ਸਿੱਖ ਧਰਮ ਵਿੱਚ ਸ਼ਹਾਦਤਾਂ ਦਾ ਸੰਕਲਪ

ਸਿੱਖ ਧਰਮ ਵਿੱਚ ਸ਼ਹਾਦਤਾਂ ਦਾ ਸੰਕਲਪ 

ਨੈਤਿਕ ਕਦਰਾਂ-ਕੀਮਤਾਂ, ਇਖਲਾਕ, ਸਚਿਆਰ, ਸਦਾਚਾਰ ‘ਤੇ ਉਸਰੇ ਮਾਡਲ ਨੂੰ ਧਰਮ ਕਿਹਾ ਜਾਂਦਾ ਹੈ ਅਤੇ ਇਹ ਗੁਣ ਸਿੱਖ ਧਰਮ ਦੀ ਬੁਨਿਆਦ ਹਨ। ਅਸਲ ਵਿਚ ਸਿੱਖ ਧਰਮ ਜਿੱਥੇ ਪ੍ਰਯੋਗੀ ਹੋਣ ਕਰਕੇ ਬਾਹਰਮੁਖੀ ਹੈ, ਉਥੇ ਸਿਧਾਂਤਕ ਹੋਣ ਕਰਕੇ ਅੰਤਰਮੁਖੀ ਵਧੇਰੇ ਹੈ। ਅੰਤਰ ਮਨ ‘ਚ ਵਸੇ ਅਕਾਲ ਪੁਰਖ ਅਤੇ ਮੌਤ ਨਾਲ ਸਿੱਖ ਦੀ ਯਥਾਰਥਕ ਸਾਂਝ ਹੈ। ਇਹੀ ਕਾਰਨ ਹੈ ਕਿ ਸਿੱਖ ਜ਼ਿੰਦਗੀ ਅਤੇ ਮੌਤ ਨੂੰ ਇਕ ਹੀ ਸਿੱਕੇ ਦੇ ਦੋ ਪਾਸੇ ਸਮਝ ਕੇ ਸਮਸਰਿ ਜਾਣਦਾ ਹੈ।
ਮੌਤ ਦੀ ਅਟੱਲ ਸਚਾਈ ਨੂੰ ਰੋਕਣਾ ਅੱਜ ਤੱਕ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋ ਸਕਿਆ, ਭਾਵੇਂ ਅਜੋਕੇ ਸਮੇਂ ਵਿਗਿਆਨ ਤੇ ਤਕਨੀਕ ਨੇ ਬੇਸ਼ੁਮਾਰ ਤਰੱਕੀ ਕਰ ਲਈ ਹੈ ਅਤੇ ਨਾ ਹੀ ਇਸ ਦੇ ਰਹੱਸ ਨੂੰ ਪਾਇਆ ਜਾ ਸਕਿਆ ਹੈ। ਪਰ ਇਸ ਦੇ ਉਲਟ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਵਿਚ ਅਣਖ, ਸੱਚ, ਸਵੈਮਾਨ, ਇਖਲਾਕ ਦੇ ਰਸਤੇ ‘ਤੇ ਚਲਦਿਆਂ ਜ਼ੁਲਮ ਦੇ ਘੋਲ ਵਿਚ ਨਹੀਂ ਘੁਲਦੇ ਬਲਕਿ ਉਸ ਕੁਦਰਤੀ ਮੌਤ ਦੀ ਉਡੀਕ ਨਾ ਕਰਦਿਆਂ ਮੌਤ ਨੂੰ ਆਪ ਗਲ਼ੇ ਜਾ ਮਿਲਦੇ ਹਨ। ਅਜਿਹੇ ਲੋਕਾਂ ਨੂੰ ਸਬੰਧਿਤ ਕੌਮ ਦੇ ਇਤਿਹਾਸ ਵਿਚ ‘ਸ਼ਹੀਦ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਉਸਦੀ ਕੁਰਬਾਨੀ ਨੂੰ ‘ਸ਼ਹਾਦਤ” ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ।
‘ਸ਼ਹੀਦ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਹਨ: ‘ਖ਼ੁਦਾ ਦੇ ਰਾਹ ‘ਤੇ ਮਾਰਿਆ ਜਾਣ ਵਾਲਾ ਗਵਾਹ, ਸਾਖੀ, ਸ਼ਾਹਦੀ ਭਰਨ ਵਾਲਾ।’ ਇਸ ਤਰ੍ਹਾਂ ‘ਸ਼ਹੀਦ’ ਆਪਣੀ ‘ਸ਼ਹਾਦਤ’ ਦੇ ਕੇ ਆਪਣੇ ਅਕੀਦੇ ਦੀ ਗਵਾਹੀ ਦਾ ਸਬੂਤ ਖ਼ੁਦ ਦਿੰਦਾ ਹੈ।
ਬੁਜ਼ਦਿਲੀ ਦੀ ਮੌਤ ਦੇਸ਼, ਕੌਮ ਤੇ ਸਮਾਜ ਲਈ ਭਾਰੂ ਹੁੰਦੀ ਹੈ; ਜਦੋਂ ਕਿ ਸ਼ਹੀਦ ਦੀ ਬਹਾਦਰੀ ਭਰੀ ਮੌਤ ਆਪਣੇ ਪਿੱਛੇ ਸੁਨਹਿਰਾ ਇਤਿਹਾਸ, ਸੂਰਬੀਰਤਾ ਦੀ ਜਾਗ ਅਤੇ ਸਦਾ ਚੜ੍ਹਦੀ ਕਲਾ ਦਾ ਸੁਨੇਹਾ ਦੇ ਕੇ ਅਮਰ ਹੋ ਜਾਂਦੀ ਹੈ। ਅਜਿਹੀ ਮੌਤ ਹੀ ਕਿਸੇ ਮਨੁੱਖ ਨੂੰ ਲੋਕ/ਪਰਲੋਕ ਵਿਚ ਇੱਜ਼ਤ ਦਾ ਹੱਕਦਾਰ ਬਣਾਉਂਦੀ ਹੈ। ਸ਼ਹੀਦ ਦੇ ਪੈਰੋਕਾਰਾਂ ਲਈ ਅਜਿਹੀ ਮੌਤ ਉਸ ਕੌਮ ਦੀ ਅਮਾਨਤ ਤੇ ਵਡਮੁੱਲਾ ਖ਼ਜ਼ਾਨਾ ਹੁੰਦੀ ਹੈ, ਜਿਸ ਨਾਲ ਕਿਸੇ ਕੌਮ/ਧਰਮ ਨੂੰ ਅਮੀਰੀ ਮਿਲਦੀ ਹੈ।
ਸਿੱਖ ਧਰਮ ਵਿਚ ਸ਼ਹਾਦਤ ਦਾ ਇਤਿਹਾਸ ਗੁਰੂ ਸਾਹਿਬਾਨ ਨੇ ਖ਼ੁਦ ਧਰਮ ਕਾਫ਼ਲੇ ਦੇ ਮੋਹਰੀ ਬਣ ਕੇ ਸਿਰਜਿਆ ਹੈ, ਜਿਸ ਦੇ ਪਕੇਰੇ ਸਿੱਟੇ ਵਜੋਂ ਸਮੁੱਚੀ ਸਿੱਖ ਕੌਮ ਵਿਚੋਂ ਇਹੀ ਕੁਰਬਾਨੀ ਦਾ ਜਜ਼ਬਾ ਦ੍ਰਿਸ਼ਟੀਗੋਚਰ ਹੁੰਦਾ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਜੀ ਦੁਆਰਾ ਸ਼ਹਾਦਤ ਦਾ ਸੰਕਲਪ ਇਉਂ ਪੇਸ਼ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ 10॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 1412)
ਗੁਰੂ ਨਾਨਕ ਜੀ ਦੁਆਰਾ ਪੇਸ਼ ਸ਼ਹਾਦਤ ਦੇ ਸੰਕਲਪ ਨੂੰ ਅੱਗੇ ਤੋਰਦਿਆਂ ਗੁਰੂ ਅਰਜਨ ਜੀ ਜ਼ਿੰਦਗੀ ਦਾ ਰਾਜ ਸਮਝਾਉਂਦੇ ਹੋਏ ਕਹਿੰਦੇ ਹਨ:
ਰਤੇ ਸੇਈ ਜਿ ਮੁਖੁ ਨ ਮੋੜੰਨ੍ਰਿ ਜਿਨ੍ਰੀ ਸਿਞਾਤਾ ਸਾਈ॥
ਝੜਿ ਝੜਿ ਪਵਦੇ ਕਚੇ ਬਿਰਹੀ ਜਿਨ੍ਰਾ ਕਾਰਿ ਨ ਆਈ॥
(ਪੰਨਾ 1425)
ਇਸੇ ਕਹਿਣੀ ਨੂੰ ਕਰਨੀ ਵਿਚ ਬਦਲਦਿਆਂ ‘ਸ਼ਹੀਦਾਂ ਦੇ ਸਿਰਤਾਜ’ ਗੁਰੂ ਅਰਜਨ ਦੇਵ ਜੀ ਨੇ ਮੌਤ ਦਾ ਯਥਾਰਥਕ ਜਾਮਾ ਪਹਿਨਿਆਂ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਨਿਵੇਕਲੀ ਤੇ ਯੁੱਗ ਪਲਟਾਊ ਹੈ, ਜਿਸ ਨਾਲ ਸਿੱਖ ਧਰਮ ਵਿਚ ਇਕ ਨਵਾਂ ਮੋੜ ਆਇਆ। ਨੈਤਿਕ ਆਦਰਸ਼ਾਂ ਨੂੰ ਬਰਕਰਾਰ ਰੱਖਣ ਅਤੇ ਜ਼ੁਲਮ ਦਾ ਖ਼ਾਤਮਾ ਕਰਨ ਲਈ ਤਲਵਾਰ ਚੁੱਕਣੀ ਜ਼ਰੂਰੀ ਹੋ ਗਈ। ਸੋ ਭਗਤੀ ਨਾਲ ਸ਼ਕਤੀ ਦਾ ਮਿਲਾਪ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਕਰਵਾਇਆ। ਗੁਰਮਤਿ ਵਿਚਾਰਧਾਰਾ ਦੇ ਪ੍ਰਸਿੱਧ ਵਿਦਵਾਨ ਭਾਈ ਗੁਰਦਾਸ ਜੀ ‘ਸ਼ਹੀਦ’ ਪ੍ਰਤੀ ਲਿਖਦੇ ਹਨ ਕਿ ਸਬਰ ਤੇ ਸਿਦਕ ‘ਸ਼ਹੀਦ’ ਦੇ ਬੁਨਿਆਦੀ ਤੱਤ ਹਨ। ਸਬਰ ਇਕ ਅਜਿਹੀ ਸਵੈ-ਵਿਸ਼ਵਾਸ ਤੇ ਦ੍ਰਿੜ੍ਹਤਾ ਵਾਲੀ ਰੂਹਾਨੀ ਜੋਤ ਹੈ ਜੋ ਸ਼ਹੀਦ ਨੂੰ ਸੱਚੇ-ਸੁੱਚੇ ਅਕੀਦੇ ਵੱਲ ਜਾਣ ਲਈ ਬਲ ਬਖ਼ਸ਼ਦੀ ਹੈ। ਅਜਿਹੀ ਕਰਤਾਰੀ ਜੋਤ ਦੇ ਆਸਰੇ ਹੀ ਸ਼ਹੀਦ ਆਤਮਾ ਭਰਮ/ਭਉ ਤੋਂ ਮੁਕਤ ਹੋ ਜਾਂਦੀ ਹੈ:
ਮੁਰਦਾ ਹੋਇਆ ਮੁਰੀਦ ਨ ਗਲੀ ਰੋਵਣਾ॥
ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ॥
(ਵਾਰਾਂ ਭਾਈ ਗੁਰਦਾਸ)
ਗੁਰਮਤਿ ਵਿਚਾਰਧਾਰਾ ਦਾ ਕੇਂਦਰੀ ਉਪਦੇਸ਼ ਮੂਲ ਮੰਤਰ ਹੈ, ਜਿਸ ਵਿਚ ਨਿਰਭਉ, ਨਿਰਵੈਰ ਪ੍ਰਭੂ ਦੇ ਗੁਣ ਹਨ ਅਤੇ ਇਨ੍ਹਾਂ ਉਪਦੇਸ਼ਾਂ ‘ਤੇ ਚੱਲਣ ਵਾਲਾ ਧਰਮੀ ਹੋ ਨਿਬੜਦਾ ਹੈ। ਇਹ ਧਰਮ ਦਾ ਮਾਰਗ ਹੀ ਸ਼ਹੀਦੀ ਲਈ ਪ੍ਰੇਰਦਾ ਹੈ। ਇਸ ਮਾਰਗ ਦੇ ਪਾਂਧੀ ‘ਸ਼ਹੀਦ’ ਦੀ ਆਤਮਾ ਨਾ ਕਿਸੇ ਤੋਂ ਡਰਦੀ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਂਦੀ ਹੈ। ‘ਹਿੰਦ ਦੀ ਚਾਦਰ’ ਨੌਵੇਂ ਗੁਰੂ ਤੇਗ ਬਹਾਦਰ ਜੀ ਇਸ ਸੰਕਲਪ ਦੀ ਵਿਆਖਿਆ ਪੇਸ਼ ਕਰਦੇ ਹੋਏ ਸ਼ਹਾਦਤ ਮਾਰਗ ਦੇ ਸ਼ਾਹ ਅਸਵਾਰ ਹੋਏ ਹਨ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
(ਸਲੋਕ ਵਾਰਾਂ ਤੇ ਵਧੀਕ, ਪੰਨਾ 1427)
ਜੇਕਰ ਧਰਮੀ ਗੁਣਾਂ ਵਾਲੇ ਰੱਥ ‘ਤੇ ਅਸਵਾਰ ਹੋ ਕੇ ਸ਼ਹੀਦ ਆਪਣੀ ਸ਼ਹਾਦਤ ਦਿੰਦਾ ਹੈ ਤਾਂ ਉਸ ਸ਼ਹੀਦ ਦਾ ਡੁੱਲ੍ਹਿਆ ਖ਼ੂਨ ਧਰਮ ਰੂਪੀ ਕੇਸਰ ਕਿਆਰੀ ਨੂੰ ਹੋਰ ਸਿੰਜ ਜਾਂਦਾ ਹੈ, ਜਿਸ ਸਦਕਾ ਉਸ ਕਿਆਰੀ ਵਿਚੋਂ ਕ੍ਰਾਂਤੀ ਦੇ ਨਵੇਂ ਬੀਜ ਉੱਗਦੇ ਹਨ ਅਤੇ ਪਕੇਰੇ ਸਿੱਟੇ ਵਜੋਂ ਕੌਮ ਦੀ ਤਕਦੀਰ ਹੀ ਬਦਲ ਜਾਂਦੀ ਹੈ। ਲੋਕ ਤੱਥ ਹੈ:
ਜਦੋਂ ਡੁਲ੍ਹਦਾ ਖ਼ੂਨ ਸ਼ਹੀਦਾਂ ਦਾ
ਤਕਦੀਰ ਬਦਲਦੀ ਕੌਮਾਂ ਦੀ।
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਮਹਿਸੂਸ ਕੀਤਾ ਕਿ ਗੁਰੂ ਸਾਹਿਬਾਨ ਦੀਆਂ ਸ਼ਾਂਤ ਚਿੱਤ ਕੁਰਬਾਨੀਆਂ ਵਕਤ ਦੇ ਜਾਬਰ ਹਾਕਮਾਂ ਦੇ ਪੱਥਰ ਦਿਲਾਂ ਨੂੰ ਕਿਸੇ ਵੀ ਹੀਲੇ ਨਰਮ ਨਹੀਂ ਕਰ ਸਕਦੀਆਂ ਤਾਂ ਜ਼ੁਲਮ ਦਾ ਟਾਕਰਾ ਕਰਨਾ ਸਮੇਂ ਦੀ ਢੁਕਵੀਂ ਮੰਗ ਸੀ। ਇਸ ਮੰਗ ਦੀ ਪੂਰਤੀ ਲਈ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਹੱਕ, ਸੱਚ, ਇਨਸਾਫ਼ ਆਦਿ ਧਰਮੀ ਗੁਣਾਂ ‘ਤੇ ਲੜਨ/ਮਰਨ ਵਾਲਿਆਂ ਦੀ ਚੋਣ ਕੀਤੀ ਗਈ। ਸਿੱਟੇ ਵਜੋਂ ਤਲਵਾਰ ਦੀ ਧਾਰ ਹੇਠ ਜ਼ਿੰਦਗੀ ਤੇ ਮੌਤ ਨੂੰ ਸਮਸਰਿ ਕਰਕੇ ਜਾਨਣ ਵਾਲੇ ਪੰਜ ਸੂਰਬੀਰਾਂ ਦੀ ਪਹਿਚਾਣ ਕੀਤੀ। ਉਨ੍ਹਾਂ ਸੂਰਬੀਰਾਂ ਨੂੰ ਦੋ ਧਾਰੀ ਖੰਡੇ ਦੀ ਪਹੁਲ਼ ਨਾਲ ਤਿਆਰ ਕੀਤੇ ਅੰਮ੍ਰਿਤ ਨੂੰ ਛਕਾ ਕੇ ਅਤੇ ਖ਼ੁਦ ਉਨ੍ਹਾਂ ਪਾਸੋਂ ਛਕ ਕੇ ਬਾਣੀ ਨੂੰ ਬਾਣੇ ਦੇ ਰੂਪ ‘ਚ ਸਾਕਾਰ ਕੀਤਾ। ਇਹ ਉਹ ਇਨਕਲਾਬ ਸੀ, ਜਿਥੇ ਪੰਜ ਪਿਆਰਿਆਂ ਦੇ ਨਾਮ ਅਤੇ ਆਪਣੇ ਨਾਮ ਨਾਲ ‘ਸਿੰਘ’ ਸ਼ਬਦ ਜੋੜ ਕੇ ਸ਼ੇਰਾਂ ਦੀ ਇਕ ਅਜਿਹੀ ਕੌਮ ਤਿਆਰ ਕਰ ਦਿੱਤੀ, ਜਿਸ ਨੂੰ ਮਰਨਾ ਚਾਅ ਜਾਪਣ ਲੱਗਿਆ। ਇਸ ਚਾਅ ਪਿੱਛੇ ਕਾਰਜਸ਼ੀਲ ਬਾਣੀ ਹੈ:
ਕਬੀਰ ਮੁਹਿ ਮਰਨੇ ਕਾ ਚਾਉ ਹੈ
ਮਰਉ ਤ ਹਰਿ ਕੈ ਦੁਆਰ॥
(ਸਲੋਕ ਭਗਤ ਕਬੀਰ, ਪੰਨਾ 1367)
ਇਹ ਹਰਿ ਦਾ ਦੁਆਰ ਧਰਮ ਦਾ ਉਹ ਸੱਚਾ ਮਾਰਗ ਹੀ ਤਾਂ ਸੀ ਜਿਥੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੇਲੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਅਡੋਲ ਚਿਹਰਾ ਚੜ੍ਹਦੇ ਸੂਰਜ ਵਾਂਗ ਪੂਰੇ ਜਲੋਅ ਵਿਚ ਸੀ ਤੇ ਕੌਮ ਨੂੰ ਸੰਦੇਸ਼ ਦੇ ਰਹੇ ਸਨ:
ਇਨ ਪੁਤ੍ਰਨ ਕੇ ਸੀਸ ਪਰ ਬਾਰ ਦੀਏ ਸੁਤ ਚਾਰ
ਚਾਰ ਮੁਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ॥
ਗੁਰੂ ਸਾਹਿਬ ਦੇ ਰੂਹਾਨੀ ਅਨੁਭਵ ਤੇ ਜ਼ਿੰਦਗੀ ਦੇ ਪ੍ਰਯੋਗੀ ਵਰਤਾਰੇ ਵਿਚੋਂ ਪ੍ਰਾਪਤ ਵਿਦਵਤਾ, ਅਡੋਲਤਾ, ਨਿਡਰਤਾ, ਬਹਾਦਰੀ ਤੇ ਧਰਮ ਦੀ ਉੱਤਮ ਮਿਸਾਲ ਔਰੰਗਜ਼ੇਬ ਨੂੰ ਲਿਖੇ ਫ਼ਾਰਸੀ ਵਿਚ ‘ਜ਼ਫ਼ਰਨਾਮਾ’ (ਜਿੱਤ ਦਾ ਪੱਤਰ) ਵਿਚੋਂ ਪ੍ਰਤੱਖ ਮਿਲਦੀ ਹੈ:
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤ : ਚਾਰ।
ਕਿ ਬਾਕੀ ਸਮਾ ਦਸਤ ਪੇਚੀਦ : ਮਾਰ। 75
(ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰੇ ਗਏ, ਅਜੇ ਤਾਂ ਕੁੰਡਲੀਦਾਰ ਭੁਝੰਗੀ, ਭਾਵ ਖ਼ਾਲਸਾ ਬਾਕੀ ਹੈ!)
ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਬਾਤ ਪਾਉਂਦਾ ਸਮਕਾਲੀਨ ਮੁਸਲਮਾਨ ਪ੍ਰਸਿੱਧ ਕਵੀ ਯੋਗੀ ਅੱਲ੍ਹਾ ਯਾਰ ਖਾਂ ਲਿਖਦਾ ਹੈ:
ਬੱਸ ਏਕ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।
ਇਹ ਕੋਈ ਹੋਰ ਤੀਰਥ (ਸਰਜ਼ਮੀਨ) ਨਹੀਂ, ਸਗੋਂ ਇਹ ਤਾਂ ਉਹ ਧਰਤੀ ਹੈ, ਜਿਸ ਦੀ ਕੀਮਤ ਦੁਨੀਆਂ ਦੇ ਇਤਿਹਾਸਕ ਵਹੀ-ਖਾਤਿਆਂ ਵਿਚ ਸਭ ਨਾਲੋਂ ਵੱਧ ਅਦਾ ਕਰਕੇ ਭਾਵ ਸੋਨੇ ਦੀਆਂ ਮੋਹਰਾਂ ਖੜ੍ਹੀਆਂ ਕਰਕੇ ਖ਼ਰੀਦੀ ਗਈ ਸੀ। ਅਜਿਹੇ ਕਾਰਨਾਮਿਆਂ ਸਦਕਾ ਹੀ ਤਾਂ ਕਿਹਾ ਜਾਂਦਾ ਹੈ, ”ਸਿੱਖੀ ਸਰੀਰਾਂ ਦਾ ਨਹੀਂ ਸਗੋਂ ਰੂਹਾਂ ਦਾ ਕਾਫ਼ਲਾ ਹੈ।” ਸਦੀਆਂ ਤੋਂ ਕਾਇਮ ਮੁਗਲ ਸਲਤਨਤ ਦੀਆਂ ਜੜ੍ਹਾਂ ਉਖੜਨੀਆਂ ਇਸੇ ਲਾਸਾਨੀ ਸ਼ਹਾਦਤ ਦਾ ਹੀ ਕਮਾਲ ਸੀ।
ਸਿੱਖ ਧਰਮ ਵਿਚ ਸ਼ਹਾਦਤ ਦਾ ਜੇਕਰ ਸਮੁੱਚਾ ਮੁਲਾਂਕਣ ਕਰੀਏ ਤਾਂ ਸਿੱਖ ਕੌਮ ਅੰਦਰ ਇਹ ਸਥਿਤੀ ਬੜੀ ਸਪਸ਼ਟ ਹੋ ਜਾਂਦੀ ਹੈ ਕਿ ‘ਸ਼ਹਾਦਤ’ ਦੀ ਸ਼੍ਰੇਣੀ ਵਿਚ ਇਕ ਸ਼ਹੀਦ ਉਹ ਗਿਣੇ ਜਾਂਦੇ ਹਨ, ਜਿਨ੍ਹਾਂ ਨੇ ਧਰਮ ਦੇ ਮਾਰਗ ‘ਤੇ ਚਲਦਿਆਂ ਸੱਚੇ-ਸੁੱਚੇ ਆਦਰਸ਼ ਲਈ ਸ਼ਾਂਤ ਚਿੱਤ ਹੋ ਕੇ ਕੁਰਬਾਨੀ ਦਿੱਤੀ। ਨਿੱਜ ਤੋਂ ਹਟ ਕੇ ਪਰ ਜੀਵਣਾ ਅਤੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਨੂੰ ਅਜਿਹੇ ਸ਼ਹੀਦ ਆਪਣਾ ਜੀਵਨ ਮਕਸਦ ਸਮਝਦੇ ਹਨ। ਸਿੱਖ ਧਰਮ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਕਾਫ਼ਲੇ ਦੇ ਮੋਹਰੀ ਹੋਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸਲਾਮ ਜਗਤ ਵਿਚ ਪੈਗੰਬਰ ਮਨਸੂਰ ਨੇ ‘ਅਨਲਹੱਕ’ (ਮੇਰੇ ਅੰਦਰ ਖ਼ੁਦਾ ਦਾ ਵਾਸ ਹੈ) ਦਾ ਨਾਅਰਾ ਲਗਾਇਆ ਸੀ, ਜਿਸ ਨੂੰ ਵਕਤ ਦੇ ਜ਼ਾਲਮ ਹਾਕਮ ਨਮਰੂਦ ਨੇ ਸੂਲੀ ਚੜ੍ਹਾ ਦਿੱਤਾ ਸੀ।
ਸ਼ਹਾਦਤ ਦੇ ਮਕਸਦ ਦੀ ਪੂਰਤੀ ਲਈ ਦੂਜੀ ਸ਼੍ਰੇਣੀ ਦੇ ਉਹ ‘ਸ਼ਹੀਦ’ ਹਨ, ਜਿਨ੍ਹਾਂ ਨੇ ਪਰਉਪਕਾਰ ਕਰਦਿਆਂ ਦੂਸਰੇ ਧਰਮਾਂ ਨੂੰ ਬਚਾਉਣ ਲਈ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਇਸ ਸ਼ਹਾਦਤ ਦੀ ਇਤਿਹਾਸਕ ਮਿਸਾਲ ਹਨ, ਕਿਉਂਕਿ ਗੁਰੂ ਸਾਹਿਬ ਜੀ ਇਸ ਮਕਸਦ ਦੀ ਪੂਰਤੀ ਲਈ ਆਪਣੇ ਕਾਤਲ ਕੋਲ ਖ਼ੁਦ 300 ਮੀਲ ਪੈਦਲ ਚੱਲ ਕੇ ਜਾਂਦੇ ਹਨ। ਤੀਜੇ ਸ਼ਹੀਦ ਉਹ ਹਨ ਜੋ ਅਣਖ, ਗ਼ੈਰਤ ਖ਼ਾਤਰ ਮੈਦਾਨੇ ਜੰਗ ਅੰਦਰ ਜੂਝਦੇ ਹੋਏ ਜ਼ੁਲਮ ਤੇ ਜ਼ਾਲਮ ਵਿਰੁੱਧ ਲੜਦਿਆਂ ਸ਼ਹਾਦਤ ਦਾ ਜਾਮ ਪੀਂਦੇ ਹਨ। ਇਸ ਘੋਲ ਵਿਚ ਸਿੱਖ ਕੌਮ ਦੇ ਅਣਗਿਣਤ ਸ਼ਹੀਦ ਹੋਏ ਹਨ, ਜੋ ਪੂਰੇ ਜਾਹੋ-ਜਲਾਲ ਤੇ ਸ਼ਿੱਦਤ ਨਾਲ ਮੌਤ ਰੂਪੀ ਸ਼ਮਾ ਦੇ ਪਰਵਾਨੇ ਬਣੇ।
ਦਰਅਸਲ ਸਿੱਖ ਕੌਮ ਨੂੰ ‘ਸ਼ਹਾਦਤ’ ਦੇ ਵਾਰਸ ਬਣਾਉਣ ਲਈ ਜਿਥੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਹਨ, ਉਥੇ ‘ਸ਼ਹਾਦਤ’ ਦੀ ਜਾਗ ਨੂੰ ਸਦੀਵੀ ਰੱਖਣ ਪਿੱਛੇ ਕਾਰਜਸ਼ੀਲ ਬਾਣੀ ਹੈ।

ਡਾ. ਬਲਵਿੰਦਰ ਸਿੰਘ ਥਿੰਦ
-94176 06572