ਈਕੋਸਿੱਖ ਨੇ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਵਿਸ਼ਵ-ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

ਈਕੋਸਿੱਖ ਨੇ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਵਿਸ਼ਵ-ਪੱਧਰ ‘ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ

ਚੰਡੀਗੜ੍ਹ: 2019 ਵਿੱਚ ਆਉਣ ਵਾਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰਖਦੇ ਹੋਏ ਈਕੋਸਿੱਖ ਸੰਸਥਾ ਵੱਲੋਂ ਪੂਰੀ ਦੁਨੀਆਂ ਵਿੱਚ 1820 ਥਾਵਾਂ ‘ਤੇ 550 ਰੁੱਖ ਲਗਾਉਣ ਲਈ ਪ੍ਰੈੱਸ ਕਲੱਬ ਆਫ ਇੰਡੀਆ ਵਿੱਖੇ ‘550 ਰੁੱਖ ਗੁਰੂ ਦੇ ਨਾਮ’ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸੰਸਥਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਪੂਰੇ ਜਗਤ ਨੂੰ 10 ਲੱਖ ਰੁੱਖ ਲਾਉਣ ਦਾ ਸੱਦਾ ਦਿੱਤਾ ਗਿਆ।
ਮੁੱਢ ਤੋਂ ਹੀ ਈਕੋਸਿੱਖ, ਸੰਯੁਕਤ ਰਾਸ਼ਟਰ ਦੇ ਨਾਲ-ਨਾਲ ਅਮਰੀਕਾ ਦੇ ਵਾਈਟ ਹਾਊਸ, ਵਰਲਡ ਬੈਂਕ ਅਤੇ ਹੋਰ ਅੰਤਰ-ਰਾਸ਼ਟਰੀ ਵਾਤਾਵਰਣ ਕਮੇਟੀਆਂ ਨਾਲ ਵੀ ਮਿਲ ਕੇ ਦਿੱਲ਼ੀ ਵਿੱਚ ਵਾਤਾਵਰਨ ਬਦਲਾਅ ਵਰਗੇ ਭਿਆਨਕ ਮੁੱਦਿਆਂ ਤੇ ਕੰਮ ਕਰ ਰਹੀ ਹੈ। ਈਕੋਸਿੱਖ, 2009 ਤੋਂ ਹੀ 14 ਮਾਰਚ, ‘ਸਿੱਖ ਵਾਤਾਵਰਣ ਦਿਹਾੜੇ’ ਰਾਹੀਂ ਸਿੱਖ ਭਾਈਚਾਰੇ ਨੂੰ ਵਾਤਾਵਰਣ ਨਾਲ ਜੋੜਨ ਦਾ ਕੰਮ ਕਰ ਰਹੀ ਹੈ। ਇਸ ਸਾਲ 2018 ਵਿੱਚ ਕਰੀਬ 5500 ਗੁਰਦੁਆਰਿਆਂ, ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਨੇ ਇਸ ਦਿਹਾੜੇ ਨੂੰ ਮਨਾਇਆ।
ਈਕੋਸਿੱਖ ਦੇ ਪ੍ਰਧਾਨ ਡਾ. ਰਾਜਵੰਤ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਗੁਰੂ ਨਾਨਕ ਨੇ ਹਰ ਮਨੁੱਖ ਨੂੰ ਕੁਦਰਤ ਨਾਲ ਪ੍ਰੇਮ ਅਤੇ ਸਤਿਕਾਰ ਨਾਲ ਰਹਿਣ ਦਾ ਸੁਨੇਹਾ ਦਿੱਤਾ ਹੈ, ਅਸੀਂ ਸਿਰਫ ਉਹਨਾਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਕੇ ਭਾਰਤ, ਪੰਜਾਬ ਅਤੇ ਹੋਰ ਦੇਸ਼ਾਂ ਦੇ ਲੋਕਾਂ ਨੂੰ ਕੁਦਰਤ ਨਾਲ ਜੋੜਨ ਦਾ ਯਤਨ ਕਰ ਰਹੇ ਹਾਂ।”
ਉਹਨਾਂ ਕਿਹਾ, ”ਦਿੱਲੀ, ਪੰਜਾਬ ਅਤੇ ਭਾਰਤ ਦੇ ਹੋਰ ਸ਼ਹਿਰਾਂ ਨੂੰ ਹਵਾ ਦੇ ਪ੍ਰਦੂਸ਼ਣ ਅਤੇ ਰੁੱਖਾਂ ਦੀ ਕਟਾਈ ਕਰਕੇ ਵਿਨਾਸ਼ਕ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਰਲਾ ਦੇ ਹੱੜ ਵੀ ਰੁੱਖਾਂ ਦੀ ਕਟਾਈ ਦਾ ਜੀਉਂਦਾ ਅਤੇ ਤਾਜ਼ਾ ਨਮੂਨਾ ਹੈ। ਭਾਰਤ ਵਿੱਚ ਕੇਵਲ 21% ਜੰਗਲ ਖੇਤਰ ਹੈ ਅਤੇ ਪੰਜਾਬ 4% ਜੰਗਲ ਖੇਤਰ ਕਰਕੇ ਦੁੱਖ ਭੋਗ ਰਿਹਾ ਹੈ। ਇਸ ਕਰਕੇ ਭਾਰੀ ਮਾਤਰਾ ਵਿੱਚ ਰੁੱਖ ਲਗਾਉਣਾ ਇੱਕ ਜ਼ਰੂਰਤ ਵੀ ਹੈ ਅਤੇ ਇਹ ਧਾਰਮਿਕ ਸੇਵਾ ਮੰਨੀ ਜਾਣੀ ਚਾਹੀਦੀ ਹੈ।
ਈਕੋਸਿੱਖ ਵੱਲੋਂ ਇਸ ਮੁਹਿੰਮ ਵਿੱਚ ਭਾਗ ਲੈ ਰਹੇ ਨਾਗਰਿਕਾਂ ਨੂੰ ਵਧੇਰੇ ਜਾਣਕਾਰੀ ਦੇਣ ਲਈ ਅਤੇ ਪ੍ਰੋਜੈਕਟ ਦੀ ਰੀਪੋਰਟ ਨੂੰ ਕੱਠਿਆਂ ਕਰਨ ਲਈ ਇਕ ਮੋਬਾਈਲ ਐਪ ਵੀ ਬਣਾਈ ਜਾ ਰਹੀ ਹੈ। ਜਿਸਨੂੰ ਈਕੋਸਿੱਖ ਵੱਲੋਂ 2019 ਦੇ ਅੰਤ ਵਿੱਚ ਸੰਯੁਕਤ ਰਾਸ਼ਟਰ ਨੂੰ ਪੇਸ਼ ਕੀਤਾ ਜਾਵੇਗਾ ਤਾਂ ਜੋ ਵਿਸ਼ਵ ਪੱਧਰ ‘ਤੇ ਸਿੱਖਾਂ ਦੇ ਇਸ ਸੇਵਾ ਕਾਰਜ ਨੂੰ ਪ੍ਰਦਰਸ਼ਿਤ ਕੀਤਾ ਜਾ ਸਕੇ।
ਵਰਨਣਯੋਗ ਹੈ ਕਿ 20 ਅਗਸਤ, 2018 ਨੂੰ ਈਕੋਸਿੱਖ ਨੇ ਮੋਗਾ, ਪੰਜਾਬ ਵਿੱਚ ਗੁਰੂ ਨਾਨਕ ਜੀ ਦੇ ਚਰਣ-ਛੋਹ ਪ੍ਰਾਪਤ ਪਿੰਡ, ਪੱਤੋ ਹੀਰਾ ਸਿੰਘ ਵਿੱਖੇ ‘ਗੁਰੂ ਨਾਨਕ ਬਾਗ’ ਦਾ ਉਦਘਾਟਨ ਵੀ ਕੀਤਾ ਹੈ, ਜਿੱਥੇ ਕਿ 5 ਕਿੱਲੇ ਜ਼ਮੀਨ ਉੱਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 13 ਕਿਸਮਾਂ ਦੇ ਰੁੱਖ ਲਗਾਏ ਗਏ ਹਨ।
ਈਕੋਸਿੱਖ ਦਿੱਲੀ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ‘ਤੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ, ”ਦਿੱਲੀ ਵਿੱਚ ਹਵਾ ਦੇ ਪ੍ਰਦੂਸ਼ਣ ਕਰਕੇ ਲੱਖਾਂ ਹੀ ਪ੍ਰਾਣੀ ਫੇਫੜਿਆਂ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਇਸ ਕਰਕੇ ਇਹ ਜ਼ਰੂਰੀ ਹੈ ਕਿ ਗੁਰੂ ਨਾਨਕ ਜੀ ਦੇ ਉਪਦੇਸ਼ਾਂ ਨੂੰ ਮੰਨਿਆ ਜਾਵੇ ਅਤੇ ਲੋਕਾਂ ਲਈ ਤਾਜ਼ੀ ਅਤੇ ਸਾਫ ਹਵਾ ਮੁਹੱਈਆ ਕਰਵਾਈ ਜਾ ਸਕੇ।”
ਈਕੋਸਿੱਖ ਦੇ ਬੋਰਡ ਮੈਂਬਰ ਮੋਹਨ ਸਿੰਘ ਨੇ ਫਰੀਦਾਬਾਦ ਦੇ ਨਿਵਾਸੀਆਂ ਦੀ ਜਥੇਬੰਦੀ ਨਾਲ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ 550 ਰੁੱਖ ਲਗਾਉਣ ਦਾ ਐਲਾਨ ਕੀਤਾ ਅਤੇ ਭਾਰਤ ਦੇ ਹੋਰ ਸ਼ਹਿਰਾਂ ਵਿੱਚ ਵੀ ਇਸ ਬਾਰੇ ਪ੍ਰਚਾਰ ਕਰਨ ਦਾ ਫੈਸਲਾ ਸੁਣਾਇਆ।
ਪਾਕਿਸਤਾਨ ਵਿੱਚ ਵੀ ਈਕੋਸਿੱਖ ਵੱਲੋਂ ਗੁਰੂ ਨਾਨਕ ਜੀ ਨਾਲ ਸਬੰਧਿਤ ਦੋ ਅਸਥਾਨਾਂ ‘ਤੇ 550 ਰੁੱਖ ਲਾਉਣ ਦਾ ਐਲਾਨ ਕੀਤਾ ਗਿਆ।