ਅਮ੍ਰਿੰਤ ਮਾਨ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਆਟੇ ਦੀ ਚਿੜੀ’ ਦਾ ਟ੍ਰੇਲਰ ਹੋਇਆ ਰਿਲੀਜ਼

ਅਮ੍ਰਿੰਤ ਮਾਨ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਆਟੇ ਦੀ ਚਿੜੀ’ ਦਾ ਟ੍ਰੇਲਰ ਹੋਇਆ ਰਿਲੀਜ਼ 

 

ਕਿਸੇ ਵੀ ਫ਼ਿਲਮ ਦੀ ਤਕਦੀਰ ਕਿ ਇਹ ਹਿੱਟ ਹੋਵੇਗੀ ਜਾਂ ਫਲਾਪ ਉਹ ਤਾਂ ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗਦਾ ਹੈ। ਪਰ ਅਸੀਂ ਇਸਦੀ ਸਫਲਤਾ ਦਾ ਕਿਸੇ ਹੱਦ ਤੱਕ ਅੰਦਾਜ਼ਾ ਇਸਦਾ ਟ੍ਰੇਲਰ ਦੇਖ ਕੇ ਲਗਾ ਸਕਦੇ ਹਾਂ। ਟ੍ਰੇਲਰ ਸਾਨੂੰ ਕਹਾਣੀ ਦੀ ਇੱਕ ਛੋਟੀ ਜਿਹੀ ਝਲਕ ਪੇਸ਼ ਕਰਦੇ ਹਨ ਅਤੇ ਸਾਡੀ ਪੂਰੀ ਕਹਾਣੀ ਨੂੰ ਜਾਨਣ ਦੀ ਉਤਸੁਕਤਾ ਨੂੰ ਵੀ ਵਧਾਉਂਦੇ ਹਨ। ਇਸ ਕਾਰਨ ਕਰਕੇ ਹੀ ਫ਼ਿਲਮ ਨਿਰਮਾਤਾ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ ਟ੍ਰੇਲਰ ਰਿਲੀਜ਼ ਕਰਨ ਤੋਂ ਪਹਿਲਾਂ ਉਸਨੂੰ ਹੋਰ ਰੋਮਾਂਚਕ ਬਣਾਉਣ ਦੀ। ਇੱਕ ਅਜਿਹੀ ਹੀ ਫ਼ਿਲਮ ਜਿਸਨੂੰ ਲੈ ਕੇ ਦਰਸ਼ਕ ਬਹੁਤ ਹੀ ਜਿਆਦਾ ਉਤਸੁਕ ਹਨ ਉਹ ਹੈ ‘ਆਟੇ ਦੀ ਚਿੜੀ’। ਇਸ ਫ਼ਿਲਮ ਦੇ ਨਿਰਮਾਤਾ ਵਲੋਂ ਇਸਦਾ ਟ੍ਰੇਲਰ 21 ਸਤੰਬਰ 2018 ਨੂੰ ਦਿੱਤਾ ਗਿਆ।  ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹਨਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਅਨਮੋਲ ਵਰਮਾ, ਨਿਸ਼ਾ ਬਾਨੋ ਅਤੇ ਹਾਰਬੀ ਸੰਘਾ ਖ਼ਾਸ ਕਿਰਦਾਰ ਨਿਭਾ ਰਹੇ ਹਨ। ‘ਆਟੇ ਦੀ ਚਿੜੀ’ ਨੂੰ ਡਾਇਰੈਕਟ ਕੀਤਾ ਹੈ ਹੈਰੀ ਭੱਟੀ ਨੇ ਅਤੇ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਸ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ ਤੇਗ ਪ੍ਰੋਡਕਸ਼ਨਸ ਅਤੇ ਚਰਨਜੀਤ ਸਿੰਘ ਵਾਲੀਆ ਨੇ।  ਕੁਝ ਹੀ ਦਿਨ ਪਹਿਲਾਂ ਫ਼ਿਲਮ ਦੀ ਪੂਰੀ ਸਟਾਰਕਾਸਟ ਨੇ ‘ਆਟੇ ਦੀ ਚਿੜੀ’ ਦਾ ਔਫ਼ਿਸ਼ਲ ਪੋਸਟਰ ਰਿਲੀਜ਼ ਕੀਤਾ ਜਿਸਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਹਾਲ ਹੀ ਵਿੱਚ ਇੱਕ ਹੋਰ ਪੋਸਟਰ ਰਿਲੀਜ਼ ਕੀਤਾ ਗਿਆ। ਸਾਰੇ ਕਲਾਕਾਰਾਂ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਤੇ ਜਾਣਕਾਰੀ ਦਿੱਤੀ।  ਜਿਵੇਂ ਕਿ ਟ੍ਰੇਲਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦੀ ਕਹਾਣੀ ਭਾਰਤ ਅਤੇ ਵਿਦੇਸ਼ ਦੋ ਸੀਮਾਵਾਂ ਦੇ ਵਿਚਕਾਰ ਹੋਵੇਗੀ। ਇਸ ਟ੍ਰੇਲਰ ਨੇ ਦਰਸ਼ਕਾਂ ਦੀ ਉਤਸੁਕਤਾ ਵਿੱਚ ਹੋਰ ਵੀ ਵਾਧਾ ਕੀਤਾ ਹੈ। ਫ਼ਿਲਮ ਦੇ ਨਿਰਮਾਤਾਵਾਂ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਫ਼ਿਲਮ ਤੇ ਪੂਰੀ ਮਿਹਨਤ ਕੀਤੀ ਹੈ। ਅਸੀਂ ਇਸ ਗੱਲ ਦੀ ਗਰੰਟੀ ਦਿੰਦੇ ਹਾਂ ਕਿ ਫ਼ਿਲਮ ਦਾ ਟ੍ਰੇਲਰ ਲੋਕਾਂ ਨੂੰ ਫ਼ਿਲਮ ਨਾਲ ਹੋਰ ਜੋੜੇਗਾ ਅਤੇ ਉਨ੍ਹਾਂ ਦੀ ਉਤਸੁਕਤਾ ਨੂੰ ਬਰਕਰਾਰ ਰੱਖੇਗਾ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਦਰਸ਼ਕ ਇਸਨੂੰ ਪਿਆਰ ਦੇਣਗੇ। ਆਟੇ ਦੀ ਚਿੜੀ 19 ਅਕਤੂਬਰ ਨੂੰ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।