ਭਾਰਤ ‘ਚ ਰਾਜਨੀਤੀ ਦੀ ਮਰਿਆਦਾ ਤੇ ਨੇਤਾਵਾਂ ਦਾ ਵਿਹਾਰ

ਭਾਰਤ ‘ਚ ਰਾਜਨੀਤੀ ਦੀ ਮਰਿਆਦਾ ਤੇ ਨੇਤਾਵਾਂ ਦਾ ਵਿਹਾਰ

ਸਾਡਾ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਅਬਾਦੀ ਵੀ ਬਹੁਤ ਜ਼ਿਆਦਾ ਤੇ ਵੋਟਰਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ। ਹਰ ਪੰਜ ਸਾਲ ਬਾਦ ਇੱਥੇ ਕੇਂਦਰ ਦੀ ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਲਈ ਵੋਟਾਂ ਪੈਂਦੀਆਂ ਹਨ। ਕਈ ਵਾਰ ਮੱਧਕਾਲੀ ਚੋਣਾਂ ਦਾ ਸਿਲਸਲਾ ਵੀ ਬਣ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਤਾਂ ਇੱਥੇ ਇਕ ਕਾਂਗਰਸ ਹੀ ਮੁੱਖ ਪਾਰਟੀ ਹੁੰਦੀ ਸੀ ਪਰ ਹੌਲੀ ਹੌਲੀ ਪਾਰਟੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਬੈਲਟ ਪੇਪਰਾਂ ਦੇ ਅਕਾਰ ਵੀ ਵੱਡੇ ਵੱਡੇ ਹੋ ਗਏ ਹਨ। ਨੈਸ਼ਨਲ ਪਾਰਟੀਆਂ ਦੀ ਗਿਣਤੀ ਤਾਂ ਭਾਵੇਂ ਉੰਨੀ ਨਹੀਂ ਵਧੀ ਪਰ ਪ੍ਰਾਂਤਿਕ ਪਾਰਟੀਆਂ ਦੀ ਗਿਣਤੀ ਬਹੁਤ ਵਧ ਗਈ ਹੈ।
ਕਾਂਗਰਸ, ਭਾਜਪਾ, ਸੀਪੀਆਈ, ਸੀਪੀਐੱਮ ਤੋਂ ਬਾਦ ਇਕ ਨਵੀਂ ਪਾਰਟੀ ਆਮ ਆਦਮੀ ਪਾਰਟੀ ਇਕ ਕਰਾਂਤੀਕਾਰੀ ਤਰੀਕੇ ਨਾਲ ਉਪਜੀ ਸੀ ਤੇ ਲੋਕਾਂ ਨੂੰ ਇਕ ਵਿਸ਼ਵਾਸ ਬਣਦਾ ਨਜ਼ਰ ਆ ਰਿਹਾ ਸੀ ਕਿ ਇਹ ਪਾਰਟੀ ਇਕ ਤੀਜੇ ਬਦਲ ਵਜੋਂ ਭਾਰਤ ਦੇ ਨਕਸ਼ੇ ‘ਤੇ ਉੱਭਰੇਗੀ। ਪਹਿਲੀ ਹੀ ਚੋਣ ਵਿੱਚ ਇਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਸਿਰ ‘ਤੇ ਚੁੱਕ ਲਿਆ ਤੇ ਚਾਰ ਸੀਟਾਂ ‘ਤੇ ਜਿੱਤ ਦਿਵਾ ਕੇ ਰਾਜਨੀਤਕ ਪੰਡਿਤਾਂ ਨੂੰ ਹੈਰਾਨ ਕਰ ਦਿੱਤਾ ਸੀ। ਫਿਰ ਦਿੱਲੀ ਪਾਂਤ ਦੀਆਂ 70 ਵਿੱਚੋਂ 67 ਸੀਟਾਂ ‘ਤੇ ਜਿੱਤ ਸੋਨੇ ਤੇ ਸੁਹਾਗਾ ਸੀ। ਆਪਣੇ ਚੋਣ ਮੈਨੀਫੈਸਟੋ ਅਨੁਸਾਰ ਇਹ ਪਾਰਟੀ ਦਿੱਲੀ ਵਿੱਚ ਅਹਿਮ ਕੰਮ ਕਰਨਾ ਚਾਹੁੰਦੀ ਸੀ ਪਰ ਐੱਲ ਜੀ ਨਾਲ ਤਾਕਤਾਂ ਦੇ ਅਧਾਰ ‘ਤੇ ਛਿੜੀ ਖਿਚੋਤਾਣ ਕਾਰਨ ਉਹ ਕੰਮ ਨਹੀਂ ਹੋ ਸਕਿਆ। ਉਂਜ ਖਬਰਾਂ ਤੋਂ ਪਤਾ ਚੱਲਦਾ ਹੈ ਕਿ ਤਾਕਤਾਂ ਦੇ ਲਿਹਾਜ਼ ਨਾਲ ਇਸ ਪਾਰਟੀ ਨੇ ਦਿੱਲੀ ਵਿੱਚ ਕਾਬਲੇਤਰੀਫ ਕੰਮ ਕੀਤਾ ਹੈ।
ਪਰ 2017 ਦੀਆ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੌਰਾਨ ਇਸ ਪਾਰਟੀ ਦੀ ਪੰਜਾਬ ਵਿੱਚ ਬਹੁਤ ਵੱਡੀ ਹਵਾ ਬਣ ਗਈ ਸੀ ਤੇ ਪਾਰਟੀ ਵਾਲੇ 100 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਦੇ ਸੁਪਨੇ ਲੈਣ ਲੱਗ ਪਏ ਸਨ। ਪਰ ਮੁੱਖ ਮੰਤਰੀ ਦੀ ਕੁਰਸੀ ਦੇ ਨਾਮ ‘ਤੇ ਇੱਥੇ ਅੰਦਰਖਾਤੇ ਐਸੀ ਖਿੱਚੋਤਾਣ ਸ਼ੁਰੂ ਹੋਈ ਕਿ ਰਿੱਝੀ ਹੋਈ ਖੀਰ ਦਾ ਦਲੀਆ ਬਣ ਗਿਆ। ਦਰਅਸਲ ਮੁੱਖਮੰਤਰੀ ਦੀ ਕੁਰਸੀ ‘ਤੇ ਦਿੱਲੀ ਵਾਲਿਆਂ ਦੀ ਨਜ਼ਰ ਸੀ ਤੇ ਆਨੇ ਬਹਾਨੇ ਨਾਲ ਜਦੋਂ ਮੌਸਮ ਖੁਸ਼ਗਵਾਰ ਸੀ, ਰਾਹ ਪੱਧਰਾ ਕਰਨ ਲਈ ਛੋਟੇਪੁਰ ਦੀ ਛੁੱਟੀ ਕਰ ਦਿੱਤੀ ਗਈ। ਇਸ ਤਬਦੀਲੀ ਨਾਲ ‘ਵਿਹੜੇ ਆਈ ਜੰਜ ਤੇ ਵਿੰਨੋ ਕੁੜੀ ਦੇ ਕੰਨ’ ਵਾਲੀ ਗੱਲ ਹੋਈ। ਪਤਾ ਨਹੀਂ ਕੁਰਬਾਨੀਆਂ ਦੀ ਗੱਲ ਕਰਨ ਵਾਲੇ ਤੇ ਤਾਕਤ ਦੀ ਲਾਲਸਾ ਤੋਂ ਬਿਨਾਂ ਦੇਸ਼ ਦੀ ਸੇਵਾ ਕਰਨ ਦੇ ਦਮਗਜ਼ੇ ਮਾਰਨ ਵਾਲਿਆਂ ਨੂੰ ਇਸ ਬੱਜਰ ਗਲਤੀ ਦਾ ਅਹਿਸਾਸ ਕਿਉਂ ਨਹੀਂ ਹੋਇਆ? ਕੁਝ ਵੀ ਹੋਵੇ, ਆਮ ਆਦਮੀ ਪਾਰਟੀ ਵਾਲਿਆਂ ਨੇ ਆਪਣੇ ਪੈਰਾਂ ‘ਤੇ ਆਪ ਹੀ ਕੁਹਾੜਾ ਮਾਰ ਕੇ ਬੂਹੇ ਆਈ ਜਿੱਤ ਨੂੰ ਦੁਰਕਾਰਿਆ ਸੀ।
ਕਹਿੰਦੇ ਹਨ ਕਿ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਵਿਰੋਧੀ ਪਾਰਟੀ ਬਣ ਕੇ ਪੰਜਾਬ ਵਿੱਚ ਇਹ ਪਾਰਟੀ ਵਧੀਆ ਕੰਮ ਕਰ ਰਹੀ ਸੀ। ਫਿਰ ਅੱਖ ਦੇ ਫੌਰ ਵਿੱਚ ਹੀ ਪਾਰਟੀ ਦਾ ਲੀਡਰ ਬਦਲ ਕੇ ਪਾਰਟੀ ਨੇ ਆਪਣੇ ਆਪ ਨੂੰ ਇੱਕ ਬਾਰ ਫਿਰ ਕੁਟਿਹਰੇ ਵਿੱਚ ਖੜ੍ਹਾ ਕਰ ਲਿਆ ਹੈ। ਸੁਖਪਾਲ ਸਿੰਘ ਖਹਿਰਾ ਇਸ ਪਾਰਟੀ ਵੱਲੋਂ ਵਿਰੋਧੀ ਪਾਰਟੀ ਹੋਣ ਕਾਰਨ ਲੀਡਰ ਆਫ ਆਪੋਜੀਸ਼ਨ ਬਣਾਇਆ ਗਿਆ ਸੀ। ਉਹ ਆਪਣੀ ਡਿਊਟੀ ਵੀ ਵਧੀਆ ਤਰੀਕੇ ਨਾਲ ਨਿਭਾ ਰਿਹਾ ਸੀ। ਉਂਜ ਸੋਲਾਂ ਕਲਾਂ ਸੰਪੂਰਨ ਬੰਦਾ ਲੱਭਣਾ ਅੱਜਕੱਲ ਦੇ ਸਮੇਂ ਵਿੱਚ ਬਹੁਤ ਔਖਾ ਹੈ। ਚਾਹੇ ਖਹਿਰਾ ਹਰ ਕੰਮ ਕਾਹਲੀ ਨਾਲ ਕਰਨ ਦੇ ਆਦੀ ਹਨ ਪਰ ਫਿਰ ਵੀ ਵਿਰੋਧੀ ਪਾਰਟੀ ਦੇ ਨੇਤਾ ਦੇ ਤੌਰ ‘ਤੇ ਉਹ ਡਿਊਟੀ ਕਾਫੀ ਵਧੀਆ ਤਰੀਕੇ ਨਾਲ ਨਿਭਾ ਰਹੇ ਸਨ। ਪਰ ਇਕ ਸਾਲ ਦੇ ਸਮੇਂ ਤੋਂ ਵੀ ਪਹਿਲਾਂ ਅਚਾਨਕ ਉਸ ਨੂੰ ਹਟਾ ਦਿੱਤਾ ਗਿਆ। ਇਸ ਨਾਲ ਉਸਦੇ ਮਨ ਵਿੱਚ ਰੋਸ ਹੋਣਾ ਕੁਦਰਤੀ ਸੀ। ਭਾਵੇਂ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਤੇ ਇਸ ਵਿੱਚ ਦਖਲ ਦੇਣ ਦਾ ਕਿਸੇ ਨੂੰ ਵੀ ਹੱਕ ਨਹੀਂ ਹੈ ਪਰ ਲੋਕਤੰਤਰ ਹੋਣ ਕਾਰਨ ਲੋਕਤੰਤਰੀ ਰਵਾਇਤਾਂ ਦੀ ਪਾਲਣਾ ਕਰਨਾ ਜਜ਼ਰੀ ਬਣ ਜਾਂਦਾ ਹੈ। ਹੁਣ ਪਾਰਟੀ ਦੇ ਦੋ ਧੜੇ ਬਣਦੇ ਨਜ਼ਰ ਆ ਰਹੇ ਹਨ ਅਤੇ ਪਹਿਲਾਂ ਹੀ ਆਪਣਾ ਵਜੂਦ ਖੋਹ ਚੁੱਕੀ ਪਾਰਟੀ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਉਸ ਪਾਰਟੀ ਉੱਤੇ, ਜੋ ਨਵੀਂਆਂ ਲੀਹਾਂ ਸੁਰਜੀਤ ਕਰਨ ਦੇ ਨਾਮ ‘ਤੇ ਵਜੂਦ ਵਿੱਚ ਆਈ ਸੀ, ਕਿੰਤੂ ਪ੍ਰੰਤੂ ਖੜ੍ਹੇ ਹੋਣ ਲੱਗ ਪਏ ਹਨ।
ਲੋਕਤੰਤਰ ਸਰਕਾਰਾਂ ਦੀ ਸਭ ਤੋਂ ਸਰਲ ਤੇ ਸੁਚੱਜੀ ਕਿਸਮ ਹੈ। ਸਾਨੂੰ ਭਾਰਤ ਵਾਸੀਆਂ ਨੂੰ ਇਸ ‘ਤੇ ਬਹੁਤ ਮਾਣ ਹੈ ਕਿਉਂਕਿ ਇਸ ਨਾਲ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂੰ ਵੋਟ ਪਾ ਕੇ ਆਪਣੀ ਸਰਕਾਰ ਚੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸੇ ਅਧਾਰ ‘ਤੇ ਹੀ ਸਾਡੇ ਦੇਸ਼ ਨੂੰ ਵਿਸ਼ਵ ਦਾ ਸੱਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਮਿਲਿਆ ਹੈ। ਦਰਅਸਲ ਇਹ ਕੋਈ ਸਾਡੀ ਪ੍ਰਾਪਤੀ ਨਹੀਂ, ਸਗੋਂ ਨਲਾਇਕੀ ਦਾ ਸਿੱਟਾ ਹੈ ਕਿਉਂਕਿ ਅਸੀਂ ਆਪਣੀ ਅਬਾਦੀ ਦੇ ਵਾਧੇ ‘ਤੇ ਸੁਚੱਜਾ ਕੰਟਰੋਲ ਨਹੀਂ ਕਰ ਸਕੇ ਤੇ ਅਬਾਦੀ ਬੇਲਗਾਮ ਵਧਦੀ ਗਈ। ਹੁਣ ਇਸ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਉੱਠ ਖੜ੍ਹੀਆਂ ਹੋਈਆਂ ਹਨ। ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ, ਭੁੱਖਮਰੀ ਅਤੇ ਕੁਝ ਹੱਦ ਤੱਕ ਭਰਿਸ਼ਟਾਚਾਰ ਵੀ ਵੱਧ ਅਬਾਦੀ ਦਾ ਹੀ ਨਤੀਜਾ ਹੈ। ਅਸੀਂ ਜਿੰਨੀਆਂ ਮਰਜ਼ੀ ਸਕੀਮਾਂ ਬਣਾਈ ਜਾਈਏ, ਜਿੰਨਾ ਚਿਰ ਤੱਕ ਅਬਾਦੀ ਕੰਟਰੋਲ ਵਿੱਚ ਨਹੀਂ ਆਵੇਗੀ, ਸਫਲਤਾ ਨਹੀਂ ਮਿਲਣੀ। ਸਾਡੇ ਰਾਜਨੀਤਕ ਨੇਤਾਵਾਂ ਨੂੰ ਸਭ ਤੋਂ ਵੱਧ ਫਿਕਰ ਆਪਣੇ ਵੋਟ ਬੈਂਕ ਦਾ ਰਹਿੰਦਾ ਹੈ। ਕਿਉਂਕਿ ਉਹਨਾਂ ਦੀ ਮੁੱਖ ਸੋਚ ਚੋਣ ਜਿੱਤਣ ਦੀ ਹੁੰਦੀ ਹੈ। ਇਸ ਲਈ ਸਰਕਾਰਾਂ ਕੋਈ ਵੀ ਅਜਿਹਾ ਕੰਮ ਨਹੀਂ ਕਰਨਾ ਚਾਹੁੰਦੀਆਂ ਜਿਸ ਨਾਲ ਉਹਨਾਂ ਦਾ ਵੋਟ ਬੈਂਕ ਪ੍ਰਭਾਵਤ ਹੋਵੇ। ਇਹੀ ਮੁੱਖ ਕਾਰਨ ਹੈ ਕਿ ਇੱਥੇ ਗਿਣਤੀ ਦੀ ਕਦਰ ਗੁਣਾਂ ਨਾਲੋਂ ਜ਼ਿਆਦਾ ਹੁੰਦੀ ਹੈ। ਲੋਕਤੰਤਰ ਨੂੰ ਭੀੜਤੰਤਰ ਬਣਾ ਦਿੱਤਾ ਗਿਆ ਹੈ।
ਲੋਕਤੰਤਰ ਦੇ ਅਸਲੀ ਮਾਅਨੇ ਤਾਂ ਲੋਕਾਂ ਨੂੰ ਸ਼ਾਸਨ ਦੇ ਭਾਗੀਦਾਰ ਬਣਾਉਣਾ ਸੀ ਪਰ ਲੋਕ ਤਾਂ ਕੇਵਲ ਵੋਟਾਂ ਪਾਉਣ ਤੱਕ ਹੀ ਭਾਗੀਦਾਰ ਹੁੰਦੇ ਹਨ। ਇਸ ਤੋਂ ਬਾਦ ਤਾਂ ਉਹਨਾਂ ਨੂੰ ਫਿਰ ਲਾਈਨਾਂ ਵਿੱਚ ਧੱਕੇ ਤੇ ਝਿੜਕਾਂ ਖਾਣ ਲਈ ਮਜਬੂਰ ਹੋਣਾ ਪੈਂਦਾ ਹੈ। ਇਹ ਕਿਹੋ ਜਿਹਾ ਲੋਕਤੰਤਰ ਹੋਇਆ? ਲੋਕ ਤਾਂ ਅਜੇ ਤੱਕ ਵੀ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ ਤੇ ਵੱਡੇ ਵੱਡੇ ਸਰਮਾਏਦਾਰ ਪੈਸਾ ਹੜੱਪ ਕੇ ਮੌਜਾਂ ਕਰਦੇ ਹਨ। ਸਿਹਤ ਸਹੂਲਤਾਂ, ਜਿਨ੍ਹਾਂ ਦੀ ਮੁੱਖ ਲੋੜ ਹੁੰਦੀ ਹੈ, ਅਜੇ ਵੀ ਸਮੇਂ ਦੇ ਹਾਣ ਦੀਆਂ ਨਹੀਂ ਹੋ ਸਕੀਆਂ। ਸਰਕਾਰੀ ਹਸਪਤਾਲ ਡਾਕਟਰਾਂ ਤੇ ਦਵਾਈਆਂ ਖੁਣੋ ਭਾਂ ਭਾਂ ਕਰਦੇ ਹਨ। ਨਿੱਜੀ ਹਸਪਤਾਲ ਲੁੱਟ ਦੇ ਅੱਡੇ ਬਣੇ ਹੋਏ ਹਨ। ਇਹੀ ਹਾਲ ਵਿੱਦਿਅਕ ਤੰਤਰ ਦਾ ਹੈ। ਸਰਕਾਰੀ ਸਕੂਲਾਂ ਵਿੱਚ ਨਾ ਤਾਂ ਮਾਸਟਰ ਹਨ ਅਤੇ ਨਾ ਹੀ ਯੋਗ ਇਮਾਰਤਾਂ। ਜਦੋਂ ਸਹੂਲਤਾਂ ਨਹੀਂ ਹਨ ਤਾਂ ਵਿਦਿਆਰਥੀ ਕਿੱਥੋਂ ਆਉਣ? ਇਕ ਦੂਜੇ ਦੀ ਰੀਸੇ ਗਰੀਬ ਲੋਕ ਵੀ ਆਪਣੇ ਬੱਚਿਆਂ ਨੂੰ ਨਿੱਜੀ ਸਕੂਲਾਂ ਵਿੱਚ ਜਾ ਦਾਖਲ ਕਰਵਾਉਂਦੇ ਹਨ ਜਿੱਥੇ ਉਹਨਾਂ ਦਾ ਰੱਜ ਕੇ ਸ਼ੋਸ਼ਣ ਹੁੰਦਾ ਹੈ। ਨਿੱਜੀ ਸਕੂਲ ਅਤੇ ਹਸਪਤਾਲ ਤਾਂ ਵਪਾਰ ਦੇ ਅੱਡੇ ਬਣ ਗਏ ਹਨ। ਬੇਰੋਜ਼ਗਾਰੀ ਦਾ ਹੱਲ ਸਰਕਾਰਾਂ ਨੇ ਤਾਂ ਕੋਈ ਕੱਢਿਆ ਨਹੀਂ, ਹੁਣ ਮਜਬੂਰ ਹੋ ਕੇ ਨੌਜਵਾਨਾਂ ਨੇ ਹੀ ਪਰਵਾਸ ਦਾ ਰਸਤਾ ਫੜਿਆ ਹੈ। ਪੜ੍ਹੀ ਲਿਖੀ ਕਰੀਮ ਤਾਂ ਰੋਜ਼ਗਾਰ ਬਹਾਨੇ ਬਾਹਰ ਨਿਕਲ ਗਈ ਹੈ, ਇੱਥੇ ਫਿਰ ਅਨਪੜ੍ਹ ਹੀ ਬਾਕੀ ਬਚਣਗੇ ਜੋ ਭੀੜ ਦਾ ਹਿੱਸਾ ਬਣ ਕੇ ਰਹਿ ਜਾਣਗੇ।
ਸਰਕਾਰਾਂ ਨੇ ਆਪਣੀਆਂ ਸਹੂਲਤਾਂ ਤਾਂ ਬਹੁਤ ਵਧਾ ਲਈਆਂ ਹਨ ਪਰ ਲੋਕਾਂ ਲਈ ਪੱਕੀ ਨੌਕਰੀ ਦੀ ਸਹੂਲਤ ਵੀ ਨਹੀਂ ਰਹੀ। ਵੱਡੀਆਂ ਵੱਡੀਆਂ ਡਿਗਰੀਆਂ ਲੈ ਕੇ ਵੀ ਮੁਸ਼ਕਿਲ ਨਾਲ ਦਸ ਕੁ ਹਜ਼ਾਰ ਰੁਪਏ ਮਹੀਨਾ ਦੀ ਨੌਕਰੀ ਮਿਲਦੀ ਹੈ, ਉਹ ਵੀ ਠੇਕੇ ‘ਤੇ। ਇੰਨੀ ਮਹਿੰਗਾਈ ਦੇ ਸਮੇਂ ਵਿੱਚ ਇੰਨੇ ਕੁ ਪੈਸਿਆਂ ਨਾਲ ਕੋਈ ਨਹਾਊ ਕੀ ਤੇ ਨਿਚੋੜੂ ਕੀ? ਉੱਧਰ ਸੰਸਦ ਵਿੱਚ ਵੀ ਸਾਜ਼ਗਾਰ ਬਹਿਸ ਤੋਂ ਸਭ ਟਾਲਾ ਵੱਟਣ ਲੱਗ ਪਏ ਹਨ। ਵਾਕ ਆਊਟ ਦਾ ਰੌਲਾ ਗੌਲਾ ਹੀ ਜ਼ਿਅਦਾ ਸੁਣਨ ਨੂੰ ਮਿਲਦਾ ਹੈ। ਲੋਕ ਵੋਟਾਂ ਪਾਕੇ ਨੇਤਾਵਾਂ ਦੀ ਚੋਣ ਵਾਕ ਆਊਟ ਕਰਨ ਲਈ ਤਾਂ ਨਹੀਂ ਕਰਦੇ? ਸੁਚਾਰੂ ਬਹਿਸ ਲੋਕਤੰਤਰ ਦਾ ਮੁੱਖ ਹਿੱਸਾ ਹੁੰਦੀ ਹੈ। ਜੇ ਬਹਿਸ ਹੋਵੇ ਹੀ ਨਾ ਤੇ ਵਿਰੋਧੀ ਪਾਰਟੀ ਵਾਕ ਆਊਟ ਕਰ ਜਾਵੇ, ਮਨਮਰਜ਼ੀ ਦੇ ਬਿੱਲ ਪਾਸ ਹੋ ਜਾਣ ਤਾਂ ਫਿਰ ਲੋਕਤੰਤਰ ਦੇ ਮਾਅਨੇ ਕੀ ਹੋਏ? ਲੋਕਤੰਤਰ ਦਾ ਅਰਥ ਹੈ ਕਿ ਵੱਧ ਤੋਂ ਵੱਧ ਸਹੂਲਤਾਂ ਲੋਕਾਂ ਨੂੰ ਮੁਹਈਆ ਹੋਣ ਪਰ ਸਾਡੇ ਇੱਥੇ ਤਾਂ ਵੱਧ ਸਹੂਲਤਾਂ ਨੇਤਾ ਲੋਕ ਮਾਣਦੇ ਹਨ। ਲੋਕ ਤਾਂ ਵਿਚਾਰੇ ਇਕ ਦਿਨ ਵੋਟ ਪਾ ਕੇ ਵਿਹਲੇ ਹੋ ਜਾਂਦੇ ਹਨ, ਫਿਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ? ਇੱਥੇ ਜ਼ਰੂਰ ਵੋਟਰ ਲੋਕ ਗਲਤੀ ਕਰ ਜਾਂਦੇ ਹਨ। ਉਹ ਆਪਣੀ ਸੋਚ ਦੀ ਵਰਤੋਂ ਘੱਟ ਕਰਦੇ ਹਨ ਤੇ ਲਾਈਲੱਗ ਬਣ ਕੇ ਜਾਂ ਲਾਲਚ ਵਿੱਚ ਆਕੇ ਵੋਟ ਦੀ ਮਹੱਤਤਾ ਨੂੰ ਭੁੱਲ ਜਾਂਦੇ ਹਨ। ਜਿੰਨਾ ਚਿਰ ਤੱਕ ਇਹ ਪ੍ਰਵਿਰਤੀ ਨਹੀਂ ਬਦਲਦੀ, ਲੋਕ ਆਪਣੀ ਵੋਟ ਦੀ ਕੀਮਤ ਨਹੀਂ ਸਮਝਦੇ ਅਤੇ ਆਪਣੀ ਸੋਚ ਦੇ ਆਧਾਰ ‘ਤੇ ਵੋਟਾਂ ਦੀ ਵਰਤੋਂ ਨਹੀਂ ਕਰਦੇ, ਦੇਸ਼ ਦੀ ਤੇ ਲੋਕਾਂ ਦੀ ਹੋਣੀ ਬਦਲਣ ਵਾਲੀ ਨਹੀਂ। ਰਾਜਨੀਤਕ ਪਾਰਟੀਆਂ ਨੂੰ ਵੀ ਆਪਣੀ ਸੋਚ ਅਤੇ ਢੰਗ ਤਰੀਕੇ ਬਦਲਣ ਦੀ ਲੋੜ ਹੈ। ਚੋਣਾਂ ਜਿੱਤਣ ਉਪਰੰਤ ਲੀਡਰਾਂ ਦੇ ਮਨ ਵਿੱਚੋਂ ਆਪਣੀ ਪਾਰਟੀ ਦਾ ਜਿੰਨ ਨਹੀਂ ਨਿਕਲਦਾ, ਜਦੋਂ ਕਿ ਚੁਣਿਆ ਗਿਆ ਨੇਤਾ ਜਦੋਂ ਮੰਤਰੀ ਬਣ ਜਾਂਦਾ ਹੈ ਤਾਂ ਉਹ ਸਮੁੱਚੇ ਪ੍ਰਾਂਤ ਜਾਂ ਦੇਸ਼ ਦਾ ਮੰਤਰੀ ਹੁੰਦਾ ਹੈ, ਪਾਰਟੀ ਦਾ ਨਹੀਂ। ਇਸ ਸੋਚ ਕਾਰਨ ਉਹਨਾਂ ਦੇ ਫੈਸਲੈ ਵੀ ਸੌੜੀ ਸੋਚ ਦਾ ਸ਼ਿਕਾਰ ਹੋ ਜਾਂਦੇ ਹਨ।
ਅੱਜਕੱਲ ਤਾਂ ਕਈ ਨੇਤਾ ਬੋਲਣ ਦੀ ਤਹਿਜ਼ੀਬ ਵੀ ਭੁੱਲ ਜਾਂਦੇ ਹਨ। ਉਹਨਾਂ ਨੂੰ ਪਤਾ ਹੀ ਨਹੀਂ ਰਹਿੰਦਾ ਕਿ ਉਹ ਇਕ ਜਿੰਮੇਵਾਰ ਵਿਅਕਤੀ ਹਨ ਤੇ ਉਹਨਾਂ ਦੀ ਹਰ ਗੱਲ ਦੂਰ ਦੂਰ ਤੱਕ ਨੋਟ ਕੀਤੀ ਜਾਂਦੀ ਹੈ। ਉਲ ਜਲੂਲ ਬੋਲਣ ਨੂੰ ਕਈ ਨੇਤਾ ਬੜੇ ਮਾਣ ਦੀ ਗੱਲ ਸਮਝਦੇ ਹਨ। ਅਸਲ ਕਸੂਰ ਫਿਰ ਸਾਡਾ ਵੋਟਰਾਂ ਦਾ ਹੀ ਨਿਕਲਦਾ ਹੈ। ਜੇ ਅਸੀਂ ਸੋਚ ਸਮਝ ਕੇ ਪੜ੍ਹੇ ਲਿਖੇ ਸਮਝਦਾਰ ਨੇਤਾਵਾਂ ਦੀ ਚੋਣ ਕਰੀਏ ਤਾਂ ਇਹੋ ਜਿਹੀ ਨੌਬਿਤ ਦੇ ਅਸਾਰ ਬਹੁਤ ਘਟ ਜਾਂਦੇ ਹਨ। ਪਰ ਜੇ ਅਸੀਂ ਆਪਣੇ ਸਵਾਰਥ ਤੇ ਲਾਲਚ ਤੋਂ ਮੁਕਤ ਹੋਈਏ, ਤਾਂ ਹੀ ਨਾ?
ਸੰਵਿਧਾਨਕ ਕਾਨੂੰਨ ਅਨੁਸਾਰ ਹੁਣ ਨੋਟਾ ਦਾ ਅਧਿਕਾਰ ਵਰਤਣ ਦਾ ਇੰਤਜ਼ਾਮ ਵੀ ਹੋ ਗਿਆ ਹੈ। ਜੇ ਉਮੀਦਵਾਰ ਸਾਡੀ ਚੋਣ ਮੁਤਾਬਿਕ ਸਹੀ ਨਹੀਂ ਹੈ ਤਾਂ ਅਸੀਂ ਉਸ ਦੀ ਵੀ ਵਰਤੋਂ ਕਰ ਸਕਦੇ ਹਾਂ। ਪਰ ਬਹੁਤ ਘੱਟ ਲੋਕ ਹੀ ਅਜਿਹਾ ਕਰਦੇ ਹਨ। ਅਸੀਂ ਤਾਂ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਇਕੱਲੀ ਦੇ ਕਾਇਲ ਹੋ ਕੇ ਜਲਦੀ ਜਲਦੀ ਵੋਟ ਦੇ ਬੋਝ ਤੋਂ ਮੁਕਤ ਹੋਣ ਦੀ ਸੋਚਦੇ ਹਾਂ ਤੇ ਇਸ ਗੱਲ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ ਕਿ ਇਸ ਵੋਟ ਨੇ ਹੀ ਸਾਡੀ ਤਕਦੀਰ ਬਦਲਣੀ ਹੈ। ਇਸ ਲਈ ਆਪਣੇ ਅਧਿਕਾਰਾਂ ਦੀ ਸਹੀ ਵਰਤੋਂ ਕਰਨ ਲਈ ਇਹ ਬੜਾ ਜ਼ਰੂਰੀ ਹੈ ਕਿ ਕਿਸੇ ਦੇ ਪਿਛੇ ਲੱਗਣ ਤੋਂ ਬਿਨਾਂ ਤੇ ਬਿਨਾਂ ਕਿਸੇ ਲਾਲਚ ਦੇ ਆਪਣੇ ਇਸ ਅਧਿਕਾਰ ਦੀ ਵਰਤੋਂ ਦੇ ਪਾਬੰਦ ਹੋਈਏ ਤੇ ਮੁਫਤ ਦੀ ਝਾਕ ਤੋਂ ਬਚੀਏ। ਇਹ ਗੱਲ ਪੱਥਰ ‘ਤੇ ਲਕੀਰ ਹੈ ਕਿ ਇਸ ਸੰਸਾਰ ਵਿੱਚ ਕੁਝ ਵੀ ਮੁਫਤ ਨਹੀਂ ਮਿਲਦਾ, ਕੁਛ ਨਾ ਕੁਛ ਕੀਮਤ ਦੇਣੀ ਹੀ ਪੈਂਦੀ ਹੈ। ਮੰਗਾਂ ਤਾਂ ਉਸ ਸਰਬ ਸ਼ਕਤੀਮਾਨ ਦਾਤੇ ਨੇ ਹੀ ਪੂਰੀਆਂ ਕਰਨੀਆਂ ਹਨ, ਇਸ ਲਈ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦੀ ਸਹੀ ਵਰਤੋਂ ਬਹੁਤ ਜ਼ਰੂਰੀ ਹੈ, ਨਹੀਂ ਤਾਂ ਪਛਤਾਵੇ ਤੋਂ ਬਿਨਾਂ ਕੁਝ ਵੀ ਹੱਥ ਨਹੀਂ ਲੱਗੇਗਾ।
ਮੌਬ ਲਿੰਚਿੰਗ ਵੀ ਅੱਜਕੱਲ ਚਰਚਾ ਦਾ ਆਮ ਵਿਸ਼ਾ ਬਣਿਆ ਹੋਇਆ ਹੈ। ਭੂਤਰੀ ਹੋਈ ਭੀੜ ਕੀ ਕਰ ਦੇਵੇ, ਅੱਜਕੱਲ ਕੋਈ ਪਤਾ ਨਹੀਂ ਲੱਗਦਾ। ਕੋਈ ਧਰਮ ਦੇ ਨਾਮ ‘ਤੇ ਅਤੇ ਕੋਈ ਪਸ਼ੂਆਂ ਦੇ ਨਾਮ ‘ਤੇ ਸਮਾਜ ਦਾ ਠੇਕੇਦਾਰ ਬਣ ਬਹਿੰਦਾ ਹੈ। ਅਜਿਹੇ ਲੋਕ ਅਜਿਹਾ ਸੋਚਣ ਲੱਗ ਜਾਂਦੇ ਹਨ, ਜਿਵੇਂ ਸਮਾਜ ਅਤੇ ਦੇਸ਼ ਦੇ ਵਾਲੀਵਾਰਸ ਕੇਵਲ ਉਹੀ ਹਨ। ਉਹ ਝੱਟ ਕਾਨ ਨੂੰ ਹੱਥ ਵਿੱਚ ਲੈ ਲੈਂਦੇ ਹਨ। ਦੇਸ਼ ਵਿੱਚ ਕਈ ਘਟਨਾਵਾਂ ਅਜਿਹੀਆਂ ਹੋ ਚੁੱਕੀਆਂ ਹਨ ਜਦੋਂ ਭੂਤਰੀ ਹੋਈ ਭੀੜ ਨੇ ਨਿਰਦੋਸ਼ ਲੋਕਾਂ ਦੀ ਜਾਨ ਲੈ ਲਈ ਹੈ। ਜਾਣਿਆ ਪਹਿਚਾਣਿਆ ਚਿਹਰਾ ਸਵਾਮੀ ਅਗਨੀਵੇਸ਼ ਇਸ ਸੰਦਰਭ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਰਾਜ ਨੇ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਅਜ਼ਾਦੀ ਦਿੱਤੀ ਹੈ। ਇਸਦਾ ਇਹ ਅਰਥ ਨਹੀਂ ਬਣਦਾ ਕਿ ਜਿਸ ਕਿਸੇ ਨਾਲ ਵਿਚਾਰ ਨਹੀਂ ਮਿਲਦੇ, ਉਸ ਨੂੰ ਜਬਰਦਸਤੀ ਦਬਾਇਆ ਜਾਵੇ। ਫਿਰ ਕਾਹਦਾ ਲੋਕਰਾਜ ਹੋਇਆ ਇਹ? ਇੰਜ ਪਸ਼ੂਆਂ ਅਤੇ ਮਨੁੱਖਾਂ ਵਿੱਚ ਕੀ ਫਰਕ ਰਹਿ ਗਿਆ? ਲੋਕਰਾਜ ਲੋਕਾਂ ਦਾ ਰਾਜ ਬਣ ਕੇ ਹੋਂਦ ਵਿੱਚ ਆਇਆ ਹੈ, ਇਸ ਨੂੰ ਲੋਕਾਂ ਦਾ ਰਾਜ ਹੀ ਰਹਿਣ ਦਿੱਤਾ ਜਾਵੇ। ਰਾਜਨੀਤਕ ਪਾਰਟੀਆਂ ਨੂੰ ਵੀ ਆਪਣੀ ਸੋਚ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਕਹਿਣ ਨੂੰ ਤਾਂ ਉਹ ਲੋਕਾਂ ਦੀਆਂ ਸੇਵਕ ਬਣ ਕੇ ਕੰਮ ਕਰਨ ਦੇ ਪ੍ਰਭਾਵ ਬਣਾਉਂਦੀਆਂ ਹਨ ਪਰ ਹਕੀਕਤ ਵਿੱਚ ਉਹ ਹਾਕਮ ਬਣ ਕੇ ਹੀ ਵਿਹਾਰ ਕਰਦੀਆਂ ਹਨ। ਉਹਨਾਂ ਨੂੰ ਵੀ ਪੱਛਮੀ ਦੇਸ਼ਾਂ ਤੋਂ ਸੇਧ ਲੈਣੀ ਚਹੀਦੀ ਹੈ।

-ਦਰਸ਼ਣ ਸਿੰਘ ਰਿਆੜ