Copyright & copy; 2019 ਪੰਜਾਬ ਟਾਈਮਜ਼, All Right Reserved
ਬੱਚਿਆਂ ਨੂੰ ਸਿਖਾਓ ਜ਼ਿੰਦਗੀ ਦੇ ਸਬਕ

ਬੱਚਿਆਂ ਨੂੰ ਸਿਖਾਓ ਜ਼ਿੰਦਗੀ ਦੇ ਸਬਕ

ਬਚਪਨ ਵਿਚ ਮਨ ਦੀ ਕੋਰੀ ਸਲੇਟ ‘ਤੇ ਲਿਖੇ ਗਏ ਸ਼ਬਦ ਹੀ ਸਾਡੀ ਜ਼ਿੰਦਗੀ ਦਾ ਮਨੋਰਥ ਬਣਦੇ ਹਨ। ਬੱਚੇ ਤੁਹਾਡੀ ਅਕਲ ਦੀ ਹੀ ਨਕਲ ਹੁੰਦੇ ਹਨ। ਸਾਡਾ ਗਿਆਨ ਸਾਡੀ ਯੋਗਤਾ ਹੈ ਅਤੇ ਸਾਡਾ ਮਨੋਵਿਗਿਆਨ ਸਾਡਾ ਤਜਰਬਾ ਹੈ। ਗਿਆਨ ਦੇ ਨਾਲ-ਨਾਲ ਬੱਚੇ ਦੀ ਸਮਝ ਦਾ ਵਿਕਾਸ ਵੀ ਜ਼ਰੂਰੀ ਹੈ। ਸਮਝਦਾਰ ਬੱਚੇ ਸਾਡੇ ਇਸ਼ਾਰਿਆਂ ਵਿਚੋਂ ਵੀ ਬਹੁਤ ਕੁਝ ਲੈਂਦੇ ਹਨ। ਜ਼ਿੰਦਗੀ ਦੇ ਸਬਕ ਜ਼ਿੰਦਗੀ ਵਿਚੋਂ ਹੀ ਸਿੱਖੇ ਜਾ ਸਕਦੇ ਹਨ ਪਰ ਇਹ ਸਭ ਕੁਝ ਸਾਡੀ ਆਪਣੀ ਸਮਝ ‘ਤੇ ਹੀ ਨਿਰਭਰ ਕਰਦਾ ਹੈ। ਆਪਣੇ ਬੱਚਿਆਂ ਨੂੰ ਸਿਰਫ ਚੰਗੇ ਸਕੂਲਾਂ ਵਿਚ ਪੜ੍ਹਾ ਦੇਣਾ ਹੀ ਕਾਫੀ ਨਹੀਂ। ਉਨ੍ਹਾਂ ਦੇ ਰਹਿਣ-ਸਹਿਣ ਅਤੇ ਸੁੱਖ ਸਹੂਲਤਾਂ ਦਾ ਖਿਆਲ ਰੱਖਣਾ ਹੀ ਕਾਫੀ ਨਹੀਂ, ਬਲਕਿ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਸਮਝਦਾਰ ਇਨਸਾਨ ਬਣਾ ਦੇਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ। ਦੌਲਤ ਜ਼ਰੂਰੀ ਹੈ ਪਰ ਸਮਝਦਾਰੀ ਉਸ ਤੋਂ ਵੀ ਵੱਧ ਜ਼ਰੂਰੀ ਹੈ। ਗਿਆਨ ਜ਼ਰੂਰੀ ਹੈ ਪਰ ਉਸ ਗਿਆਨ ‘ਤੇ ਅਮਲ ਉਸ ਤੋਂ ਵੱਧ ਜ਼ਰੂਰੀ ਹੈ। ਕਈ ਵਾਰ ਸਿਆਣਪ ਯੋਗਤਾ ਨਾਲੋਂ ਵੱਧ ਕੰਮ ਕਰਦੀ ਹੈ। ਬੱਚਿਆਂ ਨੂੰ ਸਿਰਫ ਦੇਣਾ ਹੀ ਕਾਫੀ ਨਹੀਂ, ਉਨ੍ਹਾਂ ਨੂੰ ਕੁਝ ਪ੍ਰਾਪਤ ਕਰਨਾ ਵੀ ਸਿਖਾਓ। ਗੱਲ-ਗੱਲ ‘ਤੇ ਬੱਚੇ ਦਾ ਨਿਰਾਦਰ ਕਰੋਗੇ ਤਾਂ ਉਹ ਦੂਜਿਆਂ ਦਾ ਸਤਿਕਾਰ ਕਰਨਾ ਵੀ ਨਹੀਂ ਸਿੱਖੇਗਾ। ਜ਼ਿੰਦਗੀ ਪ੍ਰਤੀ ਜਿੰਨਾ ਸਾਡਾ ਤਜਰਬਾ ਵਿਸ਼ਾਲ ਹੋਵੇਗਾ, ਸਾਡੀ ਜ਼ਿੰਦਗੀ ਦੀ ਕੀਮਤ ਓਨੀ ਹੀ ਵੱਧ ਹੋਵੇਗੀ।

ਸੋਚ ਅਤੇ ਵਿਚਾਰਾਂ ਦੇ ਪੱਖ ਤੋਂ ਵੀ ਬੱਚੇ ਨੂੰ ਆਤਮਨਿਰਭਰ ਬਣਾਓ, ਤਾਂ ਕਿ ਉਹ ਆਪਣੀਆਂ ਅਤੇ ਦੂਜਿਆਂ ਦੀਆਂ ਗ਼ਲਤੀਆਂ ਤੋਂ ਸਿੱਖ ਸਕੇ, ਆਪਣੇ ਫੈਸਲੇ ਆਪ ਕਰ ਸਕੇ, ਆਪਣਾ ਨਫਾ-ਨੁਕਸਾਨ ਅਤੇ ਚੰਗਾ-ਬੁਰਾ ਆਪ ਸੋਚ ਸਕੇ। ਜੇਕਰ ਤੁਸੀਂ ਆਪਣੇ ਬੱਚਿਆਂ ਦੀ ਬਿਹਤਰੀ ਲਈ ਯਤਨ ਕਰ ਰਹੇ ਹੋ ਤਾਂ ਇਸ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਬੱਚਾ ਤੁਹਾਡੇ ਯਤਨਾਂ ਦੀ ਕੀਮਤ ਨੂੰ ਸਮਝੇ। ਤੁਹਾਡੇ ਦੁਆਰਾ ਆਪਣੇ ਬੱਚਿਆਂ ਲਈ ਕਮਾਈ ਗਈ ਦੌਲਤ, ਖਰੀਦੀਆਂ ਗਈਆਂ ਚੀਜ਼ਾਂ ਅਤੇ ਸੁਖ-ਸਹੂਲਤਾਂ ਹੀ ਕਾਫੀ ਨਹੀਂ ਹਨ। ਸਿਰਫ ਭਾਸ਼ਣ ਜਾਂ ਉਪਦੇਸ਼ ਦੇਣ ਨਾਲ ਵੀ ਨਤੀਜੇ ਨਹੀਂ ਨਿਕਲਦੇ। ਅਸੀਂ ਝੂਠ ਤਾਂ ਬੋਲਦੇ ਹਾਂ, ਕਿਉਂਕਿ ਸਾਨੂੰ ਸੱਚ ਦੀ ਕੀਮਤ ਦਾ ਪਤਾ ਨਹੀਂ ਹੁੰਦਾ। ਅਸੀਂ ਵਿਖਾਵਾ ਤਾਂ ਕਰਦੇ ਹਾਂ, ਕਿਉਂਕਿ ਸਾਨੂੰ ਸਾਦਗੀ ਦੇ ਮੁੱਲ ਦਾ ਗਿਆਨ ਨਹੀਂ ਹੁੰਦਾ। ਅਸੀਂ ਆਪਣੀ ਅਗਿਆਨਤਾ ਕਾਰਨ ਹੀ ਬਹਿਸ ਕਰਦੇ ਹਾਂ, ਜਦਕਿ ਗਿਆਨਵਾਨ ਤਾਂ ਗੱਲਬਾਤ ਨਾਲ ਵੀ ਵੱਡੇ-ਵੱਡੇ ਮਸਲਿਆਂ ਦੇ ਹੱਲ ਕੱਢ ਲੈਂਦੇ ਹਨ।

ਅਕਸਰ ਬੱਚੇ ਵਿਗੜ ਜਾਂਦੇ ਹਨ, ਜਦੋਂ ਅਸੀਂ ਆਪਣੀ ਮਰਜ਼ੀ ਉਨ੍ਹਾਂ ‘ਤੇ ਜ਼ਬਰਦਸਤੀ ਥੋਪਦੇ ਹਾਂ। ਗਿਆਨ ਦੇ ਨਾਲ-ਨਾਲ ਤੁਹਾਡਾ ਮਾਨਸਿਕ ਪੱਖੋਂ ਖੁਸ਼ਹਾਲ ਹੋਣਾ ਵੀ ਜ਼ਰੂਰੀ ਹੈ। ਬੱਚੇ ਨੂੰ ਐਨੀ ਵੀ ਆਜ਼ਾਦੀ ਨਾ ਦਿਓ ਕਿ ਉਹ ਇਸ ਦੇ ਮਹੱਤਵ ਨੂੰ ਹੀ ਨਾ ਸਮਝ ਸਕੇ। ਤੁਸੀਂ ਯਤਨ ਜ਼ਰੂਰ ਕਰੋ, ਇਸ ਨਾਲ ਮੰਜ਼ਿਲ ਮਿਲੇ ਜਾਂ ਤਜਰਬਾ, ਇਹ ਦੋਵੇਂ ਚੀਜ਼ਾਂ ਹੀ ਅਨਮੋਲ ਹਨ। ਤੁਸੀਂ ਜ਼ਬਰਦਸਤੀ ਬੱਚੇ ਨੂੰ ਆਪਣੀ ਦੁਨੀਆ ਵਿਚ ਖਿੱਚਣ ਦੀ ਕੋਸ਼ਿਸ਼ ਨਾ ਕਰੋ, ਸਗੋਂ ਉਸ ਨੂੰ ਆਪਣੀ ਦੁਨੀਆ ਵਿਚ ਆਪਣੀ ਪਹਿਚਾਣ ਬਣਾਉਣ ਦਾ ਮੌਕਾ ਦਿਓ। ਜ਼ਰੂਰਤ ਤੋਂ ਜ਼ਿਆਦਾ ਲਾਡ, ਲੋੜ ਤੋਂ ਵੱਧ ਪ੍ਰਸੰਸਾ, ਲੋੜ ਤੋਂ ਵੱਧ ਦੌਲਤ, ਲੋੜ ਤੋਂ ਜ਼ਿਆਦਾ ਆਜ਼ਾਦੀ ਨਾਲ ਅਕਸਰ ਬੱਚੇ ਜ਼ਿੰਦਗੀ ਦੇ ਗੁਲਦਸਤੇ ਦਾ ਹਿੱਸਾ ਬਣਨ ਤੋਂ ਵਾਂਝੇ ਰਹਿ ਜਾਂਦੇ ਹਨ। ਕਿਸੇ ਹੋਰ ਨਾਲ ਬੱਚੇ ਦੀ ਤੁਲਨਾ ਕਰਦੇ ਰਹਿਣਾ ਉਸ ਦੀ ਮੌਲਿਕਤਾ ਨਾਲ ਬੇਇਨਸਾਫੀ ਹੈ। ਹਰ ਬੱਚੇ ਦੀ ਆਪਣੀ ਦੁਨੀਆ, ਆਪਣੇ ਸੁਪਨੇ ਅਤੇ ਆਪਣੇ ਟੀਚੇ ਹੁੰਦੇ ਹਨ। ਜ਼ਰੂਰਤ ਤੋਂ ਜ਼ਿਆਦਾ ਦਖਲਅੰਦਾਜ਼ੀ ਨਾਲ ਅਕਸਰ ਬੱਚੇ ਕੁਰਾਹੇ ਪੈ ਜਾਂਦੇ ਹਨ ।

-ਅਮਰਜੀਤ ਬਰਾੜ, ਮੋਬਾ: 94179-49079