ਬਾਬਾ ਸ਼ੇਖ਼ ਫ਼ਰੀਦ ਦੀ ਮਹਿਮਾ

ਬਾਬਾ ਸ਼ੇਖ਼ ਫ਼ਰੀਦ ਦੀ ਮਹਿਮਾ

– ਜਸਵੰਤ ਸਿੰਘ ਪੁਰਬਾ

ਬਾਬਾ ਸ਼ੇਖ਼ ਫ਼ਰੀਦ (1173-1266 ਈ:) ਦੀ ਮਹਿਮਾ ਅਪਰੰਪਾਰ ਹੈ। ਉਨ੍ਹਾਂ ਦੇ ਵੱਡੇ-ਵਡੇਰੇ ਬਾਰ੍ਹਵੀਂ ਸਦੀ ਦੇ ਆਰੰਭ ਵਿਚ ਅਫ਼ਗਾਨਿਸਤਾਨ ਤੋਂ ਪੰਜਾਬ ਵਿਚ ਤਸ਼ਰੀਫ਼ ਲਿਆਏ ਸਨ। ਆਪ ਦਾ ਜਨਮ ਪਿੰਡ ਕੋਠੇਵਾਲ (ਨੇੜੇ ਕਸੂਰ) ਵਿਚ ਹੋਇਆ ਸੀ। ਆਪ ਨੇ ਦੀਨੀ ਸਿੱਖਿਆ ਮੁਲਤਾਨ ਦੇ ਇਕ ਮਦਰੱਸੇ ਤੋਂ ਪ੍ਰਾਪਤ ਕੀਤੀ ਸੀ। ਇੱਥੇ ਹੀ ਆਪ ਨੂੰ ਚਿਸ਼ਤੀ ਪਰੰਪਰਾ ਦੇ ਮਹਾਨ ਸੂਫ਼ੀ ਦਰਵੇਸ਼, ਖੁਆਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੇ ਦਰਸ਼ਨਾਂ ਦਾ ਸੁਅਵਸਰ ਪ੍ਰਾਪਤ ਹੋਇਆ ਸੀ ਅਤੇ ਆਪ-ਆਪਣੀ ਤਾਲੀਮ ਮੁਕੰਮਲ ਕਰਕੇ ਉਨ੍ਹਾਂ ਪਾਸ ਦਿੱਲੀ ਵਿਖੇ ਚਲੇ ਗਏ ਸਨ।
ਇਕ ਸੂਫ਼ੀ ਦਰਵੇਸ਼ ਵਜੋਂ ਆਪ ਦਿੱਲੀ ਦਰਬਾਰ ਵਿਚ ਬੇਹੱਦ ਸਤਿਕਾਰੇ ਜਾਂਦੇ ਸਨ ਪਰ ਸ਼ਾਹੀ ਦਰਬਾਰਾਂ ਅਤੇ ਬਾਦਸ਼ਾਹਾਂ ਦੀਆਂ ਮਹਿਫ਼ਲਾਂ ਦੀ ਸੋਭਾ ਵਧਾਉਣ ਲਈ ਨਹੀਂ ਸਨ ਪੈਦਾ ਹੋਏ। ਪਰਾਏ ਦਰਵਾਜ਼ੇ (ਬਾਰ ਪਰਾਇਐ) ਉਪਰ ਬੈਠਣਾ ਆਪ ਦੀ ਅਣਖ ਨੂੰ ਗਵਾਰਾ ਨਹੀਂ ਸੀ। ਇਸ ਕਾਰਨ ਆਪ ਦਿੱਲੀ ਨੂੰ ਛੱਡ ਕੇ ਹਾਂਸੀ-ਹਿਸਾਰ ਹੁੰਦੇ ਹੋਏ ਅਜੋਧਨ (ਹੁਣ ਪਾਕਿਸਤਾਨ) ਵਿਖੇ ਆ ਟਿਕੇ ਅਤੇ ਇਕ ਰਮਣੀਕ ਸਥਾਨ ਉੱਪਰ ਟਿਕਾਣਾ ਬਣਾ ਕੇ ਖੁਦਾ ਦੀ ਬੰਦਗੀ ਵਿਚ ਲੀਨ ਰਹਿਣ ਲੱਗੇ। ਪੰਜਾਬ ਦਾ ਰਾਜਨੀਤਕ ਮਾਹੌਲ ਹਿੰਸਾ ਅਤੇ ਮਾਰਧਾੜ ਨਾਲ ਭਰਪੂਰ ਸੀ। ਲੋਕ ਅਸੁਰੱਖਿਆ ਅਤੇ ਅਸ਼ਾਂਤੀ ਮਹਿਸੂਸ ਕਰਦੇ ਸਨ। ਫ਼ਰੀਦ ਜੀ ਦੇ ਦਰਬਾਰ ਵਿਚ ਆ ਕੇ ਉਨ੍ਹਾਂ ਨੂੰ ਰਾਹਤ ਮਿਲਦੀ ਸੀ। ਇਹੀ ਕਾਰਨ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਲੋਕ ਉਨ੍ਹਾਂ ਦੇ ਮੁਰੀਦ ਬਣ ਗਏ। ਉਨ੍ਹਾਂ ਦੇ ਜਮਾਅਤ ਖਾਨੇ ਵਿਚ ਰਾਗ ਅਤੇ ਕੱਵਾਲੀ ਦਾ ਪ੍ਰੋਗਰਾਮ ਵੀ ਨਿਰੰਤਰ ਚਲਦਾ ਰਹਿੰਦਾ ਸੀ।
ਅਜੋਧਨ ਦੇ ਰਮਣੀਕ ਖੇਤਰ ਵਿਚ ਬੈਠ ਕੇ ਆਪ ਨੇ ਪੰਜਾਬੀ ਵਿਚ ਬਾਣੀ ਦੀ ਰਚਨਾ ਕੀਤੀ। ਆਪ ਦੇ 112 ਸਲੋਕ ਅਤੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਸ਼ਬਦ ਰਾਗ ਆਸਾ ਅਤੇ ਸੂਹੀ ਵਿਚ ਲਿਖੇ ਗਏ ਹਨ। ਆਪ ਤੋਂ ਪਹਿਲਾਂ ਪੰਜਾਬ ਦੇ ਕਵੀ ਸਾਧ ਭਾਸ਼ਾ ਵਿਚ ਕਾਵਿ ਰਚਨਾ ਕਰਿਆ ਕਰਦੇ ਸਨ। ਫ਼ਰੀਦ ਜੀ ਨੇ ਆਪਣੇ ਅਧਿਆਤਮਕ ਭਾਵਾਂ ਦੇ ਨਿਰੂਪਣ ਵਾਸਤੇ ਪਹਿਲੀ ਵਾਰ ਮੁਲਤਾਨ ਦੀ ਮਿੱਠੀ ਬੋਲੀ ਪੰਜਾਬੀ ਦਾ ਪ੍ਰਯੋਗ ਕੀਤਾ। ਆਪ ਦੀ ਬਾਣੀ ਵਿਚ ਰੱਬੀ ਪ੍ਰੇਮ, ਜੀਵਨ ਦੀ ਅਸਥਿਰਤਾ, ਵਿਸ਼ੇ ਵਿਕਾਰਾਂ ਤੋਂ ਪ੍ਰਹੇਜ਼, ਨੈਤਿਕ ਕਦਰਾਂ-ਕੀਮਤਾਂ ਅਤੇ ਮਨੁੱਖੀ ਜੀਵਨ ਦੇ ਉਦੇਸ਼ ਬਾਰੇ ਸੰਦੇਸ਼ ਪ੍ਰਾਪਤ ਹੁੰਦਾ ਹੈ।
1215 ਈ: ਵਿਚ ਆਪਣੇ ਮੁਰਸ਼ਦ ਖੁਆਜਾ ਕਾਕੀ ਜੀ ਨੂੰ ਮਿਲਣ ਉਪਰੰਤ ਜਦੋਂ ਆਪ ਪਾਕਪਟਨ ਸਾਹਿਬ ਵੱਲ ਜਾ ਰਹੇ ਸਨ ਤਾਂ ਆਪ ਨੂੰ ਮਾਲਵੇ ਦੇ ਇਕ ਰਿਆਸਤੀ ਨਗਰ ਮੋਕਲਹਰ (ਹੁਣ ਫ਼ਰੀਦਕੋਟ) ਵਿਚੋਂ ਗੁਜ਼ਰਨ ਦਾ ਮੌਕਾ ਮਿਲਿਆ। ਉਨ੍ਹਾਂ ਦਿਨਾਂ ਵਿਚ ਇਸ ਨਗਰ ਦੇ ਰਾਜੇ ਮੋਕਲ ਸੀਂਹ ਦਾ ਕੱਚਾ ਕਿਲ੍ਹਾ (ਗੜ੍ਹੀ) ਬਣ ਰਿਹਾ ਸੀ। ਰਾਜੇ ਦੇ ਸਿਪਾਹੀਆਂ ਨੇ ਆਪ ਨੂੰ ਇਕ ਸਾਧਾਰਨ ਯਾਤਰੀ ਸਮਝ ਕੇ ਵੇਗਾਰ ਉੱਤੇ ਲਾ ਲਿਆ ਪਰ ਆਪ ਦੇ ਸੀਸ ਉਪਰ ਧਰੀ ਗਾਰੇ ਦੀ ਭਰੀ ਟੋਕਰੀ ਹਵਾ ਵਿਚ ਤੈਰਨ ਲੱਗ ਪਈ। ਇਹ ਕ੍ਰਿਸ਼ਮਾ ਸੁਣ ਕੇ ਮੋਕਲ ਸੀਂਹ ਆਪ ਦੀ ਹਜ਼ੂਰੀ ਵਿਚ ਆਇਆ ਅਤੇ ਆਪਣੀ ਭੁੱਲ ਬਖ਼ਸ਼ਾਈ। ਫ਼ਰੀਦ ਜੀ ਨੇ ਉਸ ਨੂੰ ਖਿਮਾ ਕਰ ਦਿੱਤਾ ਅਤੇ ਨਾਲ ਹੀ ਨਗਰ ਨਿਵਾਸੀਆਂ ਲਈ ਦੁਆਵਾਂ ਪ੍ਰਦਾਨ ਕੀਤੀਆਂ। ਉਸ ਦਿਨ ਤੋਂ ਇਸ ਨਗਰ ਦਾ ਨਾਂਅ ਫ਼ਰੀਦਕੋਟ ਪੈ ਚੁੱਕਾ ਹੈ।
ਫ਼ਰੀਦਕੋਟ ਵਿਚ ਪੁਰਾਣੀ ਕੱਚੀ ਗੜ੍ਹੀ ਦੇ ਸਥਾਨ ‘ਤੇ ਹੁਣ ਇਕ ਵੱਡਾ ਕਿਲ੍ਹਾ ਬਣ ਚੁੱਕਾ ਹੈ। ਫ਼ਰੀਦਕੋਟ ਰਿਆਸਤ ਨੇ ਪਿਛਲੇ ਸੱਤ-ਅੱਠ ਸੌ ਵਰ੍ਹਿਆਂ ਦੇ ਅਰਸੇ ਵਿਚ ਕਈ ਰੰਗ ਵਟਾਏ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਇਥੋਂ ਦੇ ਰਾਜੇ ਸਿੱਖ ਬਣ ਗਏ ਸਨ। ਆਖਰੀ ਰਾਜੇ ਹਿਜ਼ ਹਾਈਨੈਸ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਦੇ ਰਾਜ ਕਾਲ ਵਿਚ ਭਾਰਤ ਆਜ਼ਾਦ ਹੋ ਗਿਆ ਅਤੇ 1948 ਈ: ਵਿਚ ਇਹ ਰਿਆਸਤ ਆਜ਼ਾਦ ਭਾਰਤ ਦਾ ਅੰਗ ਬਣ ਗਈ।
ਬਾਬਾ ਸ਼ੇਖ਼ ਫ਼ਰੀਦ ਜੀ ਵਲੋਂ ਰਾਜੇ ਮੋਕਲ ਸੀਂਹ ਨਾਲ ਹੋਈ ਭੇਟ ਦੇ ਸਥਾਨ ਉੱਪਰ ਟਿੱਲਾ ਬਾਬਾ ਸ਼ੇਖ਼ ਫ਼ਰੀਦ ਦੀ ਸੁੰਦਰ ਯਾਦਗਾਰ ਸੁਸ਼ੋਭਿਤ ਹੈ। 23 ਸਤੰਬਰ ਦਾ ਦਿਨ ਬਾਬਾ ਸ਼ੇਖ਼ ਫ਼ਰੀਦ ਜੀ ਦੇ ਫ਼ਰੀਦਕੋਟ ਵਿਖੇ ਚਰਨ ਪਾਉਣ (ਆਗਮਨ) ਦਾ ਦਿਨ ਹੈ। ਇਨ੍ਹਾਂ ਦਿਨਾਂ (19 ਤੋਂ 23 ਸਤੰਬਰ) ਵਿਚ ਇਹ ਆਗਮਨ ਪੁਰਬ ਇਕ ਮੇਲੇ ਦੀ ਸ਼ਕਲ ਵਿਚ ਵੱਡੀ ਪੱਧਰ ਉੱਤੇ ਮਨਾਇਆ ਜਾਂਦਾ ਹੈ। ਬਾਬਾ ਸ਼ੇਖ਼ ਫ਼ਰੀਦ ਜੀ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਧੰਨ ਹੁੰਦੇ ਹਨ।