ਰੁਝਾਨ ਖ਼ਬਰਾਂ
ਓਟਵਾ ਵੈਕਸੀਨ ਦੀ ਘਰੇਲੂ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਰਣਨੀਤੀ ਤਿਆਰ ਕਰ ਰਿਹਾ

ਓਟਵਾ ਵੈਕਸੀਨ ਦੀ ਘਰੇਲੂ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਰਣਨੀਤੀ ਤਿਆਰ ਕਰ ਰਿਹਾ

ਕੈਲਗਰੀ : ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ ਨੂੰ ਆਪਣੇ ਪੱਧਰ ਉੱਤੇ ਕੋਵਿਡ-19 ਵੈਕਸੀਨ ਸਪਲਾਈ ਖਰੀਦਣ ਤੋਂ ਰੋਕਣ ਦੇ ਦਾਅਵਿਆਂ ਦਰਮਿਆਨ ਇਹ ਸਾਹਮਣੇ ਆਇਆ ਹੈ ਕਿ ਓਟਵਾ ਵੈਕਸੀਨ ਦੀ ਘਰੇਲੂ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਰਣਨੀਤੀ ਤਿਆਰ ਕਰ ਰਿਹਾ ਹੈ। ਇਸ ਸਬੰਧ ਵਿੱਚ ਫੈਡਰਲ ਅਧਿਕਾਰੀਆਂ ਵੱਲੋਂ ਰਣਨੀਤੀ ਤਿਆਰ ਕਰਨ ਲਈ ਜਲਦ ਹੀ ਪ੍ਰੋਵਿੰਸ਼ੀਅਲ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ। ਇਹ ਜਾਣਕਾਰੀ ਇੰਟਰਗਵਰਮੈਂਟਲ ਮਾਮਲਿਆਂ ਬਾਰੇ ਮੰਤਰੀ ਡੌਮੀਨੀਕ ਲੀਬਲਾਂਕ ਨੇ ਦਿੱਤੀ।
ਇਹ ਮੀਟਿੰਗ ਆਉਣ ਵਾਲੇ ਦਿਨਾਂ ਵਿੱਚ ਹੋਣੀ ਤੈਅ ਹੈ ਤੇ ਇਸ ਦੀ ਅਗਵਾਈ ਲੀਬਲਾਂਕ ਤੇ ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਮੰਤਰੀ ਫਰੈਂਕੌਇਸ ਫਿਲਿਪ ਸ਼ੈਪੇਨ ਵੱਲੋਂ ਕੀਤੀ ਜਾਵੇਗੀ।ਇੱਕ ਇੰਟਰਵਿਊ ਵਿੱਚ ਲੀਬਲਾਂਕ ਨੇ ਆਖਿਆ ਕਿ ਇਸ ਮੀਟਿੰਗ ਦੌਰਾਨ ਅਸੀਂ ਇਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਕਿ ਕੈਨੇਡਾ ਦੀ ਬਾਇਓਮੈਨੂਫੈਕਚਰਿੰਗ ਸਮਰੱਥਾ ਵਿੱਚ ਵਾਧਾ ਕਰਨ ਲਈ ਅਸੀਂ ਪ੍ਰੋਵਿੰਸਾਂ ਨਾਲ ਕਿਸ ਤਰ੍ਹਾਂ ਤਾਲਮੇਲ ਬਿਠਾਂਵਾਂਗੇ।
ਉਨ੍ਹਾਂ ਆਖਿਆ ਕਿ ਅਸੀਂ ਆਪਣੀ ਇਹ ਚਿੰਤਾ ਪ੍ਰੋਵਿੰਸਾਂ ਨਾਲ ਸਾਂਝੀ ਕੀਤੀ ਹੈ ਤੇ ਇਸ ਸਬੰਧ ਵਿੱਚ ਅਸੀਂ ਜੋ ਕੁੱਝ ਵੀ ਕਰ ਸਕਦੇ ਹਾਂ ਉਹ ਕਰਨ ਲਈ ਤਿਆਰ ਹਾਂ।ਜ਼ਿਕਰਯੋਗ ਹੈ ਕਿ ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਤਰ ਵੱਲੋਂ ਅਲਬਰਟਾ ਸਥਿਤ ਕੰਪਨੀ ਪ੍ਰੌਵੀਡੈਂਸ ਥੈਰੇਪਿਊਟਿਕਸ ਕੋਲੋਂ 2 ਮਿਲੀਅਨ ਡੋਜ਼ਾਂ ਖਰੀਦਣ ਦੇ ਫੈਸਲੇ ਤੋਂ ਬਾਅਦ ਹੀ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਿਆ। ਇਸ ਕੰਪਨੀ ਦੀ ਕੋਵਿਡ-19 ਵੈਕਸੀਨ ਦੇ ਅਜੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ ਤੇ ਕੰਪਨੀ ਨੇ ਮੁਲਾਂਕਣ ਲਈ ਹੈਲਥ ਕੈਨੇਡਾ ਨੂੰ ਅਜੇ ਆਪਣਾ ਡਾਟਾ ਵੀ ਜਮ੍ਹਾਂ ਨਹੀਂ ਕਰਵਾਇਆ ਹੈ। ਇਸ ਦੌਰਾਨ ਪੈਲਿਸਤਰ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਇਹ ਕਦਮ ਅਹਿਤਿਆਤਨ ਚੁੱਕਿਆ ਜਾ ਰਿਹਾ ਸੀ ਤਾਂ ਕਿ ਜੇ ਫੈਡਰਲ ਵੰਡ ਵਿੱਚ ਅਗਾਂਹ ਵੀ ਕੋਈ ਵਿਘਨ ਪੈਂਦਾ ਹੈ ਤਾਂ ਉਨ੍ਹਾਂ ਕੋਲ ਭਵਿੱਖ ਲਈ ਕੋਈ ਬਦਲ ਜ਼ਰੂਰ ਹੋਵੇ। ਉਨ੍ਹਾਂ ਆਖਿਆ ਕਿ ਮੈਨੀਟੋਬਾ ਨੂੰ ਅਜਿਹੀ ਕਿਸੇ ਵੀ ਫਰਮ ਤੋਂ ਵਾਧੂ ਵੈਕਸੀਨ ਖਰੀਦਣ ਤੋਂ ਰੋਕ ਦਿੱਤਾ ਗਿਆ ਹੈ ਜਿਸ ਦਾ ਫੈਡਰਲ ਸਰਕਾਰ ਨਾਲ ਕਰਾਰ ਹੋਇਆ ਹੋਵੇ।
ਪਰ ਲੀਬਲਾਂਕ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ ਨੂੰ ਆਪਣੇ ਪੱਧਰ ਉੱਤੇ ਵੈਕਸੀਨ ਦਾ ਪ੍ਰਬੰਧ ਕਰਨ ਤੋਂ ਰੋਕਿਆ ਹੈ। ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਕੈਨੇਡੀਅਨ ਪੱਧਰ ਉੱਤੇ ਵੈਕਸੀਨ ਤਿਆਰ ਕਰਨ ਲਈ ਪੈਸਾ ਲਾ ਰਹੀ ਹੈ।