ਰੁਝਾਨ ਖ਼ਬਰਾਂ

ਭਾਈ ਘਨੱਈਆ ਜੀ ਨੂੰ ਯਾਦ ਕਰਦਿਆਂ

ਭਾਈ ਘਨੱਈਆ ਜੀ ਨੂੰ ਯਾਦ ਕਰਦਿਆਂ

ਭਾਈ ਘਨੱਈਆ ਜੀ ਨੂੰ ਯਾਦ ਕਰਦਿਆਂ

ਚੌਮੁਖੀਆ ਚਿਰਾਗ
ਚੇਤੇ ਆਉਂਦਾ ਹੈ
ਹਨ੍ਹੇਰੀ ਰਾਤ ਵਿੱਚ ਜਗਦਾ,
ਮਘਦਾ ਸੁਰਖ਼ ਸੂਰਜ
ਅੰਬਰ ਚ ਦਗਦਾ
ਸਮੂਲਚਾ ਵਜੂਦ
ਬਾਬੇ ਨਾਨਕ ਦਾ ਵਾਰਿਸ ਲੱਗਦਾ।

ਝਨਾਂ ਕੰਢੇ ਸੋਹਦਰੇ ਚ
ਮਾਂ ਸੁੰਦਰੀ ਦਾ ਜਾਇਆ
ਬਾਬਲ ਨੱਥੂ ਰਾਮ ਦੇ
ਬਿਰਖ਼ ਦੀ ਸਦੀਵਕਾਲੀ ਛਾਇਆ।
ਦਸ ਪਾਤਿਸ਼ਾਹੀਆਂ ਦੀ ਛਾਵੇਂ
ਤੁਰਦਾ ਤੁਰਦਾ
ਆਨੰਦਪੁਰ ਸਾਹਿਬ ਆਇਆ।

ਯੁੱਧ ਵਿੱਚ ਨਾ ਕੋਈ
ਵੈਰੀ ਨਾ ਬੇਗਾਨਾ
ਗੁਰੂ ਦਾ ਸੰਦੇਸ਼
ਜਿਸ ਸੱਚ ਕਰ ਮਾਨਾ।
ਮੁਗਲ ਜਾਂ ਪਹਾੜੀਆ
ਤੇਰਾ ਹੀ ਬੰਦਾ
ਦਿਸੇ ਬਲਿਹਾਰੀਆ।

ਨਿਰਛਲ ਨਿਰਭਉ ਤੇ ਨਿਰਵੈਰ।
ਸਰਬੱਤ ਦਾ ਭਲਾ ਲੋੜਦੇ ਕਰ ਪੈਰ
ਪਿਆਸਿਆਂ ਲਈ
ਨਿਰਮਲ ਜਲਧਾਰਾ
ਦਸਮੇਸ਼ ਗੁਰੂ ਨੂੰ
ਜਾਨੋਂ ਪਿਆਰਾ।
ਦੂਤੀਆਂ ਕਿਹਾ
ਇਹ ਮੁਗਲ ਬਚਾਵੇ।
ਮਰਦਿਆਂ ਦੇ ਮੂੰਹ ਪਾਣੀ ਪਾਵੇ।
ਇਸਨੂੰ ਕਹੋ ਇਹ ਇੰਜ ਕਰੇ ਨਾ,
ਸਾਨੂੰ ਇਹ ਕੰਮ ਮੂਲ ਨਾ ਭਾਵੇ।

ਦਸਮ ਪਿਤਾ ਹੱਸੇ ਮੁਸਕਰਾਏ।
ਬੋਲੇ ਮੇਰਿਓ ਭੋਲਿਓ ਪੁੱਤਰੋ,
ਇਹ ਤਾਂ ਆਪਣਾ
ਧਰਮ ਨਿਭਾਏ।
ਤੁਹਾਨੂੰ ਕਿਉਂ ਇਹ
ਸਮਝ ਨਾ ਆਏ।

ਹਿੱਕ ਨਾਲ ਲਾ ਕੇ
ਇਹ ਫੁਰਮਾਇਆ।
ਤੂੰ ਮੇਰੇ ਸ਼ਬਦਾਂ ਦੀ ਲੋਏ
ਤੁਰਦਾ ਤੁਰਦਾ ਉਸ ਥਾਂ ਆਇਆ
ਜਿੱਥੇ ਪੁੱਜ ਕੇ ਨਾ ਕੋਈ ਵੈਰੀ
ਨਾ ਹੀ ਰਹੇ ਕੋਈ ਬੇਗਾਨਾ।
ਇਹ ਹੀ ਧਰਮ ਦਾ
ਅਸਲ ਨਿਸ਼ਾਨਾ।

ਆਹ ਫੜ ਪੱਟੀਆਂ ਮੱਲਮ ਦੀ ਡੱਬੀ।
ਤੂੰ ਸੇਵਾ ਚੋਂ ਮਾਣਕ ਮੋਤੀ
ਉੱਚੀ ਸੁੱਚੀ ਹਸਤੀ ਲੱਭੀ।
ਹਰ ਜ਼ਖਮੀ ਨੂੰ ਸਮ ਕਰ ਜਾਣੀਂ।
ਮੂੰਹ ਵਿੱਚ ਪਾਵੇਂਗਾ ਜਦ ਪਾਣੀ।
ਚੁੱਪ ਕਰਕੇ ਤੂੰ ਉਸ ਪਲ ਸੁਣ ਲਈਂ
ਅਰਥ ਸਣੇ ਗੁਰੂਆਂ ਦੀ ਬਾਣੀ।
ਸਰਬ ਕਾਲ ਦਾ ਬਣ ਕੇ ਹਾਣੀ।

ਗੁਰਭਜਨ ਗਿੱਲ
98726 31199