ਰੁਝਾਨ ਖ਼ਬਰਾਂ
ਭਾਰਤ ਤੋਂ ਕੈਨੇਡਾ ਨੂੰ ਮਿਲਣਗੀਆਂ 5 ਲੱਖ ਖੁਰਾਕਾਂ ਕੋਰੋਨਾ ਵੈਕਸੀਨ

ਭਾਰਤ ਤੋਂ ਕੈਨੇਡਾ ਨੂੰ ਮਿਲਣਗੀਆਂ 5 ਲੱਖ ਖੁਰਾਕਾਂ ਕੋਰੋਨਾ ਵੈਕਸੀਨ

ਨਵੀਂ ਦਿੱਲੀ : ਭਾਰਤ ਇਸੇ ਮਹੀਨੇ ਕੈਨੇਡਾ ਨੂੰ ਕੋਰੋਨਾ ਵਾਇਰਸ ਵੈਕਸੀਨ ‘ਕੋਵਿਸ਼ੀਲਡ’ ਦੀਆਂ 5 ਲੱਖ ਖੁਰਾਕਾਂ ਭੇਜੇਗਾ। ਭਾਰਤ ਸਰਕਾਰ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਇਹ ਮਨਜ਼ੂਰੀ ਦਿੱਤੀ ਗਈ ਹੈ। ਇਸ ਮਨਜ਼ੂਰੀ ਨੂੰ ਕਿਸਾਨ ਅੰਦੋਲਨ ‘ਤੇ ਟਰੂਡੋ ਦੇ ਬਿਆਨ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਤੇ ਜਮੀ ਬਰਫ਼ ਦੇ ਪਿਘਲਣ ਦਾ ਸੰਕੇਤ ਵੀ ਮੰਨਿਆ ਜਾ ਰਿਹਾ ਹੈ। ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦੀ ਕਮੀ ਨਾਲ ਜੂਝ ਰਹੇ ਕੈਨੇਡਾ ਦੇ 5 ਫਰਵਰੀ ਨੂੰ ਭਾਰਤ ਕੋਲੋਂ 10 ਲੱਖ ਖੁਰਾਕਾਂ ਮੰਗੀਆਂ ਸਨ। ਹਾਲਾਂਕਿ ਜਦੋਂ ਭਾਰਤ ਨੇ ਫਰਵਰੀ ਵਿੱਚ ਜਿਨ੍ਹਾਂ ਦੇਸ਼ਾਂ ਨੂੰ ਵੈਕਸੀਨ ਦੀ ਸਪਲਾਈ ਦੇਣੀ ਸੀ, ਉਨ੍ਹਾਂ ਦੀ ਸੂਚੀ ਜਾਰੀ ਕੀਤੀ ਤਾਂ ਇਸ ਸੂਚੀ ਵਿੱਚ ਕੈਨੇਡਾ ਦਾ ਨਾਮ ਨਹੀਂ ਸੀ। ਇਸ ਸੂਚੀ ਵਿੱਚ 25 ਦੇਸ਼ਾਂ ਦਾ ਨਾਮ ਸੀ, ਜਿਨ੍ਹਾਂ ਨੂੰ 2.4 ਕਰੋੜ ਖੁਰਾਕਾਂ ਭੇਜੀਆਂ ਜਾਣੀਆਂ ਸਨ, ਪਰ ਕੈਨੇਡਾ ਦਾ ਨਾਮ ਇਸ ਸੂਚੀ ਵਿੱਚੋਂ ਨਦਾਰਦ ਸੀ। ਇਹ ਸੂਚੀ ਜਾਰੀ ਹੋਣ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 10 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਕੈਨੇਡਾ ਨੂੰ ਵੈਕਸੀਨ ਦੀ ਸਪਲਾਈ ਕਰਨ ਦੀ ਬੇਨਤੀ ਕੀਤੀ ਸੀ। ਇਸ ‘ਤੇ ਪੀਐਮ ਨਰਿੰਦਰ ਮੋਦੀ ਨੇ ਟਰੂਡੋ ਨੂੰ ਭਰੋਸਾ ਦਿੱਤਾ ਸੀ ਕਿ ਕੈਨੇਡਾ ਨੂੰ ਕੋਰੋਨਾ ਵੈਕਸੀਨ ਦੀਆਂ ਜਿੰਨੀਆਂ ਖੁਰਾਕਾਂ ਦੀ ਲੋੜ ਹੈ, ਭਾਰਤ ਓਨੀਆਂ ਖੁਰਾਕਾਂ ਦੀ ਸਪਲਾਈ ਯਕੀਨੀ ਬਣਾਏਗਾ। ਹੁਣ ਇਸ ਵਾਅਦੇ ਨੂੰ ਪੂਰਾ ਕਰਦੇ ਹੋਏ ਭਾਰਤੀ ਵਿਦੇਸ਼ ਮੰਤਰਾਲੇ ਨੇ 5 ਲੱਖ ਖੁਰਾਕਾਂ ਦੀ ਸਪਲਾਈ ਦੀ ਮਨਜ਼ੂਰੀ ਦੇ ਦਿੱਤੀ ਹੈ।