ਰੁਝਾਨ ਖ਼ਬਰਾਂ
ਗੁਰਦੁਆਰਾ ਐਕਟ ਤੇ ਪ੍ਰੰਪਰਾਵਾਂ ਦਾ ਘਾਣ ਕਰਨ ਵਾਲੇ ਮੱਕੜ ਦੁੱਧ ਧੋਤੇ ਕਿਵੇਂ?

ਗੁਰਦੁਆਰਾ ਐਕਟ ਤੇ ਪ੍ਰੰਪਰਾਵਾਂ ਦਾ ਘਾਣ ਕਰਨ ਵਾਲੇ ਮੱਕੜ ਦੁੱਧ ਧੋਤੇ ਕਿਵੇਂ?

ਆਖਿਰ ਅਵਤਾਰ ਸਿੰਘ ਮੱਕੜ ਦੀ ਉਹ ਕਿਹੜੀ ਮਜ਼ਬੂਰੀ ਸੀ ਜਿਸ ਤਹਿਤ ਉਸ ਨੇ ਸਾਲ 2008 ਤੋਂ ਸੁਖਬੀਰ ਬਾਦਲ ਦੀ ਸ਼੍ਰੋਮਣੀ ਕਮੇਟੀ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਕੀਤੀ। ਹੁਣ ਕਮੇਟੀ ਦੀ ਪ੍ਰਧਾਨਗੀ ਖੁਸ ਜਾਣ ‘ਤੇ ਹੀ ਸਭ ਕੁਝ ਯਾਦ ਕਿਉਂ ਆਇਆ?
ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਦਿੱਤੀ ਬਿਨ ਮੰਗੀ ਮੁਆਫ਼ੀ ਬਾਰੇ ਕੀਤੇ ਇੰਕਸ਼ਾਫ ਅਤੇ ਕਮੇਟੀ ਮੁਲਾਜ਼ਮਾਂ ਉਪਰ ਕੀਤੇ ਤਨਜ਼ ‘ਆਖਿਰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਕੀ ਮਜਬੂਰੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਵੀ ਆਵਾਜ਼ ਨਹੀਂ ਉਠਾ ਸਕਦੇ?’ ਨੂੰ ਲੈਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਖੁਦ ਘਿਰਦੇ ਨਜ਼ਰ ਆ ਰਹੇ ਹਨ।
ਮੱਕੜ ਨੇ ਕੁਝ ਦਿਨ ਪਹਿਲਾਂ ਇਹ ਇੰਕਸ਼ਾਫ ਕੀਤਾ ਸੀ ਕਿ ਡੇਰਾ ਸਿਰਸਾ ਮੁਖੀ ਨੂੰ ਜਥੇਦਾਰਾਂ ਵਲੋਂ ਦਿੱਤੀ ਗਈ ਮੁਆਫ਼ੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਬੁਲਾ ਕੇ ਦਿੱਤੀ ਸੀ। ਤੇ ਬੀਤੇ ਦਿਨੀਂ ਹੀ ਸੁਖਬੀਰ ਸਿੰਘ ਬਾਦਲ ਦੀ ਸ਼੍ਰੋਮਣੀ ਕਮੇਟੀ ਪ੍ਰਬੰਧ ਵਿੱਚ ਸਿੱਧੀ ਦਖਲਅੰਦਾਜ਼ੀ ਦੀ ਗੱਲ ਕਰਦਿਆਂ ਅਵਤਾਰ ਸਿੰਘ ਮੱਕੜ ਨੇ ਦੋਸ਼ ਲਾਇਆ ਸੀ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਕਦੇ ਵੀ ਦਰਬਾਰ ਸਾਹਿਬ ਫੇਰੀ ਬਾਰੇ ਜਾਣਕਾਰੀ ਨਹੀਂ ਦਿੱਤੀ। ਜਦ ਵੀ ਆਏ ਸ਼੍ਰੋਮਣੀ ਕਮੇਟੀ ਮੁੱਖ ਸਕੱਤਰ, ਸਕੱਤਰ ਜਾਂ ਚਾਰਟਰਡ ਅਕਾਊਂਟੈਂਟ ਨੂੰ ਆਦੇਸ਼ ਦੇ ਕੇ ਚਲੇ ਗਏ। ਮੱਕੜ ਦੇ ਉਪਰੋਕਤ ਬਿਆਨਾਂ ਨੂੰ ਲੈਕੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਸ਼ਰੇਆਮ ਸਾਹਮਣੇ ਆਉਣ ਦੀ ਬਜਾਏ ਤੱਥਾਂ ‘ਤੇ ਅਧਾਰਿਤ ਸਵਾਲ ਕੀਤਾ ਹੈ ਕਿ ਆਖਿਰ ਅਵਤਾਰ ਸਿੰਘ ਮੱਕੜ ਦੀ ਉਹ ਕਿਹੜੀ ਮਜ਼ਬੂਰੀ ਸੀ ਜਿਸ ਤਹਿਤ ਉਸ ਨੇ ਸਾਲ 2008 (ਸੁਖਬੀਰ ਸਿੰਘ ਬਾਦਲ ਦੇ ਪਾਰਟੀ ਪ੍ਰਧਾਨ ਚੁਣੇ ਜਾਣ) ਤੋਂ ਸੁਖਬੀਰ ਬਾਦਲ ਦੀ ਸ਼੍ਰੋਮਣੀ ਕਮੇਟੀ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਕੀਤੀ। ਹੁਣ ਕਮੇਟੀ ਦੀ ਪ੍ਰਧਾਨਗੀ ਖੁਸ ਜਾਣ ‘ਤੇ ਹੀ ਸਭ ਕੁਝ ਯਾਦ ਕਿਉਂ ਆਇਆ?
ਇੱਕ ਸੀਨੀਅਰ ਕਮੇਟੀ ਅਧਿਕਾਰੀ ਨੇ ਸਿੱਖ ਗੁਰਦੁਆਰਾ ਐਕਟ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠਲੇ ਤਖਤ ਸਾਹਿਬਾਨ ਦੇ ਜਥੇਦਾਰ ਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੇ ਫਰਜਾਂ ਬਾਰੇ ਸਾਫ ਅੰਕਿਤ ਹੈ ਕਿ ਇਹ ਲੋਕ ਸਿਰਫ ਤਖਤਾਂ ਤੇ ਨਿਤ ਪ੍ਰਤੀ ਦਿਨ ਦੀ ਧਾਰਮਿਕ ਰਹੁ-ਰੀਤ ਦੀ ਜ਼ਿੰਮੇਵਾਰੀ ਨਿਭਾਉਣ ਤੀਕ ਸੀਮਤ ਹਨ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਣੀ ਮਿਤੀ 25/6/1948 ਨੇ ਫੈਸਲਾ ਲਿਆ ਸੀ ਜਿਸ ਦਾ ਜ਼ਿਕਰ, ਕਮੇਟੀ ਵਲੋਂ ਛਾਪੇ ਜਾ ਰਹੇ ਮਾਸਿਕ ਮੈਗਜ਼ੀਨ ਗੁਰਦੁਆਰਾ ਗਜਟ ਨੇ ਆਪਣੇ ਦਸੰਬਰ 1948 ਦੇ ਅੰਕ ਵਿੱਚ ਕੀਤਾ। ਫੈਸਲੇ ਵਿੱਚ ਸਾਫ ਹੈ ਕਿ ਤਖਤਾਂ ਦੇ ਜਥੇਦਾਰ ਕੋਈ ਵੀ ਹੁਕਮਨਾਮਾ, ਕਮੇਟੀ ਦੇ ਜਨਰਲ ਅਜਲਾਸ ਦੀ ਪ੍ਰਵਾਨਗੀ ਨਾਲ ਹੀ ਲੈ ਸਕਦੇ ਹਨ। ਕਮੇਟੀ ਦੀ ਉਪਰੋਕਤ ਕਾਰਜਕਾਰਣੀ ਹੀ ਸਪਸ਼ਟ ਕਰਦੀ ਹੈ ਕਿ ਜਥੇਦਾਰ ਦੀ ਨਿਯੁਕਤੀ ਕਰਨ ਦੇ ਅਧਿਕਾਰ ਜਨਰਲ ਹਾਊਸ ਪਾਸ ਹਨ ਤੇ ਮੁਅਤਲੀ ਦੇ ਅਧਿਕਾਰ ਕਾਰਜਕਾਰਣੀ ਪਾਸ।
ਹੁਣ ਕੁਝ ਕਮੇਟੀ ਮੁਲਾਜ਼ਮ ਹੀ ਮੱਕੜ ਨੂੰ ਸਵਾਲ ਕਰਦਿਆਂ ਯਾਦ ਕਰਵਾ ਰਹੇ ਹਨ ਰਹੇ ਹਨ ਕਿ ਕਮੇਟੀ ਕਾਰਜਕਾਰਣੀ ਦੇ ਇਸ ਹੁਕਮ ਦੇ ਬਾਵਜੂਦ ਵੀ ਇੱਕ ਲੰਬਾ ਸਮਾਂ ਇਹ ਪ੍ਰੰਪਰਾ ਰਹੀ ਕਿ ਤਖਤ ਦੇ ਜਥੇਦਾਰ ਦੀ ਨਿਯੁਕਤੀ ਲਈ ਸ਼੍ਰੋਮਣੀ ਕਮੇਟੀ ਬਕਾਇਦਾ ਵੱਖ-ਵੱਖ ਸਿੱਖ ਧਾਰਮਿਕ ਸੰਸਥਾਵਾਂ ਤੇ ਸੰਪਰਦਾਵਾਂ ਪਾਸੋਂ ਉਨ੍ਹਾਂ ਨਾਵਾਂ ਦੀ ਮੰਗ ਕਰਦੀ ਸੀ ਜਿਨ੍ਹਾਂ ਲੋਕਾਂ ਦੀ ਧਰਮ ਦੇ ਖੇਤਰ ਵਿੱਚ ਕੋਈ ਪ੍ਰਾਪਤੀ ਹੋਵੇ। ਪੁੱਜੇ ਨਾਵਾਂ ‘ਤੇ ਬਕਾਇਦਾ ਵਿਚਾਰ ਉਪਰੰਤ ਇਹ ਮਾਮਲਾ ਧਰਮ ਪ੍ਰਚਾਰ ਕਮੇਟੀ ਪਾਸ ਪੁੱਜਦਾ ਜੋ ਬਕਾਇਦਾ ਇਨ੍ਹਾਂ ਸ਼ਖ਼ਸੀਅਤਾਂ ਦੀ ਇੰਟਰਵਿਊ ਵਗੈਰਾ ਲੈਕੇ ਕਮੇਟੀ ਦੀ ਕਾਰਜਕਾਰਣੀ ਨੂੰ ਭੇਜਦੀ। ਜਿਸ ਦੀ ਪ੍ਰਵਾਨਗੀ ਉਪਰੰਤ ਹੀ ਕੋਈ ਸ਼ਖ਼ਸ ਅਕਾਲ ਤਖਤ ਜਾਂ ਬਾਕੀ ਤਖਤਾਂ ਦੀ ਜਥੇਦਾਰੀ ਲਈ ਲਗਾਇਆ ਜਾਂਦਾ।
ਮੱਕੜ ਨੂੰ ਸਵਾਲ ਕੀਤਾ ਗਿਆ ਹੈ 5 ਅਗਸਤ 2008 ਨੂੰ ਕਮੇਟੀ ਦੀ ਕਾਰਜਕਾਰਣੀ ਵਲੋਂ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਵੇਲੇ ਕਿਹੜੇ ਜਨਰਲ ਅਜਲਾਸ ਦੀ ਪ੍ਰਵਾਨਗੀ ਲਈ ਗਈ ਜਾਂ ਕਿਹੜੀ ਸਥਾਪਤ ਪ੍ਰੰਪਰਾ ਨਿਭਾਈ ਸੀ। ਪੁੱਛਿਆ ਗਿਆ ਹੈ ਕਿ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਬਾਅਦ ਗਿਆਨੀ ਮੱਲ ਸਿੰਘ ਨੂੰ ਤਖਤ ਕੇਸਗੜ੍ਹ ਸਾਹਿਬ ਦਾ ਜਥੇਦਾਰ ਲਗਾਉਂਦਿਆਂ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਜਥੇਦਾਰੀ ਤੋਂ ਲਾਂਭੇ ਕਰਕੇ ਗਿਆਨੀ ਗੁਰਮੁਖ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਆਰਜ਼ੀ ਜਥੇਦਾਰ ਤੇ ਫਿਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਗਾਉਂਦਿਆਂ ਕਿਹੜੇ ਜਨਰਲ ਅਜਲਾਸ ਦੀ ਪ੍ਰਵਾਨਗੀ ਲਈ ਗਈ ਤੇ ਕਿਹੜੀ ਸਥਾਪਤ ਪ੍ਰੰਪਰਾ ਦੀ ਪਾਲਣਾ ਕੀਤੀ ਗਈ।
ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਨੇ ਦੱਸਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਵਿਦੇਸ਼ ਦੌਰੇ ‘ਤੇ ਗਏ ਸਨ। ਦਿੱਲੀ ਕਮੇਟੀ ਦੇ ਤਤਕਾਲੀਨ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਨੇ ਦੋਸ਼ ਲਗਾਇਆ ਕਿ ਗਿਆਨੀ ਜੀ ਵਿਦੇਸ਼ ‘ਚੋਂ ਮਾਇਆ ਇੱਕਠੀ ਕਰਕੇ ਲਿਆਏ ਹਨ। ਜਥੇਦਾਰ ਅਜਨੋਹਾ ਨੇ ਸਭ ਤੋਂ ਪਹਿਲਾਂ ਇਸ ਸ਼ਿਕਾਇਤ ਦੀ ਜਾਂਚ ਹੈੱਡ ਗ੍ਰੰਥੀ ਦਰਬਾਰ ਸਾਹਿਬ ਨੂੰ ਸੌਂਪੀ ਤੇ ਐਲਾਨ ਕੀਤਾ ਕਿ ਉਹ ਜਾਂਚ ਰਿਪੋਰਟ ਸਾਹਮਣੇ ਆਉਣ ਤੀਕ ਤਖਤ ਦੀ ਸੇਵਾ ਤੋਂ ਦੂਰ ਰਹਿਣਗੇ।
ਲੇਕਿਨ ਹੁਣ ਤਾਂ ਜਿਸ ਜਥੇਦਾਰ ‘ਤੇ ਦੋਸ਼ ਨਾ ਲਗੇ ਉਹ ਜਥੇਦਾਰ ਹੀ ਨਹੀਂ ਮੰਨਿਆ ਜਾਂਦਾ। 29 ਮਾਰਚ 2000 ਨੂੰ ਜਥੇਦਾਰ ਗਿਆਨੀ ਵੇਦਾਂਤੀ ਵਲੋਂ ਜਥੇਦਾਰ ਦੇ ਸੇਵਾ ਨਿਯਮ ਤੈਅ ਕਰਨ ਦੇ ਆਦੇਸ਼ ‘ਤੇ ਅਵਤਾਰ ਸਿੰਘ ਮੱਕੜ ਵਲੋਂ 11 ਸਾਲ ਤੀਕ ਅਮਲ ਨਾ ਕੀਤੇ ਜਾਣ ਦੀ ਗੱਲ ਕਰਦਿਆਂ ਰੰਧਾਵਾ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਤਾਂ ਤਖਤਾਂ ਦੇ ਜਥੇਦਾਰ, ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਹਨ ਤੇ ਕੋਈ ਮੁਲਾਜ਼ਮ ਆਪਣੇ ਮਾਲਕਾਂ ਨੂੰ ਹੁਕਮ ਕਿਵੇਂ ਦੇ ਸਕਦਾ ਹੈ।
ਬੇਅਦਬੀ ਪ੍ਰਤੀ ਅਤੇ ਡੇਰਾ ਸਿਰਸਾ ਮੁਖੀ ਮੁਆਫ਼ੀ ਮਾਮਲੇ ਵਿੱਚ ਅਵਤਾਰ ਸਿੰਘ ਮੱਕੜ ਵਲੋਂ ਤਿੰਨ ਸਾਲ ਤੀਕ ਧਾਰੀ ਰੱਖੀ ਚੁੱਪ ਨੂੰ ਮੁਜਰਮਾਨਾ ਚੁੱਪ ਕਰਾਰ ਦਿੰਦਿਆਂ ਕਮੇਟੀ ਮੁਲਾਜ਼ਮ ਪੁੱਛ ਰਹੇ ਹਨ ਕਿ ਅਕਤੂਬਰ 2015 ਵਿੱਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪ੍ਰਤੀ ਜੇਕਰ ਅਵਤਾਰ ਸਿੰਘ ਮੱਕੜ ਜਾਣਦੇ ਸਨ ਕਿ ‘ਡੇਰਾ ਸਿਰਸਾ ਮੁਖੀ ਮੁਆਫ਼ੀ’ ਸੁਖਬੀਰ ਬਾਦਲ ਦਾ ਫੈਸਲਾ ਹੈ, ਜਥੇਦਾਰਾਂ ਦਾ ਨਹੀਂ ਤਾਂ ਉਨ੍ਹਾਂ ਨੇ ਗੁਰੂ ਦੀ ਗੋਲਕ ‘ਚੋਂ 92 ਲੱਖ ਦੇ ਇਸ਼ਤਿਹਾਰ ਕਿਉਂ ਦਿੱਤੇ? ਜਥੇਦਾਰਾਂ ਦੀ ਜਵਾਬਦੇਹੀ ਲਈ ਅੱਗੇ ਆਉਣ ਵਾਲੇ ਪੰਜ ਪਿਆਰੇ ਸਿੰਘਾਂ ਨੂੰ ਕਮੇਟੀ ਮੁਲਾਜ਼ਮ ਦੱਸ ਕੇ ਪੰਚ ਪ੍ਰਧਾਨੀ ਦੀ ਕੌਮੀ ਸੰਸਥਾ ਨੂੰ ਝੂਠਲਾਉਣ ਦਾ ਪਾਪ ਕਿਉਂ ਕਮਾਇਆ?
ਆਖਿਰ ਮੱਕੜ ਦੀ ਕੀ ਮਜ਼ਬੂਰੀ ਸੀ ਕਿ ਉਸ ਨੇ ਜਥੇਦਾਰਾਂ ਦੀ ਨਿਯੁਕਤੀ ਮਾਮਲੇ ਤੇ ਡੇਰਾ ਸਿਰਸਾ ਮੁਖੀ ਮੁਆਫ਼ੀ ਮਾਮਲੇ ਵਿੱਚ ਸਿੱਖ ਗੁਰਦੁਆਰਾ ਐਕਟ ਤੇ ਸਥਾਪਤ ਪ੍ਰੰਪਰਾਵਾਂ ਦੀ ਉਲੰਘਣਾ ਕੀਤੀ? ਅੱਜ ਉਹ ਮੁਲਾਜ਼ਮਾਂ ਦੀ ਚੁੱਪ ‘ਤੇ ਤਨਜ਼ ਕਰ ਰਹੇ ਹਨ। ਲੇਕਿਨ ਆਪਣੇ ਕਾਰਜਕਾਲ ਦੌਰਾਨ ਯੋਗ ਮੁਲਾਜ਼ਮਾਂ ਨੂੰ ਪਿੱਛੇ ਸੁੱਟ ਕੇ ਚਹੇਤਿਆਂ ਨੂੰ ਤਰੱਕੀਆਂ ਤੇ ਮਲਾਈਦਾਰ ਪੋਸਟਾਂ ਦੇਣ ਵੇਲੇ ਮੱਕੜ ਦੀ ਜ਼ਮੀਰ ਕਿੱਥੇ ਸੀ?

-ਨਰਿੰਦਰ ਪਾਲ ਸਿੰਘ