ਰੁਝਾਨ ਖ਼ਬਰਾਂ
ਕੈਨੇਡਾ-ਯੂਐਸ ਇਕਨੌਮਿਕ ਸਬੰਧਾਂ ਉੱਤੇ ਇੱਕ ਵਿਸ਼ੇਸ਼ ਕਮੇਟੀ ਕਾਇਮ ਕਰੇਗੀ ਹਾਊਸ ਆਫ ਕਾਮਨਜ਼

ਕੈਨੇਡਾ-ਯੂਐਸ ਇਕਨੌਮਿਕ ਸਬੰਧਾਂ ਉੱਤੇ ਇੱਕ ਵਿਸ਼ੇਸ਼ ਕਮੇਟੀ ਕਾਇਮ ਕਰੇਗੀ ਹਾਊਸ ਆਫ ਕਾਮਨਜ਼

ਐਡਮਿੰਟਨ : ਹਾਊਸ ਆਫ ਕਾਮਨਜ਼ ਵੱਲੋਂ ਕੈਨੇਡਾ-ਯੂਐਸ ਇਕਨੌਮਿਕ ਸਬੰਧਾਂ ਉੱਤੇ ਇੱਕ ਵਿਸ਼ੇਸ਼ ਕਮੇਟੀ ਕਾਇਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਬਹੁਗਿਣਤੀ ਐਮਪੀਜ਼ ਇਸ ਲਈ ਸਹਿਮਤ ਵੀ ਹਨ।
ਕੰਜ਼ਰਵੇਟਿਵਾਂ ਵੱਲੋਂ ਲਿਆਂਦੇ ਇਸ ਮਤੇ ਦਾ ਸਮਰਥਨ ਸੱਤਾਧਾਰੀ ਲਿਬਰਲਾਂ, ਬਲਾਕ ਕਿਊਬਿਕੁਆ ਤੇ ਐਨਡੀਪੀ ਵੱਲੋਂ ਕੀਤਾ ਗਿਆ। ਗ੍ਰੀਨ ਪਾਰਟੀ ਵੱਲੋਂ ਇਸ ਮਤੇ ਦਾ ਵਿਰੋਧ ਕੀਤਾ ਗਿਆ। ਇਸ ਕਮੇਟੀ ਤਹਿਤ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਦੇ ਸਾਰੇ ਪੱਖਾਂ ਦਾ ਮੁਲਾਂਕਣ ਕੀਤਾ ਜਾਵੇਗਾ। ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਨਿਰਮਾਣ ਨੂੰ ਰੱਦ ਕਰ ਦਿੱਤਾ ਗਿਆ।
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਕਮੇਟੀ ਦਾ ਪਹਿਲਾ ਕੰਮ ਐਨਬ੍ਰਿੱਜ ਲਾਈਨ 5 ਪਾਈਪਲਾਈਨ ਅਤੇ ਇਸ ਦੇ ਬੰਦ ਹੋਣ ਦੇ ਨਤੀਜਿਆਂ ਦੀ ਜਾਂਚ ਕਰਨਾ ਤੇ ਇਸ ਦੇ ਨਾਲ ਹੀ ਬਾਇਡਨ ਪ੍ਰਸ਼ਾਸਨ ਵੱਲੋਂ ”ਬਾਇ ਅਮੈਰਿਕਾ” ਨੀਤੀਆਂ ਤੇ ਇਸ ਪਹੁੰਚ ਦੇ ਕੈਨੇਡੀਅਨ ਹਿਤਾਂ ਉੱਤੇ ਪੈਣ ਵਾਲੇ ਅਸਰ ਦਾ ਮੁਲਾਂਕਣ ਕਰਨਾ ਹੋਵੇਗਾ।
ਮੁੱਖ ਵਿਰੋਧੀ ਧਿਰ ਵੱਲੋਂ ਮਤਾ ਪੇਸ਼ ਕਰਨ ਦੇ ਪ੍ਰਸਤਾਵਿਤ ਦਿਨ ਵਜੋਂ ਇਹ ਦੂਜੀ ਵਾਰੀ ਹੈ ਕਿ ਕੰਜ਼ਰਵੇਟਿਵ ਕਾਕਸ ਇਸ ਤਰ੍ਹਾਂ ਦੀ ਸਪੈਸ਼ਲ ਕਮੇਟੀ ਕਾਇਮ ਕਰਵਾਉਣ ਵਿੱਚ ਸਫਲ ਹੋਇਆ ਹੈ। ਇਸ ਤੋਂ ਪਹਿਲਾਂ 2020 ਦੇ ਸ਼ੁਰੂ ਵਿੱਚ ਵੀ ਕੰਜ਼ਰਵੇਟਿਵਾਂ ਵੱਲੋਂ ਪ੍ਰਸਤਾਵਿਤ ਵਿਸ਼ੇਸ਼ ਕੈਨੇਡਾ-ਚੀਨ ਕਮੇਟੀ ਕਾਇਮ ਕਰਵਾਈ ਗਈ ਸੀ।