Copyright & copy; 2019 ਪੰਜਾਬ ਟਾਈਮਜ਼, All Right Reserved
ਸਮਾਜਿਕ ਸੰਸਕਾਰਾਂ ਦੀ ਅਹਿਮੀਅਤ

ਸਮਾਜਿਕ ਸੰਸਕਾਰਾਂ ਦੀ ਅਹਿਮੀਅਤ

ਆਖਰ ਕਿਉਂ ਸਾਡੀਆਂ ਆਦਤਾਂ ਵਿਗੜੀਆਂ ਹੋਈਆਂ ਹਨ। ਅਸੀਂ ਆਪਣੇ ਘਰ ਨੂੰ ਤਾਂ ਖੂਬ ਚਮਕਾ ਕੇ ਰੱਖਣਾ ਚਾਹੁੰਦੇ ਹਾਂ ਪਰ ਜਿਥੋਂ ਸਾਡੇ ਘਰ ਦੀ ਹੱਦ ਖ਼ਤਮ ਹੁੰਦੀ ਹੈ, ਉਥੋਂ ਅੱਗੇ ਨਾਲ ਸਾਨੂੰ ਕੋਈ ਮਤਲਬ ਨਹੀਂ ਰਹਿ ਜਾਂਦਾ। ਸਾਰਾ ਜਹਾਨ ਫਿਰ ਸਾਡੇ ਲਈ ਕੂੜਾਦਾਨ ਬਣ ਜਾਂਦਾ ਹੈ। ਬਸ ਫਿਰ ਤਾਂ ਜੁਰਮਾਨੇ ਦਾ ਡਰ ਹੀ ਸਾਨੂੰ ਰੋਕ ਕੇ ਰੱਖਦਾ ਹੈ। ਅਜਿਹਾ ਨਹੀਂ ਹੈ ਕਿ ਸਰਕਾਰ ਇਸ ਪਾਸਿਓਂ ਲਾਪ੍ਰਵਾਹ ਹੈ। ਸਮੇਂ-ਸਮੇਂ ‘ਤੇ ਇਸ ਨੂੰ ਲੈ ਕੇ ਕਾਨੂੰਨ ਬਣਦੇ ਰਹਿੰਦੇ ਹਨ, ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਪਰ ਜਨਤਾ ਦਾ ਲੋੜੀਂਦਾ ਸਹਿਯੋਗ ਨਹੀਂ ਰਹਿੰਦਾ। ਲੋਕ ਬਾਗਾਂ, ਜਨਤਕ ਪਾਰਕਾਂ ਵਿਚ ਪਿਕਨਿਕ ਮਨਾਉਣ ਜਾਂਦੇ ਹਨ ਅਤੇ ਪੇਪਰ, ਪਲੇਟਾਂ, ਗਿਲਾਸ, ਬਚਿਆ-ਖੁਚਿਆ ਖਾਣਾ ਸਭ ਇਧਰ-ਉਧਰ ਸੁੱਟ ਦਿੰਦੇ ਹਨ ਜਾਂ ਉਥੇ ਹੀ ਛੱਡ ਕੇ ਚਲੇ ਜਾਂਦੇ ਹਨ।
ਕੋਈ ਸਮਾਗਮ ਕਰਨ ਤੋਂ ਬਾਅਦ ਵੀ ਇਹੀ ਹਾਲ ਰਹਿੰਦਾ ਹੈ। ਹਵਾ ਨਾਲ ਸਾਰਾ ਕੂੜਾ-ਕਰਕਟ ਖਿਲਰ ਜਾਂਦਾ ਹੈ। ਅਜਿਹੀ ਹਰਕਤ ਕਰਨ ਵਾਲਿਆਂ ਨੂੰ ਕੋਈ ਖਿਆਲ ਨਹੀਂ ਹੁੰਦਾ ਕਿ ਇਹ ਕਿੰਨੀ ਗ਼ਲਤ ਗੱਲ ਹੈ। ਜਿਸ ਦੇਸ਼, ਸ਼ਹਿਰ, ਜਗ੍ਹਾ ਨੇ ਸਾਨੂੰ ਏਨੀਆਂ ਸਹੂਲਤਾਂ ਦਿੱਤੀਆਂ ਹਨ, ਕੀ ਉਸ ਦੇ ਪ੍ਰਤੀ ਸਾਡਾ ਕੋਈ ਫਰਜ਼ ਨਹੀਂ ਹੈ? ਫਿਰ ਕਿਸ ਮੂੰਹ ਨਾਲ ਅਸੀਂ ਆਪਣੇ ਨਾਗਰਿਕ ਅਧਿਕਾਰਾਂ ਦੀ ਗੱਲ ਕਰ ਸਕਦੇ ਹਾਂ? ਸ਼ਹਿਰੀ ਹੋਣ ਦਾ ਦਮ ਭਰ ਸਕਦੇ ਹਾਂ।
ਛੋਟੀਆਂ-ਛੋਟੀਆਂ ਗੱਲਾਂ ਦੇਖੀਏ ਤਾਂ ਜਨਤਕ ਥਾਵਾਂ ‘ਤੇ ਪਿਸ਼ਾਬ ਕਰਨਾ, ਜਨਤਕ ਗੱਡੀਆਂ ਵਿਚ ਕੂੜਾ-ਕਚਰਾ ਸੁੱਟਣਾ, ਮੁਢਲੇ ਸਮਾਜਿਕ ਸੰਸਕਾਰਾਂ ਦਾ ਧਿਆਨ ਨਾ ਰੱਖਣਾ ਵਰਗੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ।
ਤੁਹਾਡੀਆਂ ਨੈਤਿਕ ਕਦਰਾਂ-ਕੀਮਤਾਂ ਤੁਹਾਡੀ ਸੱਭਿਅਕ ਸੂਝ ਨਾਲ ਜੁੜੀਆਂ ਹੋਈਆਂ ਹਨ। ਆਪਣੇ-ਆਪ ਤੋਂ ਹਟ ਕੇ ਸੋਚਣਾ, ਦੂਜਿਆਂ ਨੂੰ ਨੁਕਸਾਨ ਨਾ ਪਹੁੰਚਾਉਣਾ, ਸ਼ੁਕਰਗੁਜ਼ਾਰ ਹੋਣਾ, ਇਹ ਹੈ ਸੱਭਿਅਕ ਸੂਝ।
ਤੇਜ਼ ਵਿਕਾਸ ਦੇ ਇਸ ਦੌਰ ਵਿਚ ਆਪਣੀ ਸੋਚ ਵੀ ਸਾਨੂੰ ਵਿਕਸਿਤ ਕਰਨੀ ਪਵੇਗੀ। ਨਿਯਮ-ਕਾਨੂੰਨ ਜੋ ਭਲਾਈ ਲਈ ਬਣੇ ਹਨ, ਉਨ੍ਹਾਂ ਦਾ ਪਾਲਣ ਕਰਨਾ ਪਵੇਗਾ। ਜਨਤਕ ਸਥਾਨਾਂ ‘ਤੇ ਸ਼ਾਲੀਨਤਾ ਬਣਾਈ ਰੱਖਣੀ ਪਵੇਗੀ। ਅਸ਼ਲੀਲ ਹਰਕਤਾਂ ਤੋਂ ਬਚਣਾ ਪਵੇਗਾ। ਬਜ਼ੁਰਗਾਂ, ਔਰਤਾਂ ਜਾਂ ਸਰੀਰਕ ਵਿਗਾੜ ਤੋਂ ਪੀੜਤ ਲੋਕਾਂ ਨੂੰ ਆਦਰ ਦਿੰਦੇ ਹੋਏ ਜਨਤਕ ਬੱਸਾਂ-ਗੱਡੀਆਂ ਵਿਚ ਉਨ੍ਹਾਂ ਨੂੰ ਸੀਟ ਦੇਣ ਵਰਗੀ ਮਾਮੂਲੀ ਹਮਦਰਦੀ ਪੇਸ਼ ਕਰਨੀ ਪਵੇਗੀ। ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਉਣਾ ਵੀ ਸਮਾਜਿਕ ਸੰਸਕਾਰਾਂ ਦਾ ਹੀ ਹਿੱਸਾ ਹੈ।
ਇਨ੍ਹਾਂ ਗੱਲਾਂ ਦਾ ਲਗਾਤਾਰ ਪ੍ਰਚਾਰ-ਪ੍ਰਸਾਰ ਹੁੰਦਾ ਰਹਿਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਦੇਸ਼ ‘ਤੇ ਮਾਣ ਕਰਨਾ ਚਾਹੁੰਦੇ ਹਾਂ ਤਾਂ ਹਰ ਛੋਟੇ-ਵੱਡੇ ਨੂੰ ਸਮਾਜਿਕ ਸੰਸਕਾਰਾਂ ਦਾ ਧਿਆਨਾ ਰੱਖਣਾ ਪਵੇਗਾ। ਬਚਪਨ ਤੋਂ ਹੀ ਬੱਚਿਆਂ ਨੂੰ ਜਾਗਰੂਕ ਨਾਗਰਿਕ ਬਣਨ ਦੀ ਦਿਸ਼ਾ ਵਿਚ ਕਦਮ ਵਧਾਉਣ ਦੀ ਸਿੱਖਿਆ ਦੇਣੀ ਪਵੇਗੀ।