ਰੁਝਾਨ ਖ਼ਬਰਾਂ
ਤਸੱਲੀ ਹੋਣ ਤੋਂ ਬਾਅਦ ਹੀ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਨੂੰ ਕੈਨੇਡਾ ‘ਚ ਮਨਜ਼ੂਰੀ ਦਿੱਤੀ ਜਾਵੇਗੀ : ਹੈਲਥ ਕੈਨੇਡਾ

ਤਸੱਲੀ ਹੋਣ ਤੋਂ ਬਾਅਦ ਹੀ ਐਸਟ੍ਰਾਜ਼ੈਨੇਕਾ ਦੀ ਵੈਕਸੀਨ ਨੂੰ ਕੈਨੇਡਾ ‘ਚ ਮਨਜ਼ੂਰੀ ਦਿੱਤੀ ਜਾਵੇਗੀ : ਹੈਲਥ ਕੈਨੇਡਾ

ਸਰੀ : ਐਸਟ੍ਰਾਜ਼ੈਨੇਕਾ ਕੰਪਨੀ ਵਲੋਂ ਬਣਾਈ ਗਈ ਕਰੋਨਾਵਾਇਰਸ ਦੀ ਵੈਕਸੀਨ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਹੈਲਥ ਕੈਨੇਡਾ ਵਲੋਂ ਫਿਲਹਾਲ ਟਾਲ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤਕਰੀਬਨ ਦੋ ਹਫ਼ਤੇ ਪਹਿਲਾਂ ਹੈਲਥ ਕੈਨੇਡਾ ਨੇ ਇਹ ਸੰਕੇਤ ਦਿੱਤੇ ਸਨ ਕਿ ਉਨ੍ਹਾਂ ਵਲੋਂ ਐਸਟ੍ਰਾਜ਼ੈਨੇਕਾ ਕੰਪਨੀ ਵਲੋਂ ਬਣਾਈ ਗਈ ਕਰੋਨਾਵਾਇਰਸ ਦੀ ਵੈਕਸੀਨ ਨੂੰ ਮਨਜ਼ੂਰੀ ਜਲਦ ਦਿੱਤੀ ਜਾ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਵਲੋਂ ਵੀ ਲੰਘੇ ਸੋਮਵਾਰ ਐਸਟ੍ਰਾਜ਼ੈਨੇਕਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਅਤੇ ਜੇਕਰ ਹੈਲਥ ਕੈਨੇਡਾ ਵੀ ਇਸ ਨੂੰ ਜਲਦ ਮਨਜ਼ੂਰੀ ਦੇ ਦਿੰਦਾ ਹੈ ਤਾਂ ਵਿਸ਼ਵ ਵੈਕਸੀਨ ਸ਼ੇਅਰਿੰਗ ਪ੍ਰੋਗਰਾਮ ਦੇ ਅਧੀਨ ਮਾਰਚ ਮਹੀਨੇ ਤੱਕ ਕੈਨੇਡਾ ਨੂੰ 500,000 ਡੋਜ਼ਾਂ ਇਸ ਵੈਕਸੀਨ ਦੀਆਂ ਹਾਸਲ ਹੋ ਸਕਦੀਆਂ ਹਨ। ਪਰ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਉਹ ਐਸਟ੍ਰਾਜ਼ੈਨੇਕਾ ਕੰਪਨੀ ਵਲੋਂ ਤਿਆਰ ਕੀਤੀ ਇਸ ਵੈਕਸੀਨ ਦੀ ਤਸੱਲੀ ਨਾਲ ਘੋਖ ਕਰਨ ਅਤੇ ਕਲੀਨਿਕਲ ਡਾਟਾ ਬਾਰੇ ਸਹੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਮਨਜ਼ੂਰੀ ਦੇ ਦਿੱਤੀ ਜਾ ਸਕਦੀ ਹੈ। ਡਿਪਾਰਟਮੈਂਟ ਦੀ ਤਰਜ਼ਮਾਨ ਕੈਥਲੀਨ ਮੈਰੀਨਰ ਨੇ ਦੱਸਿਆ ਕਿ ਹੈਲਥ ਕੈਨੇਡਾ ਆਪਣੇ ਮੁਲਾਂਕਣ ਨੂੰ ਮੁਕੰਮਲ ਕਰਨ ਲਈ ਲੋੜੀਂਦੀ ਜਾਣਕਾਰੀ ਹਾਸਲ ਕਰਨ ਵਾਸਤੇ ਐਸਟ੍ਰਾਜ਼ੈਨੇਕਾ ਨਾਲ ਕੰਮ ਕਰਨਾ ਜਾਰੀ ਰੱਖੇਗੀ।ਹਾਲਾਂਕਿ ਇਹ ਉਮੀਦ ਸੀ ਕਿ ਕੈਨੇਡਾ ਵਿੱਚ ਜਿਸ ਤੀਜੀ ਵੈਕਸੀਨ ਨੂੰ ਮਨਜ਼ੂਰੀ ਮਿਲੇਗੀ ਉਹ ਐਸਟ੍ਰਾਜ਼ੈਨੇਕਾ ਹੋ ਸਕਦੀ ਹੈ ਪਰ ਹੁਣ ਇੰਜ ਲੱਗ ਰਿਹਾ ਹੈ ਕਿ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਬਾਜ਼ੀ ਮਾਰ ਜਾਵੇਗੀ। ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ 26 ਫਰਵਰੀ ਨੂੰ ਇਸ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਮੀਟਿੰਗ ਕਰੇਗੀ ਤੇ ਯੂਰਪੀਅਨ ਮੈਡੀਸਿਨਜ਼ ਏਜੰਸੀ ਇਸ ਸਬੰਧ ਵਿੱਚ ਮਾਰਚ ਦੇ ਸ਼ੁਰੂ ਵਿੱਚ ਫੈਸਲਾ ਲਵੇਗੀ। ਇਸ ਦੌਰਾਨ ਹੈਲਥ ਕੈਨੇਡਾ ਵੈਕਸੀਨ ਦੇ ਮੁਲਾਂਕਣ ਬਾਰੇ ਦੋਵਾਂ ਨਾਲ ਤਾਲਮੇਲ ਕਰਕੇ ਚੱਲ ਰਹੀ ਹੈ। ਕੋਵੈਕਸ ਰਾਹੀਂ ਐਸਟ੍ਰਾਜ਼ੈਨੇਕਾ ਦੀਆਂ ਡੋਜ਼ਾਂ ਹਾਸਲ ਕਰਨ ਤੋਂ ਇਲਾਵਾ ਕੈਨੇਡਾ ਨੇ 20 ਮਿਲੀਅਨ ਡੋਜ਼ਾਂ ਸਿੱਧੀਆਂ ਕੰਪਨੀ ਤੋਂ ਖਰੀਦੀਆਂ ਹਨ ਤੇ 10 ਮਿਲੀਅਨ ਡੋਜ਼ਾਂ ਜੌਹਨਸਨ ਐਂਡ ਜੌਹਨਸਨ ਤੋਂ ਖਰੀਦੀਆਂ ਹਨ। ਜੇ ਇਨ੍ਹਾਂ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਨ੍ਹਾਂ ਦੀ ਡਲਿਵਰੀ ਬਹਾਰ ਤੱਕ ਹੋਣੀ ਸ਼ੁਰੂ ਹੋ ਜਾਵੇਗੀ।