ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ

ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਸਾਂਝੇ ਉਪਰਾਲਿਆਂ ਦੀ ਲੋੜ

ਅੱਜ ਤੋਂ ਕੋਈ 30-35 ਸਾਲ ਪਹਿਲਾਂ ਜ਼ਿਆਦਾਤਰ ਖੇਤੀ ਨਹਿਰੀ ਪਾਣੀ ਉੱਤੇ ਹੀ ਨਿਰਭਰ ਸੀ ਤੇ ਟਿਊਬਵੈੱਲ ਵਿਰਲੇ-ਟਾਵੇਂ ਹੀ ਹੁੰਦੇ ਸਨ। ਉਦੋਂ ਪਾਣੀ ਧਰਤੀ ਦੇ ਬਿਲਕੁਲ ਉੱਪਰ 8-10 ਫੁੱਟ ‘ਤੇ ਹੀ ਮਿਲ ਜਾਂਦਾ ਸੀ ਪਰ ਅੱਜ ਦੀ ਸਥਿਤੀ ਕਿੰਨੀ ਭਿਆਨਕ ਬਣ ਚੁੱਕੀ ਹੈ। ਅੱਜ ਪੰਜਾਬ ਵਿਚ ਸਾਰੇ ਜ਼ਿਲ੍ਹਿਆਂ ਵਿਚ ਧਰਤੀ ਹੇਠਲਾ ਪਾਣੀ 100 ਤੋਂ 200 ਫੁੱਟ ਤੱਕ ਥੱਲੇ ਚਲਾ ਗਿਆ ਹੈ। ਡੂੰਘੇ ਪਾਣੀ ਨੂੰ ਧਰਤੀ ਹੇਠੋਂ ਕੱਢਣ ਲਈ ਸਬਮਰਸੀਬਲ ਮੋਟਰਾਂ (ਮੱਛੀ ਮੋਟਰਾਂ) ਦੀ ਮਜਬੂਰਨ ਵਰਤੋਂ ਕਰਨੀ ਪਈ ਹੈ। ਲਗਾਤਾਰ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰਕੇ ਕਿਸਾਨ ਕਰਜ਼ੇ ਹੇਠਾਂ ਦੱਬ ਗਿਆ ਹੈ। ਪੰਜਾਬ ਦੀ ਧਰਤੀ ‘ਤੇ ਬੀਜੀਆਂ ਜਾਣ ਵਾਲੀਆਂ ਲਗਪਗ 23 ਫਸਲਾਂ ਵਿਚੋਂ ਸਿਰਫ ਕਣਕ ਅਤੇ ਝੋਨੇ ਦਾ ਹੀ ਨਿਰਧਾਰਤ ਮੁੱਲ ਹੋਣ ਕਰਕੇ ਮਜਬੂਰੀ ਵੱਸ ਕਿਸਾਨ ਕਣਕ ਅਤੇ ਝੋਨੇ ਦੀ ਫਸਲ ਹੀ ਮੁੱਖ ਤੌਰ ‘ਤੇ ਬੀਜ ਰਿਹਾ ਹੈ। ਝੋਨੇ ਦੀ ਫਸਲ ਪਾਲਣ ਲਈ ਜੂਨ-ਜੁਲਾਈ ਅਤੇ ਅਗਸਤ ਦੇ ਮਹੀਨੇ ਪੰਜਾਬ ਵਿਚ ਲੱਖਾਂ ਟਿਊਬਵੈੱਲਾਂ ਦੁਆਰਾ ਧਰਤੀ ਹੇਠੋਂ ਪਾਣੀ ਵੱਡੀ ਮਾਤਰਾ ਵਿਚ ਕੱਢਿਆ ਜਾਂਦਾ ਹੈ, ਜਿਸ ਕਰਕੇ ਦਿਨੋ-ਦਿਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਮਨੁੱਖ ਦੁਆਰਾ ਵਰਤੀ ਜਾ ਰਹੀ ਲਾਪ੍ਰਵਾਹੀ ਪੰਜਾਬ ਨੂੰ ਬੰਜਰ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਗੱਡੀਆਂ-ਮੋਟਰਾਂ ਧੋਣ ਲਈ ਲੱਗੇ ਸਰਵਿਸ ਸਟੇਸ਼ਨਾਂ ‘ਤੇ ਸਾਰਾ ਸਾਲ ਪਾਣੀ ਦੀ ਬਰਬਾਦੀ ਹੋ ਰਹੀ ਹੈ, ਜਿਸ ਦੇ ਫਾਲਤੂ ਪਾਣੀ ਨੂੰ ਸਾਂਭਣ ਲਈ ਕਿਸੇ ਸਰਕਾਰ ਨੇ ਕੋਈ ਨੀਤੀ ਨਹੀਂ ਬਣਾਈ। ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਅੱਜ ਸਭ ਤੋਂ ਵੱਡੀ ਲੋੜ ਹੈ ਪਾਣੀ ਦੀ ਫਜ਼ੂਲ ਖਰਚੀ ਰੋਕੀ ਜਾਵੇ। ਸਮੇਂ-ਸਮੇਂ ‘ਤੇ ਨਹਿਰਾਂ ਅਤੇ ਰਜਬਾਹਿਆਂ ਦੀ ਖਲਾਈ ਸਿਰਫ ਫਾਈਲਾਂ ਵਿਚ ਨਾ ਕਰਾ ਕੇ ਗਰਾਊਂਡ ਜ਼ੀਰੋ ਤੇ ਹਕੀਕਤ ਵਿਚ ਕਰਾਈ ਜਾਵੇ ਤਾਂ ਕਿ ਦਰਿਆਵਾਂ ਦਾ ਪਾਣੀ ਵੱਧ ਤੋਂ ਵੱਧ ਕਿਸਾਨ ਖੇਤੀ ਲਈ ਵਰਤ ਸਕਣ। ਮੀਂਹ ਦੇ ਪਾਣੀ ਨੂੰ ਭੰਡਾਰ ਕਰਨ ਦੇ ਯਤਨ ਕੀਤੇ ਜਾਣ। ਪਿੰਡਾਂ ਵਿਚ ਵੱਡੇ-ਵੱਡੇ ਛੱਪੜਾਂ ਦੇ ਪ੍ਰਦੂਸ਼ਤ ਹੋ ਰਹੇ ਪਾਣੀ ਨੂੰ ਖੇਤੀ ਯੋਗ ਬਣਾਉਣ ਲਈ ਟਰੀਟਮੈਂਟ ਪਲਾਂਟ ਲਾਏ ਜਾਣ। ਇਸੇ ਤਰ੍ਹਾਂ ਸ਼ਹਿਰਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਕੇ ਡਰੇਨਾਂ ਆਦਿ ਵਿਚ ਪਾਇਆ ਜਾਵੇ। ਸੋ, ਅੱਜ ਲੋੜ ਹੈ ਪੰਜਾਬ ਦੀ ਧਰਤੀ ਨੂੰ ਬੰਜਰ ਹੋਣ ਤੋਂ ਬਚਾਉਣ ਲਈ ਸਭ ਰਾਜਸੀ ਪਾਰਟੀਆਂ ਨੂੰ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨੀਆਂ ਚਾਹੀਦੀਆਂ ਹਨ। ਸੋ, ਅੱਜ ਤੋਂ ਹੀ ਪੰਜਾਬ ਦਾ ਹਰ ਮਨੁੱਖ ਇਹ ਪ੍ਰਣ ਕਰ ਲਵੇ ਕਿ ਉਸ ਨੇ ਪਾਣੀ ਦੀ ਇਕ ਵੀ ਬੂੰਦ ਫਜ਼ੂਲ ਨਹੀਂ ਜਾਣ ਦੇਣੀ। ਤਦ ਹੀ ਪੰਜਾਬ ਹਰਿਆ-ਭਰਿਆ ਰਹਿ ਸਕੇਗਾ। ਗੁਰੂਆਂ ਅਤੇ ਗੁਰਬਾਣੀ ਦੇ ਸੰਦੇਸ਼ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਨੂੰ ਆਪਣੇ ਜੀਵਨ ਵਿਚ ਵਸਾਉਣਾ ਹੋਵੇਗਾ।

-ਜਸਪਿੰਦਰ ਸਿੰਘ ਉਬੋਕੇ