਟਿਆਂ ਨੂੰ ਧਾਰੀਦਾਰ ਦੁਪੱਟੇ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਲਹਿਰੀਆ ਪ੍ਰਿੰਟ ਦੇ ਦੁਪੱਟੇ ਸ਼ਿਫਾਨ ਦੇ ਹੀ ਹੁੰਦੇ ਹਨ। ਇਸ ਤਰ੍ਹਾਂ ਦੇ ਦੁਪੱਟਿਆਂ ਉੱਪਰ ਲੰਬੀਆਂ-ਲੰਬੀਆਂ ਲੱਗੀਆਂ ਹੋਈਆਂ ਧਾਰੀਆਂ ਬਹੁਤ ਸੋਹਣੀਆਂ ਲੱਗਦੀਆਂ ਹਨ। ਇਸ ਤਰ੍ਹਾਂ ਦੇ ਦੁਪੱਟਿਆਂ ਨੂੰ ਹਲਕੇ ਰੰਗਾਂ ਦੇ ਸੂਟਾਂ ਦੇ ਨਾਲ-ਨਾਲ ਪਲੇਨ ਰੰਗ ਦੇ ਸੂਟਾਂ ਨਾਲ ਪਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਦੁਪੱਟੇ ਚਿੱਟੇ ਅਤੇ ਕਰੀਮ ਸੂਟ ਨਾਲ ਬਹੁਤ ਸੋਹਣੇ ਲਗਦੇ ਹਨ ਅਤੇ ਇਨ੍ਹਾਂ ਸੂਟਾਂ ਨਾਲ ਲਹਿਰੀਆ ਦੁਪੱਟਾ ਲਈ ਹੋਈ ਮੁਟਿਆਰ ਹਰ ਕਿਸੇ ਉੱਪਰ ਬਿਜਲੀਆਂ ਡੇਗਦੀ ਜਾਂਦੀ ਹੈ। ਜੇ ਇਸ ਤਰ੍ਹਾਂ ਦੇ ਦੁਪੱਟਿਆਂ ਨੂੰ ਭਾਰੀ ਦਿੱਖ ਦੇਣੀ ਹੋਵੇ ਤਾਂ ਇਨ੍ਹਾਂ ਦੁਪੱਟਿਆਂ ਦੇ ਕਿਨਾਰਿਆਂ ਉੱਪਰ ਗੋਟਾ, ਕ੍ਰੋਸ਼ੀਆ ਲੈਸ, ਲਟਕਣ ਤੇ ਮੋਤੀ ਲਗਾਏ ਜਾ ਸਕਦੇ ਹਨ। ਉਂਜ ਲਹਿਰੀਆ ਦੁਪੱਟੇ ਹਲਕੇ ਵਿਚ ਹੀ ਹੁੰਦੇ ਹਨ ਤੇ ਇਨ੍ਹਾਂ ਦਾ ਜ਼ਿਆਦਾ ਭਾਰ ਨਹੀਂ ਹੁੰਦਾ, ਇਸ ਕਾਰਨ ਹੀ ਇਸ ਤਰ੍ਹਾਂ ਦੇ ਦੁਪੱਟੇ ਗਰਮੀਆਂ ਦੇ ਮੌਸਮ ਵਿਚ ਲੈਣੇ ਸੁਵਿਧਾਜਨਕ ਅਤੇ ਸਟਾਇਲਿਸ਼ ਮੰਨੇ ਜਾਂਦੇ ਹਨ।
ਪਟਿਆਲਾ ਸ਼ਾਹੀ ਸੂਟ, ਸੈਮੀ ਪਟਿਆਲਾ ਸ਼ਾਹੀ, ਅਫ਼ਗਾਨੀ ਸਲਵਾਰ, ਚੂੜੀਦਾਰ ਸੂਟ ਦੇ ਨਾਲ ਵੀ ਮੈਚਿੰਗ ਕਰਦਾ ਦੁਪੱਟਾ ਲੈਣਾ ਅੱਜਕਲ੍ਹ ਬਹੁਤ ਪ੍ਰਚਲਿਤ ਹੈ। ਇਸ ਦੇ ਨਾਲ ਹੀ ਵੱਖ-ਵੱਖ ਕਿਸਮਾਂ ਦੇ ਗਰਮੀਆਂ ਵਾਲੇ ਕੁੜਤਿਆਂ ਅਤੇ ਕੁੜਤੀਆਂ ਨਾਲ ਵੀ ਵੱਖ-ਵੱਖ ਰੰਗਾਂ ਦੇ ਦੁਪੱਟੇ ਲਏ ਜਾ ਸਕਦੇ ਹਨ।
ਰੇਬ ਪੰਜਾਮੀ ਨਾਲ ਵੀ ਮੈਚਿੰਗ ਕਰਦਾ ਦੁਪੱਟਾ ਵੱਖਰੀ ਹੀ ਸ਼ਾਨ ਦਿਖਾਉਂਦਾ ਹੈ। ਅਨਾਰਕਲੀ ਸੂਟ ਨਾਲ ਮੈਚਿੰਗ ਰੰਗ ਦਾ ਦੁਪੱਟਾ ਲੈਣ ਦੀ ਥਾਂ ਕੰਟਰਾਸਟ ਦੁਪੱਟਾ ਲੈਣਾ ਜ਼ਿਆਦਾ ਸੋਹਣਾ ਲਗਦਾ ਹੈ। ਇਸ ਤਰ੍ਹਾਂ ਅਨਾਰਕਲੀ ਸੂਟ ਦਾ ਰੰਗ ਵੀ ਉੱਠਦਾ ਹੈ ਅਤੇ ਕੰਟਰਾਸਟ ਦੁਪੱਟਾ ਵੀ ਦੂਰੋਂ ਹੀ ਲਿਸ਼ਕਾਂ ਮਾਰਦਾ ਹੈ। ਇਸ ਤੋਂ ਇਲਾਵਾ ਅਨਾਰਕਲੀ ਸੂਟ ਨਾਲ ਨੈੱਟ ਦਾ ਗੋਲਡਨ ਦੁਪੱਟਾ ਵੀ ਲਿਆ ਜਾ ਸਕਦਾ ਹੈ। ਨੈੱਟ ਦਾ ਗੋਲਡਨ ਦੁਪੱਟਾ ਵੱਖ-ਵੱਖ ਰੰਗਾਂ ਦੇ ਅਨਾਰਕਲੀ ਸੂਟਾਂ ਨਾਲ ਬਹੁਤ ਹੀ ਦਿਲਖਿੱਚਵਾਂ ਲਗਦਾ ਹੈ। ਇਸ ਦੇ ਨਾਲ ਹੀ ਡਾਰਕ ਬਲੂ ਅਤੇ ਗੋਲਡਨ ਦਾ ਮਿਕਸ ਰੰਗ ਵਾਲਾ ਦੁਪੱਟਾ ਵੀ ਬਹੁਤ ਸੋਹਣਾ ਲਗਦਾ ਹੈ। ਜੇ ਤੁਸੀਂ ਸਿੰਪਲ ਓਰੇਂਜ ਰੰਗ ਦਾ ਅਨਾਰਕਲੀ ਸੂਟ ਪਾਇਆ ਹੈ ਤਾਂ ਇਸ ਨਾਲ ਤੁਸੀਂ ਕਢਾਈ ਵਾਲਾ ਦੁਪੱਟਾ ਲੈ ਸਕਦੇ ਹੋ।
ਅੱਜਕਲ੍ਹ ਗੂੜ੍ਹੇ ਰੰਗ ਦੇ ਸੂਟ ਨਾਲ ਗੁਲਾਬੀ ਅਤੇ ਗੋਲਡਨ ਦੁਪੱਟਾ ਵੀ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਬਲੈਕ ਸੂਟ ਨਾਲ ਹਲਕਾ ਹਰਾ ਦੁਪੱਟਾ ਵੀ ਲਿਆ ਜਾ ਰਿਹਾ ਹੈ।
ਲਾਲ ਕਮੀਜ਼, ਕਰੀਮ ਸਲਵਾਰ ਨਾਲ ਲਿਆ ਲਾਲ ਦੁਪੱਟਾ ਵੀ ਬਹੁਤ ਸੋਹਣਾ ਲਗਦਾ ਹੈ। ਇਸ ਤੋਂ ਇਲਾਵਾ ਦੁੱਧ ਚਿੱਟੇ ਸਫੈਦ ਸੂਟ ਉੱਪਰ ਲਿਆ ਗਿਆ ਰੰਗਦਾਰ ਦੁਪੱਟਾ ਵੱਖਰੀ ਹੀ ਸ਼ਾਨ ਪੈਦਾ ਕਰਦਾ ਹੈ। ਹਰ ਤਰ੍ਹਾਂ ਦੇ ਰੰਗ ਦੇ ਦੁਪੱਟੇ ਭਾਵੇਂ ਬਾਜ਼ਾਰ ਵਿਚ ਮੁੱਲ ਮਿਲ ਜਾਂਦੇ ਹਨ ਪਰ ਫਿਰ ਵੀ ਵੱਡੀ ਗਿਣਤੀ ਔਰਤਾਂ ਸਫੈਦ ਜਾਂ ਹਲਕਾ ਪੀਲਾ ਕੱਪੜਾ ਲੈ ਕੇ ਆਪਣੀ ਮਨਪਸੰਦ ਦੇ ਰੰਗ ਦੁਪੱਟੇ ਨੂੰ ਡਾਈ ਕਰਵਾਉਂਦੀਆਂ ਹਨ।
ਗਰਮੀਆਂ ਵਿਚ ਵਧੇਰੇ ਕਰਕੇ ਹਲਕੇ ਰੰਗਾਂ ਦੇ ਹੀ ਸੂਟ ਪਾਏ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਸੂਟਾਂ ਨਾਲ ਮੈਚਿੰਗ ਕਰਦੇ ਜਾਂ ਕੰਟਰਾਸਟ ਦੁਪੱਟੇ ਵੀ ਹਲਕੇ ਹੀ ਲਏ ਜਾਂਦੇ ਹਨ। ਫਿਰ ਵੀ ਆਪਣੇ ਚਿਹਰੇ ਅਤੇ ਸਰੀਰ ਦੀ ਬਨਾਵਟ ਅਨੁਸਾਰ ਹੀ ਦੁਪੱਟੇ ਦੀ ਚੋਣ ਕਰੋ। ਤੁਹਾਡਾ ਦੁਪੱਟਾ ਵੀ ਤੁਹਾਡੀ ਪੋਸ਼ਾਕ ਵਾਂਗ ਹੀ ਤੁਹਾਡੀ ਪਛਾਣ ਦਾ ਪ੍ਰਤੀਕ ਹੁੰਦਾ ਹੈ। ਇਸ ਲਈ ਗਰਮੀਆਂ ਵਿਚ ਆਪਣੀ ਪੋਸ਼ਾਕ ਦੇ ਨਾਲ-ਨਾਲ ਆਪਣੇ ਦੁਪੱਟੇ ਦੀ ਚੋਣ ਵੀ ਸਾਵਧਾਨੀ ਅਤੇ ਬਹੁਤ ਧਿਆਨ ਨਾਲ ਕਰੋ।

ਲੇਖਕ : -ਜਗਮੋਹਨ ਸਿੰਘ ਲੱਕੀ,
ਮੋਬਾ: 94638-19174