ਰੁਝਾਨ ਖ਼ਬਰਾਂ
ਕੈਨੇਡਾ ਦੇ ਹਵਾਈ ਅੱਡਿਆਂ ‘ਤੇ 22 ਫਰਵਰੀ ਤੋਂ ਸ਼ੁਰੂ ਹੋਵੇਗਾ ਲਾਜ਼ਮੀ ਕੋਰੋਨਾ ਟੈਸਟ

ਕੈਨੇਡਾ ਦੇ ਹਵਾਈ ਅੱਡਿਆਂ ‘ਤੇ 22 ਫਰਵਰੀ ਤੋਂ ਸ਼ੁਰੂ ਹੋਵੇਗਾ ਲਾਜ਼ਮੀ ਕੋਰੋਨਾ ਟੈਸਟ

ਔਟਵਾ : ਕੈਨੇਡਾ ਸਰਕਾਰ ਵਲੋਂ ਦੇਸ਼ ਦੇ ਚਾਰ ਪ੍ਰਮੱਖ ਹਵਾਈ ਅੱਡਿਆਂ (ਟੋਰਾਂਟੋ, ਕੈਲਗਰੀ, ਮਾਂਟਰੀਅਲ ਤੇ ਕੈਲਗਰੀ) ਵਿਚ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੇ ਕੋਰੋਨਾ ਵਾਇਰਸ ਟੈਸਟ ਕਰਨ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ 22 ਫਰਵਰੀ ਤੋਂ ਟੈਸਟ ਕਰਨਾ ਸ਼ੁਰੂ ਕੀਤਾ ਜਾਵੇਗਾ। ਹਰੇਕ ਯਾਤਰੀ ਨੂੰ ਕੈਨੇਡਾ ਦੇ ਹਵਾਈ ਅੱਡੇ ਤੋਂ ਹੋਟਲ ਵਿਚ ਪਹੁੰਚਾਇਆ ਜਾਵੇਗਾ ਜਿੱਥੇ 3 ਦਿਨ ਰੁਕਣਾ ਲਾਜ਼ਮੀ ਹੋਵੇਗਾ। ਟੈਸਟ ਅਤੇ ਉਸ ਨਾਲ ਜੁੜੇ ਹੋਰ ਖਰਚੇ ਆਪਣੇ ਯਾਤਰੀਆਂ ਨੂੰ ਆਪਣੇ ਕੋਲੋਂ ਦੇਣੇ ਪੈਣਗੇ ਜੋ ਹਰੇਕ ਦੇ ਅੰਦਾਜਨ 2000 ਡਾਲਰ ਹੋ ਸਕਦੇ ਹਨ। ਸਰਕਾਰ ਵਲੋਂ ਹਵਾਈ ਅੱਡਿਆਂ ਦੇ ਨਜ਼ਦੀਕ ਕੁਝ ਚੋਣਵੇਂ ਹੋਟਲਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿੱਥੇ ਜਾ ਕੇ ਯਾਤਰੀ ਠਹਿਰਨਗੇ। ਉਨ੍ਹਾਂ ਹੋਟਲਾਂ ਦੀ ਲਿਸਟ 18 ਫਰਵਰੀ ਨੂੰ ਜਨਤਕ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੋਟਲ ਬੁੱਕ ਕੀਤਾ ਜਾ ਸਕੇਗਾ। ਜਿਨ੍ਹਾਂ ਯਾਤਰੀਆਂ ਦਾ ਟੈਸਟ ਨੈਗੇਟਿਵ ਆਵੇਗਾ ਉਹ ਆਪਣੇ ਘਰ ਜਾ ਕੇ ਇਕਾਂਤਵਾਸ ਕਰ ਸਕਣਗੇ। ਪਾਜ਼ੀਟਿਵ ਟੈਸਟ ਵਾਲੇ ਯਾਤਰੀ (3 ਦਿਨਾ ਹੋਟਲ ਦੀ ਠਾਹਰ ਮਗਰੋਂ) ਆਪਣੇ ਘਰ ਨਹੀਂ ਜਾ ਸਕਣਗੇ ਅਤੇ ਉਨ੍ਹਾਂ ਨੂੰ ਕੋਰੋਨਾ ਤੋਂ ਨਿਜਾਤ ਪਾ ਲੈਣ ਤੱਕ ਸਰਕਾਰੀ ਦੇਖ-ਰੇਖ ਹੇਠ (ਮੁਫਤ) ਰਹਿਣਾ ਪਵੇਗਾ। ਕੈਨੇਡਾ ਦੀ ਅਮਰੀਕਾ ਨਾਲ਼ ਲੱਗਦੀ (ਜਮੀਨੀ) ਸਰਹੱਦ ਰਾਹੀਂ ਆਉਣ ਵਾਲੇ ਲੋਕਾਂ ਦਾ ਵੀ ਕੋਰੋਨਾ ਟੈਸਟ ਲਿਆ ਜਾਵੇਗਾ ਪਰ ਉਨ੍ਹਾਂ ਨੂੰ ਹੋਟਲ ਵਿੱਚ ਇਕਾਂਤਵਾਸ ਨਹੀਂ ਕਰਨਾ ਪਵੇਗਾ।