ਅਸੀਂ ਪੁੱਤ ਗੁਰੂ ਦਸ਼ਮੇਸ਼ ਦੇ

ਅਸੀਂ ਪੁੱਤ ਗੁਰੂ ਦਸ਼ਮੇਸ਼ ਦੇ

ਵਿੱਚ ਕਿਹਾ ਕਚਿਹਰੀ ਗਰਜ ਕੇ,
ਦਸਮੇਸ਼ ਦੇ ਬਰਖੁਰਦਾਰ।
ਓਏ ਸੁਣ ਸੂਬੇ ਸਰਹੰਦ ਦੇ,
ਤੈਨੂੰ ਕਹੀਏ ਅਸੀਂ ਵੰਗਾਰ।

ਸਾਨੂੰ ਲਾਲਚ ਦੇਵਣ ਲੱਗਿਆਂ,
ਜ਼ਰਾ ਹੱਥ ਅਕਲ ਨੂੰ ਮਾਰ।
ਅਸੀਂ ਪੁੱਤ ਪੋਤੇ ਕਿਸ ਵੰਸ਼ ਦੇ?
ਤੇ ਕੀ ਸਾਡਾ ਕਿਦਾਰ ?

ਅਸੀਂ ਬਾਬੇ-ਕਿਆਂ ਦੀ ਕੁੱਲ ਰੋ,
ਤੂੰ ਬਾਬਰ-ਕਿਆਂ ਦੀ ਡਾਰ ।
ਰਹੀ ਮੁੱਢ ਤੇ ਆਪਣੀ ਖੜਕਦੀ,
ਸਦਾ ਖਾਧੀ ਤੁਸਾਂ ਨੇ ਹਾਰ।

ਸਾਡੇ ਪੜਦਾਦੇ ਦੀ ਤੇਗ ਨੇ,
ਥੋਡਾ ਭੰਨਿਆਂ ਸੀ ਹੰਕਾਰ।
ਸਾਡੇ ਦਾਦੇ ਸੀ ਹੰਕਾਰੀਆਂ,
ਪਾਈ ਦਿੱਲੀ ਜਾ ਲਲਕਾਰ।

ਸਾਡੇ ਪਿਤਾ ਚਬਾਏ ਚਨੇ ਸੀ,
ਥੋਨੂੰ ਹਰ ਜੰਗ ਦੇ ਕੇ ਹਾਰ।
ਸੁਣ! ਗੱਜਦੀ ਪਈ ਸਰਹੰਦ ਵਿੱਚ,
ਸਾਡੇ ਵੀਰਾਂ ਦੀ ਲਲਕਾਰ।
ਸਾਡੀ ਦਾਦੀ ਠੰਢੇ ਬੁਰਜ ਵਿੱਚ,
ਆਡੋਲ ਜੁੜੀ ਕਰਤਾਰ।
ਸਾਨੂੰ ਖੁਦ ਉਸ ਹੱਥੀਂ ਆਪਣੇ,
ਕਰ ਤੋਰਿਆ ਆਪ ਤਿਆਰ।

ਸੱਚ ਅਣਖ ਦੀ ਤੁਰਦੇ ਤੋਰ ਹਾਂ,
ਅਸੀਂ ਤਖ਼ਤੀ ਠੋਕਰ ਮਾਰ।
ਸਾਨੂੰ ਸਿੱਖੀ ਪਿਆਰੀ ਜਾਨ ਤੇ,
ਵਿੱਚ ਕੁੱਲ ਸਾਰੇ ਸੰਸਾਰ।

ਤੂੰ ਸਮਝ ਕੇ ਸਾਨੂੰ ਬਾਲੜੇ,
ਨਾ ਗਿੱਦੜ ਧਮਕੀਆਂ ਮਾਰ।
ਜ਼ਰਾ ਛੱਡ ਕੇ ਸਾਨੂੰ ਵੇਖ ਤੂੰ,
ਤੈਨੂੰ ਕਰੀਏ ਗੋਡੀਂ ਭਾਰ।

ਅਸੀਂ ਡਰਦੇ ਮੁਲ, ਨਾ ਮੌਤ ਤੇ,
ਗੁਰੂ-ਦਸਮ ਦੇ ਅਸੀਂ ਦੁਲਾਰ।
ਅਸੀਂ ਖਾਤਿਰ ਖੇਲ ਪ੍ਰੇਮ ਦੀ,
ਹੱਸ ਮੌਤ ਬਣਾਉਦੇ ਯਾਰ।

ਸਾਨੂੰ ਗੁੜਤੀ ਸੂਰਮਗਤੀ ਦੀ,
ਖੁਦ ਦਿੱਤੀ ਕਲਗੀਧਾਰ।
ਅਸੀਂ ਪੁੱਤ ਗੁਰੂ ਦਸਮੇਸ਼ ਦੇ,
ਹਾਂ ਸਿੰਘ-ਸੂਰੇ ਸਰਦਾਰ।

ਸ : ਕੁਲਵੰਤ ਸਿੰਘ, ਵੈਨਕੂਵਰ