ਰੁਝਾਨ ਖ਼ਬਰਾਂ
ਹਾਕੀ ਨਾਈਟ ਪੰਜਾਬੀ ਦੀ ਬਰੌਡਕਾਸਟਰ ਅੰਮ੍ਰਿਤ ਗਿੱਲ ‘ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ

ਹਾਕੀ ਨਾਈਟ ਪੰਜਾਬੀ ਦੀ ਬਰੌਡਕਾਸਟਰ ਅੰਮ੍ਰਿਤ ਗਿੱਲ ‘ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ

ਵੈਨਕੂਵਰ : ਵੈਨਕੂਵਰ ਸ਼ਹਿਰ ਵਿੱਚ ਨੈਸ਼ਨਲ ਹਾਕੀ ਬਰੌਡਕਾਸਟ ਦੌਰਾਨ ਹਾਕੀ ਨਾਈਟ ਪੰਜਾਬੀ ਦੀ ਬਰੌਡਕਾਸਟਰ ਅੰਮ੍ਰਿਤ ਗਿੱਲ ‘ਤੇ ਕਿਸੇ ਨੇ ਅਪਮਾਨਜਨਕ ਟਿੱਪਣੀਆਂ ਕੀਤੀਆਂ, ਜਿਸ ਕਾਰਨ ਅੰਮ੍ਰਿਤ ਗਿੱਲ ਕਾਫ਼ੀ ਚਿੰਤਤ ਹੈ। ਭਾਰਤ ਤੋਂ ਕੈਨੇਡਾ ਆ ਕੇ ਵਸੇ ਮਾਪਿਆਂ ਦੀ ਸੰਤਾਨ ਅੰਮ੍ਰਿਤ ਗਿੱਲ ਦਾ ਪਾਲਣ-ਪੋਸ਼ਣ ਵੈਨਕੁਵਰ ਸ਼ਹਿਰ ਵਿੱਚ ਹੀ ਹੋਇਆ। ਉਹ 2015 ਵਿੱਚ ‘ਹਾਕੀ ਨਾਈਟ ਇਨ ਕੈਨੇਡਾ’ ਦੇ ਪੰਜਾਬੀ ਐਡੀਸ਼ਨ ਵਿੱਚ ਕੰਮ ਕਰਨ ਵਾਲੀ ਪਹਿਲੀ ਪੰਜਾਬੀ ਮਹਿਲਾ ਬਣੀ ਸੀ। ਉਹ ਹਾਕੀ ਨਾਈਟ ਬਰਾਂਚ ਦੇ ਸਪੋਰਟਸਨੈੱਟ ਦੀ ਪੰਜਾਬੀ ਬਰੌਡਕਾਸਟ ਵਿੱਚ ਇੱਕ ਰਿਪੋਰਟਰ ਅਤੇ ਪ੍ਰੋਡਿਊਸਰ ਵਜੋਂ ਕੰਮ ਕਰਦੀ ਹੈ।
ਅੰਮ੍ਰਿਤ ਗਿੱਲ ਨੇ ਦੱਸਿਆ ਕਿ ਐਤਵਾਰ ਨੂੰ ਹਾਕੀ ਨਾਈਟ ਇਨ ਕੈਨੇਡਾ ਵਿੱਚ ਪਹਿਲੀ ਵਾਰ ਪ੍ਰੋਗਰਾਮ ਪੇਸ਼ ਕਰਨ ਨੂੰ ਲੈ ਕੇ ਉਹ ਕਾਫੀ ਖੁਸ਼ ਸੀ। ਉਸ ਨੇ ਇਸ ਸਬੰਧੀ ਟਵਿੱਟਰ ‘ਤੇ ਆਪਣੀ ਇੱਕ ਤਸਵੀਰ ਪੋਸਟ ਕਰਨ ਦੇ ਨਾਲ-ਨਾਲ ਗ਼ੈਰ-ਮੁਨਾਫ਼ਾ ਸੰਸਥਾ ਬਾਰੇ ਇੱਕ ਕਹਾਣੀ ਵੀ ਸਾਂਝੀ ਕੀਤੀ, ਜਿਸ ਵਿੱਚ ਉਸ ਨੇ ਕਿਹਾ ਕਿ ਇਹ ਸੰਸਥਾ ਹਾਕੀ ਨੂੰ ਹੋਰ ਵੀ ਚਾਰ-ਚੰਨ ਲਾ ਰਹੀ ਹੈ।
ਅੰਮ੍ਰਿਤ ਗਿੱਲ ਦੀ ਇਹ ਸਾਰੀ ਉਤਸੁਕਤਾ ਉਸ ਵੇਲੇ ਨਮੋਸ਼ੀ ਵਿੱਚ ਬਦਲ ਗਈ, ਜਦੋਂ ਉਸ ਦੀ ਪੋਸਟ ‘ਤੇ ਕਿਸੇ ਨੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਹਾਲਾਂਕਿ ਇਹ ਦਰਜਨਾਂ ਇਤਰਾਜ਼ਯੋਗ ਟਿੱਪਣੀਆਂ ਹੁਣ ਡਲੀਟ ਕਰ ਦਿੱਤੀਆਂ ਗਈਆਂ ਹਨ, ਪਰ ਇਨ੍ਹਾਂ ਕਾਰਨ ਜੋ ਉਸ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ, ਉਸ ਦੀ ਭਰਪਾਈ ਛੇਤੀ ਕਿਤੇ ਨਹੀਂ ਹੋਵੇਗੀ। ਇਨ੍ਹਾਂ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਅੰਮ੍ਰਿਤ ਗਿੱਲ ਨੇ ਕਿਹਾ ਕਿ ਜਦੋਂ ਕੋਈ ਮਹਿਲਾ ਸੋਸ਼ਲ ਮੀਡੀਆ ‘ਤੇ ਆਪਣੀ ਤਸਵੀਰ ਪੋਸਟ ਕਰ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਈ ਉਸ ‘ਤੇ ਭੱਦੇ ਕੁਮੈਂਟ ਕਰੇ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਇਹ ਦਰਸਾਉਂਦੀਆਂ ਹਨ ਕਿ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੇ ਸਨਮਾਨ ਲਈ ਅਜੇ ਬਹੁਤ ਕੁਝ ਕਰਨ ਦੀ ਲੋੜ ਹੈ।
ਹਾਕੀ ਨਾਈਟ ਇਨ ਕੈਨੇਡਾ ਦੇ ਪੰਜਾਬੀ ਐਡੀਸ਼ਨ ਦੇ ਮੇਜ਼ਬਾਨ ਰਣਦੀਪ ਜੰਡਾ ਇਸ ਮਾਮਲੇ ਵਿੱਚ ਅੰਮ੍ਰਿਤ ਗਿੱਲ ਨਾਲ ਖੜ੍ਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹੋ ਜਿਹੀਆਂ ਭੱਦੀਆਂ ਟਿੱਪਣੀਆਂ ਕਦੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।