Copyright & copy; 2019 ਪੰਜਾਬ ਟਾਈਮਜ਼, All Right Reserved
ਜਿੰਮ ਜਾਓ ਤੇ ਬਿਮਾਰੀਆਂ ਭਜਾਓ

ਜਿੰਮ ਜਾਓ ਤੇ ਬਿਮਾਰੀਆਂ ਭਜਾਓ

ਮਨੁੱਖ ਦੇ ਜੀਵਨ ਲਈ ਜਿਸ ਤਰ੍ਹਾਂ ਭੋਜਨ ਜ਼ਰੂਰੀ ਹੈ, ਉਸੇ ਤਰ੍ਹਾਂ ਸਰੀਰ ਦੀ ਤੰਦਰੁਸਤੀ ਵੀ ਅਤਿ ਜ਼ਰੂਰੀ ਹੈ। ਫ਼ਿਲਮਾਂ ਵਿਚ ਹੀਰੋ ਦਾ ਸਰੀਰ ਦੇਖ ਕੇ ਨੌਜਵਾਨਾਂ ਦੀ ਇੱਛਾ ਵੀ ਉਨ੍ਹਾਂ ਵਰਗਾ ਬਣਨ ਦੀ ਹੁੰਦੀ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਨੌਜਵਾਨ ਵਰਗ ਤੇਜ਼ੀ ਨਾਲ ਜਿੰਮ ਵੱਲ ਜਾ ਰਹੇ ਹਨ। ਅੱਜ ਸ਼ਹਿਰ ਦੇ ਅਨੇਕਾਂ ਹਿੱਸਿਆਂ ਵਿਚ ਜਿੰਮ ਖੁੱਲ੍ਹੇ ਹੋਏ ਹਨ।
ਜਿੰਮ ਜਾਣ ਤੋਂ ਪਹਿਲਾਂ : ਜਿੰਮ ਵਿਚ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਦੇਖ ਲੈਣਾ ਚਾਹੀਦਾ ਕਿ ਤੁਹਾਡਾ ਸਰੀਰ ਤੁਹਾਡਾ ਸਾਥ ਦੇ ਰਿਹਾ ਹੈ ਅਤੇ ਤੁਸੀਂ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋ। ਕਸਰਤ ਕਰਨ ਦੀ ਸਥਿਤੀ ਵਿਚ ਤੁਸੀਂ ਆਪਣੀ ਚੰਗੀ ਖੁਰਾਕ ‘ਤੇ ਜ਼ਰੂਰੀ ਧਿਆਨ ਦਿਓ, ਕਿਉਂਕਿ ਕਮਜ਼ੋਰ ਸਰੀਰ ਕਸਰਤ ਦੇ ਨਾਲ-ਨਾਲ ਚੰਗੀ ਖੁਰਾਕ ਵੀ ਮੰਗਦਾ ਹੈ।
ਕਸਰਤ ਨੂੰ ਹਮੇਸ਼ਾ ਉਮਰ ਤੇ ਤਾਕਤ ਦੇ ਆਧਾਰ ‘ਤੇ ਹੀ ਕਰਨਾ ਚਾਹੀਦਾ। ਇਸ ਸਮੇਂ ਹਰ ਸ਼ਹਿਰ ਦੇ ਗਲੀਆਂ-ਮੁਹੱਲਿਆਂ ਤੇ ਕਸਬਿਆਂ ਵਿਚ ਜਿੰਮ ਖੁੱਲ੍ਹੇ ਹੋਏ ਹਨ। ਕਸਰਤ ਕਰਨ ਤੋਂ ਪਹਿਲਾਂ ਇਕ ਚੰਗੀ ਕਸਰਤਸ਼ਾਲਾ ਦੀ ਚੋਣ ਕਰਨੀ ਚਾਹੀਦੀ ਹੈ। ਇਹ ਦੇਖਣਾ ਚਾਹੀਦਾ ਹੈ ਕਿ ਉਥੇ ਚੰਗੀ ਸਿਖਲਾਈ ਵੀ ਹੈ ਜਾਂ ਨਹੀਂ। ਕੀ ਉਸ ਨੇ ਐਨ. ਡੀ. ਐਸ. ਆਈ. ਵਰਗੇ ਸਰੀਰਕ ਕਸਰਤ ਕਰਾਉਣ ਦਾ ਕੋਰਸ ਕਰ ਰੱਖਿਆ ਹੈ?
ਸ਼ੁਰੂਆਤ ਕਿਸ ਤਰ੍ਹਾਂ ਕਰੀਏ : ਜਿਮਨੇਜ਼ੀਅਮ ਵਿਚ ਜਾਣ ਤੋਂ ਬਾਅਦ ਉਥੇ ਦੇ ਸਿਖਲਾਈ ਕਰਤਾ ਨੂੰ ਸਪੱਸ਼ਟ ਤੌਰ ‘ਤੇ ਇਹ ਦੱਸਣਾ ਚਾਹੀਦਾ ਕਿ ਤੁਹਾਡੀ ਕਸਰਤ ਕਰਨ ਦਾ ਉਦੇਸ਼ ਕੀ ਹੈ, ਕਿਉਂਕਿ ਕੁਝ ਔਰਤਾਂ ਤੇ ਮਰਦ ਮੋਟੇ ਤੇ ਤੰਦਰੁਸਤ ਹੋ ਜਾਂਦੇ ਹਨ ਤਾਂ ਕੁਝ ਪੇਟ ਨੂੰ ਘੱਟ ਕਰਨ ਲਈ। ਕਈ ਥਾਂ ਪੇਸ਼ੇਵਰ ਮਜਬੂਰੀ ਕਾਰਨ ਵੀ ਕਸਰਤ ਕਰਨੀ ਪੈਂਦੀ ਹੈ। ਮਾਡਲਿੰਗ ਤੇ ਫ਼ਿਲਮ ਦੇ ਖੇਤਰ ਵਿਚ ਮਾਡਲਾਂ ਤੋਂ ਇਹ ਉਮੀਦ ਕੀਤੀ ਜਾਣ ਲੱਗੀ ਹੈ ਕਿ ਉਹ ਹਲਕੀ-ਫੁਲਕੀ ਵੇਟਲਿਫਟਿੰਗ ਕਰਦੇ ਹੋਣਗੇ।
ਕਸਰਤ ਕਰਾਉਣ ਵਾਲੇ ਨੂੰ ਆਪਣੇ ਸਰੀਰ ਦੀ ਰਚਨਾ ਤੇ ਬਿਮਾਰੀ ਆਦਿ ਬਾਰੇ ਦੱਸਣਾ ਚਾਹੀਦਾ। ਕਦੀ ਵੀ ਆਪਣੀ ਇੱਛਾ ਤੋਂ ਗ਼ਲਤ ਢੰਗ ਨਾਲ ਕਸਰਤ ਜਾਂ ਵੇਟਲਿਫਟਿੰਗ ਨਹੀਂ ਕਰਨੀ ਚਾਹੀਦੀ। ਤੁਸੀਂ ਉਤਸ਼ਾਹ ਵਿਚ ਵਜ਼ਨ ਚੁੱਕ ਸਕਦੇ ਹੋ ਪਰ ਇਸ ਦਾ ਨੁਕਸਾਨ ਹੋਵੇਗਾ। ਸ਼ੁਰੂ ਵਿਚ ਘੱਟ ਵਜ਼ਨ ਨਾਲ ਹੀ ਵੇਟਲਿਫਟਿੰਗ ਕਰਨੀ ਚਾਹੀਦੀ। ਔਰਤਾਂ ਲਈ ਹਲਕੀ ਕਸਰਤ ਹੀ ਠੀਕ ਹੈ।
ਭੋਜਨ ‘ਤੇ ਵਿਸ਼ੇਸ਼ ਧਿਆਨ : ਜੇਕਰ ਕੋਈ ਵਿਅਕਤੀ ਪਤਲਾ ਹੋਣ ਲਈ ਕਸਰਤ ਕਰ ਰਿਹਾ ਹੈ ਤਾਂ ਉਸ ਨੂੰ ਇਕਦਮ ਭੋਜਨ ਨਹੀਂ ਛੱਡਣਾ ਚਾਹੀਦਾ ਪਰ ਸਿਖਲਾਈਕਰਤਾ ਦੀ ਸਲਾਹ ‘ਤੇ ਉਸ ਨੂੰ ਚਿਕਨਾਈ ਵਾਲੇ ਖਾਧ ਪਦਾਰਥ ਤੇ ਹੋਰ ਸਮੱਗਰੀ ਹੀ ਛੱਡਣੀ ਚਾਹੀਦੀ। ਵੇਟਲਿਫਟਿੰਗ ਕਰਨ ‘ਤੇ ਭੁੱਖ ਜ਼ਿਆਦਾ ਲਗਦੀ ਹੈ।
ਇਸ ਲਈ ਦਿਨ ਵਿਚ ਨਾਸ਼ਤੇ ਅਤੇ ਖਾਣ ਦਾ ਸਮਾਂ ਵੰਡ ਲਓ। ਸੁੰਗੜੇ ਹੋਏ ਸਰੀਰ ਨੂੰ ਪਤਲੇ ਤੋਂ ਮੋਟਾ ਕਰਨ ਲਈ ਨਾਸ਼ਤੇ ਵਿਚ 2 ਉਬਲੇ ਆਲੂ, 2 ਅੰਡੇ, ਚਾਰ ਬਰੈੱਡ ਪੀਸ ਤੇ ਦੁੱਧ ਜ਼ਰੂਰ ਲੈਣਾ ਚਾਹੀਦਾ। ਜ਼ਿਆਦਾ ਮੋਟੇ ਵਿਅਕਤੀ ਨੂੰ ਨਿੰਬੂ ਪਾਣੀ ਵਿਚ ਸ਼ਹਿਦ ਮਿਲਾ ਕੇ ਪੀਣਾ ਚਾਹੀਦਾ। ਕਸਰਤ ਕਰਨ ਤੋਂ ਪਹਿਲਾਂ ਲਗਪਗ ਤਿੰਨ ਘੰਟੇ ਪਹਿਲਾਂ ਤੋਂ ਕੁਝ ਵੀ ਖਾਣਾ ਨਹੀਂ ਚਾਹੀਦਾ।
ਖੁੱਲ੍ਹੇ ਹਲਕੇ ਕੱਪੜੇ ਪਾਓ : ਕਸਰਤ ਕਰਦੇ ਸਮੇਂ ਹਲਕੇ-ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ। ਔਰਤਾਂ ਵੀ ਮਰਦਾਂ ਦੀ ਤਰ੍ਹਾਂ ਚੰਗੀ ਤਰ੍ਹਾਂ ਦੇ ਟ੍ਰੈਕ ਸੂਟ ਪਾ ਕੇ ਕਸਰਤ ਕਰ ਸਕਦੀਆਂ ਹਨ।
ਕਸਰਤ ਦੇ ਲਾਭ : ਸਰੀਰ ਸਿਹਤਮੰਦ ਰਹੇਗਾ ਤੇ ਮਨ ਵੀ ਖ਼ੁਸ਼ ਰਹੇਗਾ। ਕਸਰਤ ਦੇ ਅਨੇਕ ਲਾਭ ਹਨ। ਛੇਤੀ ਭਲਵਾਨ ਬਣਨ ਦੇ ਚੱਕਰ ਵਿਚ ਕਸਰਤ ਨੁਕਸਾਨਦਾਈ ਵੀ ਹੋ ਸਕਦੀ ਹੈ। ਲੰਮੇ ਸਮੇਂ ਤੱਕ ਨਿਯਮ ਦੇ ਨਾਲ ਕਸਰਤ ਕਰਨ ਨਾਲ ਸਿਹਤ ਵਿਚ ਨਿਖਾਰ ਆਉਂਦਾ ਹੈ ਅਤੇ ਸ਼ਖ਼ਸੀਅਤ ਵੀ ਆਕਰਸ਼ਕ ਹੁੰਦੀ ਹੈ।
ਕਸਰਤ ਕਰਨ ਨਾਲ ਮਾਸਪੇਸ਼ੀਆਂ ਫੁੱਲ ਜਾਂਦੀਆਂ ਹਨ। ਸਰੀਰ ਦਾ ਡੀਲ-ਡੌਲ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਕਿ ਉਸ ਦੀਆਂ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ। ਕਸਰਤ ਕਰਨ ਨਾਲ ਜਿਥੇ ਵਿਅਕਤੀ ਦੀ ਚਰਬੀ ਘੱਟ ਹੁੰਦੀ ਹੈ, ਉਥੇ ਉਸ ਨੂੰ ਦਿਲ ਤੇ ਹੋਰ ਰੋਗਾਂ ਤੋਂ ਬਚਾਅ ਰਹਿੰਦਾ ਹੈ। ਕਸਰਤ ਕਰਦੇ ਹੋਏ ਇਸ ਨੂੰ ਵਿਚਾਲੇ ਛੱਡਣਾ ਨਹੀਂ ਚਾਹੀਦਾ। ਜ਼ਿਆਦਾ ਕਸਰਤ ਨਾ ਸਹੀ, ਹਲਕੀ ਕਸਰਤਾਂ ਸਰੀਰ ਦੀ ਫਿਟਨੈੱਸ ਬਣਾਉਣ ਵਿਚ ਸਹਾਇਕ ਸਿੱਧ ਹੁੰਦੀਆਂ ਹਨ। ਭੱਜ-ਦੌੜ ਦੀ ਇਸ ਰੁਝੇਵੇਂ ਭਰੀ ਜ਼ਿੰਦਗੀ ਵਿਚ ਸਰੀਰ ਲਈ ਸਮਾਂ ਕੱਢਣਾ ਅਤਿ ਜ਼ਰੂਰੀ ਹੋ ਗਿਆ ਹੈ। ਕਈ ਤਰ੍ਹਾਂ ਦੀਆਂ ਖੋਜਾਂ ਤੋਂ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਕਸਰਤ ਦੇ ਸੰਪਰਕ ਵਿਚ ਰਹਿਣ ਵਾਲਾ ਵਿਅਕਤੀ ਔਸਤ ਤੋਂ ਕਿਤੇ ਜ਼ਿਆਦਾ ਉਮਰ ਹਾਸਲ ਕਰਦਾ ਹੈ ਪਰ ਇਸ ਲਈ ਨਿਯਮ ਦੇ ਨਾਲ-ਨਾਲ ਹੌਸਲਾ ਅਤੇ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ।
– ਸੰਜੀਵ ਚੋਧਰੀ