ਲੱਭ ਲਏ ਪਿਆਰ ਮੇਰੇ ਨੇ ਹੀਲੇ

ਲੱਭ ਲਏ ਪਿਆਰ ਮੇਰੇ ਨੇ ਹੀਲੇ

ਧਰਤੀ ਜੇਡੀ ਹਿੱਕ ਏਸਦੀ,
ਦਿਲ ਦਰਿਆ ਦੀਆਂ ਵਹਿਣਾਂ,
ਸੀਨਾ ਚੌੜਾ ਅੰਬਰ ਜੇਡਾ,
ਕੀ ਕੋਈ ਏਸ ਨੂੰ ਕੀਲੇ ।
ਲੱਭ ਲਏ ਪਿਆਰ ਮੇਰੇ ਨੇ ਹੀਲੇ ।

ਦੂਰ ਖੜਾ ਕੋਈ ਵਾਜਾਂ ਮਾਰੇ,
ਕਸ ਕਸ ਕੇ ਅੰਗੜਾਈਆਂ ਲੈਂਦਾ,
ਲੱਖਾਂ ‘ਕੱਚੇ’ ਖੁਰ ਗਏ ਭਾਵੇਂ,
ਅਜੇ ਉਡੀਕਣ ‘ਤੀਲੇ’ ।
ਲੱਭ ਲਏ ਪਿਆਰ ਮੇਰੇ ਨੇ ਹੀਲੇ ।

ਪਿਆਰ-ਭੁੱਖ ਦੇ ਭਾਂਬੜ ਮੱਚੇ,
ਸੁਪਨੇ ਹੁੰਦੇ ਜਾਪਣ ਸੱਚੇ,
ਖਿੜ ਖਿੜ ਦੁਨੀਆਂ ਖੇੜਾ ਹੋ ਗਈ,
ਮਸਤੇ ਨੈਣ ਨਸ਼ੀਲੇ ।
ਲੱਭ ਲਏ ਪਿਆਰ ਮੇਰੇ ਨੇ ਹੀਲੇ ।
– ਰਾਮ ਸਰੂਪ ਅਣਖੀ –