ਰੁਝਾਨ ਖ਼ਬਰਾਂ
ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨਾਲ ਧੱਕੇਸ਼ਾਹੀ ‘ਤੇ ਉਤਰੀ ਭਾਰਤ ਸਰਕਾਰ

ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨਾਲ ਧੱਕੇਸ਼ਾਹੀ ‘ਤੇ ਉਤਰੀ ਭਾਰਤ ਸਰਕਾਰ

ਨਵੀਂ ਦਿੱਲੀ : ਭਾਰਤ ਦੀ ਮੋਦੀ ਸਰਕਾਰ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਵਿਰੁੱਧ ਵੀ ਧੱਕੇਸ਼ਾਹੀ ਕੀਤੀ ਜਾਣ ਲੱਗੀ ਹੈ। ਭਾਰਤ ਸਰਕਾਰ ਵਲੋਂ ਕਿਸਾਨ ਅੰਦੋਲਨ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰ ਮਨਦੀਪ ਪੂਨੀਆ ਨੂੰ ਬੀਤੇ ਦਿਨੀਂ ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਭੜਕਾਉਣ ਅਤੇ ਪੁਲਿਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਸਿੰਘੂ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ। ਇਸ ਤੋਂ ਪਹਿਲਾਂ ਪੂਨੀਆ ਦੇ ਨਾਲ ਹੀ ਇੱਕ ਹੋਰ ਪੱਤਰਕਾਰ ਧਰਮਿੰਦਰ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਪੁਲਿਸ ਨੇ ਅਗਲੇ ਦਿਨ ਸਵੇਰੇ ਧਰਮਿੰਦਰ ਨੂੰ ਰਿਹਾਅ ਕਰ ਦਿੱਤਾ ਜਦਕਿ ਪੂਨੀਆ ਖਿਲਾਫ ਦੋਸ਼ ਆਇਦ ਕੀਤੇ ਗਏ। ਹਿਰਾਸਤ ‘ਚ ਲਏ ਜਾਣ ਤੋਂ ਕਈ ਘੰਟੇ ਪਹਿਲਾਂ, ਪੂਨੀਆ ਨੇ ਸਿੰਘੂ ਸਰਹੱਦ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਫੇਸਬੁੱਕ ‘ਤੇ ਲਾਈਵ ਹੋ ਕੇ ਵੀਡੀਓ ਸ਼ੇਅਰ ਕੀਤੀ ਸੀ। ਇਸ ਵਿੱਚ ਉਸ ਨੇ ਕਿਹਾ ਸੀ ਕਿ ਸਥਾਨਕ ਹੋਣ ਦਾ ਦਾਅਵਾ ਕਰਨ ਵਾਲੀ ਭੀੜ ਨੇ ਕਿਵੇਂ ਅੰਦੋਲਨ ਸਮੇਂ ਪੁਲਿਸ ਦੀ ਹਾਜ਼ਰੀ ਵਿੱਚ ਪੱਥਰ ਸੁੱਟੇ। ਪੂਨੀਆ ਨੇ ਸਿੰਘੂ ਸਰਹੱਦ ‘ਤੇ ਕਿਸਾਨਾਂ ਖਿਲਾਫ ਹਿੰਸਾ ਕਰਨ ਵਾਲੇ ਲੋਕਾਂ ਦਾ ਭਾਜਪਾ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਸੀ। ਹਾਲ ਹੀ ਵਿੱਚ ਕੁਝ ਲੋਕਾਂ ਨੇ ਸਥਾਨਕ ਸ਼ਹਿਰੀ ਹੋਣ ਦਾ ਦਾਅਵਾ ਕਰਦਿਆਂ, ਸਿੰਘੂ ਸਰਹੱਦ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ‘ਤੇ ਪੱਥਰ ਸੁੱਟੇ ਸੀ। ਇਸ ਦੇ ਨਾਲ ਹੀ ਇੱਕ ਹੋਰ ਮਾਮਲੇ ‘ਚ ਕਿਸਾਨੀ ਸੰਘਰਸ਼ ਨਾਲ ਸਬੰਧਤ ‘ਟੂਲਕਿੱਟ’ ਨੂੰ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਸ਼ੇਅਰ ਕਰਨ ਦੇ ਦੋਸ਼ ਹੇਠ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਦਿਸ਼ਾ ਰਵੀ ਨੂੰ 3 ਖੇਤੀ ਕਾਨੂੰਨਾਂ ਨਾਲ ਸੰਬੰਧਤ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਜੁੜੀ ‘ਟੂਲਕਿੱਟ’ ਸੋਸ਼ਲ ਮੀਡੀਆ ‘ਤੇ ਸਾਂਝੀ ਕਰਨ ਦੇ ਦੋਸ਼ ‘ਚ 13 ਫਰਵਰੀ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ‘ਟੈਲੀਗ੍ਰਾਮ ਐਪ’ ਰਾਹੀਂ ਜਲਵਾਯੂ ਪਰਿਵਰਤਨ ਵਰਕਰ ਗ੍ਰੇਟਾ ਥਨਬਰਗ ਨੂੰ ਇਹ ‘ਟੂਲਕਿੱਟ’ ਭੇਜੀ ਸੀ ਅਤੇ ਇਸ ‘ਤੇ ਕਾਰਵਾਈ ਲਈ ਉਨ੍ਹਾਂ ਨੂੰ ਮਨਾਇਆ ਸੀ। ਸੁਪਰੀਮ ਕੋਰਟ ਵਿੱਚ ਕਈ ਪਟੀਸ਼ਨਰਾਂ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੋਂ ਬਿਨਾਂ ਹੀ ਦਿੱਲੀ ਲਿਆਂਦਾ ਗਿਆ ਹੈ ਜੋ ਕਿ ਗ਼ੈਰ-ਕਾਨੂੰਨੀ ਹੈ। ਦਿੱਲੀ ਪੁਲਸ ਮੁਖੀ ਨੇ ਕਿਹਾ ਸੀ ਕਿ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ਕਾਨੂੰਨ ਦੇ ਅਨੁਰੂਪ ਕੀਤੀ ਗਈ ਹੈ, ਜੋ 22 ਤੋਂ 50 ਸਾਲ ਦੀ ਉਮਰ ਦੇ ਲੋਕਾਂ ਵਿਚਾਲੇ ਕੋਈ ਭੇਦਭਾਵ ਨਹੀਂ ਕਰਦਾ। ਸਵੀਡਿਸ਼ ਵਾਤਾਵਰਣ ਐਕਟੀਵਿਸਟ ਗ੍ਰੇਟਾ ਥਨਬਰਗ ਨੇ ਟੂਲਕਿੱਟ ਮਾਮਲੇ ‘ਚ ਗ੍ਰਿਫਤਾਰ 22 ਸਾਲਾ ਦਿਸ਼ਾ ਰਵੀ ਦਾ ਸਮਰਥਨ ਕੀਤਾ ਹੈ। ਉਸ ਨੇ ਟਵੀਟ ਕਰਕੇ ਕਿਹਾ ਕਿ ਬੋਲਣ ਦੀ ਆਜ਼ਾਦੀ ਅਤੇ ਸ਼ਾਂਤੀਪੂਰਣ ਪ੍ਰਦਰਸ਼ਨ ਸਾਰਿਆਂ ਦਾ ਮਨੁੱਖੀ ਅਧਿਕਾਰ ਹੈ। ਇਸ ਮਨੁੱਖੀ ਅਧਿਕਾਰ ‘ਤੇ ਕੋਈ ਬਹਿਸ ਨਹੀਂ ਕੀਤੀ ਜਾ ਸਕਦੀ। ਇਸ ਨੂੰ ਲੋਕਤੰਤਰ ਦਾ ਮੂਲ ਹਿੱਸਾ ਹੋਣਾ ਚਾਹੀਦਾ। ਜੇਲ੍ਹ ‘ਚ ਬੰਦ ਦਿਸ਼ਾ ਰਵੀ ਦੇ ਸਮਰਥਨ ‘ਚ ਉਤਰੀ ਗ੍ਰੇਟਾ ਥਨਬਰਗ ਨੇ ਸੰਗਠਨ ‘ਫਰਾਈਡੇਜ਼ ਫਾਰ ਫਿਊਚਰ ਇੰਡੀਆ’ ਦੇ ਉਸ ਟਵੀਟ ਨੂੰ ਕੋਟ ਕੀਤਾ ਜਿਸ ਵਿਚ ਲਿਖਿਆ ਗਿਆ ਹੈ ਕਿ ਫਰਾਈਡੇਜ਼ ਫਾਰ ਫਿਊਚਰ ਇੰਡੀਆ ਕਲਾਈਮੇਟ ਜਸਟਿਸ ਦੇ ਲਈ ਕੌਮਾਂਤਰੀ ਅੰਦੋਲਨ ਦਾ ਇੱਕ ਹਿੱਸਾ ਹੈ। ਉਧਰ ਦੇਸ਼ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਰਚਣ ਦੀ ਮੁਲਜ਼ਮ ਦਿਸ਼ਾ ਰਵੀ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦਿਸ਼ਾ ਪੁਛਗਿੱਛ ਵਿਚ ਸਹਿਯੋਗ ਨਹੀਂ ਕਰ ਰਹੀ। ਉਹ ਘਟਨਾਕ੍ਰਮ ਦੇ ਲਈ ਸਹਿ ਮੁਲਜ਼ਮ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਅਦਾਲਤ ਨੇ ਦਿਸ਼ਾ ਨੂੰ ਤਿੰਨ ਹੋਰ ਦਿਨਾਂ ਲਈ ਪੁਲਿਸ ਰਿਮਾਂਡ ‘ਚ ਰੱਖਣ ਦੀ ਮਨਜ਼ੂਰੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 256 ਤੋਂ ਵੀ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ 120 ਤੋਂ ਵੱਧ ਕਿਸਾਨਾਂ ‘ਤੇ ਝੂਠੇ ਪਰਚੇ ਪਾ ਕੇ ਗ੍ਰਿਫ਼ਤਾਰ ਕੀਤਾ ਚੁੱਕਾ ਹੈ। ਇਨ੍ਹਾਂ ਕਿਸਾਨਾਂ ਦੀ ਰਿਹਾਈ ਲਈ ਕਿਸਾਨਾਂ ਵਲੋਂ 20 ਫਰਵਰੀ ਨੂੰ ਰੋਸ ਮਾਰਚ ਵੀ ਕੱਢਿਆ ਜਾ ਰਿਹਾ ਹੈ।