ਰੁਝਾਨ ਖ਼ਬਰਾਂ
ਅਮਰੀਕਾ-ਕੈਨੇਡਾ ਸਰਹੱਦ ਤੋਂ ਆਉਣ ਵਾਲੇ ਯਾਤਰੀਆਂ ਲਈ ਪਾਬੰਦੀ ‘ਚ ਇੱਕ ਮਹੀਨੇ ਦਾ ਹੋਰ ਵਾਧਾ

ਅਮਰੀਕਾ-ਕੈਨੇਡਾ ਸਰਹੱਦ ਤੋਂ ਆਉਣ ਵਾਲੇ ਯਾਤਰੀਆਂ ਲਈ ਪਾਬੰਦੀ ‘ਚ ਇੱਕ ਮਹੀਨੇ ਦਾ ਹੋਰ ਵਾਧਾ

ਔਟਵਾ : ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੈਨੇਡਾ ਨੇ ਇੱਕ ਵਾਰ ਫਿਰ ਯਾਤਰਾ ਪਾਬੰਦੀਆਂ ‘ਚ ਵਾਧਾ ਕਰਦਿਆਂ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਇੱਕ ਮਹੀਨੇ ਲਈ ਹੋਰ ਵਧਾ ਦਿੱਤੀ ਹੈ। ਅਮਰੀਕੀ ਯਾਤਰੀਆਂ ਹੁਣ 21 ਮਾਰਚ ਤੱਕ ਕੈਨੇਡਾ ਨਹੀਂ ਆ ਸਕਣਗੇ, ਜਦਕਿ ਦੂਜੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਦੋ ਮਹੀਨੇ ਲਈ ਰੋਕ ਲਾਉਂਦੇ ਹੋਏ 21 ਅਪ੍ਰੈਲ ਤੱਕ ਬੰਦਿਸ਼ਾਂ ਲਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਸਰਕਾਰ ਨੇ ਸਰਹੱਦ ‘ਤੇ ਚੌਕਸੀ ਵਧਾਉਂਦੇ ਹੋਏ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਯਾਤਰਾ ਪਾਬੰਦੀਆਂ ਵਿੱਚ ਵਾਧਾ ਕੀਤਾ ਸੀ। ਕੌਮਾਂਤਰੀ ਉਡਾਣਾਂ ਨੂੰ ਕੈਨੇਡਾ ਦੇ ਸਿਰਫ 4 ਹਵਾਈ ਅੱਡਿਆਂ ‘ਤੇ ਆਉਣ ਦੀ ਆਗਿਆ ਮਿਲੀ ਹੋਈ ਹੈ। ਕੈਨੇਡਾ ਦੀਆਂ ਚਾਰ ਵੱਡੀਆਂ ਹਵਾਈ ਕੰਪਨੀਆਂ ਨੇ ਮੈਕਸਿਕੋ ਅਤੇ ਕੈਰੀਬੀਅਨ ਲਈ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ। ਵਿਦੇਸ਼ ਤੋਂ ਆਉਣ ਵਾਲੇ ਹਵਾਈ ਯਾਤਰੀਆਂ ਦਾ ਹਵਾਈ ਅੱਡੇ ‘ਤੇ ਹੀ ਕੋਵਿਡ-19 ਟੈਸਟ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਰਿਪੋਰਟ ਆਉਣ ਤੱਕ ਯਾਤਰੀਆਂ ਨੂੰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲ ਵਿੱਚ ਰੁਕਣਾ ਪੈਂਦਾ ਹੈ। ਇਸ ਤੋਂ ਇਲਾਵਾ ਸੜਕੀ ਮਾਰਗ ਰਾਹੀਂ ਵਿਦੇਸ਼ ਤੋਂ ਆ ਰਹੇ ਯਾਤਰੀਆਂ ਲਈ ਕੈਨੇਡਾ-ਅਮਰੀਕਾ ਸਰਹੱਦ ‘ਤੇ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕੀਤੀ ਗਈ ਹੈ। ਇਹ ਰਿਪੋਰਟ ਸਰਹੱਦ ਪਾਰ ਕਰਨ ਤੋਂ 72 ਘੰਟੇ ਪਹਿਲਾਂ ਕਰਵਾਈ ਹੋਣੀ ਚਾਹੀਦੀ ਹੈ। ਟਰੂਡੋ ਸਰਕਾਰ ਨੇ ਯਾਤਰਾ ਪਾਬੰਦੀਆਂ ਵਿੱਚ ਵਾਧਾ ਕਰਨ ਦੇ ਨਾਲ-ਨਾਲ ਕੁਆਰੰਟੀਨ ਦੀਆਂ ਸ਼ਰਤਾਂ ਵੀ 21 ਅਪ੍ਰੈਲ ਤੱਕ ਵਧਾ ਦਿੱਤੀਆਂ ਹਨ।