Copyright & copy; 2019 ਪੰਜਾਬ ਟਾਈਮਜ਼, All Right Reserved
ਕੋਸ਼ਿਸ਼

ਕੋਸ਼ਿਸ਼

ਹਰਮੀਤ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ। ਪੜ੍ਹਾਈ ਪੱਖੋਂ ਉਹ ਕਾਫ਼ੀ ਵਧੀਆ ਸੀ। ਹਰਮੀਤ ਦੇ ਮਾਤਾ-ਪਿਤਾ ਬਹੁਤ ਗ਼ਰੀਬ ਸਨ। ਕਈ ਵਾਰੀ ਤਾਂ ਉਨ੍ਹਾਂ ਨੂੰ ਇੱਕ ਡੰਗ ਦੀ ਰੋਟੀ ਵੀ ਮੁਸ਼ਕਿਲ ਨਾਲ ਖਾਣ ਨੂੰ ਮਿਲਦੀ। ਘਰ ਦਾ ਗੁਜ਼ਾਰਾ ਬੜਾ ਔਖਾ ਚੱਲਦਾ ਸੀ। ਇਸ ਕਰਕੇ ਹਰਮੀਤ ਨੇ ਆਪਣੇ ਪਿਤਾ ਨੂੰ ਕਦੇ ਵੀ ਕਾਪੀਆਂ ਜਾਂ ਪੈੱਨ-ਪੈਨਸਿਲਾਂ ਲਿਆਉਣ ਬਾਰੇ ਨਹੀਂ ਕਿਹਾ ਸੀ। ਇਸ ਕਰਕੇ ਉਸ ਕੋਲ ਕਦੇ ਕਾਪੀ ਨਹੀਂ ਹੁੰਦੀ ਸੀ ਅਤੇ ਕਦੇ ਪੈੱਨ ਜਾਂ ਪੈਨਸਿਲ। ਜਮਾਤ ਵਿੱਚ ਸਾਰੇ ਬੱਚੇ ਕੰਮ ਕਰ ਰਹੇ ਹੁੰਦੇ ਤਾਂ ਉਹ ਬਿਨਾਂ ਕਾਪੀ ਤੋਂ ਜਮਾਤ ਵਿੱਚ ਬੈਠੀ ਹੁੰਦੀ। ਇਸ ਕਾਰਨ ਉਹ ਬਹੁਤ ਦੁਖੀ ਹੁੰਦੀ। ਦੁਖੀ ਹੋ ਕੇ ਉਹ ਕਈ-ਕਈ ਦਿਨ ਸਕੂਲ ਵੀ ਨਾ ਆਉਂਦੀ। ਇੱਕ ਦਿਨ ਉਸਨੇ ਆਪਣੀ ਮੰਮੀ ਨੂੰ ਕਿਹਾ, ‘ਮੰਮੀ ਜੀ! ਮੇਰੇ ਕੋਲ ਕਦੇ ਕਾਪੀ ਨਹੀਂ ਹੁੰਦੀ ਅਤੇ ਕਦੇ ਪੈੱਨ। ਮੈਂ ਜਮਾਤ ਵਿੱਚ ਬਿਨਾਂ ਕੰਮ ਕੀਤੇ ਹੀ ਬੈਠੀ ਰਹਿੰਦੀ ਹਾਂ ਜਦੋਂਕਿ ਬਾਕੀ ਸਾਰੇ ਬੱਚੇ ਕੰਮ ਕਰ ਰਹੇ ਹੁੰਦੇ ਹਨ, ਮੈਨੂੰ ਬੜੀ ਸ਼ਰਮ ਆਉਂਦੀ ਏ।’ ਉਸਦੇ ਮਾਤਾ ਜੀ ਵੀ ਇਸ ਗੱਲ ਤੋਂ ਦੁਖੀ ਹੋਏ, ਪਰ ਉਨ੍ਹਾਂ ਨੇ ਆਪਣੀ ਮਜਬੂਰੀ ਦੱਸਦੇ ਹੋਏ ਕਿਹਾ, ‘ਵੇਖ ਬੇਟਾ, ਆਪਣੇ ਕੋਲ ਤਾਂ ਰੋਟੀ ਜੋਗੇ ਪੈਸੇ ਮਸਾਂ ਬਣਦੇ ਹਨ, ਤੇਰੇ ਸਕੂਲ ਦੇ ਖ਼ਰਚੇ ਜੋਗੇ ਪੈਸੇ ਕਿੱਥੋਂ ਦਈਏ। ਛੱਡ ਦੇ ਸਕੂਲ ਜਾਣਾ, ਆਪਾਂ ਕਿਹੜਾ ਨੌਕਰੀਆਂ ਕਰਨੀਆਂ ਨੇ, ਆਪਾਂ ਨੂੰ ਤਾਂ ਸਾਰੀ ਉਮਰ ਮਿਹਨਤ-ਮਜ਼ਦੂਰੀ ਹੀ ਕਰਨੀ ਪੈਣੀ ਆ।’ ਆਪਣੀ ਮੰਮੀ ਦੀ ਗੱਲ ਸੁਣਦਿਆਂ ਹੀ ਸਕੂਲ ਛੱਡਣ ਦੀ ਗੱਲ ਉਸਦੇ ਮਨ ਵਿੱਚ ਘਰ ਕਰ ਗਈ।
ਸਾਲਾਨਾ ਇਮਤਿਹਾਨ ਨੇੜੇ ਹੋਣ ਕਾਰਨ ਵਿੱਦਿਅਕ ਮੁਕਾਬਲੇ ਸ਼ੁਰੂ ਹੋ ਗਏ ਸਨ ਤਾਂ ਜੋ ਬੱਚੇ ਆਪਣੇ ਕੀਤੇ ਕੰਮ ਦੀ ਦੁਹਰਾਈ ਕਰ ਸਕਣ। ਪਹਿਲੇ ਦਿਨ ਸੁੰਦਰ ਲਿਖਾਈ ਦਾ ਮੁਕਾਬਲਾ ਸੀ ਜਿਸ ਵਿੱਚ ਜਮਾਤ ਦੇ ਹਰ ਬੱਚੇ ਦਾ ਭਾਗ ਲੈਣਾ ਜ਼ਰੂਰੀ ਸੀ, ਪਰ ਹਰਮੀਤ ਉਸ ਵਿੱਚ ਹਿੱਸਾ ਨਹੀਂ ਲੈ ਰਹੀ ਸੀ। ਆਪਣੇ ਅਧਿਆਪਕ ਦੇ ਵਾਰ-ਵਾਰ ਪੁੱਛਣ ‘ਤੇ ਉਸਨੇ ਆਪਣੇ ਅਧਿਆਪਕ ਨੂੰ ਆਪਣੀ ਮੰਮੀ ਵੱਲੋਂ ਕਹੀ ਗੱਲ ਦੱਸੀ ਅਤੇ ਸਕੂਲ ਛੱਡਣ ਬਾਰੇ ਵੀ ਦੱਸਿਆ। ਅਧਿਆਪਕ ਨੇ ਕੁਝ ਚਿੰਤਾ ਜ਼ਾਹਿਰ ਕੀਤੀ, ਪਰ ਬਿਨਾਂ ਕੁਝ ਬੋਲੇ ਉਸਨੂੰ ਇੱਕ ਕਾਗਜ਼-ਪੈੱਨ ਦਿੱਤਾ ਅਤੇ ਮੁਕਾਬਲੇ ਵਿੱਚ ਭਾਗ ਲੈਣ ਲਈ ਕਿਹਾ। ਕਾਗਜ਼-ਪੈੱਨ ਲੈ ਕੇ ਹਰਮੀਤ ਬੈਠ ਗਈ ਅਤੇ ਸੁੰਦਰ-ਸੁੰਦਰ ਲਿਖਣ ਲੱਗੀ। ਜਦੋਂ ਮੁਕਾਬਲੇ ਦਾ ਨਤੀਜਾ ਐਲਾਨਿਆ ਗਿਆ ਤਾਂ ਉਸ ਵਿੱਚੋਂ ਹਰਮੀਤ ਪਹਿਲੇ ਨੰਬਰ ‘ਤੇ ਆਈ। ਉਸ ਦਿਨ ਉਸਨੂੰ ਇਨਾਮ ਵਜੋਂ ਇੱਕ ਪੈੱਨ ਅਤੇ ਇੱਕ ਪੈਨਸਿਲ ਮਿਲੀ। ਇਨਾਮ ਪ੍ਰਾਪਤ ਕਰਕੇ ਉਸਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਤਰ੍ਹਾਂ ਉਹ ਲਗਾਤਾਰ ਮੁਕਾਬਲਿਆਂ ਵਿੱਚ ਭਾਗ ਲੈਂਦੀ ਗਈ ਅਤੇ ਇਨਾਮ ਪ੍ਰਾਪਤ ਕਰਦੀ ਗਈ। ਹੁਣ ਉਹ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਸਕੂਲ ਛੱਡਣ ਦਾ ਖ਼ਿਆਲ ਉਸਨੇ ਆਪਣੇ ਦਿਲੋਂ ਕੱਢ ਦਿੱਤਾ ਸੀ। ਹੁਣ ਹਰਮੀਤ ਨੂੰ ਕੋਈ ਵੀ ਖਾਲੀ ਕਾਗਜ਼ ਜਾਂ ਪੈੱਨ-ਪੈਨਸਿਲ ਲੱਭਦਾ ਤਾਂ ਉਹ ਉਸ ਨੂੰ ਸਾਂਭ ਲੈਂਦੀ। ਉਹ ਇਨ੍ਹਾਂ ਉੱਪਰ ਹੀ ਸਕੂਲ ਦਾ ਕੰਮ ਅਤੇ ਦੁਹਰਾਈ ਕਰਦੀ।
ਉਸਦੇ ਅਧਿਆਪਕ ਵੀ ਖ਼ੁਸ਼ ਸਨ ਕਿ ਹਰਮੀਤ ਹੁਣ ਲਗਾਤਾਰ ਸਕੂਲ ਆ ਰਹੀ ਸੀ ਅਤੇ ਹੋਰ ਜ਼ਿਆਦਾ ਮਿਹਨਤ ਵੀ ਕਰ ਰਹੀ ਸੀ। ਉਸਦੇ ਅਧਿਆਪਕ ਸੋਚਦੇ ਕਿ ਜੇਕਰ ਇਸੇ ਤਰ੍ਹਾਂ ਇਹ ਲੜਕੀ ਹਿੰਮਤ ਨਾ ਹਾਰੇ ਤਾਂ ਉਹ ਬਹੁਤ ਅੱਗੇ ਤਕ ਪੜ੍ਹ ਸਕੇਗੀ। ਹਰਮੀਤ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਸਾਲਾਨਾ ਇਮਤਿਹਾਨ ਦਿੱਤੇ। ਉਸਦੇ ਸਾਰੇ ਪੇਪਰ ਬਹੁਤ ਵਧੀਆ ਹੋਏ ਅਤੇ ਉਹ ਚੰਗੇ ਅੰਕ ਲੈ ਕੇ ਪਾਸ ਹੋ ਗਈ।