ਬਜ਼ੁਰਗ ਮਾਂ ਦਾ ਦਰਦ

ਬਜ਼ੁਰਗ ਮਾਂ ਦਾ ਦਰਦ 

ਜ਼ਿੰਦਗੀ ਦੇ ਆਖਰੀ ਪਹਿਰ ਵਿਚ ਪਹੁੰਚੀ ਬੁੱਢੀ ਮਾਂ ਹੁਣ ਬਹੁਤ ਉਦਾਸ ਹੈ। ਜਦੋਂ ਢਿੱਡੋਂ ਜੰਮੇ ਪੁੱਤਰ ਹੀ ਬੇਗਾਨੇ ਹੋ ਜਾਣ, ਉਦੋਂ ਕਿਸੇ ਮਾਂ ਦੇ ਦਰਦ ਦੀ ਸ਼ਿੱਦਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰੀਰਕ ਰੂਪ ਵਿਚ ਨਿਤਾਣੀ ਹੋਈ ਮਾਂ ਉਮਰ ਦੇ ਇਸ ਪੜਾਅ ‘ਤੇ ਨਾ ਚੰਗੀ ਤਰ੍ਹਾਂ ਚੱਲ ਸਕਦੀ ਹੈ ਤੇ ਅੱਖਾਂ ਦੀ ਨਜ਼ਰ ਵੀ ਏਨੀ ਕਮਜ਼ੋਰ ਹੋ ਗਈ ਹੈ ਕਿ ਕਿਸੇ ਨੂੰ ਪਛਾਣਨ ਤੋਂ ਅਸਮਰੱਥ ਹੈ। ਗਿਣਤੀਆਂ-ਮਿਣਤੀਆਂ ਕਰਦੀ ਉਦਾਸ ਬੈਠੀ ਮਾਂ, ਬਹੁਤ ਪਿੱਛੇ ਰਹਿ ਗਏ ਉਨ੍ਹਾਂ ਵੇਲਿਆਂ ਨੂੰ ਯਾਦ ਕਰ-ਕਰ ਝੂਰਦੀ ਹੈ, ਜਦੋਂ ਪੁੱਤਰ ਦੀ ਖਾਤਰ ਉਸ ਨੇ ਪਤਾ ਨਹੀਂ ਕਿੱਥੇ-ਕਿੱਥੇ ਮੱਥੇ ਰਗੜੇ ਸਨ। ਜਦੋਂ ਉਹਦੀ ਆਸ ਨੂੰ ਫਲ ਪਿਆ ਤਾਂ ਉਹ ਜਿਵੇਂ ਖੁਸ਼ੀ ਨਾਲ ਪਾਗਲ ਹੋ ਉੱਠੀ। ਸਾਰਾ ਘਰ ਹੀ ਖੁਸ਼ੀਆਂ ਦੇ ਆਲਮ ਵਿਚ ਝੂਮ ਉੱਠਿਆ। ਮਾਂ ਨੇ ਜ਼ਿੰਦਗੀ ਦਾ ਹਰ ਪਲ ਜਿਵੇਂ ਆਪਣੇ ਲਾਡਲੇ ਦੀ ਪਾਲਣਾ ਦੇ ਲੇਖੇ ਲਾ ਦਿੱਤਾ, ਹਾਲਾਂਕਿ ਪਹਿਲਾ ਬੱਚਾ ਧੀ ਸੀ ਤੇ ਪੁੱਤਰ ਤੋਂ ਬਾਅਦ ਹੋਰ ਬੱਚੇ ਦੀ ਕੋਈ ਲੋੜ ਨਹੀਂ ਸੀ। ਪਰ ਮਾਂ ਦੇ ਮਨ ਵਿਚ ਪੁੱਤਰਾਂ ਦੀ ਜੋੜੀ ਹੋਣ ਦੀ ਰੀਝ ਨਾਲ ਛੇਤੀ ਹੀ ਮਾਂ ਦੀ ਝੋਲੀ ਇਕ ਹੋਰ ਪੁੱਤਰ ਨਾਲ ਭਰ ਗਈ। ਉਹ ਹਰ ਪਲ ਰੱਬ ਦਾ ਸ਼ੁੱਕਰ ਕਰਦੀ ਤੇ ਆਪਣੇ-ਆਪ ਨੂੰ ਭਾਗਾਂ ਵਾਲੀ ਸਮਝਦੀ। ਮਾਂ-ਬਾਪ ਹਰ ਵੇਲੇ ਇਹੀ ਸੋਚਦੇ ਕਿ ਸਾਡੇ ਪੁੱਤਰ ਚੰਗੇ ਪੜ੍ਹ-ਲਿਖ ਕੇ, ਉੱਚੇ ਅਹੁਦਿਆਂ ‘ਤੇ ਪਹੁੰਚਣ। ਆਰਥਿਕ ਹਾਲਤ ਬਹੁਤ ਚੰਗੀ ਨਾ ਹੋਣ ਦੇ ਬਾਵਜੂਦ ਮਾਪਿਆਂ ਨੇ ਕਿਰਸਾਂ ਕਰ-ਕਰ ਕੇ ਆਪਣੇ ਲਾਡਲਿਆਂ ਨੂੰ ਉੱਚ-ਵਿੱਦਿਆ ਦਿਵਾਈ। ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਵੱਡਾ ਪੁੱਤਰ ਥਾਣੇਦਾਰ ਲੱਗ ਗਿਆ ਤੇ ਛੋਟਾ ਵੀ ਕਿਸੇ ਮਹਿਕਮੇ ਵਿਚ ਚੰਗੇ ਅਹੁਦੇ ‘ਤੇ ਲੱਗ ਗਿਆ। ਮਾਂ ਹੁਣ ਫੁੱਲੀ ਨਹੀਂ ਸਮਾਉਂਦੀ ਸੀ। ਦੋਵੇਂ ਪੁੱਤਰ ਘਰੋਂ ਬਾਹਰ ਨੌਕਰੀਆਂ ਕਰਨ ਲੱਗੇ। ਹਫਤੇ-ਪੰਦਰੀਂ ਦਿਨੀਂ ਆਉਂਦੇ ਤਾਂ ਮਾਂ ਨੂੰ ਜਿਵੇਂ ਚਾਅ ਚੜ੍ਹ ਜਾਂਦਾ। ਹੌਲੀ-ਹੌਲੀ ਧੀ ਵਿਆਹੀ ਗਈ। ਪੁੱਤਰਾਂ ਦੇ ਵਿਆਹਾਂ ਸਮੇਂ ਵੀ ਮਾਂ-ਬਾਪ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ। ਦੋਵੇਂ ਪੁੱਤਰ ਆਪਣੀਆਂ ਘਰ ਵਾਲੀਆਂ ਨਾਲ ਪਰਚ ਗਏ। ਹੁਣ ਮਾਂ ਉਡੀਕਦੀ ਰਹਿੰਦੀ ਪਰ ਪੁੱਤਰ ਕਈ-ਕਈ ਮਹੀਨਿਆਂ ਬਾਅਦ ਖੜ੍ਹੇ-ਖੜ੍ਹੇ ਆਉਂਦੇ ਤੇ ਛੇਤੀ ਹੀ ਪਰਤ ਜਾਂਦੇ। ਜੀਵਨ ਸਾਥੀ ਦੇ ਵਿਛੜਨ ਤੋਂ ਬਾਅਦ ਮਾਂ ਇਕੱਲੀ ਰਹਿ ਗਈ। ਪੁੱਤਰਾਂ ਨੇ ਆਪਣੀਆਂ ਨੌਕਰੀਆਂ ਵਾਲੇ ਸ਼ਹਿਰਾਂ ਵਿਚ ਹੀ ਕੋਠੀਆਂ ਪਾ ਲਈਆਂ। ਕਦੇ-ਕਦੇ ਉਹ ਮਾਂ ਨੂੰ ਲੋਕਾਚਾਰੀ ਲਈ ਆਪਣੇ ਨਾਲ ਲੈ ਤਾਂ ਜਾਂਦੇ ਪਰ ਉਨ੍ਹਾਂ ਦੇ ਵਤੀਰੇ ਤੋਂ ਮਾਂ ਛੇਤੀ ਹੀ ਅੱਕ ਜਾਂਦੀ ਤੇ ਆਪਣੇ ਪਿੰਡ ਪਰਤ ਆਉਂਦੀ। ਉਮਰ ਦੇ ਤਕਾਜ਼ੇ ਨਾਲ ਮਾਂ ਬਿਰਧ ਹੋ ਗਈ। ਰੋਟੀ-ਪਾਣੀ ਤੋਂ ਵੀ ਔਖੀ ਹੋ ਗਈ। ਕੋਈ ਗੁਆਂਢਣ ਤਰਸ ਖਾ ਕੇ ਰੋਟੀ-ਪਾਣੀ ਤਾਂ ਦੇ ਦਿੰਦੀ ਪਰ ਰਾਤਾਂ ਨੂੰ ਘਰ ਵਿਚ ਪਸਰੀ ਸੁੰਨ ਤੇ ਇਕੱਲਤਾ ਨੇ ਮਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ। ਖੂਨ ਇੰਨਾ ਚਿੱਟਾ ਹੋ ਗਿਆ ਕਿ ਪੁੱਤਰਾਂ ਨੇ ਮਾਂ ਦੀ ਕੋਈ ਸਾਰ ਲੈਣੀ ਹੀ ਛੱਡ ਦਿੱਤੀ। ਉਹ ਆਪਣੇ ਸੁੱਖਾਂ ਵਿਚ ਇਸ ਕਦਰ ਗਲਤਾਨ ਹੋ ਗਏ ਕਿ ਬੁੱਢੀ ਮਾਂ ਨੂੰ ਹੀ ਭੁੱਲ ਗਏ। ਧੀ ਜਦੋਂ ਤੱਕ ਜਿਊਾਦੀ ਰਹੀ, ਉਹ ਮਾਂ ਨੂੰ ਆਪਣੇ ਕੋਲ ਲੈ ਆਉਂਦੀ ਰਹੀ।
ਦੋ ਪੁੱਤਰਾਂ ਦੇ ਹੁੰਦਿਆਂ ਵੀ ਬਿਰਧ ਹੋਈ ਮਾਂ ਨੂੰ ਸਾਂਭਣ ਲਈ ਜਦੋਂ ਕੋਈ ਨਾ ਹੀ ਬਹੁੜਿਆ ਤਾਂ ਪੇਕਿਆ ਤੋਂ ਇਹ ਦੁੱਖ ਜਰਿਆ ਨਾ ਗਿਆ। ਬਹੁਤ ਉਦਾਸ ਹੈ ਹੁਣ ਬੁੱਢੀ ਮਾਂ। ਪੇਕੇ ਘਰ ਵਿਚ ਦੇਖ-ਭਾਲ ਹੋਣ ਦੇ ਬਾਵਜੂਦ ਵੀ, ਮਾਂ ਦਾ ਦਿਲ ਆਪਣੇ ਪੁੱਤਰਾਂ ਲਈ ਹੀ ਧੜਕਦਾ ਹੈ। ਕੋਠੀਆਂ, ਕਾਰਾਂ ਤੇ ਆਰਥਿਕ ਤੌਰ ‘ਤੇ ਚੰਗੇ ਖਾਂਦੇ-ਪੀਂਦੇ ਪੁੱਤਰਾਂ ਨੂੰ ਆਪਣੀ ਬੁੱਢੀ ਮਾਂ ਦਾ ਚੇਤਾ ਭੁੱਲ ਜਾਣਾ, ਸਾਡੇ ਸਮਿਆਂ ਦਾ ਸਭ ਤੋਂ ਵੱਡਾ ਦਰਦ ਹੈ। ਜਦੋਂ ਵੀ ਕੋਈ ਖੜਾਕ ਹੁੰਦਾ ਹੈ ਤਾਂ ਬੁੱਢੀ ਮਾਂ ਨੂੰ ਜਾਪਦਾ ਹੈ, ਜਿਵੇਂ ਉਹਦੇ ਪੁੱਤਰ ਹੀ ਉਹਨੂੰ ਮਿਲਣ ਆਏ ਹੋਣ। ਉਦਾਸ ਹੋਈ ਬੁੱਢੀ ਮਾਂ ਦੇ ਮਨ ਵਿਚ ਦਰਦ ਦੇ ਜਿਹੜੇ ਵਾਵਰੋਲੇ ਉੱਠਦੇ ਹਨ, ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ।

-ਗੁਰਬਿੰਦਰ ਸਿੰਘ ਮਾਣਕ